Wed. Aug 21st, 2019

ਭਾਰਤੀ ਲੋਕਤੰਤਰ ਨੂੰ ਚੁਣੌਤੀਆਂ

ਭਾਰਤੀ ਲੋਕਤੰਤਰ ਨੂੰ ਚੁਣੌਤੀਆਂ

ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਅਨੁਸਾਰ,” ਲੋਕਤੰਤਰ ਜਨਤਾ ਦਾ, ਜਨਤਾ ਵੱਲੋਂ, ਜਨਤਾ ਲਈ ਸ਼ਾਸਨ ਹੈ।” ਪਰ ਇਸ ਲੋਕਤੰਤਰ ਤੇ ਟਿੱਪਣੀ ਕਰਦਿਆਂ ਆਸਕਰ ਵਾਈਲਡ ਨੇ ਕਿਹਾ ਹੈ:” ਅਸਲ ਵਿੱਚ ਲੋਕਤੰਤਰ ਦਾ ਅਰਥ ਹੁਣ ਇਹ ਬਣ ਗਿਆ ਹੈ: ਜਨਤਾ ਨੂੰ, ਜਨਤਾ ਵੱਲੋਂ, ਜਨਤਾ ਲਈ ਕੁੱਟਣਾ।” ਸਹੀ ਸ਼ਬਦਾਂ ਵਿੱਚ ਲੋਕਤੰਤਰ ਸ਼ਾਸਨ ਦੀ ਸਰਬੋਤਮ ਪ੍ਰਣਾਲੀ ਮੰਨੀ ਗਈ ਹੈ, ਕਿਉਂਕਿ ਇਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀ ਦੇਸ਼ ਦਾ ਪ੍ਰਬੰਧ ਚਲਾਉਂਦੇ ਹਨ। ਅੱਜ ਸਾਡਾ ਦੇਸ਼ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਚੁੱਕਿਆ ਹੈ। ਪਰ ਇਸ ਸੱਚਾਈ ਤੋਂ ਵੀ ਅਸੀਂ ਅੱਖਾਂ ਨਹੀਂ ਮੀਟ ਸਕਦੇ ਕਿ ਲੰਮੇ ਸਮੇਂ ਤੱਕ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ-ਪ੍ਰਬੰਧ ਰਿਹਾ, ਜਿਸ ਕਰਕੇ ਰਾਜਨੀਤਕ ਵਿਵਸਥਾ ਇੰਨੀ ਵਿਗੜ ਗਈ ਕਿ 1947 ਵਿੱਚ ਆਜ਼ਾਦੀ ਪ੍ਰਾਪਤ ਹੋਣ ਪਿੱਛੋਂ ਸਥਾਪਤ ਲੋਕਤਾਂਤ੍ਰਿਕ- ਸ਼ਾਸਨ- ਵਿਵਸਥਾ ਆਪਣੇ ਭਵਿੱਖ ਪ੍ਰਤੀ ਨਿਰੰਤਰ ਸ਼ੰਕਿਆਂ ਵਿੱਚ ਲਿਪਟੀ ਰਹੀ। ਸੁਤੰਤਰਤਾ ਤੋਂ ਪਿੱਛੋਂ ਹੀ ਇਹਦੇ ਲੱਛਣ ਵਿਖਾਈ ਦੇਣ ਲੱਗ ਪਏ ਸਨ, ਪਰ ਹੌਲੀ- ਹੌਲੀ ਇਹ ਉੱਭਰਵੇਂ ਰੂਪ ਵਿੱਚ ਨਜ਼ਰ ਆਉਣ ਲੱਗ ਪਏ।
ਰਾਜਨੀਤਕ ਅਸਥਿਰਤਾ ਅਤੇ ਵਿਧੀ- ਵਿਵਸਥਾ ਨਾਲ ਉਤਪੰਨ ਗੰਭੀਰ ਖਤਰਿਆਂ ਨੇ ਲੋਕਤੰਤਰ ਦੇ ਭਵਿੱਖ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਇਹ ਸ਼ੰਕੇ ਅਚਾਨਕ ਪੈਦਾ ਨਹੀਂ ਹੋਏ, ਸਗੋਂ ਇਨ੍ਹਾਂ ਦੇ ਪਿੱਛੇ ਲੰਮੀ ਪਿੱਠਭੂਮੀ ਅਤੇ ਕਾਰਨ ਮੌਜੂਦ ਹਨ।
ਪੱਛਮੀ ਮੁਲਕਾਂ ਦੀ ਦਿੱਤੀ ਹੋਈ ਲੋਕਤਾਂਤ੍ਰਿਕ ਪ੍ਰਣਾਲੀ ਪੂਰਬੀ ਦੇਸ਼ਾਂ ਵਿੱਚ ਲੱਗਭੱਗ ਅਸਫਲ ਰਹੀ ਹੈ। ਸਿੱਟੇ ਵਜੋਂ ਛੇਤੀ ਹੀ ਇਨ੍ਹਾਂ ਮੁਲਕਾਂ ਵਿੱਚ ਤਾਨਾਸ਼ਾਹੀ ਸਰਕਾਰਾਂ ਸਥਾਪਤ ਹੋ ਗਈਆਂ।ਪਰ ਇਸ ਦੇ ਉਲਟ ਭਾਰਤ ਇਸ ਸਥਿਤੀ ਤੋਂ ਬਚਿਆ ਰਿਹਾ। ਇਹ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਲੋਕਤੰਤਰ ਦੀ ਆਧਾਰਸ਼ਿਲਾ ਰੱਖੇ ਜਾਣ ਪਿੱਛੋਂ ਇਹ ਬਹੁਤ ਪ੍ਰਭਾਵਸ਼ਾਲੀ ਅਗਵਾਈ ਪ੍ਰਾਪਤ ਹੋਈ। ਲੋਕਤਾਂਤ੍ਰਿਕ ਵਿਵਸਥਾ ਦੀਆਂ ਜੜ੍ਹਾਂ ਜਮਾਉਣ ਵਿੱਚ ਇੱਥੋਂ ਦੀ ਲੋਕਤਾਂਤ੍ਰਿਕ ਅਗਵਾਈ ਦਾ ਬਹੁਤ ਵੱਡਾ ਹੱਥ ਸੀ, ਜਿਨ੍ਹਾਂ ਨੂੰ ਇੰਨੀ ਜ਼ਿਆਦਾ ਸ਼ਕਤੀ, ਸਮਰਥਨ ਅਤੇ ਵਿਸ਼ਵਾਸ ਪ੍ਰਾਪਤ ਸੀ ਕਿ ਕਿਸੇ ਵੀ ਰਸਤੇ ਤੇ ਜਾ ਸਕਦੇ ਸਨ, ਪਰ ਉਨ੍ਹਾਂ ਨੇ ਇਉਂ ਨਹੀਂ ਕੀਤਾ।ਹੋਰਨਾਂ ਦੇਸ਼ਾਂ ਵਿੱਚ ਲੋਕਤਾਂਤ੍ਰਿਕ ਪ੍ਰਣਾਲੀ ਦੇ ਖ਼ਾਤਮੇ ਦਾ ਮੁੱਖ ਕਾਰਨ ਲੋਕਪ੍ਰਿਯ ਅਗਵਾਈ ਦੀ ਅਣਹੋਂਦ ਸੀ।
ਭਾਰਤੀ ਲੋਕਤੰਤਰ ਦੇ ਭਵਿੱਖ ਪ੍ਰਤੀ ਜੋ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਕਾਰਨ ਨਿਰਾਧਾਰ ਨਹੀਂ ਹਨ। ਉਨ੍ਹਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਇਹ ਸਾਰੇ ਕਾਰਨ ਭਾਰਤੀ ਲੋਕਤੰਤਰ ਨੂੰ ਗੰਭੀਰ ਚੁਣੌਤੀ ਦੇ ਰਹੇ ਹਨ।
ਸਭ ਤੋਂ ਵੱਧ ਸੰਕਟਮਈ ਅਤੇ ਗੰਭੀਰ ਸਥਿਤੀ ਆਰਥਿਕ ਮੋਰਚੇ ਤੇ ਪੈਦਾ ਹੋਈ ਹੈ। 1977 ਦੀਆਂ ਚੋਣਾਂ ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਤਾ ਤੋਂ ਆਪਣੇ ਕੰਮਾਂ ਦੀ ਲੋੜੀਂਦੀ ਸ਼ਕਤੀ ਦੀ ਮੰਗ ਕੀਤੀ ਸੀ। ਜਨਤਾ ਨੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਕੇ ਉਨ੍ਹਾਂ ਨੂੰ ‘ਗਰੀਬੀ ਹਟਾਓ’ ਦੀ ਮੰਗ ਨੂੰ ਪੂਰਾ ਕਰਨ ਲਈ ਮੌਕਾ ਦਿੱਤਾ, ਪਰ ਸ਼੍ਰੀਮਤੀ ਗਾਂਧੀ ਆਪਣਾ ਵਚਨ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ। 1971 ਦੇ ਮੁਕਾਬਲੇ ਵਿੱਚ 1973-74 ਵਿੱਚ ਜਨਤਾ ਦੀਆਂ ਮੁਸ਼ਕਿਲਾਂ ਅਤੇ ਆਰਥਿਕ ਪ੍ਰੇਸ਼ਾਨੀਆਂ ਵਿੱਚ ਬੇਹਿਸਾਬ ਵਾਧਾ ਹੋ ਗਿਆ।
ਤੱਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ “ਉਹ ਆਪਣੀਆਂ ਸਮੁੱਚੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਅਨੁਕੂਲ ਸਥਿਤੀ ਬਣਾਉਣ ਵਿੱਚ ਅਸਫਲ ਰਹੀ ਹੈ।” ਸਿੱਟੇ ਵਜੋਂ ਸਾਧਾਰਨ ਲੋਕਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ।ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਘੱਟ ਪੈਦਾਵਾਰ ਆਦਿ ਅਜਿਹੀਆਂ ਸਮੱਸਿਆਵਾਂ ਹਨ, ਜੋ ਸਾਡੇ ਲੋਕਤੰਤਰ ਦੇ ਸਾਹਮਣੇ ਗੰਭੀਰ ਚੁਣੌਤੀਆਂ ਦੇ ਰੂਪ ਵਿੱਚ ਮੌਜੂਦ ਹਨ।
ਮੌਜੂਦਾ ਸਮੇਂ ਭੋਜਨ ਦੇ ਮੋਰਚੇ ਤੇ ਸਫਲ ਹੋਣਾ ਸਭ ਤੋਂ ਵੱਡੀ ਚੁਣੌਤੀ ਹੈ। ਅਕਸਰ ਸ਼ੰਕਾ ਪ੍ਰਗਟ ਕੀਤੀ ਜਾਂਦੀ ਹੈ ਕਿ ਇੱਕ- ਤਿਹਾਈ ਤੋਂ ਵੀ ਵੱਧ ਜਨਤਾ ਕਦੇ ਵੀ ‘ਕਾਲ ਦਾ ਸ਼ਿਕਾਰ ਹੋ ਸਕਦੀ ਹੈ। ਇਸ ਸਥਿਤੀ ਵਿੱਚ ਜਿੱਥੇ ਹੜ੍ਹ ਅਤੇ ਸੋਕਾ ਆਦਿ ਕੁਦਰਤੀ ਕਾਰਨ ਹਨ, ਉੱਥੇ ਪ੍ਰਸ਼ਾਸਨ- ਤੰਤਰ ਦੀ ਅਸਫਲਤਾ ਵੀ ਮਹੱਤਵ- ਪੂਰਨ ਕਾਰਨ ਹੈ। ਜਿਸ ਹਰੀ ਕ੍ਰਾਂਤੀ ਦੀ ਘੋਸ਼ਣਾ ਕੀਤੀ ਗਈ ਸੀ, ਉਹ ਇੱਕੋ ਝਟਕੇ ਵਿੱਚ ਚਕਨਾਚੂਰ ਹੋ ਗਈ। ਅੱਜ ਵੀ ਬਾਰਿਸ਼ ‘ਤੇ ਭਾਰਤੀ ਖੇਤੀ ਦੇ ਨਿਰਭਰ ਹੋਣ ਦੀ ਅਵਸਥਾ ਜਿਉਂ ਦੀ ਤਿਉਂ ਬਣੀ ਹੋਈ ਹੈ। ਟਿਊਬਵੈੱਲਾਂ ਅਤੇ ਨਹਿਰਾਂ ਦੀ ਵਿਵਸਥਾ ਕਰਦੇ ਸਮੇਂ ਉਨ੍ਹਾਂ ‘ਚੋਂ ਪਾਣੀ ਅਤੇ ਬਿਜਲੀ ਦੀ ਪ੍ਰਾਪਤੀ ਦਾ ਸੁਮੇਲ ਨਹੀਂ ਰੱਖਿਆ ਗਿਆ। ਸਿੱਟੇ ਵਜੋਂ ਨਹਿਰਾਂ ਸੁੱਕੀਆਂ ਰਹਿੰਦੀਆਂ ਹਨ ਅਤੇ ਟਿਊਬਵੈਲਾਂ ਨੂੰ ਕਾਰਖਾਨੇ ਦੀ ਕੀਮਤ ਉੱਤੇ ਬਿਜਲੀ ਦਿੱਤੀ ਜਾਂਦੀ ਹੈ। ਜੇ ਪਹਿਲਾਂ ਹੀ ਧਿਆਨ ਨਾਲ ਕੰਮ ਕੀਤਾ ਗਿਆ ਹੁੰਦਾ, ਤਾਂ ਇੰਨੀਆਂ ਮੁਸ਼ਕਿਲਾਂ ਨਾ ਆਉਂਦੀਆਂ।
ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਬਦਕਿਸਮਤੀ ਹੀ ਰਹੀ ਹੈ ਕਿ ਇਸ ਨੂੰ ਰਾਜਨੀਤਕ ਗੈਰ-ਵਿਹਾਰਕਤਾ ਤੋਂ ਪੈਦਾ ਹੋਈਆਂ ਨੀਤੀਆਂ ਦਾ ਸਿੱਟਾ ਲਗਾਤਾਰ ਭੋਗਣਾ ਪਿਆ ਹੈ। ਸਮਾਜਵਾਦ ਦੀ ਸਥਾਪਨਾ ਦੇ ਨਾਂ ਤੇ ਜੋ ਨੀਤੀਆਂ ਬਣਾਈਆਂ ਗਈਆਂ, ਉਹ ਬਿਲਕੁਲ ਕਾਰਗਰ ਨਹੀਂ ਹੋਈਆਂ। ਉਦਾਹਰਣ ਵਜੋਂ ਕਣਕ ਦੇ ਵਪਾਰ ਦਾ ਰਾਸ਼ਟਰੀਕਰਨ ਦੀ ਨੀਤੀ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ। ਗੈਰ-ਵਿਹਾਰਕ ਨੀਤੀ ਅਪਣਾਉਣ ਨਾਲ ਸਮਾਜਵਾਦ ਦੀ ਜੋ ਕਲਪਨਾ ਕੀਤੀ ਗਈ ਸੀ, ਉਹਦਾ ਸੁਪਨਾ ਹੀ ਟੁੱਟ ਗਿਆ ਹੈ।
ਆਜ਼ਾਦੀ ਮਿਲਣ ਪਿੱਛੋਂ ਜੋ ਨਵੀਂ ਪੀੜ੍ਹੀ ਆਈ, ਉਹਦਸਾਹਮਣੇ ਕੋਈ ਆਦਰਸ਼ ਨਹੀਂ ਹੈ। ਨਵੀਂ ਪੀੜ੍ਹੀ ਨੇ ਸਿਰਫ ਪੁਰਾਣੀ ਪੀੜ੍ਹੀ ਦੇ ਭ੍ਰਿਸ਼ਟਾਚਾਰਾਂ ਅਤੇ ਦੁਰਾਚਾਰੀ ਜੀਵਨ ਨੂੰ ਹੀ ਵੇਖਿਆ ਹੈ, ਜਾਂ ਫਿਰ ਸਥਾਪਿਤ ਵਿਵਸਥਾ ਵਿੱਚ ਫੈਲੀ ਜ਼ਹਿਰ ਦਾ ਸ਼ਿਕਾਰ ਹੋ ਕੇ ਵੇਖਿਆ ਹੈ। ਇਸ ਸਥਿਤੀ ਵਿੱਚ ਅਸੰਤੋਖ ਦਾ ਪੈਦਾ ਹੋਣਾ ਸੁਭਾਵਿਕ ਹੈ। ਇਹਦੇ ਦੋ ਪ੍ਰਮੁੱਖ ਕਾਰਨ ਹਨ- ਪਹਿਲਾ ਤਾਂ ਇਹ ਹੈ ਕਿ ਆਦਰਸ਼ਾਂ ਦੀ ਖੋਜ ਵਿੱਚ ਇਹ ਪੀੜ੍ਹੀ ਖੁਦ ਨੂੰ ਤਨਹਾ ਵੇਖ ਰਹੀ ਹੈ।ਉਹਨੇ ਵੇਖਿਆ ਹੈ ਕਿ ਸਮੁੱਚੀ ਵਿਵਸਥਾ ਦੋ ਤਰ੍ਹਾਂ ਦੇ ਘੇਰਿਆਂ ਵਿੱਚ ਜ਼ਿੰਦਾ ਹੈ-ਪਹਿਲਾ ਕਿ ਸਾਰੇ ਲੋਕ ਬਾਹਰੋਂ ਹੋਰ ਹਨ ਅਤੇ ਅੰਦਰੋਂ ਹੋਰ । ਦੂਜਾ, ਕਿ ਸਿੱਖਿਆ ਦੀ ਜੋ ਬ੍ਰਿਟਿਸ਼ ਗੈਰ- ਵਿਹਾਰਕ ਪ੍ਰਣਾਲੀ ਅਪਣਾਈ ਗਈ ਸੀ, ਉਹਨੇ ਦੇਸ਼ ਦਾ ਭਵਿੱਖ ਖਰਾਬ ਕਰ ਦਿੱਤਾ ਹੈ। ਪੂਰੀ ਦੀ ਪੂਰੀ ਪੀੜ੍ਹੀ ਖੁਦ ਨੂੰ ਵਾਧੂ/ ਫ਼ਜ਼ੂਲ ਸਮਝਣ ਦਾ ਅਨੁਭਵ ਕਰ ਰਹੀ ਹੈ। ਅੰਧਕਾਰਮਈ ਭਵਿੱਖ ਦੀ ਚਿੰਤਾ ਵਿੱਚ ਡੁੱਬੀ ਇਸ ਪੀੜ੍ਹੀ ਤੋਂ ਅਸੰਤੋਖ ਦਾ ਵਿਸਫੋਟ ਕਈ ਮੌਕਿਆਂ ਤੇ ਹੁੰਦਾ ਰਹਿੰਦਾ ਹੈ। ਜੇ ਯੁਵਾ- ਪੀੜ੍ਹੀ ਵਿੱਚੋਂ ਅਸੰਤੋਖ ਦਾ ਹੱਲ ਨਾ ਲੱਭਿਆ ਗਿਆ, ਤਾਂ ਉਹ ਵੀ ਘਾਤਕ ਸਿੱਧ ਹੋ ਸਕਦਾ ਹੈ। ਬਕੌਲ ਸ਼ਾਇਰ:
ਸਕੂਲੇ ਪੜ੍ਹਨ ਭੇਜੇ ਸੀ, ਕਿਤਾਬਾਂ- ਕਾਪੀਆਂ ਦੇ ਕੇ
ਨਸ਼ੇ- ਹਥਿਆਰ ਕਿੱਥੋਂ ਆ ਗਏ ਨੇ ਬਸਤਿਆਂ ਅੰਦਰ।
ਕਿਸੇ ਨੂੰ ਪਿਆਸ ਨਾ ਲੱਗੇ, ਨਾ ਸੁੱਕੇ ਹੋਠ ਹੀ ਫਰਕਣ
ਤੁਸੀਂ ਕੈਕਟਸ ਲਗਾ ਦਿੱਤੇ ਨੇ ਸਾਰੇ ਗਮਲਿਆਂ ਅੰਦਰ।
ਭਾਰਤ ਵਿੱਚ ਪ੍ਰਤੱਖ ਤੌਰ ਤੇ ਹੁਣ ਰਾਜੇ- ਰਜਵਾੜੇ ਅਤੇ ਨਵਾਬ ਬੇਸ਼ਕ ਖਤਮ ਹੋ ਗਏ ਹੋਣ, ਪਰ ਉਨ੍ਹਾਂ ਦੀ ਥਾਂ ਤੇ ਨਵੀਂ ਸ਼੍ਰੇਣੀ ਦਾ ਜਨਮ ਹੋ ਗਿਆ ਹੈ। ਸੱਤਾ- ਪ੍ਰਾਪਤੀ ਨਾਲ ਸਬੰਧਿਤ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆ ਜਾਂਦੇ ਹਨ। ਭਾਰਤੀ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਕਿਹਾ ਸੀ,” ਹਰੇਕ ਵਿਅਕਤੀ ਪਿੰਡ- ਪਿੰਡ ਜਾ ਕੇ ਅਤੇ ਜਨਤਾ ਵਿੱਚ ਰਹਿ ਕੇ ਕੰਮ ਕਰਨ ਦੀ ਥਾਂ ਤੇ ਮੰਤਰੀ ਜਾਂ ਸਾਂਸਦ ਬਣਨਾ ਚਾਹੁੰਦਾ ਹੈ।” ਇਸ ਸੁਵਿਧਾ- ਪ੍ਰਾਪਤ ਸ਼੍ਰੇਣੀ ਵਿੱਚ ਨੌਕਰਸ਼ਾਹ ਵੀ ਹਨ, ਜੋ ਵਿਦੇਸ਼ੀ ਦਿਮਾਗ ਲੈ ਕੇ ਭਾਰਤੀ ਜਨਤਾ ਵਿੱਚ ਸ਼ਾਸਨ- ਤੰਤਰ ਚਲਾ ਰਹੇ ਹਨ। ਇਸ ਸਥਿਤੀ ਦੇ ਕਾਰਨ ਭਾਵੇਂ ਕੁਝ ਵੀ ਹੋਣ, ਪਰ ਸੁਵਿਧਾ- ਪ੍ਰਾਪਤ ਸ਼੍ਰੇਣੀ ਦਾ ਜਨਮ ਇੱਕ ਹਕੀਕਤ ਹੈ ਅਤੇ ਲੋਕਤੰਤਰੀ ਸਮਾਜ ਦੀ ਵਿਵਸਥਾ ਦੇ ਉਲਟ ਹੈ।
ਦਲਗਤ ਰਾਜਨੀਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਵਿਰੋਧੀ ਦਲ ਸਿਰਫ਼ ਸੱਤਾ ਪ੍ਰਾਪਤ ਕਰਨੀ ਆਪਣਾ ਉਦੇਸ਼ ਮੰਨਣ ਲੱਗ ਪਏ ਹਨ। ਜਨਤਾ ਦੀ ਸੇਵਾ ਦੀ ਥਾਂ ਤੇ ਸੱਤਾ ਹਥਿਆਉਣੀ ਹੀ ਉਨ੍ਹਾਂ ਦਾ ਇੱਕੋ- ਇੱਕ ਨਿਸ਼ਾਨਾ ਬਣ ਗਿਆ ਹੈ।ਇਸ ਕਾਰਨ ਉਹ ਤਰ੍ਹਾਂ-ਤਰ੍ਹਾਂ ਨਾਲ ਸਰਕਾਰ ਨੂੰ ਬਦਨਾਮ ਕਰਨਾ, ਅਰਾਜਕਤਾ ਫੈਲਾਉਣਾ ਅਤੇ ਸਮਾਜ- ਵਿਰੋਧੀ ਕਾਰਵਾਈਆਂ ਕਰਨਾ ਆਪਣਾ ਧਰਮ ਸਮਝਣ ਲੱਗ ਪਏ ਹਨ। ਸਮਾਜ- ਵਿਰੋਧੀ ਤੱਤਾਂ ਨੂੰ ਇਸ ਨਾਲ ਉਤਸ਼ਾਹ ਮਿਲਿਆ ਹੈ। ਇਨ੍ਹਾਂ ਸਾਰੇ ਕਾਰਨਾਂ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਲੋਕਤੰਤਰ ਦੇ ਭਵਿੱਖ ਉੱਤੇ ਵੀ ਪ੍ਰਸ਼ਨ- ਚਿੰਨ ਲੱਗਣ ਲੱਗ ਪਿਆ ਹੈ।
ਕਈ ਤਰ੍ਹਾਂ ਦੀਆਂ ਚੁਣੌਤੀਆਂ ਕਰਕੇ ਜੋ ਖ਼ਤਰਾ ਪੈਦਾ ਹੋਇਆ, ਉਸ ਵਿੱਚ ਦੋ ਹੀ ਵਿਕਲਪ ਬਚੇ ਰਹਿੰਦੇ ਹਨ- ਜਾਂ ਤਾਂ ਅਸੀਂ ਲੋਕਤੰਤਰ ਦੇ ਜੀਵਨ ਦੇ ਯੋਗ ਸਥਿਤੀਆਂ ਬਣਾਈਏ, ਜਾਂ ਫਿਰ ਸਰਬ- ਸੱਤਾਵਾਦੀ ਵਿਚਾਰ ਨੂੰ ਸਵੀਕਾਰ ਕਰ ਲਈਏ। ਪਰ ਇੱਕ ਹੀ ਦਲ ਵੱਲੋਂ ਸਰਬਸੱਤਾ ਤੇ ਅਧਿਕਾਰ ਕਰ ਲੈਣ ਨਾਲ ਤੁਰੰਤ ਲੋਕਤੰਤਰ ਦੀ ਮੌਤ ਹੋ ਜਾਵੇਗੀ।
ਆਜ਼ਾਦੀ ਪਿੱਛੋਂ ਕਈ ਦਹਾਕਿਆਂ ਤੱਕ ਸੱਤਾਰੂੜ ਦਲ ਦਾ ਵਿਕਲਪ ਸਾਹਮਣੇ ਨਾ ਆਉਣ ਕਰਕੇ ਜਨਤਾ ਸਾਹਮਣੇ ਅਸੰਤੋਖ ਨੂੰ ਪ੍ਰਗਟ ਕਰਨ ਦਾ ਕੋਈ ਸਾਧਨ ਨਜ਼ਰ ਨਹੀਂ ਆ ਰਿਹਾ ਸੀ। ਪਰ ਜਿਉਂ ਹੀ ਕੋਈ ਠੋਸ ਵਿਕਲਪ ਦਿੱਸਿਆ, ਤਾਂ ਜਨਤਾ ਨੇ ਉਹਨੂੰ ਆਪਣਾ ਸਮਰਥਨ ਪ੍ਰਦਾਨ ਕਰਕੇ ਆਪਣਾ ਗੁੱਸਾ ਪੂਰਨ ਤੌਰ ਤੇ ਪ੍ਰਗਟ ਕੀਤਾ। ਇਉਂ ਵਿਕਲਪ ਦੇ ਮਾਧਿਅਮ ਨਾਲ ਅਸੰਤੋਖ ਨੂੰ ਪ੍ਰਗਟ ਕਰਨ ਦਾ ਰਚਨਾਤਮਕ ਸਾਧਨ ਜ਼ਰੂਰ ਮੁਹੱਈਆ ਹੋਣਾ ਚਾਹੀਦਾ ਹੈ।
ਸ਼ਾਸਕ ਵਰਗ ਦਾ ਜੀਵਨ ਜੇ ਸਾਦਗੀ ਭਰਿਆ ਹੋਵੇਗਾ, ਤਾਂ ਉਹ ਲੋਕਤੰਤਰ ਤੇ ਵੀ ਚੰਗਾ ਪ੍ਰਭਾਵ ਪਾਵੇਗਾ। ਇੰਨੀਆਂ ਜ਼ਿਆਦਾ ਸਹੂਲਤਾਂ ਦਾ ਲਾਲਚ ਵੀ ਰਾਜਨੇਤਾ ਨੂੰ ਭ੍ਰਿਸ਼ਟ ਬਣਾਉਣ ਲਈ ਜ਼ਿੰਮੇਵਾਰ ਹੈ। ਇਹਦੇ ਲਈ ਚੋਣ-ਖਰਚੇ ਨੂੰ ਘੱਟ/ ਸੀਮਤ ਕਰਨ ਦੇ ਉਪਾਅ ਕਰਨੇ ਪੈਣਗੇ(ਜਿਸ ਨੂੰ ਚੋਣ-ਕਮਿਸ਼ਨ ਨੇ ਕਾਫੀ ਹੱਦ ਤੱਕ ਕੀਤਾ ਵੀ ਹੈ), ਕਿਉਂਕਿ ਵੱਡੀ ਰਕਮ ਖਰਚ ਕਰਕੇ ਆਇਆ ਨੇਤਾ ਸਹੂਲਤਾਂ ਪ੍ਰਾਪਤ ਕਰਨ ਲਈ ਜ਼ਰੂਰ ਹੀ ਭ੍ਰਿਸ਼ਟ ਹੋ ਸਕਦਾ ਹੈ। ਜੇ ਚੋਣ- ਪ੍ਰਣਾਲੀ ਵਿੱਚ ਸੋਧ ਕਰਕੇ ਅਸਲੀ ਲੋਕ- ਸੇਵਕਾਂ ਲਈ ਸਾਹਮਣੇ ਆਉਣਾ ਸੰਭਵ ਬਣਾਇਆ ਜਾ ਸਕੇ, ਤਾਂ ਇਹ ਬਹੁਤ ਵੱਡੀ ਜਿੱਤ ਹੋਵੇਗੀ। ਸਿੱਖਿਆ-ਪ੍ਰਣਾਲੀ ਨੂੰ ਕਿੱਤਾਮੁਖੀ ਬਣਾ ਕੇ ਜੇ ਰੋਜ਼ਗਾਰ ਦੀਆਂ ਸਥਿਤੀਆਂ ਸੁਧਾਰ ਦਿੱਤੀਆਂ ਜਾਣ, ਤਾਂ ਭਵਿੱਖ ਦੇ ਪ੍ਰਤੀ ਚਿੰਤਾਮੁਕਤ ਹੋ ਜਾਣ ਨਾਲ ਯੁਵਾ- ਪੀੜ੍ਹੀ ਦਾ ਅਸੰਤੋਖ ਕਾਫ਼ੀ ਘੱਟ ਹੋ ਜਾਵੇਗਾ। ਯੁਵਾ- ਅਸੰਤੋਖ ਦੇ ਪਿੱਛੇ ਹੋਰ ਕਾਰਨ ਵੀ ਹਨ, ਪਰ ਮੁੱਖ ਕਾਰਨ ਭਵਿੱਖ ਦੀ ਅਨਿਸ਼ਚਿਤਤਾ ਹੀ ਹੈ।
ਭਾਰਤੀ ਪਰਿਸਥਿਤੀਆਂ ਵਿੱਚ ਮੌਜੂਦਾ ਲੋਕਤੰਤਰ ਨੂੰ ਹੀ ਸੁਧਰੇ ਹੋਏ ਰੂਪ ਵਿਚ ਚਲਾਉਣਾ ਉਚਿਤ ਹੋਵੇਗਾ। ਹੁਣ ਤੱਕ ਹੋਈਆਂ ਸਾਰੀਆਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਇਥੋਂ ਦੀ ਜਨਤਾ ਨੂੰ ਲੋਕਤੰਤਰ ਹੀ ਪਸੰਦ ਹੈ, ਹੋਰ ਕਿਸੇ ਵੀ ਤਰ੍ਹਾਂ ਦੇ ਤੰਤਰ (ਸ਼ਾਸਨ) ਨੂੰ ਇਹ ਸਵੀਕਾਰ ਹੀ ਨਹੀਂ ਕਰ ਸਕਦੀ। ਜਦੋਂ ਵੀ ਉਹਨੂੰ ਕਿਸੇ ਹੋਰ ਤੰਤਰ ਵਿੱਚ ਉਲਝਾਇਆ ਜਾਵੇਗਾ, ਉਹ ਉਹਦਾ ਜੀਅ- ਜਾਨ ਨਾਲ ਵਿਰੋਧ ਕਰੇਗੀ। ਹੋ ਸਕਦਾ ਹੈ ਕਿ ਪਹਿਲਾਂ ਉਹ ਚੁੱਪ ਰਹੇ, ਪਰ ਮੌਕਾ ਮਿਲਦੇ ਹੀ ਉਸ ਤੰਤਰ ਨੂੰ ਉਲਟਾ ਦੇਵੇਗੀ।
ਭਾਰਤੀ ਲੋਕਤੰਤਰ ਨੂੰ ਜਨਤਾ ਲਈ ਵਧੇਰੇ ਸਾਰਥਕ ਬਣਾਉਣ ਦੀ ਜ਼ਰੂਰਤ ਹੈ, ਤਾਂ ਕਿ ਇਹ ਇੱਕ ਅਜਿਹੇ ਜੀਵੰਤ ਅਤੇ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿੱਚ ਕਾਰਜ ਕਰ ਸਕੇ, ਜੋ ਸਰਕਾਰ ਦੀ ਕਿਸੇ ਹੋਰ ਪ੍ਰਣਾਲੀ ਨਾਲੋਂ ਵਧੇਰੇ ਬਿਹਤਰ ਹੋਵੇ। ਬਦ- ਕਿਸਮਤੀ ਨਾਲ ਅਜੇ ਇਉਂ ਨਹੀ ਹੋ ਸਕਿਆ। ਇਹਦੇ ਲਈ ਸਹੀ ਤਰੀਕਾ ਤਾਂ ਇਹੋ ਹੈ ਕਿ ਲੋਕ ਚੰਗੀ ਤਰ੍ਹਾਂ ਚੇਤੰਨ ਅਤੇ ਜਾਗਰੂਕ ਹੋਣ ਅਤੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਕੌਮੀ ਹਿੱਤਾਂ ਲਈ ਸਹੀ ਨੇਤਾਵਾਂ ਦੀ ਚੋਣ ਕਰਨ। ਕੁਝ ਲੋਕ ਧਨ ਅਤੇ ਸ਼ਕਤੀ ਦੇ ਜ਼ੋਰ ਨਾਲ ਪੰਜ ਸਾਲਾਂ ਲਈ ਸੱਤਾ ਪ੍ਰਾਪਤ ਕਰ ਲੈਂਦੇ ਹਨ ਅਤੇ ਆਪਣਾ ਕਾਰਜ ਕਾਲ ਪੂਰਾ ਹੋਣ ਤੇ ਇਨ੍ਹਾਂ ਹੀ ਚੀਜ਼ਾਂ ਦੀ ਵਰਤੋਂ ਕਰਕੇ ਫਿਰ ਤੋਂ ਤੰਤਰ ਉੱਤੇ ਕਾਬੂ ਹੋ ਜਾਂਦੇ ਹਨ। ਤਾਂ ਕੀ ਅਸੀਂ ਅਜਿਹੇ ਆਗੂਆਂ ਦੇ ਹੱਥਾਂ ਵਿੱਚ ਇੱਕ ਸੱਚੇ ਤੇ ਸੁਰੱਖਿਅਤ ਲੋਕਤੰਤਰ ਦੀ ਉਮੀਦ ਕਰ ਸਕਦੇ ਹਾਂ?
ਬਹੁਤ ਜ਼ਿਆਦਾ ਹੱਦ ਤੱਕ ਸਾਡਾ ਲੋਕਤੰਤਰ ਸੰਪਰਦਾਇਕ ਵੰਡ, ਜਾਤੀਵਾਦ, ਪੇਂਡੂ-ਸ਼ਹਿਰੀ ਵੰਡ, ਔਰਤਾਂ ਤੇ ਬੱਚਿਆਂ ਦਾ ਸ਼ੋਸ਼ਣ, ਸਮਾਜਿਕ- ਆਰਥਿਕ ਵਿਕਾਸ ਵਿੱਚ ਖੇਤਰੀ ਅਸੰਤੁਲਨ ਆਦਿ ਨਾਲ ਜਕੜਿਆ ਹੋਇਆ ਹੈ, ਜਿਸ ਨੇ ਉਨ੍ਹਾਂ ਨੇਤਾਵਾਂ ਨੂੰ ਫ਼ਾਇਦਾ ਪਹੁੰਚਾਇਆ ਹੈ, ਜੋ ਆਪਣਾ ਸੁਆਰਥ ਚਾਹੁੰਦੇ ਹਨ ਅਤੇ ਜਿਸ ਕਰਕੇ ਵਿਭਿੰਨ ਖੇਤਰਾਂ ਦਾ ਸਾਮੂਹਿਕ ਵਿਕਾਸ ਨਹੀਂ ਹੋ ਸਕਿਆ। ਹੁਣ ਸਮਾਂ ਆ ਗਿਆ ਹੈ ਕਿ ਬਾਹਰਲੇ ਦੇਸ਼ਾਂ ਵਾਂਗ ਇੱਥੇ ਵੀ ਲੋਕਾਂ ਨੂੰ ਇਹ ਅਧਿਕਾਰ ਦਿੱਤੇ ਜਾਣ ਕਿ ਉਹ ਖਰਾਬ ਪ੍ਰਦਰਸ਼ਨ ਕਰ ਰਹੇ ਮੰਤਰੀਆਂ, ਸਾਂਸਦਾਂ ਅਤੇ ਵਿਧਾਇਕਾਂ ਨੂੰ ਅਹੁਦੇ ਤੋਂ ਹਟਾ ਦੇਣ ਜਾਂ ਉਨ੍ਹਾਂ ਤੋਂ ਅਹੁਦਾ ਖੋਹ ਲੈਣ।
ਲੋਕਤੰਤਰ ਦੀ ਅਸਫਲਤਾ ਲਈ ਅਸੀਂ ਸਿਰਫ ਲੋਕਤੰਤਰ ਨੂੰ ਹੀ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਵਧੇਰੇ ਦੋਸ਼ੀ ਤਾਂ ਅਸੀਂ ਖੁਦ ਹਾਂ ਅਤੇ ਦੂਜੇ ਨੰਬਰ ਤੇ ਦੋਸ਼ੀ ਹਨ ਸਾਡੇ ਵੱਲੋਂ ਚੁਣੇ ਗਏ ਨੇਤਾ। ਸਾਨੂੰ ਸੁਆਰਥੀ ਨਹੀਂ ਸੇਵਾਰਥੀ ਬਣਨ ਦੀ ਲੋੜ ਹੈ। ਜੇ ਉੱਚ- ਪੱਧਰ ਤੇ ਬੈਠੇ ਨੇਤਾ ਅਤੇ ਅਧਿਕਾਰੀ ਆਪਣੇ ਫਰਜ਼ਾਂ ਪ੍ਰਤੀ ਗੰਭੀਰ ਹੋਣ ਅਤੇ ਜਨਤਾ ਲਈ ਕੰਮ ਕਰਨ ਤਾਂ ਲੋਕਤੰਤਰ ਸਾਰਥਿਕ ਸਿੱਧ ਹੋ ਸਕਦਾ ਹੈ। ਬਕੌਲ ਸ਼ਾਇਰ:
ਅਬ ਤੋਂ ਇਸ ਤਾਲਾਬ ਕਾ ਪਾਨੀ ਬਦਲ ਦੋ
ਯੇ ਕਮਲ ਕੇ ਫੂਲ ਕੁਮਲਾਨੇ ਲਗੇ ਹੈਂ।

ਡਾ. ਕੁਲਦੀਪ ਕੌਰ
ਐਸੋਸੀਏਟ ਪ੍ਰੋਫੈਸਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ
ਤਲਵੰਡੀ ਸਾਬੋ- 151302 (ਬਠਿੰਡਾ)
9878432318

Leave a Reply

Your email address will not be published. Required fields are marked *

%d bloggers like this: