Fri. Apr 26th, 2019

ਬੱਸ ਸਟੈਂਡ ਤਲਵੰਡੀ ਸਾਬੋ ਤੋਂ ਪੈਂਤੀ ਲੱਖ ਚੌਂਹਟ ਹਜ਼ਾਰ ਦੀ ਕਮਾਈ

ਬੱਸ ਸਟੈਂਡ ਤਲਵੰਡੀ ਸਾਬੋ ਤੋਂ ਪੈਂਤੀ ਲੱਖ ਚੌਂਹਟ ਹਜ਼ਾਰ ਦੀ ਕਮਾਈ
ਪੀ ਆਰ ਟੀ ਸੀ ਨੇ ਮੁੱਢਲੀਆਂ ਸਹੂਲਤਾਂ ਤੇ ਦੁਆਨੀ ਨਹੀਂ ਲਾਈ
ਇੱਕ ਵੀ ਕੂੜਾਦਾਨ ਨਹੀਂ
ਪਾਣੀ ਵਾਲੀ ਟੈਂਕੀ ਨੇੜਲੇ ਪਾਰਕ ‘ਚ ਅੱਕਾਂ ਦਾ ਬਾਗ਼ ਬਣਿਆ

18-29
ਤਲਵੰਡੀ ਸਾਬੋ, 08 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਬੁੱਕਲ ਵਿਚ ਜਗ੍ਹਾ ਲੈ ਕੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਈਆ ਖਰਚ ਕੇ ਬਣਾਏ ਗਏ ਬੱਸ ਸਟੈਂਡ ਤਲਵੰਡੀ ਸਾਬੋ ਤੋਂ ਤੋਂ ਦੋ ਲੱਖ ਸਤਾਨਵੇਂ ਹਜ਼ਾਰ ਰੁਪਈਆ ਮਹੀਨਾ ਕਮਾਈ ਕਰਨ ਵਾਲੀ ਪੀ ਆਰ ਟੀ ਸੀ ਵੱਲੋਂ ਮੁਸਾਫਰਾਂ ਦੀਆਂ ਮੁੱਢਲੀਆਂ ਲੋੜਾਂ ਉੱਪਰ ਕਾਣੀ ਕੌਡੀ ਵੀ ਖਰਚ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮੁਸਾਫਰਾਂ ਅਤੇ ਕੰਡਕਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਦੀ ਸਰਦਾਰੀ ਅਧੀਨ ਇਸ ਬੱਸ ਸਟੈਂਡ ਅੰਦਰ ਫਰੂਟ, ਡਰਾਈ ਫਰੂਟ, ਕੰਨਟੀਨ ਅਤੇ ਪੀ ਸੀ ਓ ਵਾਲੀਆਂ ਦੁਕਾਨਾਂ ਤੋਂ ਮਹਿਕਮੇ ਨੂੰ ਡੇਢ ਲੱਖ ਰੁਪਈਆ ਪ੍ਰਤੀ ਦਿਨ ਦੀ ਕਮਾਈ ਹੋ ਰਹੀ ਹੈ ਜਦੋਂ ਕਿ ਬੱਸ ਸਟੈਂਡ ਵਿਚ ਸਥਾਪਤ ਪੰਜਾਬ ਐਗਰੋ ਦੇ ਜੂਸ ਸਟਾਲ ਤੋਂ ਛੇ ਹਜ਼ਾਰ ਰੁਪਈਆ ਸਲਾਨਾ ਬਣਦੀ ਹੈ ਜਦੋਂ ਕਿ ਸਹੂਲਤਾਂ ਦੇ ਨਾਮ ‘ਤੇ ਇਸ ਬੱਸ ਸਟੈਂਡ ਵਿਚ ਕੂੜਾ ਪਾਉਣ ਲਈ ਇੱਕ ਕੂੜਾਦਾਨ ਤੱਕ ਵੀ ਰੱਖਣਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ ਹੈ।
ਮੌਕੇ ਤੋਂ ਇਕੱਤਰ ਵੇਰਵਿਆਂ ਮੁਤਾਬਕ ਬੱਸ ਸਟੈਂਡ ਵਿਚ ਬੱਸ ਐਂਟਰੀ ਵਾਲੀ ਸੜਕ ਜਿੱਥੇ ਖੱਡਿਆਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਕਾਊਂਟਰਾਂ ਕੋਲ ਵੀ ਥਾਂ-ਥਾਂ ਤੋਂ ਪ੍ਰੀਮਿਕਸ ਉੱਖੜ ਕੇ ਖੱਡੇ ਬਣ ਚੁੱਕੇ ਹਨ ਜਿਸ ਕਾਰਨ ਬੱਸਾਂ ਦੇ ਟਾਇਰਾਂ ਦਾ ਜਿੱਥੇ ਨੁਕਸਾਨ ਹੁੰਦਾ ਹੈ ਉੱਥੇ ਖੱਡੇ ਵਿਚ ਵੱਜਣ ਨਾਲ ਦਿਲ ਦੇ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਕਾਫੀ ਤਕਲੀਫ ਅਤੇ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈ ਜਾਂਦਾ ਹੈ।
ਮੁਸਾਫਰਾਂ ਨੂੰ ਠੰਡਾ ਪਾਣੀ ਮੁਹੱਈਆ ਕਰਵਾਉਣ ਲਈ ਇੱਕ ਦਾਨੀ ਸੱਜਣ ਵੱਲੋਂ ਦਿੱਤਾ ਵਾਟਰ ਕੂਲਰ ਬਾਥਰੂਮਾਂ ਦੇ ਬਿਲਕੁੱਲ ਵਿਚਕਾਰ ਫਿੱਟ ਕੀਤਾ ਹੋਣ ਕਾਰਨ ਲੋਕਾਂ ਵੱਲੋਂ ਸਿਰਫ ਹੱਥ ਧੋਣ ਲਈ ਵਰਤਿਆ ਜਾ ਰਿਹਾ ਹੈ ਕਿਉਂਕਿ ਬਾਥਰੂਮਾਂ ਵਿਚੋਂ ਆਉਂਦੀ ਬੁਦਬੋ ਕਾਰਨ ਉੱਥੇ ਖੜ੍ਹਕੇ ਪਾਣੀ ਪੀਣਾ ਤਾਂ ਦੂਰ ਦੀ ਗੱਲ ਵਿਅਕਤੀ ਦਾ ਕੁਰਲੀ ਕਰਨ ਨੂੰ ਜੀਅ ਨਹੀਂ ਕਰਦਾ।
ਬੱਸ ਸਟੈਂਡ ਦੇ ਬੱਸ ਉਡੀਕ ਘਰ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਦੋਂ ਕਿ ਕਾਊਂਟਰਾਂ ਦੇ ਪਿਛਲੇ ਪਾਸੇ ਯਾਤਰੀਆਂ ਦੇ ਬੈਠਣ ਲਈ ਬਣੇ ਸੀਮਿੰਟ ਦੇ ਬੈਂਚਾਂ ਕੋਲ ਇੱਕ ਵੀ ਕੂੜਾਦਾਨ ਨਾਂ ਹੋਣ ਕਾਰਨ ਬੱਸ ਅੱਡੇ ਵਿਚ ਕਚਰਾ ਫੈਲਿਆ ਰਹਿੰਦਾ ਹੈ। ਇੱਥੇ ਕੰਮ ਕਰਦੇ ਵੱਖ-ਵੱਖ ਨਿੱਜੀ ਬੱਸ ਅਪਰੇਟਰਾਂ ਦੇ ਅੱਡਾ ਇੰਚਾਰਜਾਂ ਪਿਆਰਾ ਸਿੰਘ, ਜਗਜੀਤ ਸਿੰਘ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਬੱਸ ਅੱਡੇ ਵਿਚ ਫਿਰਦੇ ਰੰਗ ਬਿਰੰਗੇ ਮੰਗਤੇ ਮੰਗਤੀਆਂ ਕਾਰਨ ਜਿੱਥੇ ਆਮ ਜਨਤਾ ਨੂੰ ਬੈਠਕੇ ਬੱਸ ਉਡੀਕਣ ਵਿਚ ਪ੍ਰੇਸ਼ਾਨੀਆਂ ਸਾ ਸਾਮਹਣਾ ਕਰਨਾ ਪੈਂਦਾ ਹੈ ਉੱਥੇ ਨਸ਼ੇੜੀ ਨੌਜਵਾਨਾਂ ਦੇ ਬੱਸ ਸਟੈਂਡ ਵਿਚ ਹਰਲ ਹਰਲ ਕਰਦੇ ਫਿਰਦੇ ਝੁੰਡਾਂ ਦੀਆਂ ਅਸ਼ਲੀਲ ਹਰਕਤਾਂ ਪਿੰਡਾਂ ਤੋਂ ਇੱਥੇ ਪੜ੍ਹਨ ਆਉਂਦੀਆਂ ਲੜਕੀਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਆਰਾ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਉਹ ਕਈ ਵਾਰ ਸਥਾਨਕ ਪੁਲਸ ਨੂੰ ਵੀ ਮਿਲ ਚੁੱਕੇ ਹਨ ਪ੍ਰੰਤੂ ਪੁਲਸ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਤਾਂ ਕੀ ਦਿੱਤਾ ਜਾਣਾ ਸੀ ਸਗੋਂ ਉਹਨਾਂ ਵੱਲੋਂ ਫੜ੍ਹ ਕੇ ਥਾਣੇ ਪਹੁੰਚਦੇ ਕੀਤੇ ਮੁਸ਼ਟੰਡਿਆਂ ਨੂੰ ਪੁਲਸ ਵੱਲੋਂ ਤੁਰੰਤ ਹੀ ਬਿਨ੍ਹਾਂ ਕਿਸੇ ਕਾਰਵਾਈ ਤੋਂ ਛੱਡ ਦਿੱਤਾ ਜਾਂਦਾ ਹੈ।
ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀਆਂ ਉਕਤ ਸਮੱਸਿਆਂਵਾਂ ਸੰਬੰਧੀ ਜਦੋਂ ਪੀ ਆਰ ਟੀ ਸੀ ਜਨਰਲ ਮੈਨੇਜਰ ਬਠਿੰਡਾ ਸ. ਹਰਬੰਸ ਸਿੰਘ ਖਹਿਰਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੀਆਂ ਉਕਤ ਸਮੱਸਿਆਂਵਾਂ ਸਾਡੇ ਧਿਆਨ ਵਿੱਚ ਨਹੀਂ ਸਨ ਹੁਣ ਜਲਦੀ ਹੀ ਹੱਲ ਕਰਵਾ ਦਿੱਤੀਆਂ ਜਾਣਗੀਆਂ। ਪੁਲਸ ਪ੍ਰਸ਼ਾਸ਼ਨ ਤੇ ਲੱਗੇ ਸਵਾਲੀਆ ਚਿੰਨ੍ਹ ਸੰਬੰਧੀ ਡੀ ਐਸ ਪੀ ਤਲਵੰਡੀ ਸਾਬੋ ਨੇ ਕਿਹਾ ਕਿ ਅਜੇ ਤੱਕ ਉਹਨਾਂ ਕੋਲ ਅਜਿਹੀ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਅਤੇ ਨਾਂ ਹੀ ਕਿਸੇ ਨੂੰ ਫੜ੍ਹ ਕੇ ਛੱਡਣ ਦਾ ਮਾਮਲਾ ਉਹਨਾਂ ਦੇ ਧਿਆਨ ਵਿਚ ਹੈ ਹਾਂ ਉਹ ਤਖਤ ਸਾਹਿਬ ‘ਤੇ ਨਤਮਸਤਕ ਹੋਣ ਸਮੇਂ ਬੱਸ ਸਟੈਂਡ ਜਰੂਰ ਗੇੜਾ ਮਾਰਦੇ ਹਨ। ਹੁਣ ਦੇਖਣਾ ਇਹ ਹੈ ਕਿ ਬੱਸ ਸਟੈਂਡ ਵਿਚ ਮੁਸਾਫਰਾਂ ਅਤੇ ਬੱਸ ਚਾਲਕਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਪੀ ਆਰ ਟੀ ਸੀ ਵਿਭਾਗ ਕਿੰਨੇ ਕੁ ਸਮੇਂ ‘ਚ ਕੱਢਦਾ ਹੈ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਬੱਸ ਸਟੈਂਡ ਅੰਦਰ ਨਸ਼ੇੜੀਆਂ ਤੋਂ ਭੜਾਕੂ ਲੜਕੀਆਂ ਨੂੰ ਨਿਜ਼ਾਤ ਦਿਵਾਉਣ ਲਈ ਕੀ ਕਦਮ ਚੁੱਕੇ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: