Wed. May 22nd, 2019

ਭਾਰਤੀ ਕਰੰਸੀ ਇਤਿਹਾਸ ਆਦਿ ਤੋਂ ਹੁਣ ਤਕ

ਭਾਰਤੀ ਕਰੰਸੀ ਇਤਿਹਾਸ ਆਦਿ ਤੋਂ ਹੁਣ ਤਕ

ਹਰ ਦੇਸ਼,ਕੌਮ,ਮਜ੍ਹਬ,ਰਾਸ਼ਟਰ ਦੀ ਆਪਣੀ ਕਰੰਸੀ/ਮੁਦਰਾ ਹੁੰਦੀ ਹੈ।ਆਦਿ ਕਾਲ ਤੋਂ ਸਮੇਂ ਸਮੇਂ ਦੀਆਂ ਹਕੂਮਤਾਂ ਨੇ ਆਪਣੀ ਆਪਣੀ ਕਰੰਸੀ ਬਣਾ ਕੇ ਆਪਣੀ ਵੱਖਰੀ ਹੈਸੀਅਤ ਅਤੇ ਪਹਿਚਾਣ ਬਣਾਈ ਅਤੇ ਬਣਾਉਣ ਦੀ ਕੋਸ਼ਿਸ਼ ਕੀਤੀ। ਭਾਰਤੀ ਜਿਸ ਕਰੰਸੀ ਵਿੱਚ ਧਨ ਦੌਲਤਾਂ ਦੀ ਗਿਣਤੀ ਮਿਣਤੀ ਕਰਦੇ ਹਨ,ਉਹ ਹੈ -ਰੁਪਿਆ।
ਭਾਵੇਂ ਅੱਜ ਅਸੀਂ 100 ਪੈਸੇ ਦਾ 1ਰੁਪਿਆ ਮੰਨਦੇ ਹਾਂ, ਪਰ ਬੀਤੇ ਸਮੇਂ ਪੈਸਿਆਂ ਤੋਂ ਇਲਾਵਾ ਵੀ ਕਰੰਸੀ ਹੁੰਦੀ ਸੀ। ਇਸ ਰੁਪਏ ਦੀ ਕਰੰਸੀ ਅਜੋਕੇ ਰੂਪ ਚ ਆਉਣ ਲਈ ਵੱਖ ਵੱਖ ਪੜਾਵਾਂ ਚੋਂ ਗੁਜਰੀ ਹੈ।” ਕਿਵੇਂ ਬਣਿਆ ਰੁਪਈਆ” ਦਾ ਇਤਿਹਾਸ ਬਾਰੇੇ ਆਓ ਜਾਣੀਏ।
ਪਹਿਲਾਂ ਫੁੱਟੀ ਕੌਡੀ ਤੋਂ ਕਰੰਸੀ ਦੀ ਸ਼ੁਰੂਆਤ ਹੋਈ,ਜੋ ਸਮਾਂ ਪੈਣ ਤੇ ਬਾਅਦ ਵਿੱਚ ਕੌਡੀ ਵਿੱਚ ਤਬਦੀਲ ਹੋ ਗਈ।ਫਿਰ ਕੌਡੀ ਤੋਂ ਦਮੜੀ ਬਣ ਗਈ।ਇਸੇ ਤਰ੍ਹਾਂ ਦਮੜੀ ਤੋਂ ਧੇਲਾ, ਧੇਲਾ ਤੋਂ ਪਾਈ,ਪਾਈ ਤੋਂ ਪੈਸਾ,ਪੈਸਾ ਤੋਂ ਆਨਾ ਬਣਦੇ ਬਣਦੇ ਆਖਿਰ ਵਿੱਚ ਹਥਲਾ ਰੁਪਿਆ ਹੋਂਦ ਵਿੱਚ ਆਇਆ।ਇਹ ਕਰੰਸੀ ਇਸ ਤਰ੍ਹਾਂ ਅੱਗੇ ਦੀ ਕਰੰਸੀ ਦੀ ਰਕਮ ਬਣਦੀ ਸੀ।
3 ਫੁੱਟੀ ਕੌਡੀ = 1ਕੌਡੀ
10ਕੌਡੀਆਂ =1ਦਮੜੀ
2 ਦਮੜੀ ਜਾਂ ਡੇਢ ਪਾਈ=1ਧੇਲਾ
3 ਪਾਈ =1 ਪੈਸਾ ਪੁਰਾਣਾ
4 ਪੈਸੇ =1ਆਨਾ
16 ਆਨੇ=1 ਰੁਪਿਆ
256ਦਮੜੀ=192ਪਾਈ=128 ਧੇਲਾ
16 ਆਨੇ=64 ਪੈਸੇ ਪੁਰਾਣੇ=1ਰੁਪਿਆ
ਹੁਣ 100 ਪੈਸੇ =1 ਰੁਪਿਆ
78 ਪੈਸੇ=1 ਟਕਾ
ਜਿਵੇਂ 100ਪੈਸੇ ਜੋੜ ਕੇ 1ਰੁਪਿਆ ਬਣਦਾ ਹੈ, ਇਸੇ ਤਰ੍ਹਾਂ 3 ਫੁੱਟੀਆਂ ਕੌਡੀਆਂ ਇੱਕ ਕੌਡੀ ਦੇ ਬਰਾਬਰ ਹੁੰਦੀਆਂ ਸਨ।ਸੋ10ਕੌਡੀਆਂ ਜੋੜ ਕੇ ਇੱਕ ਦਮੜੀ ਬਣਦੀ ਸੀ।ਦੋ ਦਮੜੀਆਂ ਜਾਂ ਡੇਢ ਪਾਈ ਦਾ ਇੱਕ ਧੇਲਾ,3 ਪਾਈਆਂ ਦਾ ਇੱਕ ਪੈਸਾ(ਪੁਰਾਣਾ), 4 ਪੈਸਿਆਂ ਦਾ ਇੱਕ ਆਨਾ, 16 ਆਨਿਆਂ ਦਾ ਇੱਕ ਰੁਪਿਆ ਹੁੰਦਾ ਸੀ।ਇਸੇ ਤਰ੍ਹਾਂ 256 ਦਮੜੀਆਂ ਦੀ ਕੀਮਤ 192 ਪਾਈਆਂ ,192 ਪਾਈਆਂ 128 ਧੈਲਿਆਂ ਦੀ ਕੀਮਤ ਦੇ ਬਰਾਬਰ ਸੀ।ਪੁਰਾਣੇ 64 ਪੇਸੈ ਜਾਂ 16 ਆਨਿਆਂ ਦੀ ਕੀਮਤ 1ਰੁਪਏ ਸੀ।
ਇਸ ਤੋਂ ਇਲਾਵਾ ਡਬਲੀ ਪੈਸਾ,ਗਲੀ ਵਾਲਾ ਪੈਸਾ,ਖੋਟਾ ਪੈਸਾ,ਤਾਂਬੇ ਦੇ ਸਿੱਕੇ ਆਦਿ ਵੀ ਹੋਂਦ ਵਿੱਚ ਆਏ ਸਨ।ਸਿੱਖ ਰਾਜ ਦੇ ਮੋਢੀ ਮਹਾਰਾਜਾ ਰਣਜੀਤ ਸਿੰਘ ਨੇ “ਆਕਾਲ ਸਹਇ” ਲਿਖੇ ਸਿੱਕਿਆਂ ਦੀ ਕਰੰਸੀ ਚਲਾਈ ਸੀ।ਜਿਵੇਂ ਜਿਵੇਂ ਸਮੇਂ ਦੀਆਂ ਹਕੂਮਤਾਂ ਦਾ ਭਾਰਤ ਉੱਪਰ ਕਬਜਾ ਹੁੰਦਾ ਗਿਆ, ਕਰੰਸੀ ਦਾ ਰੂਪ ਵੀ ਸਮੇਂ ਮੁਤਾਬਿਕ ਬਦਲਦਾ ਗਿਆ।ਪਹਿਲਾਂ ਪਹਿਲ ਇੱਕ ਪਾਈਸ,ਇੱਕ ਪੈਸਾ,ਅੱਧਾ ਆਨਾ, ਦੋ ਪੈਸੇ(ਦੁੱਕੀ) ਤਿੰਨ ਪੈਸੇ (ਤਿੱਕੀ),ਪੰਜ ਪੈਸੇ(ਪੰਜੀ), ਦਸ ਪੈਸੇ(ਦਸੀ) ਵੀਹ ਪੈਸੇ, ਪੱਚੀ ਪੈਸੇ,1/4 ਰੁਪਏ,ਪੰਜਾਹ ਪੈਸੇ,1/2 ਰੁਪਏ ,ਚੁਆਨੀ(ਚਾਰ ਆਨੇ) ,ਅਠਾਨੀ (ਅੱਠ ਆਨੇ)ਦੇ ਸਿੱਕੇ ਵੀ ਸਰਕਾਰ ਨੇ ਚਲਾਏ ਸਨ,ਪਰ ਮਹਿੰਗਾਈ ਦੇ ਦੌਰ ਨੇ ਇਹਨਾਂ ਦੀ ਅਹਿਮੀਅਤ ਅਤੇ ਹੋਂਦ ਖਤਮ ਕਰ ਦਿੱਤੀ ਹੈ। ਕਰੰਸੀ ਦੀ ਮਨੁੱਖੀ ਜਿੰਦਗੀ ਚ ਅਹਿਮੀਅਤ ਕਿਸੇ ਤੋਂ ਵੀ ਲੁਕੀ ਨਹੀਂ ਹੈ।ਸ਼ਾਇਦ ਏਸੇ ਕਰਕੇ ਕਰੰਸੀ ਜਾਂ ਮੁਦਰਾ ਨੂੰ ਲੈਕੇ ਕਈ ਆਖਾਣ ਅਤੇ ਮੁਹਾਵਰੇ ਪ੍ਰਚਲਿਤ ਹਨ,ਜਿਵੇਂ:-
ਇੱਕ ਫੁੱਟੀ ਕੌਡੀ ਵੀ ਨਹੀਂ ਦਿਉਂਗਾ,
ਚਮੜੀ ਜਾਏ ਪਰ ਦਮੜੀ ਨ ਜਾਏ,
ਪਾਈ ਪਾਈ ਦਾ ਹਿਸਾਬ ਰੱਖਣਾ,
ਧੇਲੇ ਦਾ ਕੰਮ ਨਹੀਂ ਕਰਦੀ ਸਾਡੀ ਬਹੂ,
ਧੇਲੇ ਦੀ ਬੁੜ੍ਹੀ ਟਕਾ ਸਿਰ ਮੁਨਾਈ,
ਟਕੇ ਦਾ ਬੰਦਾ ਨਾ ਹੋਣਾ,
ਪਾਈ ਪਾਈ ਨੂੰ ਤਰਸਣਾ,
ਤੇਰੀ ਗੱਲ ਸੋਲਾਂ ਆਨੇ ਆ ਬਾਈ,
ਟਕੇ ਵਰਗਾ ਜੁਆਬ ਦੇਣਾ,
ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ,
ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ,
ਆਦਿ।
ਪਰ ਮਹਿੰਗਾਈ ਵਧ ਜਾਣ ਨਾਲ ਇੱਕ ਰੁਪਏ,ਦੋ ਰੁਪਏ, ਪੰਜ ਰੁਪਏ, ਦਸ ਰੁਪਏ ਦੇ ਸਿੱਕੇ ਅਤੇ ਨੋਟ ਭਾਵੇਂ ਮਾਰਕੀਟ ਵਿੱਚ ਚਲ ਰਹੇ ਹਨ,ਪਰ ਸਰਕਾਰ ਇਹਨਾਂ ਨੂੰ ਵੀ ਬੰਦ ਕਰਨ ਦੀ ਸੋਚ ਰਹੀ ਹੈ, ਕਿਉਂਕਿ ਟਕਸਾਲ ਵਿੱਚ ਇਹਨਾਂ ਦੀ ਛਪਾਈ ਉੱਪਰ ਉਹਨਾਂ ਦੀ ਕੀਮਤ ਨਾਲੋਂ ਵੀ ਵੱਧ ਖਰਚਾ ਆਉਂਦਾ ਹੈ।ਹੁਣ 50ਰੁਪਏ,100 ਰੁਪਏ,200 ਰੁਪਏ, 500ਰੁਪਏ ਅਤੇ 2000 ਰੁਪਏ ਦੇ ਨੋਟ ਭਾਰਤੀ ਰਿਜਰਵ ਬੈਂਕ ਨੇ ਬਾਜ਼ਾਰ ਵਿੱਚ ਖਰੀਦੋ ਫਰੋਖਤ ਲਈ ਉਤਾਰੇ ਹਨ।ਇਸ ਤਰ੍ਹਾਂ ਵੱਖ ਵੱਖ ਪੜਾਵਾਂ ਨੂੰ ਪਾਰ ਕਰਦੀ ਅਜੋਕੀ ਕਰੰਸੀ ਹੋਂਦ ਵਿੱਚ ਆਈ ਹੈ।

ਸਤਨਾਮ ਸਿੰਘ ਮੱਟੂ
9779708257
mattu.satnam23@gmail.com

Leave a Reply

Your email address will not be published. Required fields are marked *

%d bloggers like this: