ਭਾਰਤ-ਜਪਾਨ ਵਿਚਾਲੇ 15 ਸਮਝੌਤੇ – ਮੋਦੀ ਦੇ ਸੁਪਨਿਆਂ ਦੀ ਬੁਲੇਟ ਟਰੇਨ ਦਾ ਨੀਂਹ ਪੱਥਰ

ss1

ਭਾਰਤ-ਜਪਾਨ ਵਿਚਾਲੇ 15 ਸਮਝੌਤੇ – ਮੋਦੀ ਦੇ ਸੁਪਨਿਆਂ ਦੀ ਬੁਲੇਟ ਟਰੇਨ ਦਾ ਨੀਂਹ ਪੱਥਰ

8 copy

ਅਹਿਮਦਾਬਾਦ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨਿਆਂ ਦੇ ਅਹਿਮ ਪ੍ਰਾਜੈਕਟ ਬੁਲੇਟ ਟਰੇਨ ਦਾ ਅੱਜ ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਨਰਿੰਦਰ ਮੋਦੀ ਨੇ ਸਾਂਝੇ ਤੌਰ ‘ਤੇ ਨੀਂਹ ਪੱਥਰ ਰੱਖੇ। ਇਸ ਮੌਕੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਕਿਹਾ ਕਿ ਕੋਈ ਵੀ ਦੇਸ਼ ਅੱਧੇ ਅਧੂਰੇ ਸੰਕਲਪਾਂ ਨਾਲ ਕਦੇ ਵੀ ਅੱਗੇ ਨਹੀਂ ਵੱਧ ਸਕਦਾ। ਉਨ੍ਹਾਂ ਕਿਹਾ ਕਿ ਬੁਲੇਟ ਟਰੇਨ ਨਿਊ ਇੰਡੀਆ ਦੇ ਨਵੇਂ ਸੰਕਲਪ ਦਾ ਪ੍ਰਤੀਤ ਹੈ, ਜੋ ਤੇਜ ਗਤੀ, ਤੇਜ ਤਰੱਕੀ ਅਤੇ ਤੇਜ ਤਕਨੀਕਾਂ ਦੇ ਰਾਹੀਂਂ ਤੇਜ ਨਤੀਜੇ ਲਿਆਉਣ ਵਾਲੀ ਹੈ। ਮੋਦੀ ਨੇ ਕਿਹਾ ਕਿ ਸਾਡੇ ਸਾਲਾਂ ਪੁਰਾਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਪਾਨ ਦੀ ਮੱਦਦ ਨਾਲ ਭਾਰਤ ਨੇ ਅਹਿਮ ਕਦਮ ਅੱਗੇ ਵਧਾਇਆ ਹੈ। ਬੁਲੇਟ ਟਰੇਨ ਪ੍ਰਾਜੈਕਟ ਦੀ ਸ਼ੁਰੂਆਤ ਸਬੰਧੀ ਹੋਏ ਸਮਾਗਮ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਹੁਤੇ ਲੋਕ ਕਹਿ ਰਹੇ ਹਨ ਕਿ ਅਸੀਂ ਇਹ ਬੁਲੇਟ ਟਰੇਨ ਦੇਸ਼ ਦਾ ਧੰਨ ਉਜਾੜ ਕੇ ਲਿਆ ਰਹੇ ਹਾਂ।
ਕੁੱਝ ਲੋਕ ਇਹ ਵੀ ਕਹਿ ਰਹੇ ਹਨ ਕਿ ਜੋ ਪੈਸਾ ਬੁਲੇਟ ਟਰੇਨ ਉੱਪਰ ਲਗਾਇਆ ਜਾ ਰਿਹਾ ਹੈ, ਉਸ ਨਾਲ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਜ਼ਿੰਦਗੀਆਂ ਉਨ੍ਹਾਂ ਨੂੰ ਪੈਸਾ ਦੇ ਕੇ ਬਚਾਈਆਂ ਜਾ ਸਕਦੀਆਂ ਹਨ। ਮੋਦੀ ਨੇ ਕਿਹਾ ਕਿ ਅਸੀਂ ਗੁਜਰਾਤੀ ਲੋਕ ਜਦੋਂ ਵੀ ਕਿਤੇ ਕੋਈ ਚੀਜ਼ ਖਰੀਦਣ ਜਾਂਦੇ ਹਾਂ ਤਾਂ ਅਸੀਂ ਇੱਕ ਇੱਕ ਪੈਸੇ ਦਾ ਹਿਸਾਬ ਰੱਖਦੇ ਹਾਂ। ਪੂਰਾ ਤੋਲਮੋਲ ਕਰਦੇ ਹਾਂ। ਕੋਈ ਗੁਜਰਾਤੀ ਬੈਂਕਾਂ ਤੋਂ ਕਰਜਾ ਲੈ ਕੇ ਮੋਟਰ ਸਾਈਕਲ ਵੀ ਖਰੀਦਦਾ ਹੈ ਤਾਂ ਵਿਆਜ ਦੀ ਦਰ ਨੂੰ ਲੈ ਕੇ ਕਰਜੇ ਦੀ ਮਿਆਦ ਤੱਕ ਸਭ ਕੁੱਝ ਬਰੀਕੀ ਨਾਲ ਦੇਖਦੇ ਹਨ। ਕੋਈ ਬੈਂਕ ਅੱਧਾ ਫੀਸਦੀ ਵਿਆਜ ਵੀ ਘੱਟ ਕਰ ਦੇਵੇ ਤਾਂ ਅਸੀਂ ਖੁਸ਼ੀ ਖੁਸ਼ੀ ਉਸ ਕੋਲ ਦੌੜੇ ਜਾਂਦੇ ਹਾਂ। ਮੋਦੀ ਨੇ ਕਿਹਾ ਕਿ ਕਲਪਨਾ ਕਰੋ ਕਿ ਕਿਸੇ ਨੂੰ ਅਜਿਹਾ ਦੋਸਤ ਮਿਲ ਸਕਦਾ ਹੈ ਜੋ ਇਹ ਕਹੇ ਕਿ ਬਿਨਾਂ ਵਿਆਜ ਕਰਜਾ ਲੈ ਲਵੋ, ਉਸ ਨੂੰ ਵੀ ਮੋੜਨ ਦੀ ਕਾਹਲੀ ਨਹੀਂ ਭਾਵੇਂ ਪੰਜਾਹ ਸਾਲਾਂ ਵਿੱਚ ਚੁਕਾ ਦੇਣਾ। ਮੋਦੀ ਨੇ ਕਿਹਾ ਕਿ ਸ਼ਿੰਜੋ ਆਬੇ ਮੇਰੇ ਇਹੋ ਜਿਹੇ ਹੀ ਦੋਸਤ ਹਨ, ਜਿਨ੍ਹਾਂ ਨੇ ਬਿਨਾਂ ਵਿਆਜ 88 ਹਜਾਰ ਕਰੋੜ ਰੁਪਏ ਬੁਲੇਟ ਟਰੇਨ ਲਈ ਕਰਜਾ ਦਿੱਤਾ, ਉਹ ਵੀ 50 ਸਾਲਾਂ ਤੱਕ ਵਾਪਸ ਮੋੜਨ ਲਈ। ਮੋਦੀ ਨੇ ਕਿਹਾ ਕਿ ਇਸ ਹਿਸਾਬ ਸਾਨੂੰ ਇਹ ਬੁਲੇਟ ਟਰੇਨ ਇੱਕ ਤਰ੍ਹਾਂ ਨਾਲ ਮੁਫਤ ਵਿੱਚ ਹੀ ਪਈ ਹੈ। ਪੰਜਾਹ ਸਾਲਾਂ ਤੱਕ ਇਸ ਬੁਲੇਟ ਟਰੇਨ ਤੋਂ ਅਸੀਂ ਕਮਾਈ ਕਰਕੇ ਹੋਰ ਅਨੇਕਾਂ ਬੁਲਟ ਟਰੇਨਾਂ ਬਣਾ ਲੈਣੀਆਂ ਹਨ। ਇਸ ਮੌਕੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਵੀ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਮੇਰੇ ਸਭ ਤੋਂ ਵਧੀਆ ਮਿੱਤਰ ਹਨ ਅਤੇ ਇਨ੍ਹਾਂ ਨੇ ਜੋ ਦੋ ਸਾਲ ਪਹਿਲਾਂ ਭਾਰਤ ਵਿੱਚ ਬੁਲੇਟ ਟਰੇਨ ਚਲਾਉਣ ਦਾ ਸੁਪਨਾ ਮੇਰੇ ਨਾਲ ਸਾਂਝਾ ਕੀਤਾ ਸੀ, ਉਹ ਅੱਜ ਪੂਰਾ ਹੋਣ ਦੇ ਰਾਹ ਪੈ ਰਿਹਾ ਹੈ।
ਸ਼ਿੰਜੋ ਆਬੇ ਨੇ ਇਹ ਵੀ ਕਿਹਾ ਕਿ ਭਾਰਤ ਦੀ ਮਜ਼ਬੂਤੀ ਵਿੱਚ ਹੀ ਜਪਾਨ ਦੀ ਮਜ਼ਬੂਤੀ ਹੈ। ਬੁਲੇਟ ਟਰੇਨ ਪ੍ਰਾਜੈਕਟ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਅਤੇ ਜਪਾਨ ਵਿਚਾਲੇ 15 ਵੱਖ-ਵੱਖ ਖੇਤਰਾਂ ਦੇ ਸਮਝੌਤੇ ਵੀ ਹੋਏ। ਬਾਰਵੇਂ ਇੰਡੀਆ ਜਪਾਨ ਸਲਾਨਾ ਸੰਮੇਲਨ ਵਿੱਚ ਸਾਇੰਸ ਅਤੇ ਟੈਕਨਾਲੋਜੀ ਦੇ ਐਕਸਚੇਂਜ ਪ੍ਰੋਗਰਾਮ, ਜਪਾਨ ਅਤੇ ਭਾਰਤ ਵਿਚਾਲੇ ਸਾਂਝੇ ਖੋਜ ਪ੍ਰਾਜੈਕਟ, ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਵਿਚਾਲੇ ਸਮਝੌਤੇ, ਖੋਜ ਨਾਲ ਜੁੜੀਆਂ ਸਰਗਰਮੀਆਂ ਲਈ ਸਮਝੌਤੇ ਕੌਮਾਂਤਰੀ ਸਪੋਰਟਸ ਅਕੈਡਮੀ ਅਤੇ ਸਪੋਰਟਸ ਸਾਇੰਸ ਯੂਨੀਵਰਸਿਟੀ ਵਿਚਾਲੇ ਸਮਝੌਤੇ, ਇੰਟਰਨੈਸ਼ਨਲ ਅਕੈਡਮੀ ਸਪੋਰਟਸ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਪੋਰਟਸ ਸਾਇੰਸ ਯੂਨੀਵਰਸਿਟੀ ਵਿਚਾਲੇ ਸਮਝੌਤੇ, ਯੂਨੀਵਰਸਿਟੀ ਆਫ ਤੁਸਕੁਬਾ ਅਤੇ ਜਪਾਨ ਵਿਚਾਲੇ ਸਮਝੌਤੇ ਭਾਰਤ ਅਤੇ ਜਪਾਨ ਵਿਚਾਲੇ ਸੜਕ ਇਨਵੈਸਟਮੈਂਟ ਸਬੰਧੀ ਸਮਝੌਤੇ, ਮੇਕ ਇਨ ਇੰਡੀਆ ਲਈ ਜਪਾਨ-ਇੰਡੀਆ ਵਿਸ਼ੇਸ਼ ਪ੍ਰੋਗਰਾਮ, ਸ਼ਹਿਰੀ ਹਵਾਬਾਜ਼ੀ, ਕੁਦਰਤੀ ਆਫਤਾਂ ਤੋਂ ਬਚਾਅ ਦੇ ਪ੍ਰਬੰਧ, ਜਪਾਨ ਭਾਸ਼ਾ, ਇੰਡੀਆ-ਜਪਾਨ ਐਕਟ ਈਸਟ ਫੋਰਮ, ਈ.ਐੱਮ.ਐੱਸ. ਸਰਵਿਸ ਲਾਗੂ ਕਰਨ ਲਈ ਪ੍ਰਸ਼ਾਸਨਿਕ ਸਿੱਖਿਆ ਸਮੇਤ ਦੋਵਾਂ ਦੇਸ਼ਾਂ ਵੱਲੋਂ ਅੱਤਵਾਦ ਨਾਲ ਮੁਕਾਬਲੇ ਲਈ ਦੁਵੱਲੇ ਸਮਝੌਤੇ ਕੀਤੇ ਗਏ। ਇਸ ਦੌਰਾਨ ਜਪਾਨੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਪਣੀ ਪੱਕੀ ਦੋਸਤੀ ਦਾ ਅਹਿਸਾਸ ਕਰਵਾਉਂਦਿਆਂ ਭਾਰਤ ਵਿਰੁੱਧ ਚੱਲ ਰਹੇ ਚੀਨ ਅਤੇ ਪਾਕਿਸਤਾਨ ਨੂੰ ਚੋਬਾਂ ਵੀ ਮਾਰੀਆਂ।
ਸ਼ਿੰਜੋ ਆਬੇ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਵੱਲੋਂ ਅੱਤਵਾਦ ਦੀ ਚੁਣੌਤੀ ਦੇ ਕੇ ਭਾਰਤ ਨੂੰ ਜਿੰਨਾ ਕਮਜ਼ੋਰ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ, ਅਸੀਂ ਭਾਰਤ ਦੇ ਵਫਾਦਾਰ ਦੋਸਤ ਹੁੰਦੇ ਹੋਏ ਇਸ ਨਾਲ ਓਨਾ ਹੀ ਵਧੇਰੇ ਸਹਿਯੋਗ ਕਰਦਿਆਂ ਇਸ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਰਹਾਂਗੇ। ਸ਼ਿੰਜੋ ਆਬੇ ਨੇ ਮੁੰਬਈ ਅਤੇ ਪਠਾਨਕੋਟ ਹਮਲਿਆਂ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਨੂੰ ਅੱਤਵਾਦੀ ਸਰਗਰਮੀਆਂ ‘ਤੇ ਲਗਾਮ ਲਗਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮੁੰਬਈ ਅਤੇ ਪਠਾਨਕੋਟ ਹਮਲੇ ਦੇ ਦੋਸ਼ੀ ਅੱਤਵਾਦੀਆਂ ਨੂੰ ਪਾਕਿਸਤਾਨ ਅਦਾਲਤੀ ਨਿਆਂ ਦੇ ਘੇਰੇ ਵਿੱਚ ਲਿਆਉਂਦਿਆਂ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਮੌਕੇ ਸ਼ਿੰਜੋ ਆਬੇ ਨੇ ਕਿਹਾ ਕਿ ਜਪਾਨ ਦਾ ਜੇ ਅਤੇ ਇੰਡੀਆ ਦੀ ਆਈ ਆਪਸ ਵਿੱਚ ਮਿਲਾ ਦਿੱਤੀ ਜਾਵੇ ਤਾਂ ਜੈ ਸ਼ਬਦ ਬਣਦਾ ਹੈ। ਜਿਸ ਦਾ ਹਿੰਦੀ ਵਿੱਚ ਮਤਲਬ ਵਿਜਯ ਹੈ। ਜਪਾਨ ਨੇ ਕਿਹਾ ਕਿ ਭਾਰਤ ਅਤੇ ਸਾਡਾ ਸਹਿਯੋਗ ਸਿਰਫ ਰੁਪਏ ਪੈਸੇ ਦੇ ਲੈਣ ਦੇਣ ਦਾ ਨਹੀਂ, ਸਗੋਂ ਆਤਮਿਕ ਅਤੇ ਸੱਭਿਆਚਾਰਕ ਪਛਾਣ ਦਾ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਆਜ਼ਾਦੀ ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਕਾਨੂੰਨ ਦਾ ਨਿਯਮ ਵਰਗੇ ਬੁਨਿਆਦੀ ਕਦਰਾਂ ਕੀਮਤਾਂ ਨਾਲ ਜੁੜੇ ਮੁੱਦਿਆਂ ‘ਤੇ ਸਾਂਝ ਵਧਾ ਰਹੇ ਹਾਂ।

Share Button

Leave a Reply

Your email address will not be published. Required fields are marked *