ਭਰੂਣ ਹੱਤਿਆ ਤੇ ਧੀ ਦੇ ਕਾਤਲ ਕੌਣ?

ss1

ਭਰੂਣ ਹੱਤਿਆ ਤੇ ਧੀ ਦੇ ਕਾਤਲ ਕੌਣ?

ਅੱਜ ਕੱਲ ਬੇਟੀ ਬਚਾਉ,ਬੇਟੀ ਪੜ੍ਹਾਉ ਦੀ ਹਰ ਕੋਈ ਜੋਰ ਸ਼ੋਰ ਨਾਲਗੱਲ ਕਰ ਰਿਹਾ ਹੈ।ਕੋਈ ਇਸ ਤੇ ਸਿਆਸਤ ਕਰਦਾ,ਵੋਟ ਬਟੋਰਦਾ ਹੈ ਤੇ ਕੋਈ ਆਪਣਾ ਹੋਰ ਉਲੂ ਸਿੱਧਾ ਕਰਦਾ ਹੈ।ਪਰ ਕੋਈ ਵੀ ਇਸ ਬਾਰੇ ਗੰਭੀਰ ਨਹੀਂ, ਨਾ ਪਰਿਵਾਰ, ਨਾ ਸਮਾਜ ਨਾ ਸਰਕਾਰਾਂ, ਨਾ ਪ੍ਰਸ਼ਾਸਨ ਤੇ ਸੱਭ ਤੋਂ ਉਪਰ ਨਾ ਔਰਤ ਖੁਦ।ਕੁਝ ਲੋਕ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਗੇ ਤੇ ਕੁਝ ਅਸਿਹਮਤੀ ਵਿਖਾਉਣਗੇ।ਇਸ ਵਿੱਚ ਕਿਸੇ ਨਾਲ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਹਰ ਦੀ ਸੋਚ ਤੇ ਨਜ਼ਰੀਆ ਆਪਣਾ ਹੈ ਤੇ ਵੱਖੋ ਵੱਖਰਾ ਹੈ।ਚਲੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਰੂਣ ਹੱਤਿਆ ਦੀ।ਕੋਈ ਦਹੇਜ ਨੂੰ ਇਸਦਾ ਕਾਰਨ ਦੱਸਦਾ ਹੈ ਤੇ ਕੋਈ ਸਮਾਜ ਵਿੱਚ ਹੋ ਰਹੇ ਰੋਜ਼ ਰੋਜ਼ ਬਲਾਤਕਾਰ ਤੇ ਛੇੜਖਾਨੀ।ਦਹੇਜ ਦੀ ਗੱਲ ਕਹਿ ਕੇ ਤੁਸੀਂ ਜ਼ੁਰਮ ਤੋਂ ਬਰੀ ਤਾਂ ਨਹੀਂ ਹੋ ਜਾਂਦੇ।ਦਹੇਜ ਹਰ ਪਰਿਵਾਰ ਆਪਣੀ ਹੈਸੀਅਤ ਤੇ ਅਗਲੇ ਪਰਿਵਾਰ ਮੁਤਾਬਿਕ ਦਿੰਦਾ ਹੈ।ਏਹ ਤਾਂ ਸਦੀਆਂ ਪੁਰਾਣੀ ਰੀਤ ਹੈ।ਜਿਸ ਤਰ੍ਹਾਂ ਵਕਤ ਬਦਲਿਆ,ਬੱਚਿਆਂ ਦੀਆਂ ਮੰਗਾਂ ਤੇ ਲੋੜਾਂ ਵੀ ਬਦਲ ਗਈਆਂ।ਤੁਸੀਂ ਪੁੱਤਾਂ ਨੂੰ ਕਰੋੜਾਂ ਦੀ,ਲੱਖਾਂ ਦੀ ਜਾਂ ਇਸ ਤੋਂ ਵੱਧ ਘੱਟ ਜਾਇਦਾਦ ਦਿੰਦੇ ਹੋ,ਜੋ ਸਮਾਨ ਕੁੜੀ ਨੂੰ ਦਿੰਦੇ ਹੋ ਉਹ ਪੁੱਤ ਨੂੰ ਵੀ ਮਿਲਦਾ ਹੈ ਫਿਰ ਉਸਨੂੰ ਜੰਮਣ ਤੋਂ ਪਹਿਲਾਂ ਕਿਉਂ ਨਹੀਂ ਮਾਰਦੇ।ਪੁੱਤ ਜਦੋਂ ਤੰਗ ਕਰਦਾ ਹੈ ਤਾਂ ਹੰਝੂ ਧੀਆਂ ਪੂੰਝਦੀਆਂ ਹਨ।ਦਹੇਜ ਤਾਂ ਸਿਰਫ਼ ਬਹਾਨਾ ਹੈ ਜੋ ਸੋਚ ਵਿੱਚ ਬਿਠਾਇਆ ਹੋਇਆ ਹੈ।ਨੂੰਹ ਵੀ ਤਾਂ ਬਿਗਾਨੀ ਹੈ,ਸੰਭਾਲਦੀ ਵੀ ਨਹੀਂ(ਕੁਝ ਇੱਕ ਨੂੰ ਛੱਡਕੇ)ਫੇਰ ਵੀ ਤੁਸੀਂ ਪੁੱਤ ਕਰਕੇ ਦਿੰਦੇ ਹੋ।ਧੀ ਜਵਾਈ ਨੂੰ ਦੇਣ ਤੇ ਇੰਨਾ ਰੋਣਾ ਕਿਉਂ, ਕਿੰਤੂ ਪਰੰਤੂ ਕਿਉਂ।ਭਰੂਣ ਹੱਤਿਆ ਤੁਹਾਡੀ ਆਪਣੀ ਸੋਚ ਦੀ ਕਾਢ ਹੈ।ਜਿਸ ਦਿਨ ਹਕੀਕਤ ਵਿੱਚ ਤੁਸੀਂ ਧੀ ਨੂੰ ਆਪਣਾ ਬੱਚਾ ਸਮਝੋਗੇ,ਭਰੂਣ ਹੱਤਿਆ ਹੋਵੇਗੀ ਹੀ ਨਹੀਂ।ਗੱਲੀਂ ਬਾਤੀਂ ਧੀਆਂ ਨੂੰ ਪੁੱਤ ਕਹੋਗੇ ਤਾਂ ਇੱਕ ਨਹੀਂ ਕਈ ਸਮਸਿਆਵਾਂ ਨੂੰ ਅਸੀਂ ਜਾਣੇ ਅਣਜਾਣੇ ਜਨਮ ਦਿਆਂਗੇ।ਤੁਸੀਂ ਧੀ ਦੀ ਜਨਮ ਤੋਂ ਪਹਿਲਾਂ ਹੱਤਿਆ ਕਰ ਦਿੱਤੀ, ਜਿਸ ਮਾਂ ਨੇ ਧੀ ਨੂੰ ਜੰਮਿਆ, ਉਸ ਧੀ ਨੂੰ ਤੁਹਾਡਾ ਜੰਮਿਆ ਪੁੱਤ ਛੇੜ ਵੀ ਸਕਦਾ ਹੈ।ਏਸ ਬਾਰੇ ਕਦੇ ਸੋਚਿਆ।ਹਰ ਧੀ ਨੂੰ ਪੁੱਤਾਂ ਦੇ ਬਰਾਬਰ ਰੱਖੋ।ਤੁਸੀਂ ਕਾਨੂੰਨ ਨਹੀਂ ਮੰਨਦੇ ਜੋ ਕਹਿੰਦਾ ਹੈ ਕਿ ਧੀ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਦੀ ਹੱਕਦਾਰ ਹੈ,ਤੁਸੀਂ ਆਪਣੀ ਧੀ ਨਾਲ ਧੋਖਾ ਕਰਦੇ ਹੋ,ਭਰਾ ਭੈਣਾਂ ਨੂੰ ਧਮਕਾ ਕੇ,ਉਨਾ ਦੇ ਹਿੱਸੇ ਦੀ ਜਾਇਦਾਦ ਆਪਣੇ ਨਾਮ ਕਰਵਾ ਲੈਂਦੇ ਹਨ।ਉਦੋਂ ਕਾਨੂੰਨ ਕਿਥੇ ਗਿਆ।ਸੱਭ ਤੋਂ ਪਹਿਲਾਂ ਧੀਆਂ ਤੇ ਭੈਣਾਂ ਨਾਲ ਏਹ ਧੋਖਾ ਕਰਨ ਵਾਲਿਆਂ ਨੂੰ ਕਿਉਂ ਨਾ ਦੋਸ਼ੀ ਮੰਨਿਆ ਜਾਵੇ।ਦਹੇਜ ਵਾਲਾ ਬਣਾਇਆ ਕਾਨੂੰਨ498A ਤੇ ਉਹਦੇ ਨਾਲ ਲੱਗਦੀਆਂ ਦੁਨੀਆਂ ਜਹਾਨ ਦੀਆਂ ਧਾਰਾਵਾਂ ਦੀ ਜਾਣਕਾਰੀ ਹੈ।ਵਕੀਲ ਵੀ ਛੋਟੀ ਮੋਟੀ ਹਰ ਧਾਰਾ ਜੋੜਨ ਵਿੱਚ ਕਸਰ ਨਹੀਂ ਛੱਡਦੇ।ਮਾਣਯੋਗ ਜੱਜ ਸਾਹਿਬ ਤੇ ਅਦਾਲਤਾਂ ਵੀ ਨਹੀਂ ਪੁੱਛਦੀਆਂ ਕਿ ਤੁਸੀਂ ਇਸਦਾ ਕਾਨੂੰਨੀ ਤੌਰ ਤੇ ਬਣਦਾ ਹਿੱਸਾ ਦਿੱਤਾ ਹੈ।ਪਹਿਲਾਂ ਉਹ ਦਿਉ।ਨਾ ਭਰੂਣ ਹੱਤਿਆ ਤੇ ਨਾ ਤਲਾਕ।ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗਣਗੇ।ਜਦੋਂ ਵੀ ਕੋਈ ਆਤਮ ਹੱਤਿਆ ਕਰਦਾ ਹੈ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ ਹੈ।ਏਹ ਵੀ ਇੱਕ ਤਰ੍ਹਾਂ ਦੀ ਬੀਮਾਰੀ ਹੈ।ਕੁਝ ਇੱਕ ਕੇਸ ਸੱਚੇ ਨੇ,ਠੀਕ ਹੁੰਦੇ ਹਨ,ਬਾਕੀ ਤਾਂ ਹੁਣ ਕਾਨੂੰਨ ਦੀ ਗਲਤ ਵਰਤੋਂ ਧੜਾਧੜ ਹੋ ਰਹੀ ਹੈ।ਮੁਆਫ਼ ਕਰਨਾ ਧੀਆਂ ਦੇ ਮਾਪਿਆਂ ਨੂੰ ਜੋ ਆਪਣੇ ਫਾਇਦੇ ਦਾ ਕਾਨੂੰਨ ਹੈ ਉਹ ਪਤਾ ਹੈ। ਜੋ ਧੀ ਦੇ ਹੱਕ ਉਨ੍ਹਾਂ ਦੀ ਜਾਇਦਾਦ ਵਿੱਚੋਂ ਹਨ ਉਸ ਤੇ ਦੜ੍ਹ ਵੱਟ ਜਾਂਦੇ ਹਨ।
ਧੀਆਂ ਨੂੰ ਹਮੇਸ਼ਾ ਇਹ ਦੱਸਿਆ ਜਾਂਦਾ ਹੈ ਕਿ ਤੂੰ ਪੁੱਤਾਂ ਬਰਾਬਰ ਹੈ।ਅਸੀਂ ਤੇਰੇ ਨਾਲ ਖੜੇ ਹਾਂ।ਇਥੇ ਇੰਜ ਰਹਿ ਅਗਲੇ ਘਰ ਜਾਕੇ ਜਿਵੇਂ ਮਰਜ਼ੀ ਰਹੀਂ।ਲੜਕੀ ਨੂੰ ਸਬਜ਼ਬਾਗ ਤਾਂ ਵਿਖਾ ਦਿੱਤੇ, ਫਿਰ ਆਪਣੀ ਹੈਸੀਅਤ ਤੋਂ ਵੱਧ ਦੀ ਦੁਹਾਈ ਦੇਣ ਲੱਗ ਗਏ।ਮੁੰਡੇ ਦੇ ਮਾਪਿਆਂ ਦੇ ਫਰਜ਼ ਤੇ ਕੁੜੀ ਦੇ ਹੱਕਾਂ ਦੀ ਦਹਾਈ ਪੈਣ ਲੱਗ ਜਾਂਦੀ ਹੈ ਪਰ ਮਾਪੇ ਖੁਦ ਕੀਤੀ ਬੇਇਨਸਾਫੀ ਤੇ ਆਪਣੀ ਧੀ ਨਾਲ ਕੀਤੇ ਧੋਖੇ ਦੀ ਗੱਲ ਨਾ ਸੋਚਦੇ ਨੇ ਨਾ ਕਰਦੇ ਨੇ।ਕੁਝ ਇੱਕ ਅੱਧੀ ਘਟਨਾ ਮੈਂ ਦੱਸਣੀ ਵੀ ਚਾਹਾਂਗੀ।ਭਰਾ ਨੇ ਮਾਂ ਨਾਲ ਅੜੌਣੀ ਪਾ ਲਈ ਕਿ ਜੇ ਭੈਣ ਜ਼ਮੀਨ ਲੈਕੇ ਜਾਵੇਗੀ ਤਾਂ ਉਹ ਇਸ ਘਰ ਵਿੱਚ ਨਹੀਂ ਵੜੇਗੀ।ਮਾਂ ਨੇ ਕੋਈ ਜਾਇਦਾਦ ਵੇਚੀ ਸੀ ਉਸ ਵਿੱਚੋਂ ਪੈਸੇ ਦੇਣੇ ਸੀ ਧੀ ਨੂੰ, ਜੋ ਬਾਪ ਮਰਨ ਤੋਂ ਪਹਿਲਾਂ ਕਹਿ ਗਿਆ ਸੀ।ਉਨ੍ਹਾਂ ਪੈਸਿਆਂ ਵਿੱਚ ਵੀ ਅੜ੍ਹ ਗਿਆ।ਭਰਾ ਨੇ ਡਰਾ ਧਮਕਾ ਕੇ ਲੜ ਝਗੜ ਕੇ,ਦਬਾਅ ਪਾਕੇ ਭੈਣ ਦੇ ਹਿੱਸੇ ਦੀ ਜ਼ਮੀਨ ਕਰੋੜ ਦੇ ਕਰੀਬ ਦੀ ਆਪਣੇ ਨਾਮ ਲਗਵਾ ਲਈ।ਮਾਂ ਦੇ ਪੈਸਿਆਂ ਵਿੱਚੋਂ ਮਾਮੂਲੀ ਜਿਹੀ ਰਕਮ ਦੇਕੇ,ਏਹ ਲਿਖਵਾ ਲਿਆ ਕਿ ਮੈਂ ਸਾਰੀ ਜਾਇਦਾਦ ਦੇ ਪੈਸੇ ਲੈ ਲਏ ਨੇ।ਏਹ ਇੱਕ ਧੀ ਨਾਲ ਨਹੀਂ ਤਕਰੀਬਨ ਤਕਰੀਬਨ ਹਰ ਧੀ ਨਾਲ ਹੁੰਦਾ ਹੈ।ਜੇਕਰ ਸੁਹਰੇ ਨਹੀਂ ਦਿੰਦੇ ਤਾਂ ਇੰਜ ਭਰਾ ਸਾਥ ਦਿੰਦੇ ਹਨ ਕਿ ਇਨ੍ਹਾਂ ਨੂੰ ਬਹੁਤ ਦੁੱਖ ਹੈ।ਜਦੋਂ ਵੀ ਮਾਪੇ ਏਹ ਸਿਖਿਆ ਦਿੰਦੇ ਹਨ ਕਿ ਸੁਹਰੇ ਪਰਿਵਾਰ ਵਿੱਚ ਤੇਰੇ ਏਹ ਹੱਕ ਹਨ,ਤਾਂ ਉਸੇ ਵਕਤ ਭਰਾਵਾਂ ਤੇ ਮਾਪਿਆਂ ਨੂੰ ਆਪਣੇ ਹੱਕ ਦੀ ਜਾਣਕਾਰੀ, ਉਨ੍ਹਾਂ ਦੀ ਜਾਇਦਾਦ ਵਾਲੀ ਵੀ ਦੱਸੋ।ਸਿਰਫ਼ ਇੱਕ ਤਰਫੀ ਤੇ ਅੱਧ ਅਧੂਰੀ ਸੋਚ ਲੈਕੇ ਜ਼ਿੰਦਗੀ ਵਧੀਆ ਤਰੀਕੇ ਨਾਲ ਨਹੀਂ ਚੱਲਦੀ।ਕੋਈ ਵੀ ਮਾਂ ਬਾਪ ਆਪਣੇ ਬੱਚੇ ਦਾ ਬੁਰਾ ਨਹੀਂ ਸੋਚ ਸਕਦਾ।ਲੜਕੇ ਦੇ ਮਾਪੇ ਬੁਰਾ ਕਿਵੇਂ ਸੋਚ ਸਕਦੇ ਹਨ।ਖੁਦ ਸੋਚਕੇ ਵੇਖਣਾ ਮਾਪਿਆਂ ਵੱਲੋਂ ਦਿੱਤਾ ਸਮਾਨ,ਸੁਹਰੇ ਪਰਿਵਾਰ ਵੱਲੋਂ ਦਿੱਤੀ ਜਾਣ ਵਾਲੀ ਜਾਇਦਾਦ ਤੋਂ ਕਿੰਨੇ ਗੁਣਾਂ ਵੱਧ ਹੈ।ਸਮਾਜ ਦੇ ਹਰ ਵਰਗ ਨੂੰ ਸੋਚ ਬਦਲਣ ਦੀ ਜ਼ਰੂਰਤ ਹੈ।ਧੀਆਂ ਨਾਲ ਦਹੇਜ ਦੇ ਨਾਮ ਤੇ ਧੋਖਾ ਨਾ ਕਰੋ।ਭਰੂਣ ਹੱਤਿਆ ਦਹੇਜ ਕਰਕੇ ਨਹੀਂ ਤੁਹਾਡੀ ਸੋਚ ਕਰਕੇ ਹੁੰਦੀ ਹੈ।ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਸਮਾਜ ਨੂੰ ਧੀ ਪੁੱਤ ਦੀ ਸੋਚ ਤੋਂ ਬਾਹਰ ਆਕੇ ਏਹ ਸੋਚਣਾ ਪਵੇਗਾ ਕਿ ਮੇਰੇ ਦੋ ਬੱਚੇ ਹਨ।ਜੋ ਕੁਝ ਵੀ ਹੈ ਮੇਰੇ ਮਰਨ ਤੋਂ ਬਾਦ ਸਾਰੇ ਬੱਚਿਆਂ ਵਿੱਚ ਬਰਾਬਰ ਵੰਡਿਆ ਜਾਏਗਾ।ਮੈਂ ਭਰੂਣ ਹੱਤਿਆ ਦਾ ਕਾਰਨ ਦਹੇਜ ਨੂੰ ਨਹੀਂ ਮੰਨਦੀ।ਮੈਂ ਧੀਆਂ ਨਾਲ ਹੋ ਰਹੇ ਵਿਤਕਰੇ ਨੂੰ ਮੰਨਦੀ ਹਾਂ ਜੋ ਮਾਪਿਆਂ ਤੋਂ ਸ਼ੁਰੂ ਹੁੰਦਾ ਹੈ।ਜਿੰਨੀ ਦੇਰ ਮਾਪੇ ਧੀਆਂ ਨੂੰ ਬਰਾਬਰ ਨਹੀਂ ਸਮਝਦੇ, ਕੋਈ ਵੀ ਬਰਾਬਰ ਨਹੀਂ ਸਮਝੇਗਾ।ਜਦੋਂ ਮਾਪੇ ਧੀਆਂ ਨਾਲ ਇਨਸਾਫ਼ ਨਹੀਂ ਕਰਦੇ,ਦੂਸਰਾ ਕੋਈ ਨਹੀਂ ਕਰੇਗਾ।ਹਰ ਚੰਗੀ ਚੀਜ਼ ਆਪਣੇ ਘਰ ਤੋਂ ਸ਼ੁਰੂ ਕਰੋ।ਪੁੱਤ ਨੂੰ ਵੀ ਜਾਇਦਾਦ ਦਿੰਦੇ ਹੋ ਉਸ ਨੂੰ ਪੇਟ ਵਿੱਚ ਕਿਉਂ ਨਹੀਂ ਮਾਰਦੇ?ਏਹ ਸਵਾਲ ਮੈਂ ਸਮਾਜ ਵਾਸਤੇ ਛੱਡਦੀ ਹਾਂ।ਧੀਆਂ ਨੂੰ ਪੁੱਤਾਂ ਵਾਂਗ ਨਾ ਸਮਝੋ,ਦੋਨਾਂ ਨੂੰ ਆਪਣੇ ਬੱਚੇ ਸਮਝੋ।

From
Prabhjot Kaur Dillon
Contact No. 9815030221

Share Button

Leave a Reply

Your email address will not be published. Required fields are marked *