ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਰਤੀ ਰੇਲ ਦਾ ਨਿਜੀਕਰਨ ਦੇਸ਼ ਦੇ ਆਮ ਲੋਕਾਂ ਲਈ ਘਾਤਕ/-ਕਿਸ਼ਨ ਚੰਦ ਜਾਗੋਵਾਲੀਆ

ਭਾਰਤੀ ਰੇਲ ਦਾ ਨਿਜੀਕਰਨ ਦੇਸ਼ ਦੇ ਆਮ ਲੋਕਾਂ ਲਈ ਘਾਤਕ/-ਕਿਸ਼ਨ ਚੰਦ ਜਾਗੋਵਾਲੀਆ

ਦੇਸ਼ ਦੇ ਸਭ ਤੋਂ ਵੱਡੇ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਜਨਤਕ ਅਦਾਰਿਆਂ ਵਿਚੋਂ ਇੱਕ ਭਾਰਤੀ ਰੇਲ ਨੂੰ ਮੋਦੀ ਸਰਕਾਰ ਨੇ ਤਿਖੇ ਰੂਪ ਵਿੱਚ ਨਿਜੀਕਰਨਾ ਸ਼ੁਰੂ ਕਰ ਦਿੱਤਾ ਹੈ । ਭਾਰਤੀ ਰੇਲ ਆਮ ਲੋਕਾਂ ਲਈ ਸਭ ਤੋਂ ਸਸਤਾ ਆਵਾਜਾਈ ਅਤੇ ਢੋਆ – ਢੁਆਈ ਦਾ ਸਾਧਨ ਹੈ । ਭਾਰਤੀ ਰੇਲ ਦੁਨੀਆਂ ਦਾ ਦੂਜਾ ਵੱਡਾ ਰੇਲ ਵਿਭਾਗ ਹੈ , ਜਿਹੜੀ ਕਿ ਹਰ ਰੋਜ 12617 ਯਾਤਰੀ ਗੱਡੀਆਂ ਤੇ ਮਾਲ ਗੱਡੀਆਂ ਚਲਾਉਂਦੀ ਹੈ , ਰੇਲ ਰਾਹੀਂ ਰੋਜਾਨਾ ਲੱਗ – ਭੱਗ 2 ਕਰੋੜ 30 ਲੱਖ ਲੋਕ ਇਸ ਵਿੱਚ ਸਫਰ ਕਰਦੇ ਹਨ ਅਤੇ 30 ਲੱਖ ਟੰਨ ਮਾਲ ਦੀ ਢੋਆ – ਢੁਆਈ ਹੁੰਦੀ ਹੈ। 1991 ਵਿੱਚ ਦੇਸ਼ ਵਿੱਚ ਨਵਉਦਾਰਵਾਦੀ ਨੀਤੀਆਂ ਲਾਗੂ ਕੀਤੇ ਜਾਣ ਦੇ ਨਾਲ ਹੀ ਦੇਸ਼ ਦੇ ਇਸ ਸਭ ਦੇ ਮਹੱਤਵਪੂਰਨ ਅਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਵਿਭਾਗ ਨੂੰ ਨਿਜੀ ਹੱਥਾਂ ਵਿੱਚ ਦੇਣ ਦੀਆਂ ਗੋਦਾਂ ਗੁਦਣ ਦੀ ਸ਼ੁਰੂਆਤ ਹੋ ਗਈ ਸੀ , ਯੂ.ਪੀ.ਏ ਕਾਰਜਕਾਲ ਦੇ ਦੌਰਾਨ ਲਾਲੂ ਪ੍ਰਸ਼ਾਦ ਯਾਦਵ ਜਦੋਂ ਰੇਲ ਮੰਤਰੀ ਸਨ , ਰੇਲਵੇ ਦੀਆਂ ਕੰਟੇਨਰ ਟਰੇਨਾਂ ਦੇ ਨਾਲ ਹੀ 15 ਹੋਰ ਨਿਜੀ ਖੇਤਰ ਦੇ ਕੰਟੇਨਰ ਅਪਰੇਟਰਾਂ ਨੂੰ ਟਰੇਨਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ , ਹੁਣ ਲਾਗੂ ਕੀਤੀ ਜਾਣ ਵਾਲੀ ਰੇਲਵੇ ਸਟੇਸ਼ਨਾ ਨੂੰ ਮੁੜ ਵਿਕਸਤ ਕੀਤੇ ਜਾਣ ਦੇ ਨਾਂ ਤੇ ਨਿਜੀਕਰਨ ਦੀ ਯੋਜਨਾ ਦੀ ਰੂਪਰੇਖਾ ਵੀ 2011 ਵਿੱਚ ਮਮਤਾ ਬੈਨਰਜੀ ਰੇਲ ਮੰਤਰੀ ਵਜੋਂ ਆਪਣੇ ਕਾਰਜ ਕਾਲ ਦੌਰਾਨ ਤਿਆਰ ਕੀਤੀ ਸੀ , ਪਰ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਵਲੋਂ ਕੀਤੇ ਗਏ ਸਖਤ ਵਿਰੋਧ ਕਾਰਨ ਇਹ ਨੀਤੀਆਂ ਯੂ.ਪੀ.ਏ ਸਰਕਾਰ ਲਾਗੂ ਨਹੀ ਕਰ ਸਕੀ ।

2014 ਵਿੱਚ ਨਰਿੰਦਰ ਮੋਦੀ ਨੇ ਪੂੰਜੀਪਤੀਆਂ ਦੀ ਸੇਵਾ ਕਰਨ ਦੇ ਆਪਣੇ ਕਿਰਦਾਰ ਮੁਤਾਬਿਕ ਰੇਲਾਂ ਨੂੰ ਨਿਜੀ ਹੱਥਾਂ ਵਿੱਚ ਸੌਪਣ ਦੀ ਇਸ ਕ੍ਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ । ਨੀਤੀ ਅਯੋਗ ਦੇ ਮੈਂਬਰ ਬਿਬੇਕ ਦੇਬਰਾਏ ਦੀ ਅਗਵਾਈ ਹੇਠ ਕਮੇਟੀ ਇਸ ਕਾਰਜ ਲਈ ਬਣਾਈ ਗਈ ਸੀ ਅਤੇ ਉਸ ਦੀਆਂ ਸਿਫਾਰਸ਼ਾਂ ਤੇਜੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ , ਕਹਿਣ ਨੂੰ ਤਾਂ ਖਰਚੇ ਘਟਾਉਣ ਦੇ ਨਾਂਅ ਤੇ ਰੇਲ ਬਜਟ ਨੂੰ ਵਖਰੇ ਰੂਪ ਵਿੱਚ ਸੰਸਦ ਵਿੱਚ ਪੇਸ਼ ਕਰਨ ਦੀ ਥਾਂ ਇਸ ਨੂੰ ਆਮ ਬਜਟ ਦਾ ਹਿੱਸਾ ਬਣਾ ਦਿਤਾ ਗਿਆ ਹੈ ਪਰੰਤੂ ਅਸਲ ਵਿੱਚ ਇਹ ਬਿਬੇਕ ਦੇਬਰਾਏ ਕਮੇਟੀ ਦੀ ਸਿਫਾਰਸ਼ ਮੁਤਾਬਿਕ ਕੀਤਾ ਗਿਆ ਹੈ । ਗੱਦੀ ਤੇ ਬੈਠਦਿਆਂ ਹੀ ਮੋਦੀ ਸਰਕਾਰ ਨੇ ਰੇਲਵੇ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ ਲਈ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ , ਜਿਸ ਮੁਤਾਬਿਕ ਹਾਈ ਸਪੀਡ ਪ੍ਰੋਜੈਕਟਾਂ , ਮਾਲ ਭਾੜਾ ਲਾਇਨਾਂ , ਰੇਲਿੰਗ ਸਟਾਫ , ਰੇਲਵੇ ਬਿਜਲੀ ਕਰਨ , ਸਿਗਨਲ ਪ੍ਰਣਾਲੀ , ਯਾਤਰੀ ਟਰਮੀਨਲ ਆਦਿ ਵਿੱਚ ਸਿਧੇ ਵਿਦੇਸ਼ੀ ਨਿਵੇਸ਼ ਲਈ ਰਾਹ ਖੋਲ ਦਿਤਾ ਹੈ ।

ਸ਼ਤਾਬਦੀ ਤੇ ਰਾਜਧਾਨੀ ਰੇਲ ਗੱਡੀਆਂ ਵਿੱਚ ਸਮੁੱਚਾ ਸਟਾਫ ਆਉਟ ਸੋਰਸਿੰਗ ਭਾਵ ਨਿਜੀ ਖੇਤਰ ਦੇ ਠੇਕੇਦਾਰ ਰਾਹੀਂ ਰੱਖਿਆ ਸਟਾਫ ਕੰਮ ਕਰ ਰਿਹਾ ਹੈ , ਰੇਲਵੇ ਦੇ ਸਮੁੱਚੇ ਉਸਾਰੀ ਕਾਰਜ , ਨਵੀਆਂ ਰੈਲ ਲਾਇਨਾ ਦੀ ਉਸਾਰੀ ਪੂਰੀ ਤਰ੍ਹਾਂ ਨਿਜੀ ਖੇਤਰ ਤੋਂ ਕਰਵਾਈ ਜਾ ਰਹੀ ਹੈ । ਰੇਲ ਵਿਭਾਗ ਅੰਦਰ ਇਸ ਸਮੇਂ ਤਕਰੀਬਨ ਸੱਤ ਲੱਖ ਨਿਜੀ ਖੇਤਰ ਦੇ ਮੁਲਾਜ਼ਮ ਕੰਮ ਕਰ ਰਹੇ ਹਨ , ਜਿਨ੍ਹਾਂ ਨੂੰ ਰੇਲ ਦੇ ਮੁਲਾਜਮਾ ਵਾਂਗ ਤਨਖਾਹਾਂ ਮਿਲਣੀਆਂ ਤਾਂ ਦੂਰ ਸਰਕਾਰ ਵੱਲੋਂ ਤੈਅ – ਸ਼ੁਦਾ ਘੱਟੋ ਘੱਟ ਉਜਾਰਤਾਂ ਵੀ ਨਹੀ ਮਿਲਦੀਆਂ । ਇਸ ਸਾਲ ਦੇ ਅਪਰੈਲ ਮਹੀਨੇ ਵਿੱਚ ਕੇਂਦਰੀ ਵਜ਼ਾਰਤ ਨੇ ਇੱਕ ਅਦੇਸ਼ ਜਾਰੀ ਕਰਕੇ ਰੇਲਵੇ ਡਿਵੈਲਪਮੈਂਟ ਅਥਾਰਟੀ ਦਾ ਗੱਠਨ ਕਰਨ ਦਾ ਫੈਸਲਾ ਕੀਤਾ ਹੈ । ਇਸ ਰੈਗੁਲੇਟਰੀ ਅਥਾਰਟੀ ਦਾ ਮੁੱਖ ਕਾਰਜ ਹੀ ਰੇਲ ਵਿਭਾਗ ਦਾ ਥੋਕ ਵਿੱਚ ਨਿਜੀਕਰਨ ਕਰਨਾ ਹੈ । ਯਾਤਰੀ ਤੇ ਮਾਲ ਗੱਡੀਆਂ ਨੂੰ ਮੋਜੂਦਾ ਰੇਲ ਲਾਇਨਾ ਤੇ ਚਲਾਉਣ ਦੀ ਨਿਜੀ ਅਪਰੇਟਰਾਂ ਨੂੰ ਆਗਿਆ ਵੀ ਇਸਦੇ ਕਾਰਜ ਵਿੱਚੋਂ ਇਕ ਹੈ । ਇਸ ਨਾਲ ਇਸ ਵੇਲੇ ਚੱਲਣ ਵਾਲੀਆਂ ਕਈ ਗਡੀਆਂ ਵੀ ਨਿਜੀ ਅਪਰੇਟਰਾਂ ਦੇ ਹੱਥਾਂ ਵਿਚ ਚਲੀਆਂ ਜਾਣਗੀਆਂ ।

ਰੇਲਵੇ ਦੇ ਨਿੱਜੀਕਰਨ ਨਾਲ ਦੇਸ਼ ਦੇ ਸਭ ਤੋਂ ਵੱਧ ਰੋਜ਼ਗਾਰ ਦੇਣ ਦੇ ਅਦਾਰੇ ਵਿੱਚ ਰੋਜਗਾਰ ਦੇ ਮੋਕੇ ਤਾਂ ਘਟਣਗੇ ਹੀ ਨਾਲ ਹੀ ਨਿਜੀਖੇਤਰ ਵਲੋਂ ਰੱਖੇ ਜਾਣ ਵਾਲੇ ਕਿਰਤੀਆਂ ਦੀਆਂ ਤਨਖਾਹਾਂ ਵੀ ਘੱਟ ਹੋਣਾਗੀਆਂ , ਰੇਲ ਭਾੜਾ / ਕਰਾਇਆ ਵਧਣਾ ਲਾਜਮੀ ਹੈ ਕਿਉਂਕਿ ਇਸ ਵੇਲੇ ਯਾਤਰੀ ਕਿਰਾਏ ਦੀ ਕੁਲ ਲਾਗਤ ਦਾ 53 ਪ੍ਰਤੀਸ਼ਤ ਹੀ ਲਿਆ ਜਾਂਦਾ ਹੈ , 47 ਪ੍ਰਤੀਸ਼ਤ ਦੀ ਭਰਪਾਈ ਰੇਲ ਵਿਭਾਗ ਵਲੋਂ ਮਾਲ ਭਾੜਾ ਤੇ ਹੋਰ ਸੇਵਾਵਾਂ ਤੋਂ ਹੋਣ ਵਾਲੀ ਆਮਦਨ ਤੋਂ ਕੀਤਾ ਜਾਂਦਾ ਹੈ। ਪੰਜਾਬ ਵਿੱਚ ਜਨਤਕ ਟਰਾਂਪੋਰਟ ਵਿੱਚ ਨਿੱਜੀ ਟਰਾਂਸਪੋਰਟਰਾਂ ਦੀ ਇਜਾਰੇਦਾਰੀ ਕਰਕੇ ਨਿੱਤ ਦਿਨ ਆਮ ਲੋਕਾਂ ਲਈ ਪੈਦਾ ਹੋ ਰਹੀਆਂ ਮੁਸ਼ਕਲਾਂ ਇਸਦੀ ਢੁਕਵੀਂ ਮਿਸਾਲ ਹਨ । ਸਾਡੇ ਦੇਸ਼ ਦੀ ਬੀ.ਜੇ.ਪੀ ਸਰਕਾਰ ਭਾਰਤੀ ਰੇਲ ਦਾ ਨਿਜੀਕਰਨ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ ਜਦੋਂ , ਕਿ ਦੂਸਰੇ ਪਾਸੇ ਇੰਗਲੈਂਡ ਵਰਗੇ ਪੂੰਜੀਵਾਦੀ ਵਿਕਸਿਤ ਦੇਸ਼ ਵਿੱਚ ਇਹ ਬਹਿਸ ਚਲ ਰਹੀ ਹੈ ਕਿ ਰੇਲਵੇ ਦਾ ਨਿਜੀਕਰਨ ਕਰਨਾ ਘਾਟੇ ਦਾ ਸੌਦਾ ਹੈ , ਇੰਗਲੈਂਡ ਵਿਚ ਰੋਲ ਦਾ ਮੁੜ ਕੋਮੀਕਰਨ ਦੀ ਯੋਜਨਾ ਵਿਚਾਰ ਅਧੀਨ ਹੈ ।

ਕਰੋਨਾ ਮਾਹਾਮਾਰੀ ਦੌਰਾਨ ਉਤਰ ਰੇਲਵੇ ਰੋਜਾਨਾ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ , ਉਤਰ ਰੇਲਵੇ ਦੇ ਜਨਰਲ ਮੈਨੇਜਰ ਨੇ ਪਿਛਲੇ ਦਿਨੀ ਦਸਿਆ ਕਿ ਉਤਰ ਰੇਲਵੇ ਨੇ ਮਾਲ ਭਾੜੇ ਦੇ 110 ਰੈਕਾਂ ਦੀ ਲਵਾਈ ਇੱਕ ਦਿਨ ਵਿਚ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ , ਇਸ ਨਾਲ ਰੇਲਵੇ ਨੂੰ ਇੱਕ ਦਿਨ ਵਿੱਚ ਵੀ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ ਫਿਰ ਰੇਲਵੇ ਨੂੰ ਘਾਟੇ ਦਾ ਸੌਦਾ ਕਹਿਣਾ ਕਿਥੋਂ ਤੱਕ ਉਚਿਤ ਹੈ । ਰੇਲਵੇ ਦੀ ਲੋਕਾਂ ਲਈ ਘਾਤਕ ਇਸ ਨਿਜੀਕਰਨ ਦੀ ਪ੍ਰਕ੍ਰਿਆ ਨੂੰ ਰੋਕਣਾ , ਨਵਉਦਾਰਵਾਦੀ ਨੀਤੀਆਂ ਵਿਰੁੱਧ ਸੰਘਰਸ਼ ਦਾ ਹਿਸਾ ਹੈ , ਰੇਲਵੇ ਦੇ ਨਿਜੀਕਰਨ ਨੂੰ ਰੋਕਣ ਲਈ ਸਮਾਜ ਦੇ ਸਮੁੱਚੇ ਵਰਗਾਂ ਤੇ ਅਧਾਰਤ ਵਿਸ਼ਾਲ ਮੰਚ ਉਸਾਰ ਕੇ ਸੰਘਰਸ਼ ਵਿਢੰਣ ਦੀ ਲੋੜ ਹੈ ਤਾਂ ਹੀ ਅਰਬਾਂ ਰੁਪਏ ਦੀ ਲੋਕਾਂ ਦੀ ਖੂਨ – ਪਸੀਨੇ ਦੀ ਕਮਾਈ ਨਾਲ ਉਸਾਰੇ ਇਸ ਅਦਾਰੇ ਨੂੰ ਨਿਜੀ ਖੇਤਰ ਦੇ ਹੱਥਾਂ ਵਿਚ ਦਿਤੇ ਜਾਣ ਨੂੰ ਰੋਕਿਆ ਜਾ ਸਕਦਾ ਹੈ । ਇਸ ਮੰਚ ਦੀ ਉਸਾਰੀ ਲਈ ਰੇਲ ਕਾਮਿਆਂ ਦੀਆਂ ਟਰੇਡ ਯੂਨੀਅਨਾਂ ਨੂੰ ਕੇਂਦਰੀ ਧੁਰਾ ਬਣਨਾ ਚਾਹੀਦਾ ਹੈ ।

ਕਿਸ਼ਨ ਚੰਦ ਜਾਗੋਵਾਲੀਆ
9465517128

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: