Thu. Feb 20th, 2020

ਭਗਤੀ ਅਤੇ ਇਨਕਲਾਬੀ ਸੋਚ ਦੇ ਧਾਰਨੀ-ਭਗਤ ਰਵਿਦਾਸ ਜੀ (9 ਫਰਵਰੀ ਨੂੰ ਪ੍ਰਕਾਸ਼ ਪੁਰਬ ਤੇ ਵਿਸ਼ੇਸ਼)

ਭਗਤੀ ਅਤੇ ਇਨਕਲਾਬੀ ਸੋਚ ਦੇ ਧਾਰਨੀ-ਭਗਤ ਰਵਿਦਾਸ ਜੀ (9 ਫਰਵਰੀ ਨੂੰ ਪ੍ਰਕਾਸ਼ ਪੁਰਬ ਤੇ ਵਿਸ਼ੇਸ਼)

ਹਿੰਦੁਸਤਾਨ ਨੂੰ ਹਿੰਦੂ ਧਰਮ ਦੀ ਉੱਤਪਤੀ ਦਾ ਸਥਾਨ ਮੰਨਿਆ ਜਾਂਦਾ ਹੈ। ਹਿੰਦੁਸਤਾਨ ਦੀ ਧਰਤੀ ਦੇ ਲੋਕਾਂ ਵਿੱਚ ਜਾਤਾਂ,ਧਰਮਾਂ,ਕੌਮਾਂ,ਊਚ-ਨੀਚਤਾ, ਧਾਰਮਿਕ, ਰਾਜਨੀਤਕ, ਸਮਾਜਿਕ ਵਿਤਕਰਿਆਂ ਦੇ ਆਧਾਰ ਤੇ ਨਫਰਤਾਂ ਅਤੇ ਵੰਡੀਆਂ ਪਾਈਆਂ ਹੋਈਆਂ ਹਨ।ਸਮਾਜ ਦੇ ਅਖੌਤੀ ਧਾਰਮਿਕ ਠੇਕੇਦਾਰਾਂ ਨੇ ਸਮਾਜ ਚ ਧਰਮਾਂ ਅਤੇ ਜਾਤਾਂ ਦੇ ਨਾਂ ਤੇ ਨਫਰਤਾਂ ਪੈਦਾ ਕਰਕੇ ,ਝੂਠੇ ਪਾਪ ਅਡੰਬਰਾਂ ਅਤੇ ਅੰਧ ਵਿਸ਼ਵਾਸਾਂ ਨੂੰ ਫੈਲਾਅ ਕੇ ਅਤੇ ਆਪਸ ਵਿੱਚ ਲੜਾ ਕੇ ਉਲਝਾਇਆ ਹੋਇਆ ਸੀ।ਵਿਦੇਸ਼ੀ ਅਤੇ ਸਵਦੇਸ਼ੀ ਤਾਕਤਾਂ ਨੇ ਬ੍ਰਾਹਮਣਵਾਦੀ ਨੀਤੀਆਂ ਅਨੁਸਾਰ ਸਮਾਜ ਨੂੰ ਵਰਣਾਂ ਵਿੱਚ ਵੰਡਿਆ ਹੋਇਆ ਸੀ।ਜਿਸ ਸਮੇਂ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਉਸ ਸਮੇਂ ਪੁਜਾਰੀ ਪੰਡਤਾਂ ਅਤੇ ਪ੍ਰੋਹਿਤ ਸ੍ਰੇਣੀ ਦੇ ਚੌਦਰਦਾਰਾਂ ਨੇ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ‘ਕੁਦਰਤ ਦੇ ਇਨਸਾਨਾਂ’ ਵਿੱਚ ਜਾਤਾਂ ਪਾਤਾਂ ਅਤੇ ਊਚ ਨੀਚ ਦੇ ਆਧਾਰ ਤੇ ਯੋਜਨਾਬੱਧ ਵੰਡੀਆਂ ਪਾਈਆਂ ਹੋਈਆਂ ਸਨ।ਮਨੂੰ ਸਿਮ੍ਰਤੀ ਦੇ ਹਵਾਲੇ ਨਾਲ ਗਰੀਬ, ਦਲਿਤ ਅਤੇ ਆਰਥਿਕ ਪੱਖੋਂ ਪਛੜੇ ਲੋਕਾਂ ਨੂੰ ਭਗਤੀ ,ਸਿੱਖਿਆ ਅਤੇ ਪੂਜਾ ਪਾਠ ਦੇ ਅਧਿਕਾਰ ਤੋਂ ਵਰਜਿਤ ਰੱਖਿਆ ਜਾਂਦਾ ਸੀ।ਉਹਨਾਂ ਨੂੰ ਧਾਰਮਿਕ ਪਾਠ ਪੂਜਾ ਦੀ ਪੂਰਨ ਮਨਾਹੀ ਅਤੇ ਸੁਣਨ ਤੇ ਸਖ਼ਤ ਪਾਬੰਦੀ ਸੀ।ਅਗਰ ਕੋਈ ਦਲਿਤ ਪੂਜਾ ਕਰਦੇ ਸਮੇਂ ਵੇਦ ਦਾ ਪਾਠ ਕਰਦਾ ਤਾਂ ਉਸਦੀ ਜੁਬਾਨ ਕੱਟ ਦਿੱਤੀ ਜਾਂਦੀ ਸੀ ਅਤੇ ਵੇਦਾਂ ਦਾ ਪਾਠ ਸੁਣਨ ਤੇ ਕੰਨ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ।ਸੋ ਗਰੀਬ ਦਲਿਤ ਲੋਕ ਬ੍ਰਾਹਮਣਵਾਦ ਦੇ ਅੱਤਿਆਚਾਰਾਂ ਨੇ ਨਪੀੜੇ ਲੋਕ ਅੱਤਿਆਚਾਰਾਂ ਤੋਂ ਅੱਕੇ ਪਏ ਸਨ।ਉਹ ਨ ਵਿਤਕਰੇਬਾਜ਼ੀ ਦੀ ਚੱਕੀ ਦਿਆਂ ਪੁੜਾਂ ਵਿੱਚ ਪਿਸ ਰਹੇ ਸਨ। ਸੋ ਕੁਦਰਤੀ ਹੈ ਅਜਿਹੇ ਹਾਲਾਤਾਂ ਵਿੱਚੋਂ ਇਨਕਲਾਬੀ ਅਤੇ ਵਿਦਰੋਹੀ ਸੁਰਾਂ ਦਾ ਉੱਠਣਾ।ਇਹਨਾਂ ਦਲਿਤ ਹਕੀਕੀ ਸੁਰਾਂ ਨੂੰ ਭਗਤੀ ਲਹਿਰ ਕਹਿਣਾ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ।ਬਨਾਰਸ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਅੰਦੋਲਨ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਸੀ।ਇਤਫਾਕਨ ਭਗਤੀ ਅਤੇ ਇਨਕਲਾਬੀ ਲਹਿਰ ਦਾ ਮੁੱਢ ਵੀ ਇਸੇ ਸਥਾਨ ਤੋਂਂ ਬੱਝਾ। ਭਗਤੀ ਲਹਿਰ ਦੇ ਮੋਢੀ,ਮਹਾਨ ਸੰਤ ,ਤਪੱਸਵੀ, ਸਮਾਜ ਸੁਧਾਰਕ ਅਤੇ ਕਵੀ ਭਗਤ ਰਵਿਦਾਸ ਜੀ ਮਹਾਰਾਜ ਨੇ 9 ਫਰਵਰੀ 1433ਈਸਵੀ (ਮਾਘ ਸੁਦੀ15 ਸੰਮਤ 1633)ਨੂੰ ਬਨਾਰਸ ਨੇੜੇ ਸੀਰ ਗੋਵਰਧਨਪੁਰ ਵਿੱਚ ਦਲਿਤ ਅਤੇ ਗਰੀਬ ਪਰਿਵਾਰ ਵਿੱਚ ਹੋਇਆ ਮੰਨਿਆ ਜਾਂਦਾ ਹੈ।ਉਹਨਾਂ ਦੇ ਪਿਤਾ ਸੰਤੋਖ ਦਾਸ ਅਤੇ ਮਾਤਾ ਦਾ ਨਾ ਕਲਸਾਂ ਦੇਵੀ ਸੀ।ਭਗਤ ਰਵਿਦਾਸ ਜੀ ਦੇ ਜਨਮ ਬਾਰੇ ਇਤਿਹਾਸਕਾਰ ਇੱਕਮੱਤ ਨਹੀਂ ਹਨ।ਉਂਝ ਉਹਨਾਂ ਦਾ ਜਨਮ ਮਾਘ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।ਇਹ ਵੀ ਮਾਨਤਾ ਹੈ ਕਿ ਭਗਤ ਰਵਿਦਾਸ ਜੀ ਦਾ ਜਨਮ ਐਤਵਾਰ (ਰਵਿਵਾਰ)ਨੂੰ ਹੋਇਆ ਸੀ, ਜਿਸ ਕਿਰਨ ਉਹਨਾਂ ਦਾ ਨਾਂ ਰਵਿਦਾਸ ਰੱਖਿਆ ਗਿਆ ਸੀ।
ਉਹਨਾਂ ਦੇ ਪਿਤਾ ਜੀ ਅਤੇ ਮਾਤਾ ਜੀ ਬਹੁਤ ਹੀ ਦਿਆਲੂ ਅਤੇ ਨਿਮਰਤਾ ਭਰੇ ਸੁਭਾਅ ਦੇ ਸਨ।ਸਹਿਜੇ ਉਹਨਾਂ ਦਾ ਭਗਤ ਰਵਿਦਾਸ ਜੀ ਅਸਰ ਹੋਣਾ ਸੁਭਾਵਿਕ ਸੀ।ਇਸ ਤਰ੍ਹਾਂ ਉਹ ਸ਼ੁਰੂ ਤੋਂ ਹੀ ਸਮਾਜਿਕ ਬੰਧਨਾਂ ਤੋਂ ਉੱਲਟ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ।ਉਹਨਾਂ ਨੂੰ ਪੜਾਈ ਕਰਨ ਲਈ ਪੰਡਿਤ ਸ਼ਾਰਧਾ ਨੰਦ ਕੋਲ ਪੜਨ ਲਈ ਭੇਜਿਆ ਗਿਆ।ਉਹਨਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ, ਪਰ ਉਹਨਾਂ ਅੰਦਰ ਪ੍ਰਭੂ ਗਿਆਨ ਦੀ ਰੌਸ਼ਨੀ ਦਾ ਚਿਰਾਗ ਅਧਿਆਤਮਿਕ ਚਾਨਣ ਫੈਲਾਅ ਰਿਹਾ ਸੀ।ਦੁਨਿਆਵੀ ਬੰਧਨਾਂ ਤੋਂ ਮੁਕਤ ਹੋਕੇ ਪੜ੍ਹਾਈ ਛੱਡ ਕੇ 10 ਸਾਲ ਦੀ ਉਮਰ ਵਿੱਚ ਉਹ ਪਿਤਾ ਨਾਲ ਜੁੱਤੀਆਂ ਡੰਢਣ ਦਾ ਕੰਮ ਕਰਨ ਲੱਗ ਪਏ ਸਨ ਅਤੇ ਨਿਰੰਕਾਰੁ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ।ਚਾਹੇ ਉਹਨਾਂ ਸੰਤ ਰਾਮਾਨੰਦ ਨੂੰ ਆਪਣਾ ਦੁਨਿਆਵੀ ਗੁਰੂ ਧਾਰਨ ਕੀਤਾ ਸੀ ਪਰ ਉਹਨਾਂ ਦਾ ਗੁਰੂ ਪਾਰਬ੍ਰਹਮੁ ਪ੍ਰਮੇਸ਼ਰ ਸੀ।ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਰਵਿਦਾਸ ਜੀ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਮੰਨਿਆ।ਉਹ ਲਿਖਦੇ ਹਨ ਕਿ ਭਗਤ ਰਵਿਦਾਸ ਜੀ ਨੂੰ ਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਸਤਿਸੰਗ ਵਿੱਚੋਂ ਹੋਈ ਸੀ।

“ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।।”

ਕਬੀਰ ਜੀ ਦਾ ਵਿਚਾਰ ਹੈ ਕਿ ਭਗਤ ਰਵਿਦਾਸ ਜੀ ਹਰਿ ਤੋਂ ਬਿਨਾਂ ਕਿਸੇ ਵਿੱਚ ਵਿਸਵਾਸ਼ ਨਹੀਂ ਰੱਖਦੇ,

“ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ।।
ਤੇ ਨਰ ਦੋਜਕ ਜਾਇਗੇ ਸਤਿ ਭਾਖੈ ਰਵਿਦਾਸ।।
ਭਗਤ ਕਬੀਰ ਜੀ ਵੀ ਉਹਨਾਂ ਦੇ ਸਮਕਾਲੀ ਹੋਏ ਹਨ।

ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਭਾਵੇਂ ਬ੍ਰਾਹਮਣਵਾਦ ਵਰਨਾ ਦੀ ਅਖੌਤੀ ਨੀਵੀਂ ਚਮਾਰ ਜਾਤੀ ਨਾਲ ਸੰਬੰਧਿਤ ਸਨ,ਪਰ ਉਹਨਾਂ ਦੀ ਭਗਤੀ ਲਹਿਰ ਨੇ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਚੁਣੌਤੀ ਦੇ ਦਿੱਤੀ।ਉਹਨਾਂ ਨੇ ਨੀਵੀਆਂ ਸਮਝੀਆਂ ਜਾਤਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਉਣ ਦਾ ਸਬਕ ਸਿਖਾਇਆ ਅਤੇ ਲੋਕਾਈ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵੀ ਮਨੁੱਖ ਕੰਮ-ਕਾਰ ਕਰਕੇ ਵੱਡਾ ਛੋਟਾ ਨਹੀਂ, ਸਗੋਂ ਉਸਦੀ ਸੋਚ ਅਤੇ ਸਮਝ ਹੀ ਉਸਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ।ਇਸ ਕਰਕੇ ਹੀ ਉਹਨਾਂ ਕਦੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਨਹੀਂ ਲੁਕਾਇਆ, ਸਗੋਂ ਕੰਮ ਦਾ ਸਵੈਮਾਣ ਅਤੇ ਇੱਜਤ ਨਾਲ ਕਿਹਾ,

“ਮੇਰੀ ਜਾਤਿ ਕੁਟ ਬਾਂਢਲਾ ਢੋਰਿ ਢੁਵੰਤਾ ਨਿਤਹਿ ਬਨਾਰਸੀ ਆਸਾ ਪਾਸਾ।।”

ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਸਮਾਜਵਾਦੀ ਸ਼ਕਤੀਆਂ ਨੂੰ ਉਭਾਰਿਆ ਅਤੇ ਇਨਕਲਾਬੀ ਲਹਿਰ ਦਾ ਮੁੱਢ ਬੰਨ ਕੇ ਬ੍ਰਾਹਮਣਵਾਦ ਨੂੰ ਹਲੂਣਿਆ।
ਭਗਤ ਕਬੀਰ ਜੀ, ਭਗਤ ਨਾਮਦੇਵ, ਭਗਤ ਪੀਪਾ ਜੀ ,ਭਗਤ ਸੈਣ ਜੀ ਆਦਿ ਭਗਤ ਰਵਿਦਾਸ ਜੀ ਦੇ ਸਮਕਾਲੀ ਹੋਏ ਹਨ।ਇਹ ਸਾਰੇ ਭਗਤਾਂ ਅਤੇ ਸਿੱਖ ਸਿਧਾਂਤ ਇੱਕ ਗੈਰਸਰਮਾਏਦਾਰ ਅਤੇ ਪਾਏਦਾਰ ਸਮਾਜ ਦੇ ਹਾਮੀ ਸਨ।ਭਗਤ ਰਵਿਦਾਸ ਜੀ ਨੇ ਲਿਖਿਆ ਹੈ,

“ਐਸਾ ਚਾਹੂੰ ਰਾਜ ਮੈਂ,ਜਹਾਂ ਮਿਲੇ ਸਭਨੁ ਕੋ ਅੰਨ।।
ਛੋਟ ਬੜੇ ਸਭੁ ਸਮ ਵਸੇ,ਰਵਿਦਾਸ ਰਹੇ ਪ੍ਰਸੰਨ।।”

ਉਹਨਾਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਚਿਤੌੜਗੜ੍ਹ ਦੇ ਰਾਜਾ ਅਤੇ ਰਾਣੀ ਉਹਨਾਂ ਦੇ ਉਪਾਸ਼ਕ ਬਣ ਗਏ ਸਨ।ਮੀਰਾਂ ਬਾਈ ਵੀ ਉਹਨਾਂ ਦੇ ਆਨੁਆਈਆਂ ਵਿੱਚੋਂ ਇੱਕ ਸੀ।
ਡਾ.ਲੇਖ ਰਾਜ ਜੀ ਨੇ ਆਪਣੀ ਪੁਸਤਕ”ਭਗਤ ਰਵਿਦਾਸ ਜੀ ਦਾ ਜੀਵਨ ਅਤੇ ਲਿਖਤਾਂ” ਲਿਖਦੇ ਹਨ ਕਿ ਭਗਤ ਰਵਿਦਾਸ ਜੀ ਭਗਤੀ ਲਹਿਰ ਨੂੰ ਮਜਬੂਤ ਕਰਨ , ਇਨਕਲਾਬੀ ਸ਼ਕਤੀਆਂ ਨੂੰ ਪ੍ਰਫੁੱਲਤ ਕਰਨ ਅਤੇ ਮਨੂੰਵਾਦੀ ਧਾਰਨਾ ਦੀਆਂ ਕਮਜੋਰੀਆਂ ਨੂੰ ਉਘਾੜਨ ਲਈ ਕਈ ਵਾਰ ਉੱਤਰੀ ਭਾਰਤ ਵਿੱਚ ਆਏ।ਉਹਨਾਂ ਦੇ ਨਾਲ ਭਗਤ ਕਬੀਰ ਜੀ, ਭਗਤ ਸੈਣ ਜੀ ,ਭਗਤ ਧੰਨਾ ਜੀ,ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਇਸ ਲਹਿਰ ਨੂੰ ਮਜਬੂਤ ਕਰਨ ਲਈ ਆਏ ਸਨ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਮਾਜਿਕ ਅਨਿਆ,ਅੱਤਿਆਚਾਰਾਂ,ਵਿਤਕਰੇਬਾਜੀ,ਜਾਤ ਪਾਤ,ਛੂਆ ਛਾਤ,ਨਾਰੀ ਉੱਪਰ ਜ਼ੁਲਮਾਂ ਆਦਿ ਦੇ ਵਿਰੋਧੀ ਅਤੇ ਸਮਾਜਿਕ ਬਰਾਬਰੀ ਅਤੇ ਚੇਤਨਤਾ ਦੇ ਮੁਦੱਈ ਸਨ।ਸੋ ਵਿਚਾਰਾਂ ਦਾ ਮੇਲ ਹੋਣ ਕਾਰਨ ਉਹਨਾਂ ਦੀ ਗੁਰੂ ਸਾਹਿਬ ਪਹਿਲੀ ਭੇਂਟਾ ਚੁਹੜਕਾਣਾ (ਨਨਕਾਣਾ ਸਾਹਿਬ) ਵਿਖੇ ਹੋਈ ਸੀ।ਅਤੇ ਗੁਰੂ ਸਾਹਿਬ ਨੇ ਮਹਾਨ ਸੰਤਾਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਸੀ।ਦੂਜੀ ਮਿਲਣੀ ਕਾਲੀ ਬੇਈ ਦੇ ਸੰਤ ਘਾਟ ਸੁਲਤਾਨਪੁਰ ਲੋਧੀ ਵਿਖੇ ਅਤੇ ਤੀਜੀ ਵਾਰ ਉਹਨਾਂ ਦੀ ਭੇਂਟ ਗੁਰੂ ਸਾਹਿਬ ਨਾਲ ਗੁਰੂ ਕਿ ਬਾਗ ਬਨਾਰਸ ਵਿਖੇ ਹੋਈ ਸੀ,ਜਿੱਥੇ ਧਾਰਮਿਕ, ਸਮਾਜਿਕ, ਰਾਜਨੀਤਕ ਵਿਵਸਥਾ ਅਤੇ ਮਨੁੱਖੀ ਸੁਤੰਤਰਤਾ ਅਤੇ ਅਧਿਕਾਰਾਂ ਸੰਬੰਧੀ ਵਿਸਥਾਰ ਪੂਰਵਕ ਵਿਚਾਰਾਂ ਵਟਾਂਦਰਾ ਹੋਇਆ।
ਸੋ ਭਗਤ ਰਵਿਦਾਸ ਜੀ ਐਸੇ ਸਮਾਜ ਦੀ ਸਿਰਜਣਾ ਦੇ ਹਾਮੀ ਸਨ,ਜਿੱਥੇ ਦੁੱਖ ਤਕਲੀਫਾਂ, ਟੈਕਸ ਆਦਿ ਦੀ ਕਲਪਨਾ ਵੀ ਨਾ ਹੋਵੇ।ਉਹਨਾਂ ਆਪਣੀ ਬਾਣੀ ਚ ਲਿਖਿਆ ਹੈ,

“ਬੇਗਮਪੁਰਾ ਸ਼ਹਿਰ ਕੋ ਨਾਉ,ਦੂਖ ਅਨਦੋਹ ਨਾਹੀ ਤਹਿ ਠਾਉ।
ਨਾ ਤਸਵੀਸੁ ਖਿਰਾਸ ਨਾ ਮਾਲੁ,ਖਾਉਫ ਨਾ ਖਤਾ,ਨਾ ਤਰਸ ਜਵਾਲੁ।
ਅਬ ਮੋਹਿ ਖੂਬ ਵਤਨ ਗਹਿ ਪਾਈ,ਊਹਾਂ ਖੈਰ ਸਦਾ ਮੇਰੇ ਭਾਈ।ਰਹਾਉ।
ਕਾਇਮ ਦਾਇਮ ਸਦਾ ਪਾਤਸ਼ਾਹਿ,ਦੋਮ ਨਾ ਸੇਮ ਏਕ ਸੋ ਆਹੀ।
ਆਬਾਦਾਨ ਸਦਾ ਮਸ਼ਹੂਰ,ਊਹਾਂ ਗਨਿ ਵਸਹਿ ਮਾਮੂਰ।
ਤਿਉ ਤਿਉ ਸੈਲ ਕਰੇ ਜਿਉ ਭਾਵੇ,ਮਹਿਰਮ ਮਹਿਲ ਨਾ ਕੋ ਅਟਕਾਵੇ।
ਕਹੁ ਰਵਿਦਾਸ ਖ਼ਲਾਸ ਚਮਾਰਾ,ਜੋ ਹਮ ਸ਼ਹਿਰੀ ਸੋ ਮੀਤੁ ਹਮਾਰਾ।”

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂਆਂ ,ਪੀਰਾਂ,ਭਗਤਾਂ, ਭੱਟਾਂ ਆਦਿ ਨਾਲ ਭਗਤ ਰਵਿਦਾਸ ਜੀ ਦੇ ਵੀ 40 ਸ਼ਬਦ ਦਰਜ ਹਨ।ਉਹਨਾਂ ਦੀ ਬਾਣੀ ਵਿੱਚ ਪਰਮ ਪ੍ਰਮਾਤਮਾ, ਆਕਾਲ ਪੁਰਖ ਵਾਹਿਗੁਰੂ ਅਤੇ ਹਰੀ ਦੇ ਨਾਮ ਦੀ ਉਸਤਤਿ ਹੈ।ਉਹਨਾਂ ਮਨੁੱਖ ਨੂੰ ਕਾਮ ,ਕ੍ਰੋਧ, ਲੋਭ,ਮੋਹ,ਹੰਕਾਰ ਆਦਿ ਤੋਂ ਬਚਣ ਅਤੇ ਹੂਉਮੈ,ਹੰਕਾਰ ਤਿਆਗ ਕੇ ਪ੍ਰਮ ਪ੍ਰਮਾਤਮਾ ਦੇ ਨਾਮ ਨਾਲ ਇੱਕਮਿੱਕ ਹੋਣ ,ਮਾੜੇ ਕੰਮਾਂ ਤੋਂ ਬਚਣ, ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣ ਦਾ ਸੰਦੇਸ਼ ਦਿੱਤਾ ਹੈ।ਉਹਨਾਂ ਝੂਠੇ ਕਰਮ ਕਾਂਡਾਂ, ਝੂਠੇ ਆਡੰਬਰਾਂ,ਪੱਥਰਾਂ ਜਾਂ ਮੂਰਤੀ ਪੂਜਾ, ਅੰਧ ਵਿਸ਼ਵਾਸ ਅਤੇ ਮੂਰਤੀਆਂ ਅਤੇ ਪੱਥਰਾਂ ਅੱਗੇ ਚੜਾਵੇ ਚੜਾਉਣ ਦਾ ਵਿਰੋਧ ਕਰਦਿਆਂ ਨਾਮ ਜਪਣ ਨੂੰ ਸਭ ਤੋਂ ਉੱਤਮ ਦੱਸਿਆ ਹੈ।ਉਹਨਾਂ ਲਿਖਿਆ ਹੈ,

“ਦੂਧੁ ਤ ਬਛਰੈ ਥਨਹੁ ਬਿਟਾਰਿਓ।
ਫੂਲੁ ਭੰਵਰਿ ਜਲੁ ਮੀਨਿ ਬਿਗਾਰਿਓ।
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।
ਅਵਰੁ ਨ ਫੂਲੁ ਅਨੂਪ ਨ ਪਾਵਉ।ਰਹਾਉ।”

ਭਗਤ ਰਵਿਦਾਸ ਜੀ ਨੇ ਸਮਾਜ ਚ ਦੱਬੇ ਕੁਚਲੇ, ਲਿਤਾੜੇ ਅਤੇ ਅਛੂਤ ਲੋਕਾਂ ਚ ਕ੍ਰਾਂਤੀਕਾਰੀ ਰਹਿਬਰ ਬਣਕੇ ਪਾਖੰਡਵਾਦ ਵਿਰੁੱਧ ਚਾਨਣ ਦੀ ਕਿਰਨ ਜਗਾਈ ਅਤੇ ਉਹਨਾਂ ਪੂਰੀ ਮਾਨਵਤਾ ਨੂੰ ਪ੍ਰੇਮ ਨਾਲ ਆਪਣੀ ਬੁੱਕਲ ਵਿੱਚ ਲੈਣ ਦਾ ਯਤਨ ਕੀਤਾ।
ਸਾਰੇ ਗੁਰੂ ਸਹਿਬਾਨਾਂ ਨੇ ਵੀ ਸਮਾਜ ਦੇ ਦੁਰਕਾਰੇ ਲੋਕਾਂ ਨੂੰ ਗਲ ਨਾਲ ਲਾਕੇ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਜਾਤ ਪਾਤ ਅਤੇ ਪਾਖੰਡਵਾਦ ਦਾ ਡੱਟ ਕੇ ਵਿਰੋਧ ਕੀਤਾ ਹੈ।ਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਲਿਖਿਆ ਹੈ,

“ਨੀਚਾ ਅੰਦਰਿ ਨੀਚ ਜਾਤਿ,ਨੀਚੀ ਹੂ ਅਤਿ ਨੀਚ।
ਨਾਨਕ ਤਿਨ ਕੈ ਸੰਗਿ ਸਾਥ ਵਡਿਆ ਸਿਉ ਕੀਆ ਰੀਸ।”
ਜਿੱਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।”

ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਦਾ ਸਾਨੂੰ ਰਾਹ ਦਰਸਾਉਂਦੀਆਂ ਰਹਿਣਗੀਆਂ।ਅਜੋਕੇ ਸਮਾਜ ਦੀ ਨਵੀਂ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਹਾਮੀ ਬਣਨਾ ਚਾਹੀਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਦੇ ਦੇਸ਼ ਬੇਗਮਪੁਰਾ ਦੀ ਸਿਰਜਣਾ ਲਈ ਯਤਨਾਂ ਲਈ ਪ੍ਰੋੜਤਾ ਅਤੇ ਉੱਦਮ ਕਰਨਾ ਚਾਹੀਦਾ ਹੈ।

ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: