ਭਾਈ ਤਾਰੂ ਸਿੰਘ ਜੀ

ਭਾਈ ਤਾਰੂ ਸਿੰਘ ਜੀ
ਜਦੋਂ ਸਿੱਖਾਂ ਤੇ ਹੋਇਆ ਸੀ ਜ਼ੁਲਮ ਭਾਰੀ , ਮੁੱਲ ਸਿੱਖਾਂ ਦੇ ਸਿਰਾਂ ਦਾ ਪੈ ਰਿਹਾ ਸੀ ।
ਖ਼ਾਨ ਜ਼ਕਰੀਆ ਆਖੇ ਸਿੱਖ ਖਤਮ ਕਰਨੇ , ਡਾਢਾ ਜ਼ੁਲਮ ਸਿੱਖਾਂ ਤੇ ਢਹਿ ਰਿਹਾ ਸੀ ।
ਸੁਣੀ ਕਿਸੇ ਨਾਂ ਉਦੋਂ ਫ਼ਰਿਆਦ ਹੈਸੀ , ਲਹੂ ਸਿੱਖਾਂ ਦਾ ਪਾਣੀ ਵਾਂਗ ਵਹਿ ਰਿਹਾ ਸੀ ।
ਸਰਕਾਰੀ ਜ਼ੁਲਮ ਨੂੰ ਵੇਖ ਹਰ ਕੋਈ , ਸਿੱਖ ਮੁੱਕ ਜਾਣੇ ਇਹ ਮੁੱਖੋਂ ਕਹਿ ਰਿਹਾ ਸੀ ।
ਬੀਕਾਨੇਰ ਦੇ ਮਾਰੂਥਲਾਂ ਵਿੱਚ ਬੈਠੇ , ਸਦਾ ਸਿਫ਼ਤ ਕਰਤਾਰ ਦੀ ਗਾਂਵਦੇ ਰਹੇ ।
ਨਾਲ ਹਾਕਮਾਂ ਟੱਕਰ ਹੈ ਅਸਾਂ ਲੈਣੀ , ਸਿੱਖ ਵਿਉਂਤਾਂ ਅਜਿਹੀਆਂ ਬਣਾਂਵਦੇ ਰਹੇ ।
ਕਈ ਸਿੱਖ ਪਿੰਡਾਂ ਦੇ ਰਲ – ਮਿਲ ਕੇ , ਸਿੰਘਾਂ ਤਾਈਂ ਸੀ ਲੰਗਰ ਪਹੁੰਚਾਂਵਦੇ ਰਹੇ ।
ਹੋਰ ਵਸਤਾਂ ਜ਼ਰੂਰੀ ਵੀ ਕਰ ਭੇਟਾ , ਗੁਰਸਿੱਖਾਂ ਦੀ ਟਹਿਲ ਕਮਾਂਵਦੇ ਰਹੇ ।
ਪੂਹਲੇ ਨਗਰ ਦਾ ਤਾਰੂ ਸਿੰਘ ਗੱਭਰੂ , ਖੇਤੀਬਾੜੀ ਦਾ ਕੰਮ ਸੰਭਾਲਦਾ ਉਹ ।
ਮਾਂ ਦੇ ਕੋਲੋਂ ਗੁਰਸਿੱਖੀ ਦੀ ਲੈ ਗੁੜ੍ਹਤੀ , ਨੇਮ ਨਿੱਤ ਦਾ ਕਦੇ ਨਾਂ ਟਾਲਦਾ ਉਹ ।
ਪ੍ਰਸ਼ਾਦੇ ਜੰਗਲਾਂ ਵਿੱਚ ਲਿਜਾਣ ਲੱਗਾ , ਜਦੋਂ ਹੋਇਆ ਸੀ ਪੰਝੀ ਸਾਲ ਦਾ ਉਹ ।
ਗੁਰੂ ਨਾਨਕ ਦੇ ਸਿੱਖਾਂ ਦੀ ਕਰ ਸੇਵਾ , ਸਿੱਖੀ ਸਿਦਕ ਪਿਆ ਸੀ ਪਾਲਦਾ ਉਹ ।
ਹਰਭਗਤ ਨਿਰੰਜਣੀਆ ਲਾਹੌਰ ਜਾ ਕੇ , ਤਾਰੂ ਸਿੰਘ ਦੀ ਚੁਗਲੀ ਲਾਉਣ ਲੱਗਾ ।
ਕਿਹਾ ਸਰਕਾਰ ਸਿੱਖ ਨਹੀਂ ਮੁੱਕ ਸਕਦੇ , ਤਾਰੂ ਸਿੰਘ ਹੈ ਲੰਗਰ ਪਹੁੰਚਾਉਣ ਲੱਗਾ ।
ਉਹ ਅਦੂਲੀ ਹੁਕਮ ਦੀ ਪਿਆ ਕਰਦੈ , ਆਪਣੇ ਘਰ ਵਿੱਚ ਲੋਹਾਂ ਤਪਾਉਣ ਲੱਗਾ ।
ਵੇਖੋ ਸਰਕਾਰ ਦਾ ਕਿਵੇਂ ਵਫ਼ਾਦਾਰ ਬੰਦਾ , ਤਾਰੂ ਸਿੰਘ ਨੂੰ ਜ਼ਾਲਮ ਫੜਾਉਣ ਲੱਗਾ ।
ਸਿਪਾਹੀ ਪੂਹਲੇ ਨਗਰ ਵਿੱਚ ਆਣ ਪਹੁੰਚੇ , ਤਾਰੂ ਸਿੰਘ ਨੂੰ ਕਰਨ ਗ੍ਰਿਫ਼ਤਾਰ ਆਏ ।
ਮੇਰੇ ਪੁੱਤਰ ਦਾ ਦੱਸੋ ਕਸੂਰ ਕੀ ਏ , ਮਾਂ ਦੇ ਮੁੱਖ ‘ਚੋਂ ਬਚਨ ਸਨ ਬਾਹਰ ਆਏ ।
ਮਾਈ ਹੁਕਮ ਦੇ ਅਸੀਂ ਹਾਂ ਆਏ ਬੱਝੇ , ਸਾਨੂੰ ਹੁਕਮ ਨੇ ਵੱਲੋਂ ਸਰਕਾਰ ਆਏ ।
ਤੇਰੀ ਧੀ ਵੀ ਨਾਲ ਲਿਜਾਵਣੀ ਏ , ਇਹ ਵਾਰੰਟ ਸਰਕਾਰੀ ਤਿਆਰ ਆਏ ।
ਤਾਰੂ ਸਿੰਘ ਦੀ ਭੈਣ ਹੈ ਭੈਣ ਸਾਡੀ , ਇਹੀ ਪਿੰਡ ਵਾਲੇ ਕਹਿਣ ਗੱਲ ਸਾਰੇ ।
ਪੈਸੇ ਦੇ ਕੇ ਕੁੱਝ ਸਿਪਾਹੀਆਂ ਨੂੰ , ਮਸਲੇ ਤਾਰੋ ਦੇ ਕਰ ਲਏ ਹੱਲ ਸਾਰੇ ।
ਇਹ ਸਿੱਖ ਨਿਰਦੋਸ਼ ਦਸ਼ਮੇਸ਼ ਦਾ ਏ , ਤਾਹੀਂ ਲੋਕ ਨੇ ਇਸਦੇ ਵੱਲ ਸਾਰੇ ।
ਹੋਇਆ ਸੰਗਤਾਂ ਦਾ ਇਕੱਠ ਭਾਰੀ , ਨਾਲੇ ਸਿੰਘ ਜੁਝਾਰੂ ਆਏ ਚੱਲ ਸਾਰੇ ।
ਤਾਰੂ ਸਿੰਘ ਨੇ ਮੁੱਖੋਂ ਇਹ ਗੱਲ ਆਖੀ , ਆਇਆ ਸਮਾਂ ਹੈ ਸਿਦਕ ਨਿਭਾਵਣੇ ਦਾ ।
ਬਾਜਾਂ ਵਾਲਾ ਪਿਆਰਾ ਉਡੀਕਦਾ ਹੈ , ਗੋਦੀ ਉਸੇ ਦੀ ਵਿੱਚ ਹੁਣ ਜਾਵਣੇ ਦਾ ।
ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਮੇਰੀ , ਜ਼ਿੰਦ ਗੁਰੂ ਦੇ ਲੇਖੇ ਹੁਣ ਲਾਵਣੇ ਦਾ ।
ਕਿੰਨਾਂ ਹੋਇਆ ਪਰਪੱਕ ਹੈ ਸਿਦਕ ਮੇਰਾ , ਵਕਤ ਆਇਆ ਹੈ ਇਹ ਅਜ਼ਮਾਵਣੇ ਦਾ ।
ਲਾਹੌਰ ਪਹੁੰਚਿਆ ਜ਼ਕਰੀਏ ਗੱਲ ਆਖੀ , ਮੁਸਲਿਮ ਬਣਨ ਲਈ ਹੋ ਤਿਆਰ ਹੁਣ ਤੂੰ ।
ਸੋਹਣੀ ਦੇਹੀ ਨਾਂ ਮੁੜ ਕੇ ਲੱਭਣੀ ਏ , ਕਿਉਂ ਦੇਹੀ ਨਾਲ ਨਾਂ ਕਰੇਂ ਪਿਆਰ ਹੁਣ ਤੂੰ ।
ਲਾਲ ਗੁਰੂ ਦਾ ਇਕੋ ਗੱਲ ਕਹਿਣ ਲੱਗਾ , ਇਹ ਰੰਬੀਆਂ ਜ਼ਰਾ ਸਵਾਰ ਹੁਣ ਤੂੰ ।
ਕਲਗੀ ਵਾਲੜਾ ਬਾਪੂ ਉਡੀਕ ਰਿਹਾ ਏ , ਕੇਸਾਂ ਸਣੇ ਹੀ ਖੋਪਰ ਉਤਾਰ ਹੁਣ ਤੂੰ ।
ਨਾਲ ਰੰਬੀਆਂ ਖੋਪਰ ਜਦ ਰਹਿਣ ਲੱਗਾ , ਮੁੱਖੋਂ ਬਾਣੀ ਸਿੱਖ ਪਿਆ ਗਾਇ ਗਿਆ ।
ਲਾਲੀ ਚਿਹਰੇ ਦੀ ਪਈ ਇਹ ਦੱਸਦੀ ਏ , ਬਚਨ ਗੁਰੂ ਦੇ ਸਿੰਘ ਕਮਾਇ ਗਿਆ ।
ਕਿਵੇਂ ਸਿਦਕ ਨਿਭਾਈ ਦਾ ਹੈ ਸਿੱਖਾ , ਤਾਰੂ ਸਿੰਘ ਅਖ਼ੀਰ ਸਿਖਾਇ ਗਿਆ ।
“ਅਰਸ਼ ਸਿੰਘਾ” ਜੋ ਮਿਲੀ ਅਮੁੱਲ ਸਿੱਖੀ , ਉਸ ਸਿੱਖੀ ਨੂੰ ਸਿੱਖ ਨਿਭਾਇ ਗਿਆ ।
ਅਰਸ਼ਪ੍ਰੀਤ ਸਿੰਘ ਮਧਰੇ
ਫੋਨ ਨੰਬਰ- 9878567128