ਭਾਈ ਰਣਜੀਤ ਸਿੰਘ ਦੀ ਬੇੜੀ ਦਾ ਸਹਿਸਵਾਰ ਆਪਣੇ ਸਾਥੀਆਂ ਸਣੇ ਅਕਾਲੀ ਦਲ ਵਿਚ ਸ਼ਾਮਲ

ss1

ਭਾਈ ਰਣਜੀਤ ਸਿੰਘ ਦੀ ਬੇੜੀ ਦਾ ਸਹਿਸਵਾਰ ਆਪਣੇ ਸਾਥੀਆਂ ਸਣੇ ਅਕਾਲੀ ਦਲ ਵਿਚ ਸ਼ਾਮਲ

11ਨਵੀਂ ਦਿੱਲੀ – ਮਨਪ੍ਰੀਤ ਸਿੰਘ ਖਾਲਸਾ: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪਾਰਟੀ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਵਾਰਡ ਨੰਬਰ 21 ਖਿਆਲਾ ਤੋਂ ਮੈਂਬਰ ਚੁਣੇ ਗਏ ਹਰਜਿੰਦਰ ਸਿੰਘ ਨੇ ਅੱਜ ਘਰ ਵਾਪਸੀ ਕਰ ਲਈ। ਦਰਅਸਲ ਭਾਈ ਰਣਜੀਤ ਸਿੰਘ ਦੇ 2017 ਕਮੇਟੀ ਚੋਣਾਂ ’ਚ ਦੋ ਮੈਂਬਰ ਚੋਣ ਜਿੱਤੇ ਸਨ ਅਤੇ ਇਸ ਸੂਚੀ ’ਚ ਸ਼ਾਮਲ ਹਰਜਿੰਦਰ ਸਿੰਘ ਨੇ ਬੀਤੇ ਐਤਵਾਰ ਨੂੰ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਵਿਸ਼ਨੂੰ ਗਾਰਡਨ ਮੱਦੀ ਵਾਲੀ ਗੱਲੀ ਦੇ ਪ੍ਰਧਾਨ ਦੀ ਚੋਣ ਵੀ ਜਿੱਤੀ ਸੀ। ਪਰ ਸਿਆਸੀ ਮਾਹਿਰਾਂ ਨੂੰ ਹੈਰਾਨ ਕਰਦੇ ਹੋਏ ਹਰਜਿੰਦਰ ਨੇ ਅੱਜ ਆਪਣੀ ਪੂਰੀ ਜੇਤੂ ਟੀਮ ਦੇ ਨਾਲ ਅਕਾਲੀ ਦਲ ਦਫ਼ਤਰ ਪੁੱਜ ਕੇ ਦਲ ਅਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ’ਚ ਆਪਣਾ ਪੂਰਾ ਭਰੋਸਾ ਜਤਾਉਂਦੇ ਹੋਏ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ। ਜੇਤੂ ਟੀਮ ਦੇ ਮੈਂਬਰ ਰਹੇ ਸਤਪਾਲ ਸਿੰਘ ਜਨਰਲ ਸਕੱਤਰ ਅਤੇ ਖਜਾਨਚੀ ਜਸਵਿੰਦਰ ਸਿੰਘ ਸਣੇ ਸਮੂਹ ਮੈਂਬਰਾਂ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਸਮਰਪਿਤ ਹੁੰਦੇ ਹੋਏ ਭਾਈ ਰਣਜੀਤ ਸਿੰਘ ਦਾ ਸਾਥ ਛੱਡਣ ਦਾ ਐਲਾਨ ਕੀਤਾ। ਜੀ.ਕੇ. ਨੇ ਪਾਰਟੀ ’ਚ ਹਰਜਿੰਦਰ ਨੂੰ ਜੀ ਆਇਆ ਕਹਿੰਦੇ ਹੋਏ ਯੋਗ ਥਾਂ ’ਤੇ ਹਰਜਿੰਦਰ ਦੀ ਸੇਵਾਵਾਂ ਲੈਣ ਦਾ ਇਸ਼ਾਰਾ ਕੀਤਾ। ਜੀ.ਕੇ. ਨੇ ਕਿਹਾ ਕਿ ਹਰਜਿੰਦਰ ਨੇ ਪਹਿਲੇ ਵੀ ਬਤੌਰ ਕਮੇਟੀ ਮੈਂਬਰ ਦਿੱਲੀ ਕਮੇਟੀ ’ਚ ਬੀਤੇ 4 ਸਾਲ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਪਾਰਟੀ ਵਿਚ ਵਾਪਸ ਪਰਤ ਕੇ ਪਾਰਟੀ ਨੂੰ ਮਜਬੂਤੀ ਦਿੱਤੀ ਹੈ। ਹਰਜਿੰਦਰ ਨੇ ਪਾਰਟੀ ’ਚ ਆਪਣੀ ਵਾਪਸੀ ਨੂੰ ਘਰ ਵਾਪਸੀ ਦੱਸਦੇ ਹੋਏ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸੇਵਾਵਾਂ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇ.ਪੀ. ਅਤੇ ਚਮਨ ਸਿੰਘ ਮੌਜੂਦ ਸਨ। ਇਥੇ ਦੱਸ ਦੇਈਏ ਕਿ 2017 ਕਮੇਟੀ ਚੋਣਾਂ ਤੋਂ ਪਹਿਲਾ ਕਮੇਟੀ ਮੈਂਬਰ ਹਰਜਿੰਦਰ ਅਤੇ ਜੀਤ ਸਿੰਘ ਖੋਖਰ ਨੇ ਭਾਈ ਰਣਜੀਤ ਸਿੰਘ ਦੀ ਪਾਰਟੀ ’ਚ ਦਾਖਲ ਹੋ ਕੇ ਚੋਣ ਲੜੀ ਸੀ ਜਿਸ ਵਿਚ ਹਰਜਿੰਦਰ ਨੂੰ ਜਿੱਤ ਅਤੇ ਖੋਖਰ ਨੂੰ ਹਾਰ ਪ੍ਰਾਪਤ ਹੋਈ ਸੀ। ਅਕਾਲੀ ਦਲ ਨੇ ਉਸ ਵੇਲੇ ਦੋਨੋਂ ਕਮੇਟੀ ਮੈਂਬਰਾਂ ਨੂੰ 6 ਸਾਲ ਲਈ ਪਾਰਟੀ ਤੋਂ ਬਰਖਾਸ਼ਤ ਕਰ ਦਿੱਤਾ ਸੀ।

Share Button

Leave a Reply

Your email address will not be published. Required fields are marked *