ਭਾਰਤੀ ਕਿਸਾਨ ਯੂਨੀਅਨ (ਮਾਨ ਗਰੁੱਪ) ਦੇ ਜ਼ਿਲਾ ਪ੍ਰਧਾਨ ਨੇ ਮਾਰਕੀਟ ਕਮੇਟੀ ਬਨੂੜ ਵਿੱਚ ਵੱਡੀ ਪੱਧਰ ਉੱਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼

ss1

ਭਾਰਤੀ ਕਿਸਾਨ ਯੂਨੀਅਨ (ਮਾਨ ਗਰੁੱਪ) ਦੇ ਜ਼ਿਲਾ ਪ੍ਰਧਾਨ ਨੇ ਮਾਰਕੀਟ ਕਮੇਟੀ ਬਨੂੜ ਵਿੱਚ ਵੱਡੀ ਪੱਧਰ ਉੱਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼
ਬਿਨਾਂ ਕੰਮਾਂ ਤੋਂ ਅਦਾਇਗੀਆਂ ਨਾ ਕਰਨ ਅਤੇ ਝੂਠੇ ਬਿਲਾਂ ਨੂੰ ਪਾਸ ਨਾ ਕਰਨ ਵਾਲੇ ਲੇਖਾਕਾਰ ਦੀ ਬਦਲੀ ਕਰਾਉਣ ਦਾ ਲਾਇਆ ਦੋਸ਼
ਮੰਡੀਕਰਣ ਬੋਰਡ ਦੇ ਚੇਅਰਮੈਨ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗੀ ਉੱਚ ਪੱਧਰੀ ਜਾਂਚ
ਕਮੇਟੀ ਦੇ ਚੇਅਰਮੈਨ ਵੱਲੋਂ ਦੋਸ਼ਾਂ ਦਾ ਖੰਡਨ

ਬਨੂੜ, 26 ਮਈ (ਰਣਜੀਤ ਸਿੰਘ ਰਾਣਾ): ਭਾਰਤੀ ਕਿਸਾਨ ਯੂਨੀਅਨ (ਭੂਪਿੰਦਰ ਸਿੰਘ ਮਾਨ ਗਰੁੱਪ) ਦੇ ਜ਼ਿਲਾ ਮੁਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਮੰਡੀਕਰਣ ਬੋਰਡ ਦੇ ਚੇਅਰਮੈਨ ਨੂੰ ਲਿਖਤੀ ਮੰਗ ਪੱਤਰ ਸੌਂਪਕੇ ਮਾਰਕੀਟ ਕਮੇਟੀ ਬਨੂੜ ਦੇ ਪਿਛਲੇ ਪੰਜ ਸਾਲਾਂ ਦੇ ਬਣਾਏ ਹੋਏ ਅਤੇ ਭੁਗਤਾਨ ਕੀਤੇ ਬਿਲਾਂ ਦੀ ਜਾਂਚ ਦੀ ਮੰਗ ਕੀਤੀ ਹੈ। ਉਨਾਂ ਦੋਸ਼ ਲਗਾਇਆ ਕਿ ਕਮੇਟੀ ਨੇ ਬਿਨਾਂ ਕੰਮ ਕਰਾਇਆਂ ਹੀ ਲੱਖਾਂ ਰੁਪਏ ਦੇ ਬਿਲ ਬਣਾਏ ਹੋਏ ਹਨ ਤੇ ਇਨਾਂ ਬਿਲਾਂ ਨੂੰ ਪਾਸ ਕਰਨ ਤੋਂ ਜਵਾਬ ਦੇਣ ਵਾਲੇ ਲੇਖਾਕਾਰ ਦੀ ਬਦਲੀ ਕਰਵਾ ਦਿੱਤੀ ਗਈ ਹੈ। ਉਨਾਂ ਸਬੰਧਿਤ ਮੁਲਾਜ਼ਮ ਦੀ ਬਦਲੀ ਰੱਦ ਕਰਨ ਦੀ ਵੀ ਮੰਗ ਕੀਤੀ।
ਕਿਸਾਨ ਆਗੂ ਨੇ ਮੰਗ ਪੱਤਰ ਅਤੇ ਆਰਟੀਆਈ ਤਹਿਤ ਹਾਸਿਲ ਕੀਤੇ ਬਿਲਾਂ ਦੀਆਂ ਕਾਪੀਆਂ ਇਸ ਪੱਤਰਕਾਰ ਨੂੰ ਵਿਖਾਉਂਦਿਆਂ ਕਿਹਾ ਕਿ ਪਿਛਲੇ ਵਰੇ ਖੇੜੀ ਗੁਰਨਾ ਖ੍ਰੀਦ ਕੇਂਦਰ ਵਿਖੇ ਕਣਕ ਦੀ ਖ੍ਰੀਦ ਨਾ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਖਰਚਿਆਂ ਦੇ ਬਿਲ ਪਾਏ ਗਏ। ਇਸੇ ਤਰਾਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿਚ ਇੱਕ ਲੱਖ ਤੋਂ ਵੱਧ ਰਾਸ਼ੀ ਬਰਫ਼ ਉੱਤੇ ਖਰਚੀ ਵਿਖਾਈ ਗਈ ਜਦੋਂ ਕਿ ਬਰਫ਼ ਕਿੱਧਰੇ ਵੀ ਵਰਤੀ ਹੀ ਨਹੀਂ ਗਈ। ਉਨਾਂ ਕਿਹਾ ਕਿ ਮਾਣਕਪੁਰ-ਖੇੜਾ ਵਿਖੇ ਖ੍ਰੀਦ ਕੇਂਦਰ ਵਿੱਚ ਹਜ਼ਾਰਾਂ ਰੁਪਏ ਦੀ ਮਿੱਟੀ ਦੇ ਬਿਲ ਬਣਾਏ ਗਏ, ਜਦੋਂ ਕਿ ਉੱਥੇ ਮੌਜੂਦ ਕਰਮਚਾਰੀ ਨੇ ਮਿੱਟੀ ਨਾ ਪਾਏ ਜਾਣ ਦਾ ਇੰਕਸਾਫ਼ ਕੀਤਾ।
ਸ੍ਰੀ ਨੰਡਿਆਲੀ ਨੇ ਦੋਸ਼ ਲਗਾਇਆ ਕਮੇਟੀ ਵਿਚਲੇ ਇੱਕ ਕਰਮਚਾਰੀ ਨੇ ਦੂਜੇ ਕਰਮਚਾਰੀ ਦੀ ਬਹਾਲੀ ਲਈ ਉਸ ਕੋਲੋਂ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈ ਲਈ ਤੇ ਇੱਕ ਹੋਰ ਠੇਕੇਦਾਰ ਕੋਲੋਂ ਵੀ ਬਿਨਾਂ ਰਾਸ਼ੀ ਦਿੱਤਿਆਂ ਰਸੀਵਿੰਗ ਬਿਲ ਹਾਸਿਲ ਕਰ ਲਿਆ। ਉਨਾਂ ਇਹ ਵੀ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਇੱਕ ਅਜਿਹੀ ਗੱਡੀ ਦੀ ਵਰਤੋਂ ਦੇ ਜਾਅਲੀ ਬਿਲ ਬਣਾਏ ਗਏ, ਜਿਹੜੇ ਨਾਮ ਵਾਲੀ ਗੱਡੀ ਮੌਜੂਦ ਹੀ ਨਹੀਂ ਹੈ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਜਦੋਂ ਇਨਾਂ ਸਾਰੇ ਜਾਅਲੀ ਬਿਲਾਂ ਦਾ ਕਮੇਟੀ ਦੇ ਲੇਖਾਕਾਰ ਨੇ ਭੁਗਤਾਨ ਕਰਨੋਂ ਜਵਾਬ ਦੇ ਦਿੱਤਾ ਤਾਂ ਉਸ ਦੀ ਬਨੂੜ ਤੋਂ ਬਦਲੀ ਕਰਾ ਦਿੱਤੀ। ਉਨਾਂ ਕਿਹਾ ਕਿ ਉਹ ਇਹ ਸਾਰੀ ਸ਼ਿਕਾਇਤ ਮੰਡੀਕਰਣ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੂੰ ਨਿੱਜੀ ਤੌਰ ਤੇ ਮਿਲਕੇ ਦੇ ਕੇ ਆਏ ਹਨ, ਜਿਨਾਂ ਪੰਦਰਾਂ ਦਿਨਾਂ ਦੇ ਅੰਦਰ ਸਮੁੱਚੀ ਪੜਤਾਲ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕਿਸਾਨ ਆਗੂ ਨੇ ਆਖਿਆ ਕਿ ਜੇਕਰ ਸਮੁੱਚੇ ਘਪਲਿਆਂ ਦੀ ਜਾਂਚ ਕਰਕੇ ਜਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਰਿੱਟ ਦਾਇਰ ਕਰਨਗੇ।

ਕਿਸਾਨ ਆਗੂ ਵੱਲੋਂ ਲਗਾਏ ਦੋਸ਼ ਝੂਠੇ, ਜਾਂਚ ਦਾ ਸਵਾਗਤ-ਚੇਅਰਮੈਨ ਖਲੌਰ

ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਸਾਧੂ ਸਿੰਘ ਖਲੌਰ ਨੇ ਸੰਪਰਕ ਕਰਨ ਉੱਤੇ ਕਿਸਾਨ ਆਗੂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨਾਂ ਕਿਹਾ ਕਮੇਟੀ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਤੇ ਸਾਰਾ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਚੱਲ ਰਿਹਾ ਹੈ। ਉਨਾਂ ਕਿਹਾ ਕਿ ਮੰਡੀਕਰਣ ਬੋਰਡ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਪੜਤਾਲ ਦਾ ਉਹ ਸਵਾਗਤ ਕਰਦੇ ਹਨ ਤੇ ਜੇਕਰ ਪੜਤਾਲ ਦੌਰਾਨ ਕੁੱਝ ਵੀ ਅਯੋਗ ਪਾਇਆ ਗਿਆ ਤਾਂ ਉਹ ਖ਼ੁਦ ਕਾਰਵਾਈ ਕਰਨਗੇ। ਉਨਾਂ ਕਿਹਾ ਕਿ ਕਿਸਾਨ ਆਗੂ ਦੇ ਆਪਣੇ ਨਿੱਜੀ ਮੁਫ਼ਾਦ ਹਨ, ਜਿਨਾਂ ਕਰਕੇ ਉਹ ਕਮੇਟੀ ਉੱਤੇ ਬੇਤੁਕੇ ਦੋਸ਼ ਲਗਾ ਰਹੇ ਹਨ।

Share Button

Leave a Reply

Your email address will not be published. Required fields are marked *