ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਭਾਰਤੀ ਜਮਹੂਰੀਅਤ ਦੀ ਬੇਚੂਕ ਸਮੀਖਿਆ, ਹੁਣ ਸਮੇਂ ਦੀ ਲੋੜ

ਭਾਰਤੀ ਜਮਹੂਰੀਅਤ ਦੀ ਬੇਚੂਕ ਸਮੀਖਿਆ, ਹੁਣ ਸਮੇਂ ਦੀ ਲੋੜ

ਬੀਰ ਦਵਿੰਦਰ ਸਿੰਘ

ਕੀ ਭਾਰਤ ਵਿੱਚ ਪਰਜਾਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ, ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿੱਚ, ਚੋਣ ਪ੍ਰਣਾਲੀ ਤੇ ਜਮਹੂਰੀ ਰਚਨਾ ਦੇ ਪੁਨਰ ਅਵਲੋਕਨ ਦੀ ਲੋੜ ਹੈ ? ਸ਼ਾਇਦ ਬਹੁਤੇ ਰਾਜਨੀਤਕ ਵਿਸ਼ੇਸ਼ੱਗਾਂ ਤੇ ਵਿਚਾਰਵਾਨਾਂ ਦਾ ਹੁੰਘਾਰਾ, ਪੁਨਰ ਸਮੀਖਿਆ ਦੇ ਹੱਕ ਵਿੱਚ ਹੋਵੇਗਾ। ਹਾਲ ਹੀ ਵਿੱਚ 30 ਮਈ ਨੂੰ, ਰਾਸ਼ਟਰਪਤੀ ਭਵਨ ਦੇ ਬਾਹਰਲੇ ਵਿਸ਼ਾਲ ਵਿਹੜੇ ਵਿੱਚ, ਸ਼੍ਰੀ ਨਰਿੰਦਰ ਮੋਦੀ ਦੇ ਦੂਸਰੀ ਵਾਰੀ ਪ੍ਰਧਾਨ ਮੰਤਰੀ ਬਨਣ ਤੇ ਆਯੋਜਿਤ ਕੀਤਾ ਗਿਆ , ਸ਼ਾਹਾਨਾ ਸਹੁੰ ਚੁੱਕ ਸਮਾਗਮ, ਹਰ ਸਹੀ ਸੋਚ ਰੱਖਣ ਵਾਲੇ ਵਿਅਕਤੀ ਦੀ ਅੱਖ ਵਿੱਚ ਰੜਕਦਾ ਹੈ ਅਤੇ ਤਵੱਜੋ ਮੰਗਦਾ ਹੈ। ਇੰਝ ਜਾਪ ਰਿਹਾ ਸੀ ਕਿ ਜਿਵੇਂ ਆਮ ਲੋਕਾਂ ਦੁਆਰਾ, ਵਿਧੀ ਰਾਹੀਂ ਸਥਾਪਤ ਸਰਕਾਰ, ਆਪਣਾ ਕਾਰਜਭਾਰ ਨਹੀਂ ਸੰਭਾਲ ਰਹੀ ਸਗੋਂ ਇੱਕ ਨਿਰੰਕੁਸ਼ ਬਾਦਸ਼ਾਹ, ਬੇਲੋੜੇ ਸ਼ਾਹਾਨਾ ਅੰਦਾਜ਼ ਵਿੱਚ ਗੱਦੀ ਨਸ਼ੀਨ ਹੋ ਰਿਹਾ ਹੈ। ਇਸ ਸਾਰੇ ਸ਼ਹਿਨਸ਼ਾਹੀ ਜਲਾਓ ਦੀ ਚਕਾਚੌਂਧ ਵਿੱਚ ‘ਚਾਏ ਵਾਲਾ ਚੌਕੀਦਾਰ’ ਗੁੰਮ ਸੀ, ਚੌਕੀਦਾਰ ਦਾ ਗਰੀਬੜਾ ਜਿਹਾ ਸੰਜੀਦਾ ਅਕਸ ਕਿਧਰੇ ਨਜ਼ਰੀ ਨਹੀਂ ਸੀ ਪੈ ਰਿਹਾ।ਚੋਣਾਂ ਦੇ ਸਮੁੱਚੇ ਘਟਨਾਕਰਮ ਦੀ ਸਮੀਖਿਆਂ ਕਰਨ ਤੇ ਇੰਜ ਪਰਤੀਤ ਹੋ ਰਿਹਾ ਸੀ ਜਿਵੇਂ ਦੇਸ਼ ਦੇ ਧਰਮ ਨਿਰਪੱਖ ਪਰਜਾਤੰਤਰ ਨੂੰ ਮਜ਼ਹਬੀ ਸੰਕੀਰਨਤਾ ਦੇ ਦੈਂਤ ਨੇ ਨਿਗਲ ਲਿਆ ਹੋਵੇ। ਦੇਸ਼ ਦੀਆਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਪਸਰਿਆ ਸਹਿਮ, ਉਨ੍ਹਾਂ ਦੀ ਅੰਤਰੀਵੀ ਬੇਚੈਨੀ ਨੂੰ ਸਾਖਿਆਤ ਰੂਪ ਵਿੱਚ ਪ੍ਰਗਟ ਕਰ ਰਿਹਾ ਹੈ। ਜਿਸ ਤਰ੍ਹਾਂ ਪੂਰੇ ਦੇਸ਼ ਵਿੱਚ ਸੰਕੀਰਨ ਬਹੁਵਾਦ ਦਾ ਆਕਰਮਣਸ਼ੀਲ ਜ਼ਹੂਰ, ਦ੍ਰਿਸ਼ਟਮਾਨ ਹੋ ਰਿਹਾ ਸੀ ਉਸ ਤੋਂ ਇਹ ਪ੍ਰਤੱਖ ਪ੍ਰਗਟ ਹੋ ਰਿਹਾ ਸੀ, ਕਿ ਭਾਰਤ ਵਿੱਚ ਹੁਣ, ਆਰ. ਐਸ. ਐਸ ਅਤੇ ਬੀ.ਜੇ.ਪੀ ਦੇ ਤਾਨਾਸ਼ਾਹੀ ਏਜੰਡੇ ਅਨੁਸਾਰ, ‘ਹਿੰਦੁਤਵਾ’ ਦਾ ਹੁਕਮ ਹੀ ਪ੍ਰਵਾਨ ਚੜ੍ਹੇਗਾ। ਸਰ-ਏ-ਦਸਤ ਤਾਂ ਇੰਜ ਜਾਪਦਾ ਹੈ ਕਿ ਅਜਿਹੇ ਪ੍ਰਚੰਡ ਬਹੁਵਾਦ ਦੀ ਹਨੇਰ੍ਹੀ ਵਿੱਚ, ਦੇਸ਼ ਦੇ ਸੰਵਿਧਾਨਿਕ ਲੋਕਤੰਤਰ ਵਾਸਤੇ ਹੁਣ ਵੱਡੀ ਆਫ਼ਤ ਦੀ ਘੜੀ ਆ ਗਈ ਹੈ।

ਪਲੈਟੋ ਨੇ ਆਪਣੀ ਇੱਕ ਉੱਤਮ ਪੁਸਤਕ, ‘ਰਿਪੱਬਲਿਕ’ ਵਿੱਚ ਯੁਨਾਨ ਦੇ ਫ਼ਿਲਾਸਫ਼ਰ ਸੁਕਰਾਤ ਵੱਲੋਂ ਲੋਕਤੰਤਰ ਦੀ ਸ਼ੈਲੀ ਪ੍ਰਤੀ ਪ੍ਰਗਟਾਏ, ਗੰਭੀਰ ਸੰਸਿਆਂ ਦਾ ਉਲੇਖ ਕੀਤਾ ਹੈ।ਸੁਕਰਾਤ ਨੂੰ ਪੱਛਮੀ ਫ਼ਲਸਫੇ ਦਾ ਪਿਤਾਮਾ ਵੀ ਆਖਿਆ ਜਾਂਦਾ ਹੈ। ਸੁਕਰਾਤ ਅਤੇ ਪਲੈਟੋ ਦਾ ਯੁਨਾਨੀ ਫ਼ਲ਼ਸ਼ਫ਼ੇ ਦੇ ਖੇਤਰ ਵਿੱਚ ਮੁਰਸ਼ਦ ਅਤੇ ਮੁਰੀਦ ਦਾ ਰਿਸ਼ਤਾ ਸੀ। ਪਲੈਟੋ ਸੁਕਰਾਤ ਦਾ ਸਭ ਤੋਂ ਉਤਮ ਸ਼ਾਗਿਰਦ ਸੀ।ਦੋਹਵਾਂ ਦੇ ਪਰਸਪਰ ਸੰਵਾਦ ਸਮੇਂ ਲੋਕਤੰਤਰ ਦਾ ਵਿਰੋਧ ਕਰਦਿਆਂ ਸੁਕਰਾਤ ਨੇ ਦ੍ਰਿਸਟਾਂਤ ਵੱਜੋਂ ਇੱਕ ਸੰਖੇਪ ਕਥਾ ਦਾ ਹਵਾਲਾ ਦਿੰਦਿਆਂ ਕਿਹਾ ਸੀ, ‘ਕਿ ਮੰਨ ਲਵੋ ਕਿ ਲੋਕਤੰਤਰ ਅਨੁਸਾਰ ਲੋਕਾਂ ਨੇ ਇੱਕ ਡਾਕਟਰ ਅਤੇ ਮਿਠਾਈਆਂ ਵੇਚਣ ਵਾਲੇ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਵੇ ਤਾਂ ਡਾਕਟਰ ਤਾਂ ਬਹੁਤ ਸਾਰੀਆ ਮਿਠਾਈਆਂ ਦੇ ਜਨਸਿਹਤ ਪ੍ਰਤੀ, ਦੁਸਟ ਪ੍ਰਭਾਵਾਂ ਦੀ ਦ੍ਰਿਸ਼ਟੀ ਵਿੱਚ ਬਹੁਤ ਸਾਰੀਆਂ ਮਿਠਾਈਆਂ ਖਾਣ ਤੋਂ ਵਰਜੇਗਾ ਜਦ ਕਿ ਮਿਠਾਈਆਂ ਵੇਚਣ ਵਾਲਾਂ ਢੇਰ ਸਾਰੀਆਂ ਮਿਠਾਈਆਂ ਪਰੋਸਣ ਦਾ ਲਾਲਚ ਦੇਵੇਗਾ, ਨਤੀਜੇ ਵੱਜੋਂ ਇਸ ਚੋਂਣ ਵਿੱਚ ਡਾਕਟਰ ਹਾਰ ਜਾਵੇਗਾ ਤੇ ਮਿਠਾਈ ਵਿਕਰੇਤਾ ਜਿੱਤ ਜਾਵੇਗਾ ਜਦ ਕਿ ਤਰਕ ਅਤੇ ਦਾਨਾਈ ਦੀ ਕਸਵੱਟੀ ਅਨੁਸਾਰ, ਡਾਕਟਰ ਹੀ ਚੁਣੇ ਜਾਂਣ ਲਈ ਸਹੀ ਵਿਅਕਤੀ ਸੀ, ਪਰ ਡਾਕਟਰ ਦੀ ਵਿਦਵਤਾ ਤੇ ਸੱਚ ਲੋਕਤੰਤਰ ਅੱਗੇ ਹਾਰ ਗਿਆ। ਸੁਕਤਾਤ ਦਾ ਤਰਕ ਇਹ ਸੀ ਕਿ ਬਹੁਮਤ ਦੀ ਰਾਜ ਪ੍ਰਨਾਲੀ ਵਾਲੇ ਲੋਕਤੰਤਰ ਵਿੱਚ ਡਾਕਟਰਾਂ ਵਰਗੇ ਸਿਆਣੇ ਬੰਦੇ ਹਾਰ ਜਾਇਆ ਕਰਨਗੇ ਅਤੇ ਮਿਠਾਈਆਂ ਪ੍ਰੋਸਣ ਵਾਲੇ ਹਲਵਾਈ, ਭਾਵ ਲਾਲਚ ਦੇਣ ਵਾਲੇ ਸਮਰੱਥ ਲੋਕ, ਪਰਜਾ ਤੇ ਰਾਜ ਕਰਿਆ ਕਰਨਗੇ’।

ਇਹ 399 ਬੀ.ਸੀ ਦੇ ਸਿਤਮ ਜਰੀਫ਼ ਸਮਿਆਂ ਦਾ ਜ਼ਿਕਰ ਹੈ ਕਿ ਅੱਜ ਤੋਂ ਲਗਪਗ ਢਾਈ ਹਜ਼ਾਰ ਸਾਲ ਪਹਿਲਾਂ, ਏਥਨਜ਼ ਦੇ ਲੋਕਾਂ ਦੀ ਇੱਕ ਵਿਸ਼ੇਸ਼ ਨਿਆਂ ਸਭਾ ਨੇ, ਬਹੁਮਤ ਪ੍ਰਨਾਲੀ ਰਾਹੀਂ, ਆਪਣੇ ਸਮੇਂ ਦੇ ਮਹਾਨ ਯੁਨਾਨੀ ਫ਼ਿਲਾਸਫ਼ਰ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਮੌਤ ਨੂੰ ਕਬੂਲ ਕਰਨ ਦੀ ਸਜ਼ਾ ਦਿੱਤੀ ਸੀ, ਉਸ ਵੇਲੇ ਸੁਕਰਾਤ ਦੀ ਉਮਰ 70 ਵਰ੍ਹਿਆਂ ਦੀ ਸੀ। ਸੁਕਰਾਤ ਨੂੰ ਇਹ ਸਜ਼ਾਂ ਦੇਣ ਦਾ ਫੈਸਲਾ 500 ਮੈਂਬਰਾਂ ਤੇ ਮੁਸ਼ਤਮਲ ਨਿਆਂ ਸਭਾ ਦੇ ਮੈਂਬਰਾਂ ਨੇ ਵੋਟਾਂ ਨਾਲ ਲਿਆ ਸੀ।ਨਿਆਂ ਸਭਾ ਦੇ ਮੈਂਬਰਾਂ ਦੀ ਚੋਂਣ ਵੀ ਪਰਚੀ ਰਾਹੀਂ ਆਮ ਲੋਕਾਂ ਵਿੱਚੋਂ ਹੀ ਹੋਈ ਸੀ। ਮੌਕੇ ਤੇ ਹਾਜ਼ਰ ਆਮ ਲੋਕਾਂ ਦੀ ਭੀੜ ਨੂੰ ਸਮੇਂ ਦੇ ਹੁਕਮਰਾਨਾ ਵੱਲੋਂ ਕਿਹਾ ਗਿਆ ਸੀ ਕਿ ਆਪਣੇ ਨਾਮ ਲਿਖ ਕੇ ਇੱਕ ਪਾਸੇ ਰੱਖੇ ਗਏ ਵੱਡੇ ਘੜੇ ਵਿੱਚ ਪਾ ਦੇਣ।ਬਾਅਦ ਵਿੱਚ ਇਸ ਘੜੇ ਵਿੱਚੋਂ ਸਾਰੀਆਂ ਪਰਚੀਆਂ ਦਾ ਢੇਰ ਇੱਕ ਮੇਜ਼ ਉੱਤੇ ਲਾ ਦਿੱਤਾ ਗਿਆ।ਪਰਚੀਆਂ ਦੇ ਇਸ ਢੇਰ ਨੰੈ ਖਲਤ-ਮਲਤ ਕਰਨ ਤੋਂ ਪਿੱਛੋ ਇਸ ਵਿੱਚੋਂ 500 ਪਰਚੀਆਂ ਚੁਣੀਆਂ ਗਈਆਂ, ਜਿਨ੍ਹਾਂ ਵਿਅਕਤੀਆਂ ਦੇ ਨਾਮ ਇਨ੍ਹਾਂ ਪਰਚੀਆਂ ਤੇ ਲਿਖੇ ਹੋਏ ਸਨ ਉਨ੍ਹਾਂ ਨੂੰ ਨਿਆਂ ਸਭਾ ਦੇ ਮੈਂਬਰਾਂ ਲਈ ਰੱਕੇ ਗਏ ਬੈਂਚਾਂ ਤੇ ਨਿਆਂ ਸਭਾ ਦੇ ਮੈਂਬਰਾਂ ਵੱਜੋਂ ਬੈਠ ਜਾਣ ਲਈ ਕਿਹਾ ਗਿਆ ਅਤੇ ਸੁਕਰਾਤ ਵਿਰੁੱਧ ਮੁਕੱਦਮੇਂ ਦੀ ਕਾਰਵਾਈ ਸ਼ੁਰੂ ਹੋ ਗਈ।ਸੁਕਰਾਤ ਦੇ ਵਿਰੁੱਧ ਇਲਜ਼ਾਮ ਇਹ ਸੀ ਕਿ ਉਸਨੇ ਏਥਨਜ਼ ਦੇ ਦੇਵਤਿਆਂ ਪ੍ਰਤੀ ‘ਅਸੇਬੀਆ’ ਦਾ ਅਰਥਾਤ ਅਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਏਥਨਜ਼ ਦੇ ਨੌਂਜਵਾਨਾ ਨੂੰ ਬੇਦੀਨੀ ਲਈ ਭੜਕਾਇਆ ਹੈ।ਸੁਕਰਾਤ ਦੇ ਵਿਰੁੱਧ ਦੋਸ਼ ਆਇਦ ਕਰਨ ਵਾਲੇ ਤਿੰਨ ਨੌਂਜਵਾਨਾ ਨੂੰ, ਨਿਆਂ ਸਭਾ ਵੱਲੋਂ ਇਲਜ਼ਾਮਾਂ ਦੀ ਵਜਾਹਤ ਲਈ, ਇੱਕ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ, ਬਾਅਦ ਵਿੱਚ ਸੁਕਰਾਤ ਨੂੰ ਆਪਣੀ ਪੈਰਵੀ ਲਈ, ਤਿੰਨ ਘੰਟੇ ਦਾ ਸਮਾ ਦਿੱਤਾ ਗਿਆ। ਪਰ ਨਿਆਂ ਸਭਾ ਵੱਲੋਂ ਫੈਸਲਾ ਸੁਕਰਾਤ ਦੇ ਖਿਲਾਫ਼ ਦਿੱਤਾ ਗਿਆ।ਸੁਕਰਾਤ ਨੂੰ ਮੌਤ ਦੀ ਸਜ਼ਾ ਦੇਣ ਦੇ ਹੱਕ ਵਿੱਚ 280 ਵੋਟ ਪਏ ਸਨ ਅਤੇ ਇਸ ਸਜ਼ਾ ਦੇ ਵਿਰੋਧ ਵਿੱਚ 220 ਵੋਟ ਪਏ ਸਨ।ਯਾਨੀ ਕੇਵਲ 30 ਵੋਟਾਂ ਦੇ ਫਰਕ ਨਾਲ, ਦੁਨੀਆਂ ਦੇ ਇਸ ਮਹਾਨ ਫ਼ਿਲਾਸਫਰ ਤੇ ਚਿੰਤਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਇਹ ਵਰਤਾਰੇ ਭਾਵੇਂ ਢਾਈ ਹਜ਼ਾਰ ਸਾਲ ਪਹਿਲਾਂ ਯੁਨਾਨ ਵਿੱਚ ਵਾਪਰੇ ਸਨ ਪਰ ਇਸਦੇ ਤਫ਼ਸੀਲੀ ਉਲੇਖ, ਵਿਸ਼ਵ ਇਤਿਹਾਸ ਦੀ ਬੁੱਕਲ ਵਿੱਚ, ਇਤਿਹਾਸਕ ਹਵਾਲਿਆਂ ਦੇ ਰੂਪ ਵਿੱਚ ਸਮਾਏ ਹੋਏ ਹਨ।ਇਨ੍ਹਾਂ ਇਤਿਹਾਸਿਕ ਹਵਾਲਿਆਂ ਦੇ ਪ੍ਰਸੰਗ ਵਿੱਚ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਭਾਰਤ ਦੀ ਅੱਜ ਦੀ ਸਥਿੱਤੀ, ਇਸ ਤੋਂ ਕਿਤੇ ਬਦਤਰ ਹੈ। ਅੱਜ ਦੇਸ਼ ਵਿੱਚ ਮਜਹਬੀ ਕੱਟੜਤਾ ਦੇ ਵਹਿਸ਼ੀਪੁਣੇ ਦਾ ਜਾਦੂ, ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਭਾਰਤ ਵਿੱਚ ਇੱਕ ਫਿਰਕੇ ਦੇ ਮਾਸੂਮ ਲੋਕਾਂ ਨੂੰ ਮਜਹਬੀ ਕੱਟੜਤਾ ਦੇ ਵਹਿਸ਼ੀਪੁਣੇ ਵਿੱਚ ਸ਼ੁਦਾਈ ਭੀੜਾਂ, ਲਿੰਚ ਵਿਧੀ ਨਾਲ ਮੌਕੇ ਤੇ ਹੀ ਪ੍ਰਾਣ ਦੰਡ ਦੇ ਦਿੰਦੀਆਂ ਹਨ । ਦੇਸ਼ ਦੇ ਕਾਨੂੰਨ ਦੀ ਅੱਖ ਇਸ ਸਾਰੇ ਮੰਜ਼ਰ ਤੇ ਮੀਟੀ ਰਹਿ ਜਾਂਦੀ ਹੈ ਅਤੇ ਨਿਆਂ ਪ੍ਰਣਾਲੀ ਨੂੰ ਬਹੁਵਾਦ ਦਾ ਗ੍ਰਿਹਣ ਲੱਗ ਜਾਂਦਾ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ, ਦਿਲ ਦਹਿਲਾ ਦੇਣ ਵਾਲੇ ਨਵੰਬਰ 1984 ਦੇ ਸਿੱਖ ਕਤਲ-ਏ-ਆਮ ਦੇ ਜ਼ਖਮ, ਸਿੱਖਾਂ ਦੀ ਮਾਨਸਿਕਤਾ ਵਿੱਚ ਹਾਲੇ ਵੀ ਅੱਲੇ ਹਨ, 35 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ, ਇਨਸਾਫ਼ ਦੀ ਡਗਰ ਕਿਧਰੇ ਦਿਖਾਈ ਨਹੀਂ ਦਿੰਦੀ।

ਭਾਰਤ ਦਾ ਸੰਵਿਧਾਨ ਸੰਸਦੀ ਪ੍ਰਣਾਲੀ ਰਾਹੀ ਸਰਕਾਰ ਦੀ ਸਥਾਪਨਾ ਦਾ ਉਲੇਖ ਕਰਦਾ ਹੈ। ਸੰਵਿਧਾਨ ਜੋ ਰਚਨਾ ਦੇ ਪੱਖੋਂ ਤਾਂ ਸੰਘੀ ਹੈ ਪਰ ਇਸਦੇ ਪ੍ਰਧਾਂਨ ਲੱਛਣ ਏਕਾਤਮਿਕ ਹਨ।ਸੰਵਿਧਾਨ ਦੀਆਂ ਏਕਾਤਮਿਕ ਵਿਵਸਥਾਵਾਂ, ਸੰਘੀ ਢਾਂਚੇ ਦੀ ਰਚਨਾ ਦੇ ਅਸਪਸ਼ਟ ਪ੍ਰਭਾਵਾਂ ਨੂੰ, ਅਸਥ-ਵਿਅਸਤ ਕਰ ਦਿੰਦੀਆਂ ਹਨ।ਸ਼ਾਇਦ ਏਹੀ ਕਾਰਨ ਸੀ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਸੰਵਿਧਾਨ ਦੀ ਵਿਆਖਿਆ ਅਤੇ ਉਸਦੇ ਭਾਵ ਅਰਥਾਂ ਨੂੰ ਸਹੀ ਪਰਿਪੇਖ ਵਿੱਚ ਨਾ ਉਜਾਗਰ ਕਰਨ ਦੇ ਮਾਮਲੇ ਨੂੰ ਲੈ ਕੇ ਗੰਭੀ ਤੌਖਲੇ ਪ੍ਰਗਟ ਕੀਤੇ ਸਨ।2 ਸਤੰਬਰ 1953 ਨੂੰ ਰਾਜ ਸਭਾ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਸੀ “ਮੈਂ ਗੱਟ ਗਿਣਤੀਆਂ ਅਤੇ ਕਮਜ਼ੋਰ ਲੋਕਾਂ ਦੀ ਤਸੱਲੀ ਲਈ ਇਹ ਕਹਿਣਾ ਚਾਹੁੰਦਾ ਹਾਂ, ਜੋ ਇਸ ਗੱਲੋਂ ਡਰ ਰਹੇ ਹਨ ਕਿ ਕਿਸੇ ਸਮੇਂ ਦੇਸ਼ ਦੀ ਬਹੁਗਿਣਤੀ ਇਸ ਸੰਵਿਧਾਨ ਨੂੰ ਪਰਭਾਸ਼ਿਤ ਕਰਨ ਸਮੇਂ ਕੁੱਝ ਧਾਰਾਵਾਂ ਦੀ ਗ਼ਲਤ ਵਰਤੋਂ ਕਰ ਸਕਦੀ ਹੈ”। ਡਾਕਟਰ ਅੰਬੇਦਕਰ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ “ਭਾਵੇਂ ਮੈਂ ਇਸ ਸੰਵਿਧਾਨ ਨੂੰ ਤਿਆਰ ਕੀਤਾ ਹੈ ਪਰ ਜੇ ਇਸ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਵਿਆਖਿਆ ਸਮੇਂ ਘੱਟ ਗਿਣਤੀਆਂ ਦੇ ਸਰੋਕਾਰਾਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ ਤਾਂ ਮੈਂ ਇਸ ਸੰਵਿਧਾਨ ਨੂੰ ਸਾੜਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ”

ਅਫ਼ਸੋਸ ! ਕਿ ਡਾ. ਭੀਮ ਰਾਓ ਅੰਬੇਦਕਰ ਅੱਜ ਇਸ ਸੰਸਾਰ ਵਿੱਚ ਨਹੀਂ ਹਨ, ਜੇ ਹੁੰਦੇ ਵੀ ਤਾਂ ਉਨ੍ਹਾਂ ਦੀ ਦਾਨਾਈ ਨੂੰ ਵੀ, ਨੱਥੂ ਰਾਮ ਗੌਡਸੇ ਦੇ ਭੂਤ ਨੇ ਉਸੇ ਤਰ੍ਹਾਂ ਜ਼ਲੀਲ-ਓ-ਖੁਆਰ ਕਰਨਾ ਸੀ ਜਿਵੇਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ, ਆਰ. ਐਸ. ਐਸ ਤੇ ਬੀ.ਜੇ.ਪੀ ਦੇ ਨਵੇਂ ਰਾਸ਼ਟਰਵਾਦ ਦੀ ਲੋਅ ਵਿੱਚ ਕੀਤਾ ਜਾ ਰਿਹਾ ਹ।ਕੀ ਇਹ ਨੰਗਾ ਸੱਚ ਨਹੀਂ ਕਿ 66 ਵਰ੍ਹੇ ਪਹਿਲਾਂ ਡਾ. ਅੰਬੇਦਕਰ ਵੱਲੋਂ ਕੀਤੀ ਗਈ ਤੌਖਲਿਆਂ ਭਰਭੂਰ ਪੇਸ਼ੀਨਗੋਈ, ਆਰ. ਐਸ. ਐਸ ਅਤੇ ਬੀ.ਜੇ.ਪੀ ਦੀ ਫਿਰਕੂ ਸੋਚ ਨੇ, ਅੱਜ ਸੱਚ ਕਰ ਵਿਖਾਈ ਹੈ।

ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਵਿੱਚ ਪ੍ਰਚੰਡ ਫਿਰਕਾਪ੍ਰਸਤੀ ਦਾ ਇਕ ਅਜਿਹਾ ਦੌਰ ਵੀ ਅਏਗਾ, ਜਿਸ ਦੇ ਤਬਾਹਕੁਨ ਪ੍ਰਭਾਵਾਂ ਹੇਠ, ਭਾਰਤ ਦੇ ਲੋਕਤੰਤਰ ਅਤੇ ਰਾਸ਼ਟਰਵਾਦ ਦੀ ਪਰਿਭਾਸ਼ਾ ਹੀ ਬਦਲ ਜਾਵੇਗੀ।ਫਿਰਕਾਪ੍ਰੱਸਤ ਚੇਤਨਾ ਦਾ ਤਾਰੀਕ ਦੌਰ, ਦੇਸ਼ ਦੇ ਸਮੁੱਚੇ ਚੋਣਕਾਰ ਮੰਡਲ ਨੂੰ , ਮਜ਼ਹਬੀ ਸੰਕੀਰਨਤਾ ਦੀ ਸਰਪਰੱਸਤੀ ਹੇਠ ਦੋ ਵੱਡੇ ਭਾਗਾਂ ਵਿੱਚ ਵੰਡ ਦੇਵੇਗਾ। ਭਾਰਤ ਦੀ ਧਰਮ ਨਿਰਪੱਖ ਲੋਕਤੰਤਰਿਕ ਪ੍ਰਣਾਲੀ ਵਿੱਚ, ਬਹੁਵਾਦ ਦੇ ਇੱਕ ਨਵੇਂ ਮੱਤ ਦਾ ਅਵਿਸ਼ਕਾਰ ਹੋਵੇਗਾ, ਜਿਸਦਾ ਅਨੋਖਾ ਰੂਪ, ਦੇਸ਼ ਦੇ ਜਮਹੂਰੀ ਢਾਂਚੇ ਦੇ ਅੰਤਰਗਤ ਅਤੇ ਸੰਵਿਧਾਨ ਅਨੁਸਾਰ ਹੀ, ਘੱਟ ਗਿਣਤੀਆਂ ਦੀ ਬਣਦੀ ਹਰ ਭੂਮਿਕਾ ਨੂੰ, ਸੰਵਿਧਾਨ ਦੀਆਂ ਕਮਜ਼ੋਰੀਆਂ ਦਾ ਸਹਾਰਾ ਲੈ ਕੇ ਤਹਿਸ਼-ਨਹਿਸ਼ ਕਰ ਦੇਵੇਗਾ।

ਹੁਣ ਸਵਾਲ ਉੱਠਦਾ ਹੈ ਕਿ ਅਜੇਹੀ ਨਿਆਂਹੀਣਤਾ ਨੂੰ ਆਖਿਰ ਕਿਵੇਂ ਮਨਜ਼ੂਰ ਕੀਤਾ ਜਾ ਸਕਦਾ ਹੈ ?

ਜੇ ਅਨੇਕਤਾ ਵਿੱਚ ਏਕਤਾ ਦੇ ਸਿਧਾਂਤ ਅਨੁਸਾਰ ਦੇਸ਼ ਦੀਆਂ ਘੱਟ ਗਿਣਤੀਆਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਨੂੰ ਸਹੀ ਪਰਿਪੇਖ ਵਿੱਚ ਸੰਬੋਧਨ ਕਰਨਾ ਹੈ ਤਾਂ ਬੜੀ ਇਮਾਨਦਾਰੀ ਨਾਲ ਦੇਸ਼ ਦੀਆਂ ਸਮੂਹ ਘੱਟ ਗਿਣਤੀਆਂ ਨੂੰ ਭਰੋਸੇ ਵਿੱਚ ਲੈ ਕੇ, ਸੰਵਿਧਾਨਿਕ ਲੋਕਤੰਤਰ ਨੂੰ ਬਚਾਊਂਣ ਲਈ, ਸਮੁੱਚੀ ਜਮਹੂਰੀ ਰਚਨਾ ਦੀ ਬੇਚੂਕ ਸਮੀਖਿਆ ਲਈ ਕੌਮੀ ਪੱਧਰ ਤੇ ਵੱਡੇ ਸੰਵਾਦ ਦੀ ਲੋੜ ਹੈ, ਤਾਂ ਕਿ ਫਿਰਕਾਪ੍ਰਸਤੀ ਦੇ ਰਵਾਂ ਬਿਰਤਾਂਤ ਨੂੰ ਦਾਨਾਈ ਤੇ ਦਲੀਲ ਨਾਲ ਬਦਲਿਆ ਜਾ ਸਕੇ, ਨਹੀਂ ਤਾਂ ਪਾਕਿਸਤਾਨ ਅਤੇ ‘ਹਿੰਦੁਤਵਾ’ ਨੂੰ ਪ੍ਰਨਾਏ, ਇਸ ਨਵੇਂ ‘ਭਾਰਤ’ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਰਹਿ ਜਾਵੇਗਾ ।

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
9814033362

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: