Sat. Aug 17th, 2019

ਬੱਚਿਆਂ ਨੂੰ ਕੰਮ ਦੀ ਆਦਤ ਪਾਈਏ

ਬੱਚਿਆਂ ਨੂੰ ਕੰਮ ਦੀ ਆਦਤ ਪਾਈਏ

ਪ੍ਰੋ. ਨਵ ਸੰਗੀਤ ਸਿੰਘ
ਇਨੀਂ ਦਿਨੀਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹਨ। ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਕਰਨ ਲਈ ਦਿੱਤਾ ਹੋਇਆ ਹੈ। ਇਹ ਕੰਮ ਕਰਨ ਲਈ ਬੱਚਿਆਂ ਨੂੰ ਇੱਕ ਸਮਾਂ ਸਾਰਨੀ (ਟਾਈਮ ਟੇਬਲ) ਬਣਾਉਣੀ ਚਾਹੀਦੀ ਹੈ ਤੇ ਉਸੇ ਅਨੁਸਾਰ ਸਕੂਲ ਦਾ ਕੰਮ ਕਰਨਾ ਚਾਹੀਦਾ ਹੈ। ਇਸ ਸਾਰਨੀ ਵਿੱਚ ਸਕੂਲ ਦੇ ਪੀਰੀਅਡਾਂ ਵਾਂਗ ਵੱਖ- ਵੱਖ ਵਿਸ਼ਿਆਂ ਨੂੰ ਵੱਖ- ਵੱਖ ਸਮਾਂ ਦੇਣਾ ਚਾਹੀਦਾ ਹੈ ਤੇ ਵਿੱਚ- ਵਿਚਾਲੇ ਕੁਝ ਸਮਾਂ ਖੇਡਣ, ਅਰਾਮ ਕਰਨ, ਮਨੋਰੰਜਨ ਦਾ ਵੀ ਹੋਣਾ ਚਾਹੀਦਾ ਹੈ। ਆਮ ਤੌਰ ਤੇ ਵਿਦਿਆਰਥੀ ਮੁੱਢਲੇ ਜਾਂ ਅਖੀਰਲੇ ਇੱਕ- ਦੋ ਦਿਨਾਂ ਵਿੱਚ ਬਹੁਤ ਛੇਤੀ- ਛੇਤੀ ਇਹ ਕੰਮ ਮੁਕਾਉਂਦੇ ਹਨ ਤੇ ਬਾਕੀ ਦਿਨ ਮੌਜ- ਮਸਤੀ ਕਰਦੇ ਹਨ।ਇਹ ਤਰੀਕਾ ਸਹੀ ਨਹੀਂ।
          ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੁਕਵੀਂ ਅਗਵਾਈ ਛੁੱਟੀਆਂ ਦੇ ਦਿਨਾਂ ਵਿੱਚ ਹੀ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼- ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ, ਬੈੱਡ ਆਦਿ ਨੂੰ ਸਾਫ ਕਰਨਾ ਕੋਈ ਮੁਸ਼ਕਿਲ ਨਹੀਂ। ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ- ਘੱਟ ਐਤਵਾਰ/ ਛੁੱਟੀ ਵਾਲੇ ਦਿਨ ਇਨ੍ਹਾਂ ਚੀਜ਼ਾਂ ਦੀ ਸਫਾਈ ਜ਼ਰੂਰ ਕਰੇ। ਉਹ ਆਪਣਾ ਮੰਜਾ- ਬਿਸਤਰਾ ਆਪ ਵਿਛਾਵੇ ਅਤੇ ਸਵੇਰੇ ਉਠਣ ਤੇ ਉਹਨੂੰ ਆਪ ਹੀ ਇਕੱਠਾ ਕਰੇ/ ਠੀਕ ਕਰੇ। ਚਾਦਰਾਂ ਨੂੰ ਸਲੀਕੇ ਨਾਲ ਵਿਛਾਵੇ ਜਾਂ ਉਨ੍ਹਾਂ ਨੂੰ ਤਹਿ ਕਰਕੇ ਠੀਕ ਥਾਂ ਤੇ ਰੱਖੇ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ- ਵੱਖ ਥਾਵਾਂ ਤੇ ਰੱਖੇ। ਧੋਤੇ ਹੋਏ ਕੱਪੜਿਆਂ ਦੀ ਤਹਿ ਕਰਨ ਅਤੇ ਠੀਕ ਥਾਂ ਤੇ ਰੱਖਣ ਵਿੱਚ ਮਾਪਿਆਂ ਦੀ ਮਦਦ ਕਰੇ।
ਘਰ ਵਿੱਚ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਜਾਂ ਤਾਂ ਇਕੱਲੀ ਮਾਂ ਹੀ ਕਰਦੀ ਹੈ ਜਾਂ ਕਦੇ- ਕਦੇ ਪਿਤਾ ਹੱਥ ਵਟਾਉਂਦਾ ਹੈ। ਘਰ ਦੇ ਕੰਮਾਂ ਵਿੱਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ,ਭਾਵੇਂ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ਵਿੱਚ ਮੁੰਡਾ/ ਕੁੜੀ ਹਰੇਕ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ਵਿੱਚ ਦੋਵੇਂ ਜਾਂ ਕੋਈ ਇੱਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ਉੱਤੇ ਹੀ ਪੈਂਦਾ ਹੈ। ਮਾਂ ਅਤੇ ਪਿਤਾ ਦੋਹਾਂ ਨੂੰ ਰਲ- ਮਿਲ ਕੇ ਹੀ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ- ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿੱਚ ਇਸ ਪ੍ਰਤੀ ਸ਼ੌਕ ਅਤੇ ਲਗਨ ਵੀ ਪੈਦਾ ਹੋਵੇਗੀ।
ਕਈ ਘਰਾਂ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਫਲਾਂ ਕੰਮ ਕੁੜੀਆਂ ਦੇ ਕਰਨ ਵਾਲੇ ਹਨ ਅਤੇ ਫਲਾਂ ਮੁੰਡਿਆਂ ਦੇ। ਜਿੱਥੇ ਅੱਜ ਕੁੜੀਆਂ ਸਕੂਟਰ, ਮੋਟਰਸਾਈਕਲ, ਕਾਰਾਂ ਚਲਾਉਂਦੀਆਂ ਹਨ, ਤਾਂ ਕੀ ਮੁੰਡਿਆਂ ਨੂੰ ਰਸੋਈ ਦੇ ਕੰਮ ਨਹੀਂ ਸਿੱਖਣੇ ਚਾਹੀਦੇ? ਕਿਸੇ- ਕਿਸੇ ਪਰਿਵਾਰ ਵਿੱਚ ਇਕਲੌਤੇ ਮੁੰਡੇ/ ਕੁੜੀ ਨੂੰ ਘਰ ਦੇ ਕੰਮਾਂ ਤੋਂ ਦੂਰ ਰੱਖਿਆ ਜਾਂਦਾ ਹੈ; ਮਾਪੇ ਵੀ ਕੰਮ ਨਹੀਂ ਕਰਦੇ, ਨੌਕਰ ਜਾਂ ਨੌਕਰਾਣੀ ਵੱਲੋਂ ਇਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ ਇਹ ਸਥਿਤੀ ਵੀ ਬਹੁਤ ਹਾਨੀਕਾਰਕ ਹੈ। ਕਿਉਂਕਿ ਬਿਨਾਂ ਹੱਥ- ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ,ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਹਨ।ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ ਦੇ, ਸਾਫ਼- ਸਫ਼ਾਈ ਦੇ, ਭਾਂਡੇ ਧੋਣ/ ਮਾਂਜਣ ਦੇ, ਜਾਂ ਨਿੱਕੇ- ਛੋਟੇ ਕੱਪੜੇ ਧੋਣ ਦੇ ਕੰਮਾਂ ਵਿੱਚ ਨਹੀਂ ਲਾਇਆ, ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਦੱਸਣੀ ਚਾਹੀਦੀ ਹੈ।ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।
ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੀ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ/ ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ- ਕਾਪੀਆਂ ਨੂੰ ਕੱਢ ਕੇ, ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ- ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜੁਮੈਟਰੀ ਬਾਕਸ ਵਿਚਲਾ ਸਾਮਾਨ ਸਾਫ਼ ਕਰਕੇ ਰੱਖਣਾ, ਕਿਤਾਬਾਂ/ ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਾਮਾਨ ਰੱਖਣਾ, ਜੁੱਤੀਆਂ ਨੂੰ ਥਾਂ ਸਿਰ/ ਸ਼ੂਜ਼ ਰੈਕ ਵਿੱਚ ਰੱਖਣਾ… ਆਦਿ ਕਿੰਨੇ ਹੀ ਨਿੱਕੇ- ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖਰੇਖ ਹੇਠ ਸਿਖਾ ਸਕਦੇ ਹਨ।
ਜੇ ਬੱਚੇ ਨੂੰ ਘਰੇ ਇਕੱਲਿਆਂ ਛੱਡਣਾ ਪੈ ਰਿਹਾ ਹੈ ਤਾਂ ਉਹਨੂੰ ਦੱਸੋ ਕਿ ਘਰ ਨੂੰ ਅੰਦਰੋਂ ਕਿਵੇਂ ਬੰਦ ਕਰਨਾ ਹੈ, ਕਿਵੇਂ ਦਰਵਾਜ਼ਾ ਖੋਲ੍ਹਣਾ ਹੈ। ਤਾਲਾ ਕਿਵੇਂ ਲਾਉਣਾ ਹੈ, ਕਿਵੇਂ ਖੋਲ੍ਹਣਾ ਹੈ। ਗੈਸ ਸਟੋਵ ਜਗਾਉਣਾ  ਤੇ ਬੰਦ ਕਰਨਾ; ਪੁਰਾਣੇ ਕਾਗਜ਼ਾਂ ਤੋਂ ਮਨੋਰੰਜਨ ਲਈ ਲਿਫ਼ਾਫ਼ੇ ਬਣਾਉਣੇ; ਪੁਰਾਣੀਆਂ ਚੀਜ਼ਾਂ ਤੋਂ ਕਲਾਤਮਕ ਚੀਜ਼ਾਂ ਬਣਾਉਣੀਆਂ.. ਆਦਿ ਅਜਿਹੇ ਕੰਮ ਹਨ, ਜਿਹੜੇ ਅੱਗੇ ਚੱਲ ਕੇ ਬੱਚਿਆਂ ਨੂੰ ਕੌਮੀ ਸੇਵਾ ਯੋਜਨਾ(ਐੱਨ ਐੱਸ ਐੱਸ) ਵਿੱਚ ਸਹਾਈ ਹੁੰਦੇ ਹਨ।
ਬੱਚਿਆਂ ਨੂੰ ਸਾਈਕਲ ਚਲਾਉਣਾ ਸਿਖਾਇਆ ਜਾ ਸਕਦਾ ਹੈ। ਜੇ ਉਹ ਸਾਈਕਲ ਜਾਣਦੇ ਹਨ ਤਾਂ ਸਕੂਟਰ ਸਿਖਾਇਆ ਜਾ ਸਕਦਾ ਹੈ। ਪਰ ਇਨ੍ਹਾਂ ਗੱਲਾਂ ਲਈ ਮਾਪਿਆਂ ਨੂੰ ਖਾਸ ਤਵੱਜੋ ਦੇਣੀ ਪਵੇਗੀ ਤੇ ਵਧੀਆ ਟਰੇਨਰ ਕੋਲੋਂ ਸਿਖਲਾਈ ਦੇਣੀ ਪਵੇਗੀ। ਬੱਚਿਆਂ ਨੂੰ ਦੱਸੋ ਕਿ ਰਫ਼ਤਾਰ/ ਬ੍ਰੇਕ ਤੇ ਹਮੇਸ਼ਾ ਕੰਟਰੋਲ ਰੱਖੋ ਤੇ ਸਿਖਲਾਈ ਸਮੇਂ ਕਦੇ ਵੀ ਤੇਜ਼ ਸਕੂਟਰ ਨਾ ਚਲਾਓ।
ਬਾਜ਼ਾਰ ਜਾਂਦੇ ਸਮੇਂ ਮਾਪੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਦੱਸਣ ਕਿ ਕਿਵੇਂ ਖਰੀਦੋ- ਫਰੋਖ਼ਤ ਕਰਨੀ ਹੈ। ਸਬਜ਼ੀਆਂ,ਫਲ, ਸਟੇਸ਼ਨਰੀ ਜਾਂ ਹੋਰ ਚੀਜ਼ਾਂ ਖਰੀਦਣ ਸਮੇਂ ਕੀਮਤ, ਨਾਪ- ਤੋਲ ਆਦਿ ਬਾਰੇ ਸਿਖਾਉਣਾ ਚਾਹੀਦਾ ਹੈ। ਦੁਕਾਨਦਾਰ ਨੇ ਤਾਂ ਆਪਣੀ ਚੀਜ਼ ਤੁਹਾਨੂੰ ਮੜ੍ਹ ਦੇਣੀ ਹੁੰਦੀ ਹੈ, ਜਦਕਿ ਗਾਹਕ ਨੇ ਆਪਣੀ ਪਸੰਦ/ ਨਾ ਪਸੰਦ ਚੰਗੀ/ ਮਾੜੀ ਦੀ ਪਰਖ ਕਰਨੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਇੱਕੋ ਦੁਕਾਨਦਾਰ ਤੋਂ ਹਰ ਚੀਜ਼ ਖਰੀਦੋ, ਕਦੇ- ਕਦੇ ਬਦਲ ਕੇ ਵੀ ਕਿਸੇ ਹੋਰ ਥਾਂ ਤੋਂ ਚੀਜ਼ ਲੈਣੀ ਚਾਹੀਦੀ ਹੈ। ਇਸ ਨਾਲ ਕੀਮਤ ਅਤੇ ਚੀਜ਼  ਦੀ ਗੁਣਵੱਤਾ ਦਾ ਪਤਾ ਲੱਗਦਾ ਹੈ। ਅਜਿਹੀਆਂ ਗੱਲਾਂ ਬਾਰੇ ਬੱਚਿਆਂ ਨੂੰ ਨਾਲ ਲਿਜਾ ਕੇ ਅਤੇ ਘਰ ਵਿੱਚ ਵੀ ਸਮੇਂ- ਸਮੇਂ ਤੇ ਜਾਣਕਾਰੀ ਦਿਓ।
ਮੇਰੇ ਕਾਲਜ ਵਿੱਚ ਇੱਕ ਕੁਲੀਗ ਲੜਕੀ ਹੈ, ਜਿਸ ਨੇ ਆਇਲਟਸ ਪਾਸ ਕੀਤਾ ਹੋਇਆ ਹੈ। ਉਹ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਰਹੀ ਤਾਂ ਉਸ ਦੇ ਪਿਤਾ ਨੇ ਇਹ ਕਹਿ ਕੇ ਉਹਨੂੰ ਵਰਜ ਦਿੱਤਾ ਕਿ ਇੱਥੇ ਤਾਂ ਤੂੰ ਪਾਣੀ ਦਾ ਗਿਲਾਸ ਤੱਕ ਚੁੱਕ ਕੇ ਨਹੀਂ ਪੀਂਦੀ ਤੇ ਬਾਹਰ ਜਾ ਕੇ ਤੂੰ ਕਿਵੇਂ ਸੈੱਟ ਹੋਵੇਗੀ, ਕਿਉਂਕਿ ਉੱਥੇ ਨੌਕਰ ਰੱਖਣੇ ਬਹੁਤ ਮਹਿੰਗੇ ਹਨ ਅਤੇ ਘਰ ਦੇ ਸਾਰੇ ਕੰਮ ਖੁਦ ਹੀ ਕਰਨੇ ਪੈਂਦੇ ਹਨ। ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਘਰ ਦੇ ਨਿੱਕੇ- ਨਿੱਕੇ ਕੰਮ ਕਰਨ ਦੀ ਆਦਤ ਪਾਉਣ, ਜੋਕਿ ਉਨ੍ਹਾਂ ਦੀ ਅਗਲੇਰੀ ਜ਼ਿੰਦਗੀ ਲਈ ਸਹਾਈ ਹੋਵੇਗਾ। ਇਨ੍ਹਾਂ ਛੋਟੇ- ਛੋਟੇ ਕੰਮਾਂ ਤੋਂ ਹੀ ਸਾਨੂੰ ਖ਼ੁਸ਼ੀ ਤੇ ਤਸੱਲੀ ਮਿਲਦੀ ਹੈ। ਖੁਸ਼ ਰਹਿਣ ਦਾ ਇੱਕ ਫੰਡਾ ਹੈ- “ਖ਼ੁਸ਼ੀ ਲਈ ਕੰਮ ਕਰਾਂਗੇ ਤਾਂ ਖ਼ੁਸ਼ੀ ਨਹੀਂ ਮਿਲੇਗੀ। ਪਰ ਖ਼ੁਸ਼ ਹੋ ਕੇ ਕੰਮ ਕਰਾਂਗੇ ਤਾਂ ਖ਼ੁਸ਼ੀ ਜ਼ਰੂਰ ਮਿਲੇਗੀ…”
ਸਿੱਖ ਧਰਮ ਦੇ ਮੁੱਢਲੇ ਤਿੰਨ ਸਿਧਾਂਤਾਂ ਵਿੱਚ ਕਿਰਤ (ਕੰਮ) ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਅਤੇ ਇਸੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਅੰਤਿਮ ਸਾਲਾਂ ਵਿੱਚ ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਕੰਮ ਦੀ ਮਹੱਤਤਾ ਨੂੰ ਦ੍ਰਿੜ੍ਹ ਕਰਵਾਇਆ ਸੀ। ਅੱਜ ਵੀ ਗੁਰੂ- ਘਰਾਂ ਵਿੱਚ ਲੰਗਰ ਦੇ ਭਾਂਡੇ ਮਾਂਜਣੇ, ਝਾੜੂ ਦੇਣਾ, ਲੰਗਰ ਤਿਆਰ ਕਰਨਾ/ ਵਰਤਾਉਣਾ ਆਦਿ ਨੂੰ ਉੱਚੀ- ਸੁੱਚੀ ਕਿਰਤ ਮੰਨਿਆ ਗਿਆ ਹੈ। ਜੋੜਿਆਂ ਦੀ ਸੇਵਾ, ਸੰਗਤ ਨੂੰ ਪੱਖਾ ਝੱਲਣਾ, ਜਲ ਛਕਾਉਣਾ- ਇਸੇ ਸ਼੍ਰੇਣੀ ਵਿੱਚ ਸ਼ਾਮਲ ਹਨ। ਬੱਚੇ ਵੇਖ ਕੇ ਵੀ ਬਹੁਤ ਕੁਝ ਸਿੱਖਦੇ ਹਨ। ਇਸ ਲਈ ਇਹੋ ਜਿਹੀਆਂ ਥਾਵਾਂ ਤੇ ਉਨ੍ਹਾਂ ਨੂੰ ਜ਼ਰੂਰ ਨਾਲ ਲੈ ਕੇ ਜਾਓ।
‘ਸੁਕ੍ਰਿਤ ਟਰੱਸਟ’ ਵੱਲੋਂ ਸ਼ੁਰੂ ਕੀਤੇ ਗਏ ‘ਸੈਲਫ ਹੈਲਪ ਪ੍ਰਾਜੈਕਟ’, ਜਿਸ ਦੇ ਸੂਤਰਧਾਰ ਡਾ. ਰੇਣੁਕਾ ਸਰਬਜੀਤ ਸਿੰਘ ਹਨ, ਨੇ ਕੰਮ (ਕਿਰਤ) ਨੂੰ ਸ਼੍ਰੋਮਣੀ ਸਥਾਨ ਦਿੰਦਿਆਂ ਇੱਕ ਟੇਬਲ- ਕੈਲੰਡਰ ਤਿਆਰ ਕੀਤਾ ਹੈ, ਜਿਸ ਵਿੱਚ ਕੰਮ/ ਕਿਰਤ ਨੂੰ ਬਿਆਨ ਕਰਦੀਆਂ ਉਲੇਖਯੋਗ ਪੰਕਤੀਆਂ ਦਰਜ ਹਨ:
* ਵਿਹਲੇ ਬੈਠ ਨਾ ਹੁਕਮ ਚਲਾਈਏ। ਦਸਾਂ ਨਹੁੰਆਂ ਦੀ ਕਿਰਤ ਕਮਾਈਏ।
* ਜਿਹੜੇ ਹੱਥ ਨਾ ਕਰਦੇ ਕਾਰ। ਦੁਨੀਆਂ ਉੱਤੇ ਹੁੰਦੇ ਭਾਰ।
* ਕੰਮਚੋਰ ਆਪਣੀ ਸੁਸਤੀ ਨੂੰ ਕਿਸਮਤ ਕਹਿੰਦਾ ਹੈ।
* ਹੱਡ- ਹਰਾਮੀ ਖਾਂਦੇ ਠੋਕਰਾਂ ਦਰ- ਦਰ। ਕਿਰਤੀ ਪਾਉਂਦੇ ਸਤਿਕਾਰ ਘਰ- ਘਰ।
* ਵਿਹਲਾ ਮਨੁੱਖ ਕਿਰਤੀ ਨਾਲੋਂ ਵੱਧ ਬੀਮਾਰ ਹੁੰਦਾ ਹੈ।
* ਕਿਰਤ ਕਰਨ ਨਾਲ ਸਿਹਤ, ਸਤਿਕਾਰ ਤੇ ਚਰਿੱਤਰ ਦੀ ਉਸਾਰੀ ਹੁੰਦੀ ਹੈ।
* ਗਰੀਬੀ ਹੈ?- ਕੰਮ ਕਰੀਏ। ਬਿਮਾਰੀ ਹੈ?- ਕੰਮ ਕਰੀਏ। ਉਦਾਸੀ ਹੈ?- ਕੰਮ ਕਰੀਏ। ਅਮੀਰੀ ਹੈ?- ਫਿਰ ਵੀ ਕੰਮ ਕਰੀਏ। ਕੰਮ ਹੀ ਹਰ ਸਮੱਸਿਆ ਦਾ ਹੱਲ ਹੈ।
* ਡਟ ਕੇ ਮਿਹਨਤ ਕਰੀਏ,ਕੰਮ ਕਰੀਏ। ਕੰਮ ਵਿੱਚ ਹੀ ਆਨੰਦ ਹੈ। * ਕੰਮ ਕਰਨ ਵਾਲੇ ਕਦੇ ਵਿਕਾਰਾਂ ਵਿੱਚ ਨਹੀਂ ਫਸਦੇ, ਕਦੇ ਗਰੀਬ ਨਹੀਂ ਹੁੰਦੇ, ਕਦੇ ਉਦਾਸ ਨਹੀਂ ਹੁੰਦੇ।
* ਕੰਮ ਨਾਲ ਪਿਆਰ ਕਰੀਏ… ਫਿਰ ਕੰਮ ਹੀ ਸ਼ੌਕ ਬਣ ਜਾਵੇਗਾ।
          ਕੰਮ ਕਰਨ ਦੀ ਸਿਖਿਆ ਅਸੀਂ ਕੇਵਲ ਕੁੜੀਆਂ ਨੂੰ ਹੀ ਨਹੀਂ ਦੇਣੀ, ਸਗੋਂ ਇਹ ਮੁੰਡਿਆਂ ਲਈ ਵੀ ਉਨੀ ਹੀ ਜ਼ਰੂਰੀ ਹੈ। ਬੱਚਿਆਂ ਨੂੰ ਕੰਮ ਕਰਨ ਲਈ ਕਦੇ ਵੀ ਖਿਝ ਕੇ/ ਝਿੜਕ ਕੇ/ ਗੁੱਸੇ ਨਾਲ ਨਾ ਕਹੋ, ਸਗੋਂ ਪਿਆਰ- ਦੁਲਾਰ ਨਾਲ ਬੋਲੇ। ਜੇ ਉਹ ਕੋਈ ਵੀ ਨਿੱਕਾ- ਮੋਟਾ ਕੰਮ ਕਰਦੇ ਹਨ ਤਾਂ ਹਮੇਸ਼ਾ ਸ਼ਾਬਾਸ਼ ਦਿਓ, ਉਤਸ਼ਾਹ ਵਧਾਓ। ਇਸ ਨਾਲ ਉਨ੍ਹਾਂ ਅੰਦਰ ਕੰਮ ਦਾ ਸ਼ੌਕ ਪੈਦਾ ਹੋਵੇਗਾ।
ਇਹ ਸਾਰੇ ਅਤੇ ਇਹੋ ਜਿਹੇ ਹੋਰ ਕੰਮਾਂ ਦੀ ਸਿੱਖਿਆ ਪ੍ਰਾਪਤ ਕਰਨ ਨਾਲ ਬੱਚੇ ਆਗਾਮੀ ਜੀਵਨ ਵਿੱਚ ਸਫਲ ਤੇ ਮਿਹਨਤੀ ਯੁਵਕ/ ਯੁਵਤੀਆਂ ਹੋ ਨਿਬੜਨਗੇ, ਅਜਿਹਾ ਸਾਡਾ ਵਿਸ਼ਵਾਸ ਹੈ…।
ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302 
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: