Sun. Apr 21st, 2019

ਭਾਰਤੀ ਫੌਜ ਦੇ ਜਵਾਨ ਹੌਲਦਾਰ ਰਜਿੰਦਰ ਕੁਮਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਭਾਰਤੀ ਫੌਜ ਦੇ ਜਵਾਨ ਹੌਲਦਾਰ ਰਜਿੰਦਰ ਕੁਮਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸਿਆਚਨ ਵਿੱਚ ਭਾਰਤੀ ਫੌਜ ਵਲੋਂ ਚਲਾਏ ਜਾ ਰਹੇ ਓਪਰੇਸ਼ਨ ਮੇਘਦੂਤ ਦੌਰਾਨ ਹੋਈ ਮੌਤ

ਭਾਰਤੀ ਫੌਜ ਦੇ ਜਵਾਨ ਹੌਲਦਾਰ ਰਜਿੰਦਰ ਕੁਮਾਰ ਜਿਸਦੀ 1 ਮਈ ਨੂੰ ਸਿਆਚਨ ਗਲੇਸ਼ੀਅਰ ਵਿੱਚ ਸਰਹੱਦ ਦੀ ਰਾਖੀ ਕਰਦਿਆਂ ਮੌਤ ਹੋ ਗਈ ਸੀ, ਅੱਜ ਉਸਦੇ ਜੱਦੀ ਪਿੰਡ ਵਿੰਝਵਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਬਟਾਲਾ ਤਹਿਸੀਲ ਦੇ ਪਿੰਡ ਵਿੰਝਵਾਂ ਦੇ ਵਸਨੀਕ ਸ੍ਰੀ ਰਾਜ ਕੁਮਾਰ ਅਤੇ ਸ੍ਰੀਮਤੀ ਤਾਰਾ ਰਾਣੀ ਦੇ ਸਪੁੱਤਰ ਰਜਿੰਦਰ ਕੁਮਾਰ (35 ਸਾਲ) ਜੋ ਕਿ ਸੰਨ 2000 ਵਿੱਚ ਭਾਰਤੀ ਫੌਜ ਦੀ 16 ਸਿੱਖ ਲਾਈਟ ਇਨਫੈਂਟਰੀ ਵਿੱਚ ਭਰਤੀ ਹੋਇਆ ਸੀ, ਇਸ ਸਮੇਂ ਸਿਆਚਨ ਗਲੇਸ਼ੀਅਰ ਵਿਖੇ ਸੇਵਾਵਾਂ ਨਿਭਾ ਰਿਹਾ ਸੀ। ਸਿਆਚਨ ਗਲੇਸ਼ੀਅਰ ਵਿੱਚ ਭਾਰਤੀ ਫੌਜ ਵਲੋਂ ਚਲਾਏ ਜਾ ਰਹੇ ਓਪਰੇਸ਼ਨ ਮੇਘ ਦੂਤ ਅਭਿਆਸ ਦੌਰਾਨ ਹੌਲਦਾਰ ਰਜਿੰਦਰ ਕੁਮਾਰ ਦੀ ਬਰਫੀਲੇ ਮੌਸਮ ਕਾਰਨ ਅਚਾਨਕ ਮੌਤ ਹੋ ਗਈ। ਹੌਲਦਾਰ ਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਤਿਰੰਗੇ ਝੰਡੇ ਵਿੱਚ ਲਿਪਟੀ ਹੋਈ ਜਦੋਂ ਪਿੰਡ ਵਿੰਝਵਾਂ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ।

ਹਜ਼ਾਰਾਂ ਨਮ ਅੱਖਾਂ ਨੇ ਆਪਣੇ ਨਾਇਕ ਨੂੰ ਅੰਤਿਮ ਵਿਦਾਇਗੀ ਦਿੱਤੀ। ਸ਼ਮਸ਼ਾਨਘਾਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਲਛਮਣ ਸਿੰਘ ਅਤੇ ਪੁਲਿਸ ਵਿਭਾਗ ਵਲੋਂ ਐੱਸ.ਐੱਚ.ਓ. ਅਮੋਲਕਦੀਪ ਸਿੰਘ ਵਲੋਂ ਰੀਥ ਭੇਂਟ ਕਰਕੇ ਹੌਲਦਾਰ ਰਜਿੰਦਰ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਤਿਬੜੀ ਛਾਉਣੀ ਤੋਂ ਪੁੱਜੇ 24 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਵਲੋਂ ਹਥਿਆਰ ਉਲਟੇ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਅਤੇ ਮਾਤਮੀ ਧੁੰਨ ਵਜਾ ਕੇ ਆਪਣੇ ਸਾਥੀ ਜਵਾਨ ਨੂੰ ਸ਼ਰਧਾਂਜਲੀ ਦਿੱਤੀ। ਹੌਲਦਾਰ ਰਜਿੰਦਰ ਕੁਮਾਰ ਦੀ ਚਿਖਾ ਨੂੰ ਅਗਨੀ ਉਸਦੇ 8 ਸਾਲਾ ਸਪੁੱਤਰ ਜਸਰੋਜ਼ ਸਿੰਘ ਅਤੇ ਉਸਦੇ ਪਿਤਾ ਰਾਜ ਕੁਮਾਰ ਵਲੋਂ ਸਾਂਝੇ ਤੌਰ ‘ਤੇ ਦਿਖਾਈ ਗਈ। ਇਸ ਮੌਕੇ ਸ਼ਮਸ਼ਾਨਘਾਟ ਵਿੱਚ ਹੌਲਦਾਰ ਰਜਿੰਦਰ ਕੁਮਾਰ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈ ਦੇ ਅਕਾਸ਼ ਗੂੰਜਾਊ ਨਾਅਰੇ ਵੀ ਗੂੰਜੇ। ਭਾਰਤੀ ਫੌਜ ਦੇ ਜਵਾਨ ਹੌਲਦਾਰ ਰਜਿੰਦਰ ਕੁਮਾਰ ਆਪਣੇ ਪਿਛੇ ਪਤਨੀ ਰਾਜਵਿੰਦਰ ਕੌਰ, ਬੇਟਾ ਜਸਰੋਜ਼ ਸਿੰਘ (8), ਬੇਟੀ ਗੁਰਲੀਨ ਕੌਰ (12), ਪਿਤਾ ਰਾਜ ਕੁਮਾਰ, ਮਾਤਾ ਤਾਰਾ ਰਾਣੀ, ਦਾਦੀ ਕੁਸ਼ੱਲਿਆ, ਭਰਾ ਰਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਭੈਣ ਸਰਬਜੀਤ ਕੌਰ ਨੂੰ ਛੱਡ ਗਏ ਹਨ।  ਇਸ ਮੌਕੇ ਰਮਨਦੀਪ ਸਿੰਘ ਸੰਧੂ, ਪਲਵਿੰਦਰ ਸਿੰਘ ਲੰਬੜਦਾਰ, ਸੁੱਖ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: