ਭਾਗੀਵਾਂਦਰ ਕਾਂਡ: ਰੋਸ ਪ੍ਰਦਰਸ਼ਨ ਦੌਰਾਨ ਮੋਨੂੰ ਅਰੋੜਾ ਦੇ ਪਰਿਵਾਰ ਵੱਲੋਂ ਤੇਲ ਪਾ ਕੇ ਆਤਮਹੱਤਿਆ ਦੀ ਕੋਸ਼ਿਸ ਪੁਲਿਸ ਨੇ ਬਣਾਈ ਨਾਕਾਮ

ਭਾਗੀਵਾਂਦਰ ਕਾਂਡ: ਰੋਸ ਪ੍ਰਦਰਸ਼ਨ ਦੌਰਾਨ ਮੋਨੂੰ ਅਰੋੜਾ ਦੇ ਪਰਿਵਾਰ ਵੱਲੋਂ ਤੇਲ ਪਾ ਕੇ ਆਤਮਹੱਤਿਆ ਦੀ ਕੋਸ਼ਿਸ ਪੁਲਿਸ ਨੇ ਬਣਾਈ ਨਾਕਾਮ
ਪੀੜਿਤ ਪਰਿਵਾਰ ਨੇ ਲਾਏ ਪੁਲਿਸ ਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਈ ਉਪਰਾਲਾ ਨਾ ਕਰਨ ਦੇ ਦੋਸ਼

ਬਠਿੰਡਾ/ਤਲਵੰਡੀ ਸਾਬੋ 25 ਜੁਲਾਈ (ਪਰਵਿੰਦਰ ਜੀਤ ਸਿੰਘ) ਕਰੀਬ ਸਵਾ ਮਹੀਨਾ ਪਹਿਲਾਂ ਮੋਨੂੰ ਅਰੋੜਾ ਨਾਮੀ ਨੌਜਵਾਨ ਨੂੰ ਨਸ਼ਾ ਤਸਕਰ ਦੱਸ ਕੇ ਨੇੜਲੇ ਪਿੰਡ ਭਾਗੀਵਾਂਦਰ ਵਿੱਚ ਬੇਰਹਿਮੀ ਨਾਲ ਵੱਢ ਦਿੱਤੇ ਜਾਣ ਤੋਂ ਬਾਦ ਜੇਰੇ ਇਲਾਜ ਉਸਦੀ ਮੌਤ ਹੋ ਜਾਣ ਉਪਰੰਤ ਅੱਜ ਤੱਕ ਉਕਤ ਮਾਮਲੇ ਵਿੱਚ ਨਾਮਜਦ 13 ਵਿੱਚੋਂ ਸਿਰਫ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਣ ਤੇ ਮੋਨੂੰ ਅਰੋੜਾ ਦੇ ਪਰਿਵਾਰਿਕ ਮੈਂਬਰਾਂ ਨੇ ਤਲਵੰਡੀ ਸਾਬੋ ਪੁਲਿਸ ਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਈ ਉਪਰਾਲਾ ਨਾ ਕਰਨ ਦੇ ਦੋਸ਼ ਲਾਂਉਦਿਆਂ ਤਲਵੰਡੀ ਸਾਬੋ ਬਠਿੰਡਾ ਹਾਈਵੇ ਤੇ ਜਾਮ ਦੌਰਾਨ ਆਪਣੇ ਤੇ ਮਿੱਟੀ ਦਾ ਤੇਲ ਪਾ ਕੇ ਆਤਮਹੱਤਿਆ ਦੀ ਕੋਸ਼ਿਸ ਕਰਨ ਨੂੰ ਮੌਕੇ ਤੇ ਮੌਜੂਦ ਪੁਲਿਸ ਨੇ ਨਾਕਾਮ ਬਣਾ ਦਿੱਤਾ ਜਿਸ ਦੇ ਚਲਦਿਆਂ ਇੱਕ ਵੱਡੀ ਘਟਨਾ ਵਾਪਰਨ ਤੋਂ ਬਚਾਅ ਰਹਿ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਬੀਤੀ 8 ਜੂਨ ਨੂੰ ਪਿੰਡ ਭਾਗੀਵਾਂਦਰ ਵਿਖੇ ਮੋਨੂੰ ਅਰੋੜਾ ਦੀ ਬੇਰਹਿਮੀ ਨਾਲ ਵੱਢ ਟੁੱਕ ਕੀਤੇ ਜਾਣ ਉਪਰੰਤ ਉਸਦੀ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਜਾਣ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਦੇ 13 ਵਿਅਕਤੀਆਂ ਤੇ ਕਤਲ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਹੁਣ ਤੱਕ ਤਿੰਨ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ।ਮ੍ਰਿਤਕ ਮੋਨੂੰ ਅਰੋੜਾ ਦੇ ਪਰਿਵਾਰ ਨੇ ਬੀਤੇ ਦਿਨੀ ਵੀ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਤੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਤੇ ਸਮੁੱਚੇ ਪਰਿਵਾਰ ਵੱਲੋਂ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਸੀ ਤੇ ਅੱਜ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਮ੍ਰਿਤਕ ਦੇ ਪਿਤਾ ਵਿਜੈ ਕੁਮਾਰ ਅਤੇ ਇੱਕ ਸਥਾਨਕ ਬਸਪਾ ਆਗੂ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਬਠਿੰਡਾ ਹਾਈਵੇ ਤੇ ਜਾਮ ਲਾ ਕੇ ਪੁਲਿਸ,ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸੇ ਦੌਰਾਨ ਮਾਮਲਾ ਉਦੋਂ ਵਿਗੜ ਗਿਆ ਜਦੋਂ ਮੋਨੂੰ ਦੀ ਮਾਤਾ ਸੋਮਾ ਰਾਣੀ ਤੇ ਉਸਦੀਆਂ ਦੋ ਭੈਣਾਂ ਨੇ ਆਪਣੇ ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਮੌਕੇ ਤੇ ਮੌਜੂਦ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਫੁਰਤੀ ਨਾਲ ਕੰਮ ਲੈਂਦਿਆਂ ਔਰਤਾਂ ਤੋਂ ਮਾਚਿਸਾਂ ਖੋਹਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਤੇ ਇੱਕ ਵੱਡੀ ਘਟਨਾ ਨੂੰ ਵਾਪਰਨ ਤੋਂ ਬਚਾਅ ਲਿਆ।ਧੱਕਾਮੁੱਕੀ ਦੌਰਾਨ ਪਰਿਵਾਰ ਦੀ ਇੱਕ ਲੜਕੀ ਵੀਰਪਾਲ ਕੌਰ ਦੇ ਹੱਥ ਤੇ ਸੱਟ ਵੀ ਲੱਗ ਗਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਮੋਨੂੰ ਅਰੋੜਾ ਦੇ ਪਿਤਾ ਵਿਜੈ ਕੁਮਾਰ ਨੇ ਕਿਹਾ ਕਿ ਮੋਨੂੰ ਦੇ ਕਥਿਤ ਕਾਤਿਲ ਪਿੰਡ ਵਿੱਚ ਸ਼ਰੇਆਮ ਖੁੱਲੇ ਘੁੰਮ ਰਹੇ ਹਨ ਤੇ ਇਸਦੀ ਸੂਚਨਾ ਉਹ ਬਕਾਇਦਾ ਪੁਲਿਸ ਨੂੰ ਕਈ ਵਾਰ ਦੇ ਚੁੱਕੇ ਹਨ ਪ੍ਰੰਤੂ ਪੁਲਿਸ ਹਲਕੇ ਦੀ ‘ਆਪ’ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਦਬਾਅ ਹੇਠ ਉਨਾਂ ਨੂੰ ਬਚਾਅ ਰਹੀ ਹੈ ਤੇ ਪੁਲਿਸ ਦੀ ਛਾਪੇਮਾਰੀ ਦੀ ਕਹਾਣੀ ਝੂਠ ਦਾ ਪੁਲੰਦਾ ਹੈ।ਮ੍ਰਿਤਕ ਮੋਨੂੰ ਅਰੋੜਾ ਦੀ ਭਰਜਾਈ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਦੋਂ ਵੀ ਕੋਈ ਸੂਚਨਾ ਲੈ ਕੇ ਪੁਲਿਸ ਕੋਲ ਜਾਂਦੇ ਹਨ ਤਾਂ ਪੁਲਿਸ ਉਨਾਂ ਤੋਂ ਛਾਪਾ ਮਾਰਨ ਲਈ ਤੇਲ ਪਾਣੀ ਦਾ ਖਰਚਾ ਮੰਗਦੀ ਹੈ ਤੇ ਡੀ.ਐੱਸ.ਪੀ ਤਲਵੰਡੀ ਸਾਬੋ ਤਾਂ ਦਫਤਰ ਵਿੱਚ ਪੁੱਜਣ ਤੇ ਉਲਟਾ ਉਨਾ ਨਾਲ ਹੀ ਸਖਤੀ ਨਾਲ ਪੇਸ਼ ਆਂਉਦਾ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੁਲਿਸ ਕਥਿਤ ਤੌਰ ਤੇ ਦੋਸ਼ੀਆਂ ਨਾਲ ਮਿਲੀ ਹੋਈ ਹੈ।ਉਨਾਂ ਕਿਹਾ ਕਿ ਅਜੇ ਤੱਕ ਤਿੰਨ ਦੋਸ਼ੀ ਹੀ ਫੜੇ ਹਨ ਤੇ ਉਨਾਂ ਵਿੱਚੋਂ ਵੀ ਦੋ ਨੇ ਆਤਮਸਮਰਪਣ ਕੀਤਾ ਹੈ ਫਿਰ ਡੇਢ ਮਹੀਨੇ ਤੋਂ ਪੁਲਿਸ ਕਰ ਕੀ ਰਹੀ ਹੈ?
ਉੱਧਰ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਪੁਲਿਸ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਇਸੇ ਦੌਰਾਨ ਹੀ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ ਤੇ ਬਾਕੀਆਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸਾਂ ਜਾਰੀ ਹਨ।ਉਨਾਂ ਕਿਹਾ ਕਿ ਉਕਤ ਕਥਿਤ ਦੋਸ਼ੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਫਰਾਰ ਹੋ ਗਏ ਹਨ।ਉਨਾਂ ਨੇ ਪੁਲਿਸ ਵੱਲੋਂ ਛਾਪੇਮਾਰੀ ਲਈ ਕੋਈ ਖਰਚਾ ਪਾਣੀ ਮੰਗਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।ਖਬਰ ਲਿਖੇ ਜਾਣ ਤੱਕ ਪੀੜਿਤ ਪਰਿਵਾਰ ਵੱਲੋਂ ਰੋਡ ਤੇ ਰੋਸ ਧਰਨਾ ਜਾਰੀ ਸੀ।

Share Button

Leave a Reply

Your email address will not be published. Required fields are marked *

%d bloggers like this: