ਭਾਰਤੀ ਕਿਸਾਨਾਂ ਦੇ ਹੱਕ ਵਿਚ ਵੈਨਕੂਵਰ ਵਿਖੇ ਰੋਸ ਮੁਜ਼ਾਹਰਾ

ਭਾਰਤੀ ਕਿਸਾਨਾਂ ਦੇ ਹੱਕ ਵਿਚ ਵੈਨਕੂਵਰ ਵਿਖੇ ਰੋਸ ਮੁਜ਼ਾਹਰਾ
ਸਰੀ, 29 ਦਸੰਬਰ 2020- ਭਾਰਤੀ ਕਿਸਾਨਾਂ ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਸੱਦਾ ਈਸਟ ਇੰਡੀਅਨ ਡੀਫੈਂਸ ਕਮੇਟੀ ਵੈਨਕੂਵਰ ਅਤੇ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀ।
ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਵੱਖੋ-ਵੱਖਰੇ ਬੈਨਰ ਸਨ ਜਿਨ੍ਹਾਂ ਉੱਤੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਅਤੇ ਮੋਦੀ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸਨ । ਇਸ ਮੌਕੇ ਸੰਬੋਧਨ ਕਰਦਿਆਂ ਈਸਟ ਇੰਡੀਅਨ ਡੀਫੈਂਸ ਕਮੇਟੀ ਵੈਨਕੂਵਰ ਦੇ ਪ੍ਰਧਾਨ ਇਕਬਾਲ ਪੁਰੇਵਾਲ, ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ ਦੇ ਪ੍ਰਧਾਨ ਅਵਤਾਰ ਗਿੱਲ ਅਤੇ ਹੋਰ ਆਗੂਆਂ ਨੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ ਅਤੇ ਦਿੱਲੀ ਦੇ ਬਾਰਡਰ ਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਨਕਸਲੀਏ ਕਹਿਣ ਦੀਆਂ ਕੋਝੀਆਂ ਹਰਕਤਾਂ ਦੀ ਸਖਤ ਨਿਖੇਧੀ ਕੀਤੀ।