ਭਾਰਤ ਖੇਤੀ ਬਾਰੇ ਕਾਲੇ ਕਾਨੂੰਨ ਰੱਦ ਕਰਦਿਆਂ ਵਿਸ਼ਵ ਨੂੰ ਚੰਗਾ ਸੁਨੇਹਾ ਦੇਵੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਭਾਰਤ ਖੇਤੀ ਬਾਰੇ ਕਾਲੇ ਕਾਨੂੰਨ ਰੱਦ ਕਰਦਿਆਂ ਵਿਸ਼ਵ ਨੂੰ ਚੰਗਾ ਸੁਨੇਹਾ ਦੇਵੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਕਿਸਾਨਾਂ ਦੀ ਰਾਏ ਨਾਲ ਖੇਤੀ ਕਾਨੂੰਨ ਲਿਆ ਕੇ ਭਾਰਤ ਖੇਤੀ ਖੇਤਰ ’ਚ ਵਿਸ਼ਵ ਨੂੰ ਸੇਧ ਤੇ ਅਗਵਾਈ ਦੇ ਸਕਦਾ ਹੈ
ਮਹਿਤਾ ਚੌਕ/ਅਮ੍ਰਿਤਸਰ 21 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਿਸਾਨੀ ਨੂੰ ਨਾਮਨਜ਼ੂਰ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸ੍ਰੀ ਮੋਦੀ ਨੂੰ ਕਿਸਾਨਾਂ ਅਤੇ ਖੇਤੀ ਕਾਨੂੰਨਾਂ ਸੰਬੰਧੀ ਇਤਿਹਾਸ ਸਿਰਜਣ ਵਲ ਪਹਿਲ ਕਦਮੀ ਕਰਦਿਆਂ ਕਿਸਾਨਾਂ ਦੀ ਰਾਏ ਨਾਲ ਅਜਿਹੇ ਸਾਰਥਿਕ ਕਾਨੂੰਨ ਪਾਸ ਕਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਨਾਲ ਭਵਿੱਖ ਦੌਰਾਨ ਹੋਰਨਾਂ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਸੇਧ ਮਿਲ ਸਕੇ ਅਤੇ ਕੋਈ ਵੀ ਦੇਸ਼ ਕਿਸਾਨਾਂ ਦੀ ਰਾਏ ਲਏ ਬਿਨਾ ਜਾਂ ਕਿਸਾਨੀ ਖ਼ਿਲਾਫ਼ ਖੇਤੀ ਸੰਬੰਧੀ ਕਾਨੂੰਨ ਪਾਸ ਕਰਨ ਦੀ ਜੁੱਰਤ ਨਾ ਕਰ ਸਕੇ।
ਸਰਚਾਂਦ ਸਿੰਘ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿੱਜਦਾ ਕਰਨਾ ਚੰਗੀ ਗਲ ਹੈ ਭਾਵੇਂ ਇਹ 6 ਸਾਲਾਂ ਦੌਰਾਨ ਪਹਿਲੀ ਵਾਰ ਹੀ ਸਹੀ, ਪਰ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਪੈਰੋਕਾਰ ਕਿਰਤੀ ਕਿਸਾਨ ਜੋ ਦਿੱਲੀ ’ਚ ਠੰਢੀਆਂ ਹਵਾਵਾਂ ਤੇ ਸੀਤ ਲਹਿਰ ਦਰਮਿਆਨ ਅੰਦੋਲਨ ਕਰ ਰਹੇ ਹਨ ਦੀ ਅਵਾਜ਼ ਵੀ ਸੁਣਨੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਰਾਹੀਂ ਸਰਕਾਰ ਅਤੇ ਕਿਸਾਨਾਂ ’ਚ ਪਿਆ ਰੇੜਕਾ ਖ਼ਤਮ ਕਰਦਿਆਂ ਕਿਸਾਨਾਂ ਦੀਆਂ ਚਿੰਤਾਵਾਂ ਸ਼ੰਕਿਆਂ ਦੀ ਨਵਿਰਤੀ ਕਰਨ ’ਓ ਹੋਰ ਦੇਰੀ ਨਹੀਂ ਕਰਨੀ ਚਾਹੀਦੀ ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਗੁਮਰਾਹ ਹੋਏ ਜਾਂ ਮੁੱਠੀ ਭਰ ਲੋਕਾਂ ਦਾ ਨਹੀਂ ਸਗੋਂ ਆਪਣੇ ਹੱਕ ਲਈ ਪੰਜਾਬ ਦੇ ਕਿਸਾਨਾਂ ਦੀ ਪਹਿਲ ਕਦਮੀ ਨਾਲ ਦੇਸ਼ ਭਰ ਦੇ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਜ਼ਾਬਤਾ ਅਤੇ ਅਨੁਸ਼ਾਸਨ ਬਣਾਈ ਰੱਖਦਿਆਂ ਯੋਜਨਾਬੱਧ, ਸ਼ਾਂਤਮਈ ਅਤੇ ਲੋਕਤੰਤਰਿਕ ਤਰੀਕੇ ਨਾਲ ਚੱਲ ਰਿਹਾ ਇਕ ਜਨੂਨ ਹੈ। ਅੰਦੋਲਨ ਦੀ ਸਾਰਥਿਕਤਾ ਨੂੰ ਦੇਖਦਿਆਂ ਸਮਝਦਿਆਂ ਅੱਜ ਸਮਾਜ ਦਾ ਹਰੇਕ ਵਰਗ ਇਸ ’ਚ ਸ਼ਾਮਿਲ ਹੋ ਰਿਹਾ ਹੈ। ਵਿਦੇਸ਼ਾਂ ’ਚ ਭਾਰਤੀ ਸਫ਼ਾਰਤਖ਼ਾਨਿਆਂ ਦੇ ਬਾਹਰ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕੀਤੇ ਜਾ ਰਹੇ ਜ਼ਬਰਦਸਤ ਰੋਸ ਮੁਜ਼ਾਰਿਆਂ ਨੇ ਇਸ ਨੂੰ ਵਿਸ਼ਾਲ ਅਰਥ ਪ੍ਰਦਾਨ ਕੀਤੇ ਹਨ। ਵਿਦੇਸ਼ੀ ਭਾਈਚਾਰੇ ਵੱਲੋਂ ਮਿਲ ਰਹੇ ਸਮਰਥਨ ਕਾਰਨ ਦਿਲੀ ਦਾ ਕਿਸਾਨ ਅੰਦੋਲਨ ਕੇਵਲ ਪੰਜਾਬ ਹਰਿਆਣਾ ਜਾਂ ਭਾਰਤ ਦਾ ਹੀ ਨਹੀਂ ਸਗੋਂ ਵਿਸ਼ਵ ਦੇ ਕਿਰਤੀ ਕਿਸਾਨਾਂ ਦਾ ਪ੍ਰਤੀਨਿਧ ਅੰਦੋਲਨ ਬਣ ਚੁੱਕਿਆ ਹੈ। ਜਿਸ ਨੂੰ ਜਬਰ ਜਾਂ ਧੱਕੇ ਨਾਲ ਵਿਦਰੋਹ ਵਲ ਨਹੀਂ ਧਕੇਲਿਆ ਜਾਣਾ ਭਾਰਤ ਦੇ ਹਿਤ ’ਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਦਾ ਧਿਆਨ ਅੱਜ ਭਾਰਤ ਸਰਕਾਰ ਦੀਆਂ ਕਿਸਾਨਾਂ ਤੇ ਖੇਤੀ ਸੰਬੰਧੀ ਨੀਤੀਆਂ ਤੇ ਫ਼ੈਸਲਿਆਂ ’ਤੇ ਟਿਕਿਆ ਹੋਇਆ ਹੈ। ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਚ ਲਏ ਜਾਣ ਵਾਲੇ ਫ਼ੈਸਲੇ ਵਿਸ਼ਵ ਨੂੰ ਚੰਗਾ ਸੁਨੇਹਾ ਦੇਣ ਤੋਂ ਇਲਾਵਾ ਭਾਰਤ ਨੂੰ ਵਿਸ਼ਵ ’ਚ ਕਿਰਤੀ ਕਿਸਾਨਾਂ ਦਾ ਸਮਰਥਕ ਅਤੇ ਇਸ ਪੱਖੋਂ ਦੂਜੇ ਵਿਕਾਸਸ਼ੀਲ ਦੇਸ਼ਾਂ ਦੀ ਅਗਵਾਈ ਕਰਨ ਵਾਲੇ ਮੁਲਕ ਵਜੋਂ ਉਭਾਰਨ ਅਤੇ ਸਥਾਪਤ ਕਰਨ ’ਚ ਮਦਦ ਮਿਲੇਗੀ।