ਭਾਈ ਅਵਤਾਰ ਸਿੰਘ ਦੀ ਦਿੱਲੀ ਕਮੇਟੀ ਨੇ ਫੜ੍ਹੀ ਬਾਂਹ

ss1

ਭਾਈ ਅਵਤਾਰ ਸਿੰਘ ਦੀ ਦਿੱਲੀ ਕਮੇਟੀ ਨੇ ਫੜ੍ਹੀ ਬਾਂਹ
ਭਾਈ ਅਵਤਾਰ ਸਿੰਘ ਨੇ ਨਿਰੰਕਾਰੀ ਮੁਖੀ ’ਤੇ ਗੋਲੀ ਚਲਾਈ ਸੀ

ਨਵੀਂ ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਅਵਤਾਰ ਸਿੰਘ ਰੰਧਾਵਾ ਨੂੰ ਮਾਲੀ ਅਤੇ ਸਿਹਤ ਸਹਾਇਤਾ ਉਪਲਬਧ ਕਰਵਾਈ ਗਈ ਹੈ। ਦਰਅਸਲ ਸਿੱਖਾਂ ਅਤੇ ਨਿਰੰਕਾਰੀਆ ‘ਚ 1980 ਦੇ ਦਹਾਕੇ ਦੌਰਾਨ ਪੈਦਾ ਹੋਏ ਟਕਰਾਓ ਉਪਰੰਤ ਭਾਈ ਅਵਤਾਰ ਸਿੰਘ ਨੇ ਨਿਰੰਕਾਰੀ ਮੁਖੀ ’ਤੇ ਦੁਰਗ (ਛੱਤੀਸ਼ਗੜ੍ਹ) ਵਿਖੇ ਪਹਿਲੀ ਵਾਰ ਗੋਲੀ ਚਲਾਈ ਸੀ। ਜਿਸਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਤਸ਼ੱਦਦ ਉਪਰੰਤ ਭਾਈ ਅਵਤਾਰ ਸਿੰਘ ਦੀ ਕੁਲ੍ਹੇ ਦੀ ਹੱਡੀ ਟੁੱਟ ਗਈ ਸੀ। ਇਸ ਸਾਰੀ ਕਵਾਇਦ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਤੌਰ ’ਤੇ ਵੀ ਕਾਫ਼ੀ ਨੁਕਸਾਨ ਭਾਈ ਅਵਤਾਰ ਸਿੰਘ ਦੇ ਇਲਾਜ਼ ਅਤੇ ਕਾਨੂੰਨੀ ਲੜਾਈ ਦੌਰਾਨ ਉਠਾਉਣਾ ਪਿਆ ਸੀ।
ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਬੀਤੇ ਦਿਨੀਂ ਦਿੱਲੀ ਆ ਕੇ ਭਾਈ ਅਵਤਾਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਈ ਸੀ। ਜਿਸਤੋਂ ਬਾਅਦ ਜੀ.ਕੇ. ਨੇ ਭਾਈ ਅਵਤਾਰ ਸਿੰਘ ਦੇ ਕੁਲ੍ਹੇ ਦੇ ਅਪਰੇਸ਼ਨ ਲਈ ਮਾਇਆ ਦੀ ਵਿਵਸਥਾ ਕਰਵਾਈ ਸੀ। ਹਸਪਤਾਲ ਤੋਂ ਛੁੱਟੀ ਲੈ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਯਾਤਰੀ ਨਿਵਾਸ ਵਿਖੇ ਅਰਾਮ ਕਰ ਰਹੇ ਭਾਈ ਅਵਤਾਰ ਸਿੰਘ ਦਾ ਹਾਲਚਾਲ ਪੁੱਛਣ ਦੌਰਾਨ ਜੀ.ਕੇ. ਨੇ ਮਾਇਕ ਸਹਾਇਤਾ ਦੇ ਤੌਰ ’ਤੇ 2 ਲੱਖ ਰੁਪਏ ਦਾ ਚੈਕ ਦਿੱਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਪ੍ਰਸਿੱਧ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਆਦਿਕ ਦੀ ਮੌਜੂਦਗੀ ’ਚ ਭਾਈ ਅਵਤਾਰ ਸਿੰਘ ਨੇ ਦਿੱਲੀ ਕਮੇਟੀ ਦਾ ਧੰਨਵਾਦ ਕੀਤਾ।
ਜੀ.ਕੇ. ਨੇ ਕਿਹਾ ਕਿ ਕੌਮ ਲਈ ਆਪਣੀ ਜਵਾਨੀ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਦਾਅ ’ਤੇ ਲਗਾਉਣ ਵਾਲੇ ਕੌਮੀ ਹੀਰਿਆਂ ਦੀ ਮਦਦ ਕਰਨਾ ਗੁਰਦੁਆਰਾ ਕਮੇਟੀਆਂ ਦਾ ਮੁੱਢਲਾ ਫ਼ਰਜ਼ ਹੈ। ਕਿਉਂਕਿ ਗੁਰੂ ਸਾਹਿਬਾਨਾ ਨੇ ਸਿੱਖ ਨੂੰ ਹਮੇਸ਼ਾ ਹੀ ਗੈਰਤ ਅਤੇ ਅਣਖ ਦੇ ਨਾਲ ਜੀਉਣਾ ਸਿੱਖਾਇਆ ਹੈ। ਸਿੱਖ ਕਿਸੇ ਦਾ ਪਹਿਲੇ ਬੁਰਾ ਨਹੀਂ ਕਰਦਾ ਪਰ ਜੇਕਰ ਕੋਈ ਸਿੱਖੀ ਸਿਧਾਂਤਾ ਨੂੰ ਆਪਣੇ ਪੈਰਾ ਤੱਲੇ ਰੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਿੱਖ ਦਾ ਉਸਨੂੰ ਜਵਾਬ ਦੇਣਾ ਕਿਤੇ ਵੀ ਗਲਤ ਨਹੀਂ ਹੈ।

Share Button

Leave a Reply

Your email address will not be published. Required fields are marked *