ਭਾਰਤ ਅਮਰੀਕਾ-ਉੱਤਰ ਕੋਰੀਆ ਸਮਝੌਤੇ ਤੋਂ ਲਏ ਸਿੱਖਿਆ, ਕਸ਼ਮੀਰ ਮਾਮਲੇ ‘ਤੇ ਸ਼ੁਰੂ ਕਰੇ ਗੱਲਬਾਤ : ਸ਼ਹਿਬਾਜ਼ ਸ਼ਰੀਫ

ss1

ਭਾਰਤ ਅਮਰੀਕਾ-ਉੱਤਰ ਕੋਰੀਆ ਸਮਝੌਤੇ ਤੋਂ ਲਏ ਸਿੱਖਿਆ, ਕਸ਼ਮੀਰ ਮਾਮਲੇ ‘ਤੇ ਸ਼ੁਰੂ ਕਰੇ ਗੱਲਬਾਤ : ਸ਼ਹਿਬਾਜ਼ ਸ਼ਰੀਫ

ਲਾਹੌਰ- ਭਾਰਤ ਨੂੰ ਅਮਰੀਕਾ-ਉੱਤਰ ਕੋਰੀਆ ਵਿਚਾਲੇ ਪਿਛਲੀਆਂ ਦੁਸ਼ਮਣੀਆਂ ਛੱਡ ਸਿੰਘਾਪੁਰ ਵਿੱਚ ਗੱਲਬਾਤ ਕਰਦਿਆਂ ਨਵੇਂ ਸਾਂਝੇ ਰਾਹਾਂ ‘ਤੇ ਤੁਰਨ ਦੀ ਕੀਤੀ ਸ਼ੁਰੂਆਤ ਤੋਂ ਸਿੱਖਿਆ ਲੈਂਦਿਆਂ ਕਸ਼ਮੀਰ ਮਾਮਲੇ ‘ਤੇ ਦਿਲ ਵੱਡਾ ਕਰਕੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਇਹ ਵਿਚਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਦੇ ਭਰਾ ਅਤੇ ਪਾਕਿਸਤਾਨ ਮੁਸਲਮ ਲੀਗ ਦੇ ਮੁਖੀ ਸ਼ਹਿਬਾਜ਼ ਸ਼ਰੀਫ ਨੇ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਹਾਕੇ (70 ਸਾਲ) ਇੱਕ ਦੂਜੇ ਨਾਲ ਲੜਦੇ ਰਹੇ ਦੋ ਦੇਸ਼ ਜੇਕਰ ਗੱਲਬਾਤ ਦੀ ਟੇਬਲ ਤੇ ਬੈਠ ਕੇ ਦੋਸਤੀ ਦਾ ਯੁੱਗ ਸ਼ੁਰੂ ਕਰ ਸਕਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਵੀ ਇਸ ਤਰ੍ਹਾਂ ਕਰ ਸਕਦੇ ਹਨ।

2013 ਤੋਂ 2018 ਤੱਕ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੀਆਂ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਏ ਗਏ ਹਨ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਜੇ ਅਮਰੀਕਾ ਅਤੇ ਉੱਤਰ ਕੋਰੀਆ ਪ੍ਰਮਾਣੂ ਯੁੱਧ ਦੀ ਦਹਿਲੀਜ਼ ਤੋਂ  ਵਾਪਸ ਸ਼ਾਂਤੀ ਵੱਲ ਪਰਤ ਸਕਦੇ ਹਨ ਤਾਂ ਸਾਨੂੰ ਵੀ ਆਪਣੇ ਦੇਸ਼ਾਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਇਹੋ ਕੁੱਝ ਕਰਨ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ਵਿੱਚ ਵੀ ਸ਼ਾਂਤੀ ਬਹਾਲੀ ਲਈ ਗੰਭੀਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲਾ ਸੰਯੁਕਤ ਰਾਸ਼ਟਰ ਸਮਝੌਤੇ ਦੇ ਤਹਿਤ ਹੱਲ ਹੋਣਾ ਚਾਹੀਦਾ ਹੈ। 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਸਬੰਧੀ  ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਜੇ ਸਾਡੀ ਪਾਰਟੀ ਪਾਕਿਸਤਾਨ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਹੁੰਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਸ਼ਾਂਤੀ ਬਹਾਲੀ ਲਈ ਕੰਮ ਕਰਾਂਗੇ।  ਉਨ੍ਹਾਂ ਕਿਹਾ ਕਿ ਯੁੱਧ ਨਾਲ ਬਰਬਾਦ ਹੋਏ ਇਸ ਦੇਸ਼ ਦੇ  ਪਾਕਿਸਤਾਨ ਨਾਲ ਸਬੰਧ ਬਹੁਤ ਉਲਝੇ ਹੋਏ ਹਨ। ਸ਼ਰੀਫ ਨੇ ਭਾਰਤ ਨੂੰ ਕਿਹਾ ਕਿ ਉਹ ਪਿਛਲੇ ਸਮੇਂ ਨੂੰ ਭੁੱਲ ਕੇ ਸਬੰਧਾਂ ਦੀ ਨਵੀਂ ਸ਼ੁਰੂਆਤ ਕਰਨ।

Share Button

Leave a Reply

Your email address will not be published. Required fields are marked *