ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਤੱਵਪੂਰਨ ਸਮਾਜਿਕ ਦਸਤਾਵੇਜ

ss1

ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਮਹਤੱਵਪੂਰਨ ਸਮਾਜਿਕ ਦਸਤਾਵੇਜ

(ਅੱਜ 26 ਨਵੰਬਰ ਸਵਿੰਧਾਨ ਦਿਵਸ ਤੇ ਵਿਸ਼ੇਸ਼)

constitution-day-of-india-wallpapersਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਦਿਨ ਬਾਰੇ ਤਾਂ ਪਤਾ ਹੁੰਦਾ ਹੈ, ਪਰ ਸੰਵਿਧਾਨ ਨੂੰ ਕਿਸ ਦਿਨ ਅਪਣਾਇਆ ਗਿਆ ਇਸ ਦੀ ਜਾਣਕਾਰੀ ਘੱਟ ਹੀ ਹੁੰਦੀ ਹੈ। ਸੰਵਿਧਾਨ ਨੂੰ ਅਪਨਾਉਣ ਦੇ ਦਿਨ ਦੀ ਜਾਣਕਾਰੀ ਅਤੇ ਉਸ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਕਦਮ ਸ਼ਲਾਘਾਯੋਗ ਹੈ। ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ ਡਾ. ਭੀਮਰਾਓ ਅੰਬੇਦਕਰ ਨੇ ਮਹੱਤਵਪੂਰਣ ਭੂਮਿਕਾ ਨਿਭਾਈ, ਇਸ ਲਈ ਉਨ੍ਹਾਂ ਨੂੰ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਹੈ। ਨਿਸੰਦੇਹ ਸੰਵਿਧਾਨ ਬਣਾਉਣ ਵਿੱਚ ਭਾਰਤ ਰਤਨ ਡਾ. ਭੀਮ ਰਾਓ ਸਾਹਿਬ ਦੇ ਵੱਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਭਾਰਤ ਵਿੱਚ 26 ਨਵੰਬਰ ਨੂੰ ਹਰ ਸਾਲ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਸੰਵਿਧਾਨ ਸਭਾ ਦੁਆਰਾ ਇਸੇ ਦਿਨ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ, ਜਦਕਿ 26 ਜਨਵਰੀ 1950 ਨੂੰ ਇਹ ਲਾਗੂ ਹੋਇਆ ਸੀ। ਭਾਵੇਂ ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤ ਕਰ ਲਈ ਸੀ, ਪਰ ਉਸ ਸਮੇਂ ਤੱਕ ਸਾਡੇ ਦੇਸ਼ ਦਾ ਕੋਈ ਸਥਾਈ ਸੰਵਿਧਾਨ ਨਹੀਂ ਸੀ। ਇਸ ਦੇ ਕਾਨੂੰਨ ਸੋਧੇ ਉਪਨਿਵੇਸ਼ੀ ਭਾਰਤ ਸਰਕਾਰ ਐਕਟ, 1935 ਤੇ ਆਧਾਰਿਤ ਸਨ ਅਤੇ ਦੇਸ਼ ਇੱਕ ਡੋਮੀਨੀਅਨ ਸੀ ਜਿਸ ਦੇ ਰਾਜ ਦਾ ਮੁਖੀ ਜਾਰਜ-VI ਸੀ ਅਤੇ ਲਾਰਡ ਮਾਊਂਟਬੇਟਨ ਗਵਰਨਰ ਜਨਰਲ ਸੀ। 29 ਅਗਸਤ 1947 ਨੂੰ ਸਥਾਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਨਿਯੁਕਤ ਕੀਤੀ ਗਈ ਜਿਸਦਾ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਬਣਾਇਆ ਗਿਆ। ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਰਾਜਾਂ ਦੀਆਂ ਸਭਾਵਾਂ ਦੇ ਚੁਣੇ ਹੋਏ ਮੈਬਰਾਂ ਦੇ ਦੁਆਰਾ ਚੁਣੇ ਗਏ ਸਨ। ਜਵਾਹਰ ਲਾਲ ਨਹਿਰੂ, ਡਾ ਰਾਜੇਂਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਇਸ ਸਭਾ ਦੇ ਪ੍ਰਮੁੱਖ ਮੈਂਬਰ ਸਨ। ਕਮੇਟੀ ਨੇ ਸੰਵਿਧਾਨ ਦਾ ਖਰੜਾ 9 ਦਸੰਬਰ 1946 ਤੋਂ ਤਿਆਰ ਕਰਨਾ ਸ਼ੁਰੂ ਕੀਤਾ ਅਤੇ 4 ਨਵੰਬਰ 1947 ਨੂੰ ਇਹ ਖਰੜਾ ਅਸੈਂਬਲੀ ਨੂੰ ਸੌਂਪਿਆ ਗਿਆ। ਸੰਵਿਧਾਨ ਨੂੰ ਤਿਆਰ ਕਰਨ ਵਿੱਚ ਦੋ ਸਾਲ 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਲੱਗਿਆ। ਅਸੈੰਬਲੀ ਨੇ ਸੰਵਿਧਾਨ ਨੂੰ ਅਪਨਾਉਣ ਤੋਂ ਪਹਿਲਾਂ 166 ਲੋਕ ਸੈਸ਼ਨਾਂ ਵਿੱਚ ਮੀਟਿੰਗਾਂ ਕੀਤੀਆਂ।  ਇਹਨਾਂ ਬੈਠਕਾਂ ਵਿੱਚ ਪ੍ਰੈੱਸ ਅਤੇ ਜਨਤਾ ਨੂੰ ਭਾਗ ਲੈਣ ਦੀ ਸੁਤੰਤਰਤਾ ਸੀ।

ਬਹੁਤ ਵਿਚਾਰ ਵਟਾਂਦਰੇ ਅਤੇ ਸੋਧਾਂ ਤੋਂ ਬਾਅਦ 308 ਮੈਂਬਰਾਂ ਨੇ ਦਸਤਾਵੇਜ਼ ਦੀਆਂ ਦੋ ਹੱਥ ਲਿਖਤ ਕਾਪੀਆਂ (ਇੱਕ ਅੰਗਰੇਜ਼ੀ ਅਤੇ ਦੂਜੀ ਹਿੰਦੀ ਵਿੱਚ) ਤੇ 24 ਜਨਵਰੀ 1950 ਨੂੰ ਹਸਤਾਖਰ ਕੀਤੇ। ਦੋ ਦਿਨ ਬਾਅਦ ਭਾਰਤ ਦਾ ਸੰਵਿਧਾਨ ਸਾਰੇ ਭਾਰਤ ਦਾ ਕਾਨੂੰਨ ਹੋ ਗਿਆ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਸਵੇਰੇ 10:18 ਵਜੇ ਭਾਰਤੀ ਮਾਣਕ ਸਮੇਂ ਅਨੁਸਾਰ ਲਾਗੂ ਹੋ ਗਿਆ। ਇੰਡੀਅਨ ਨੈਸ਼ਨਲ ਕਾਂਗਰਸ ਅਤੇ ਹੋਰ ਪਾਰਟੀਆਂ ਦੁਆਰਾ 26 ਜਨਵਰੀ ਨੂੰ ਸੰਵਿਧਾਨ ਲਾਗੂ ਕਰਨਾ 26 ਜਨਵਰੀ ਅਤੇ ਆਜ਼ਾਦੀ ਦੇ ਘੁਲਾਟੀਆਂ ਦਾ ਸਤਿਕਾਰ ਸੀ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਐਂਥਲੀ ਐਡਨ ਨੇ ਭਾਰਤੀ ਗਣਤੰਤਰ ਦੇ ਹੋਂਦ ਵਿੱਚ ਆਉਣ ਦੇ ਪ੍ਰਸੰਗ ਵਿੱਚ ਕਿਹਾ, “ਸਮੇਂ ਦੇ ਆਰੰਭ ਤੋਂ ਸਰਕਾਰ ਵਿੱਚ ਜਿੰਨੇ ਵੀ ਪ੍ਰਯੋਗ ਕੀਤੇ ਗਏ ਹਨ, ਮੈਂ ਸਮਝਦਾ ਹਾਂ ਕਿ ਉਹਨਾਂ ਵਿੱਚੋਂ ਭਾਰਤ ਦਾ ਸੰਸਦੀ ਲੋਕਤੰਤਰ ਨੂੰ ਅਪਣਾਉਣਾ ਬਹੁਤ ਹੀ ਉਤਸ਼ਾਹ ਜਨਕ ਹੈ। ਇੱਕ ਮਹਾਨ ਉਪ ਮਹਾਂਦੀਪ ਆਪਣੇ ਕਰੋੜਾਂ ਲੋਕਾਂ ਤੇ ਆਜ਼ਾਦ ਲੋਕਤੰਤਰ ਦੀ ਪ੍ਰਣਾਲੀ ਨੂੰ ਲਾਗੂ ਕਰਨ ਦਾ ਯਤਨ ਕਰ ਰਿਹਾ ਹੈ। ਅਜਿਹਾ ਕਰਨਾ ਬੜੀ ਬਹਾਦਰੀ ਦਾ ਕੰਮ ਹੈ। ਭਾਰਤ ਨੇ ਸਾਡੀ ਪ੍ਰਥਾ ਦੀ ਨਕਲ ਨਹੀਂ ਕੀਤੀ, ਸਗੋਂ ਉਨੇ ਵੱਡੇ ਪੈਮਾਨੇ ਤੇ ਲੋਕਤੰਤਰ ਨੂੰ ਲਾਗੂ ਕੀਤਾ ਹੈ ਜਿਸ ਬਾਰੇ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਜੇ ਇਹ ਸਫਲ ਹੁੰਦਾ ਹੈ ਤਾਂ ਇਸ ਦੇ ਏਸ਼ੀਆ ਉੱਪਰ ਸਦੀਵੀ ਪ੍ਰਭਾਵ ਨੂੰ ਦਰਸਾਉਣਾ ਵੀ ਮੁਸ਼ਕਿਲ ਹੈ। ਸਿੱਟਾ ਭਾਵੇਂ ਕੁੱਝ ਵੀ ਨਿਕਲੇ, ਪਰੰਤੂ ਸਾਨੂੰ ਇਸ ਮਹਾਨ ਜ਼ੋਖਮ ਦਾ ਸਨਮਾਨ ਕਰਨਾ ਚਾਹੀਦਾ ਹੈ। “

ਅਮਰੀਕੀ ਸੰਵਿਧਾਨ ਅਥਾਰਿਟੀ, ਗ੍ਰੇਨਵਿੱਲੇ ਆਸਵਿਨ ਦੀ ਰਾਇ ਹੋਰ ਵੀ ਅਧਿਕ ਮਹਤੱਵਪੂਰਨ ਹੈ ਜਿਸ ਨੇ ਲਿਖਿਆ ਕਿ ਭਾਰਤੀ ਸੰਵਿਧਾਨ ਸਭਾ ਦਾ ਇਹ ਮਹਾਨ ਰਾਜਨਿਤਿਕ ਕਾਰਜ 1787 ਵਿੱਚ ਫਿਲਾਡੇਲਫੀਆ ਵਿੱਚ ਆਰੰਭ ਹੋਏ ਕਾਰਜ ਨਾਲੋਂ ਵੀ ਮਹਾਨ ਸੀ ਜਿੱਥੇ ਸੰਘਵਾਦ ਅਤੇ ਬਰਤਾਨਵੀ ਸੰਸਦੀ ਪ੍ਰਣਾਲੀ ਸੰਵਿਧਾਨ ਦਾ ਸਾਂਝਾ ਆਧਾਰ ਸਨ। ਉਸਨੇ ਭਾਰਤੀ ਸੰਵਿਧਾਨ ਨੂੰ ਪਹਿਲਾ ਅਤੇ ਬਹੁਤ ਹੀ ਮਹਤੱਵਪੂਰਨ ਸਮਾਜਿਕ ਦਸਤਾਵੇਜ ਆਖਿਆ। ਭਾਰਤੀ ਸੰਵਿਧਾਨ ਦੇ ਬਹੁਤ ਸਾਰੇ ਉਪਬੰਧ ਸਮਾਜਿਕ ਕ੍ਰਾਂਤੀ ਦੇ ਉਦੇਸ਼ ਦੀ ਸਿੱਧੀ ਪੂਰਤੀ ਲਈ ਹਨ ਜਾਂ ਇਸ ਦੀ ਪ੍ਰਾਪਤੀ ਲਈ ਲੋੜੀਦੀਆਂ ਸਥਿਤੀਆਂ ਸਥਾਪਤ ਕਰਕੇ ਇਸ ਕ੍ਰਾਂਤੀ ਨੂੰ ਲਿਆਉਣ ਦੇ ਯਤਨ ਲਈ ਹਨ।

ਸੰਵਿਧਾਨ ਦੇ ਉਦੇਸ਼ਾਂ ਨੂੰ ਜ਼ਾਹਰ ਕਰਨ ਹੇਤੁ ਆਮ ਤੌਰ ਤੇ ਉਨ੍ਹਾਂ ਤੋਂ ਪਹਿਲਾਂ ਇੱਕ ਪ੍ਰਸਤਾਵਨਾ ਪੇਸ਼ ਕੀਤੀ ਜਾਂਦੀ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਿਤ ਅਤੇ ਸੰਸਾਰ ਵਿੱਚ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪ੍ਰਸਤਾਵਨਾ ਦੇ ਮਾਧਿਅਮ ਨਾਲ ਭਾਰਤੀ ਸੰਵਿਧਾਨ ਦਾ ਸਾਰ, ਅਪੇਖਿਆਵਾਂ, ਉਦੇਸ਼ ਉਸਦਾ ਲਕਸ਼ ਅਤੇ ਦਰਸ਼ਨ ਜ਼ਾਹਿਰ ਹੁੰਦਾ ਹੈ। ਪ੍ਰਸਤਾਵਨਾ ਇਹ ਘੋਸ਼ਣਾ ਕਰਦੀ ਹੈ ਕਿ ਸੰਵਿਧਾਨ ਆਪਣੀ ਸ਼ਕਤੀ ਸਿੱਧੇ ਜਨਤਾ ਤੋਂ ਪ੍ਰਾਪਤ ਕਰਦਾ ਹੈ ਇਸ ਕਾਰਨ ਇਹ ‘ਅਸੀ ਭਾਰਤ ਦੇ ਲੋਕ’ ਇਸ ਵਾਕ ਨਾਲ ਸ਼ੁਰੂ ਹੁੰਦੀ ਹੈ।

ਸੰਵਿਧਾਨ ਦੀ ਪ੍ਰਸਤਾਵਨਾ ਇਸ ਪ੍ਰਕਾਰ ਹੈ : ਅਸੀ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਣ ਪ੍ਰਭੁਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਪਰਜਾਤੰਤਰੀ ਗਣਰਾਜ ਬਣਾਉਣ ਲਈ ਅਤੇ ਇਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਉਣ, ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਤਾ ਦੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਅਤੇ ਉਨ੍ਹਾਂ ਸਭਨਾਂ ਵਿੱਚ ਵਿਅਕਤੀ ਦੀ ਗੌਰਵਤਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨ ਵਾਲੀ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ, 1949 ਈ. ਨੂੰ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ, ਅਧਿਨਿਯਤ ਅਤੇ ਆਤਮ ਸਮਰਪਣ ਕਰਦੇ ਹਾਂ ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਦੇ ਸ਼ਬਦ 1976 ਵਿੱਚ 42ਵੀਂ ਸੰਵਿਧਾਨਿਕ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ। ਭਾਰਤੀ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਤ੍ਰਿਤ ਹੈ। ਸੰਵਿਧਾਨ ਨਿਰਮਾਣ ਸਮੇਂ ਇਸ ਵਿੱਚ 395 ਅਨੁਛੇਦ 22 ਭਾਗ ਅਤੇ 8 ਅਨੁਸੂਚੀਆਂ ਸਨ ਪਰ ਹੁਣ ਵਰਤਮਾਨ ਵਿੱਚ ਲਗਭੱਗ 450 ਅਨੁਛੇਦ 22 ਭਾਗ ਅਤੇ 12 ਅਨੁਸੂਚੀਆਂ ਹਨ।

ਅੱਜ 26 ਨਵੰਬਰ ਵਾਲੇ ਦਿਨ ਸਕੂਲੀ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸੰਬੰਧੀ ਜਾਗਰੂਕ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵੱਖ-੨ ਗਤੀਵਿਧੀਆਂ ਅਤੇ ਮੁਕਾਬਲੇ ਕਰਨ ਲਈ ਕਿਹਾ ਗਿਆ ਹੈ ਜੋ ਇੱਕ ਚੰਗਾ ਕਦਮ ਹੈ। ਸੋ, ਆਓ ਆਪਾਂ ਸਾਰੇ ਮਿਲ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਦੇਸ਼ ਦੇ ਨਾਗਿਰਕਾਂ ਦੇ ਜੀਵਨ ਨੂੰ ਖੁਸ਼ਹਾਲ ਕਰਨ ਦਾ ਯਤਨ ਕਰਦੇ ਹੋਏ ਸੱਚੇ ਦੇਸ਼ ਭਗਤ ਅਤੇ ਸੱਚੇ ਦੇਸ਼ ਦੇ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰੀਏ। ਜੈ ਹਿੰਦ !!

vijay-2ਵਿਜੈ ਗੁਪਤਾ, ਸ.ਸ. ਅਧਿਆਪਕ

ਸੰਪਰਕ : 977 990 3800

Share Button

Leave a Reply

Your email address will not be published. Required fields are marked *