Sun. Aug 18th, 2019

ਬੱਚਾ ਚੁੱਕ ਗਰੋਹ ਤੋਂ ਆਪਣੇ ਬੱਚਿਆ ਨੂੰ ਕਿਵੇਂ ਬਚਾਈਏ

ਬੱਚਾ ਚੁੱਕ ਗਰੋਹ ਤੋਂ ਆਪਣੇ ਬੱਚਿਆ ਨੂੰ ਕਿਵੇਂ ਬਚਾਈਏ

ਭਾਰਤ ਦੇ ਲੋਕਾਂ ਦੀ ਇਹ ਤਰਾਸ਼ਦੀ ਰਹੀ ਹੈ ਕਿ ਉਹ ਮੁੱਢ-ਕਦੀਮਾਂ ਤੋਂ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਰਹੇ ਹਨ।ਸ਼ੁਰੂਆਤ ਇੱਥੇ ਅਸਲੀ ਘਟਨਾਵਾਂ ਤੋਂ ਹੀ ਹੁੰਦੀ ਰਹੀ ਹੈ ਪਰ ਬਾਅਦ ਵਿੱਚ ਕੁੱਝ ਮਾੜੇ ਅਨਸਰ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਰਹੇ।ਅੱਜ ਕੱਲ੍ਹ ਆਮ ਹੀ ਬੱਚੇ ਚੁੱਕਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ। ਇਹ ਕੋਈ ਅਫਵਾਹ ਨਹੀਂ ਸਗੋਂ ਅਸਲੀਅਤ ਹੈ।ਕੁੱਝ ਲੋਕ ਚੰਦ ਕੁ ਪੈਸਿਆ ਦੀ ਖਾਤਰ ਬੱਚਿਆਂ ਦੇ ਅੰਗ ਵੇਚਣ ਦਾ ਘਿਨੋਣਾ ਅਪਰਾਧ ਕਰਦੇ ਹਨ।ਕੋਈ ਵੀ ਛੋਟੀ ਘਟਨਾ ਘੱਟਦੀ ਹੈ ਤਾਂ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਕਿੳਂਕਿ ਛੋਟਾ ਅਪਰਾਧ ਹੀ ਵੱਡੇ ਨੂੰ ਜਨਮ ਦਿੰਦਾ ਹੈ।ਅਸਲ ਘਟਨਾਵਾਂ ਦੀ ਸ਼ੁਰੂਆਤ ਹੁੰਦੇ ਹੀ ਕੁੱਝ ਲੋਕ ਦੁਸ਼ਮਣੀ ਕੱਢਣੀ ਸ਼ੁਰੂ ਕਰ ਦਿੰਦੇ ਹਨ ਇਹ ਸੋਚਕੇ ਕਿ ਨਾਂਮ ਤਾਂ ਮਾੜੇ ਮਹੌਲ ‘ਚ ਕਿਸੇ ਹੋਰ ਦਾ ਹੀ ਲੱਗਣਾ ਹੈ। ਘਟਨਾਵਾਂ ਓਨੀਆਂ ਨਹੀਂ ਹੁੰਦੀਆਂ ਜਿਨੀਆਂ ਕਿ ਦੁਸ਼ਮਣੀ ਕੱਢਣ ਵਾਲੇ ਕਰ ਦਿੰਦੇ ਹਨ ।

ਉਹ ਵਗਦੀ ਗੰਗਾ ਵਿੱਚ ਇਸ ਲਈ ਹੱਥ ਧੋਂਦੇ ਹਨ ਕਿੳਂਕਿ ਏਥੇ ਸੁਰੱਖਿਆ ਪੱਖੋਂ ਅਤੇ ਕਾਨੂੰਨ ਵਿਵਸਥਾ ਵਿੱਚ ਬਹੁਤ ਕਮੀਆਂ ਹਨ।ਬੱਚੇ ਚੁੱਕਣ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਸਿਰਫ ਆਪਸੀ ਰੰਜਿਸ਼ ਕਾਰਨ ਹੀ ਬੱਚਿਆਂ ਨੂੰ ਮਾਰਿਆਂ ਗਿਆ ਹੈ ਨਾ ਕੇ ਅੰਗ ਵੇਚਣ ਦੇ ਉਦੇਸ਼ ਨਾਲ।ਬੱਚਾ ਚੁੱਕ ਗਰੋਹ ਏਨੇ ਸਰਗਰਮ ਨਹੀਂ ਜਿਨ੍ਹਾ ਰੋਲ੍ਹਾ ਪੈ ਰਿਹਾ ਹੈ।ਸਾਡੇ ਲੋਕ ਹੀ ਰਾਜਨੀਤਿਕ ਜਾਂ ਘਰੇਲੂ ਰੰਜਿਸ਼ ਕਾਰਨ ਇੱਕ ਦੂਜੇ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਇਨਸਾਨੀਅਤ ਨਹੀਂ ਹੈ।ਇਸ ਲਈ ਮੋਜੂਦਾ ਹਾਲਤਾ ਨੂੂੰ ਦੇਖਦੇ ਹੋਏ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੋ ਰਹੀਆਂ ਘਟਨਾਂਵਾ ਤੋਂ ਸੁਚੇਤ ਕਰਨ।

ਬੱਚੇ ਹਮੇਸ਼ਾ ਅਧਿਆਪਕ ਦੀ ਗੱਲ ਜਿਆਦਾ ਮੰਨਦੇ ਹਨ ।ਇਸ ਲਈ ਅਧਿਆਪਕ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਜਰੂਰ ਦੱਸਣ ਅਤੇ ਕੁੱਝ ਵਿਸ਼ੇਸ਼ ਗੱਲਾਂ ਵੱਲ ਧਿਆਨ ਦੇਣ। ਕਿ ਜਦੋਂ ਤੁਸੀ ਬਾਹਰ ਖੇਡਣ,ਘੁੰਮਣ ਜਾਂ ਸਕੂਲ ਜਾਂਦੇ ਹੋ ਤਾਂ ਕਦੀ ਵੀ ਅਣਜਾਣ ਵਿਅਕਤੀ ਵੱਲੋਂ ਦਿੱਤੀ ਗਈ ਚੀਜ਼ ਨਾ ਖਾਉ ਕਿਉਂਕਿ ਕੋਈ ਵੀ ਬੇਹੋਸ਼ ਕਰਕੇ ਚੁੱਕਣ ਦੀ ਨੀਅਤ ਨਾਲ ਕੁੱਝ ਵੀ ਦੇ ਸਕਦਾ ਹੈ।ਕਦੀ ਵੀ ਕਿਸੇ ਅਨਜਾਣ ਵਿਅਕਤੀ ਦੇ ਵਹੀਕਲ ਤੇ ਨਾ ਬੈਠੋ। ਸਕੂਲ ਨੂੰ ਜਾਂਦੇ ਅਤੇ ਆਉਂਦੇ ਸਮੇਂ ਗਰੁੱਪ ਬਣਾਕੇ ਜਾਓ।ਜੇਕਰ ਕੋਈ ਅਣਜਾਣ ਵਿਅਕਤੀ ਚੁੱਕਣ ਦੀ ਕੋਸ਼ਿਸ ਕਰਦਾ ਹੈ ਤਾਂ ਤੁਰੰਤ ਉੱਚੀ ਅਵਾਜ਼ ਵਿੱਚ ਰੌਲਾ ਪਾਉ। ਡਰਕੇ ਕਿਸੇ ਨਾਲ ਨਾ ਬੈਠੋ ਸਗੋਂ ਭੱਜਣ ਦੀ ਕੋਸ਼ਿਸ ਕਰੋ ਆਪਣੇ ਮਾਤਾ ਪਿਤਾ ਅਤੇ ਅਧਿਆਪਕ ਦਾ ਮੋਬਾਇਲ ਨੰਬਰ ਯਾਦ ਰੱਖੋ।ਬੱਚਿਆਂ ਨੂੰ ਟਾਈਮ ਤੋਂ ਪਹਿਲਾਂ ਮਾਪਿਆਂ ਤੋਂ ਬਿਨਾਂ ਇੱਕਲਿਆ ਛੁੱਟੀ ਨਾ ਦਿੱਤੀ ਜਾਵੇ।ਜਦੋਂ ਕੋਈ ਚਾਚਾ ਤਾਇਆ ਜਾਂ ਰਿਸ਼ਤੇਦਾਰ ਬਣਕੇ ਆਉਂਦਾ ਹੈ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਜਾਵੇ।ਬੱਚਾ ਅਚਾਨਕ ਬਿਮਾਰ ਹੋ ਜਾਂਦਾ ਹੈ ਤਾਂ ਇਕੱਲੇ ਨੂੰ ਨਾ ਭੇਜੋ ।ਜਾਂ ਤਾਂ ਮਾਪਿਆਂ ਨਾਲ ਸੰਪਰਕ ਕਰੋ ਜਾਂ ਫਿਰ ਕੋਈ ਜ਼ਿੰਮੇਵਾਰ ਵਿਅਕਤੀ ਨਾਲ ਭੇਜੋ। ਜੇਕਰ ਅਧਿਆਪਕ ਨੂੰ ਫੋਨ ਕਰਕੇ ਕੋਈ ਬੱਚਿਆਂ ਨੂ ਛੁੱਟੀ ਦੇਣ ਬਾਰੇ ਕਹਿੰਦਾ ਹੈ ਤਾਂ ਛੁੱਟੀ ਨਾ ਦਿੱਤੀ ਜਾਵੇ।

ਜੇਕਰ ਕੋਈ ਫੋਨ ਤੇ ਹੀ ਕਿਸੇ ਬੱਚੇ ਦੀ ਜਾਣਕਾਰੀ ਮੰਗੇ ਤਾਂ ਅਣਜਾਣ ਵਿਅਕਤੀ ਨੂੰ ਕੋਈ ਜਾਣਕਾਰੀ ਨਾ ਦਿਉ ਅਤੇ ਨਾ ਹੀ ਬੱਚਿਆਂ ਨੂ ਮਿਲਣ ਦਿਉ।ਮਾਪਿਆਂ ਦੇ ਮੋਬਾਈਲ ਨੰਬਰ ਲੈ ਕੇ ਰੱਖੋ। ਜੇਕਰ ਕਿਸੇ ਕੋਲ ਮੋਬਾਈਲ ਫੋਨ ਨਾ ਹੋਵੇ ਤਾਂ ਕਿਸੇ ਨਜ਼ਦੀਕੀ ਦਾ ਨੰਬਰ ਉਹਨਾਂ ਕੋਲੋ ਲੈ ਲਵੋ ਤਾਂ ਜੋ ਲੋੜ ਵੇਲੇ ਸੰਪਰਕ ਕੀਤਾ ਜਾ ਸਕੇ।ਜੇਕਰ ਕੋਈ ਆਪਣੇ ਬੱਚਿਆਂ ਦੇ ਨਾਲ ਦੂਜੇ ਕਿਸੇ ਹੋਰ ਬੱਚੇ ਨੂੰ ਛੁੱਟੀ ਦਿਵਾਕੇ ਲੈਣ ਆਵੇ ਤਾਂ ਬੱਚੇ ਬਿਲਕੁਲ ਨਾ ਭੇਜੇ ਜਾਣ ਜਿੰਨ੍ਹਾਂ ਚਿਰ ਤੁਹਾਨੂੰ ਯਕੀਨ ਨਹੀਂ ਹੁੰਦਾ।ਬੱਚੇ ਨੂੰ ਸਕੂਲ ਤੋਂ ਛੁੱਟੀ ਦਿਵਾਉਣ ਲਈ ਕਿਸੇ ਦੇ ਹੱਥ ਭੇਜੀ ਗਈ ਅਰਜ਼ੀ ਨੂੰ ਚੰਗੀ ਤਰ੍ਹਾਂ ਘੋਖ ਲਿਆ ਜਾਵੇ।ਛੁੱਟੀ ਦੇ ਸਮੇਂ ਵੀ ਅਧਿਆਪਕ ਤੇ ਮਾਪਿਆਂ ਵੱਲੋਂ ਨਿਗਰਾਨੀ ਕੀਤੀ ਜਾਵੇ ਕਿ ਕੋਈ ਵਿਅਕਤੀ ਬਿਨਾਂ ਕਿਸੇ ਕੰਮ ਦੇ ਤਾਂ ਨਹੀਂ ਆਉਂਦਾ।ਜੇਕਰ ਕੋਈ ਸ਼ੱਕੀ ਵਿਅਕਤੀ ਪਿੰਡ ਜਾਂ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਤੇ ਪਿੰਡ ਦਾ ਹਰ ਵਿਅਕਤੀ ਜਿੰਮੇਵਾਰੀ ਨੂੰ ਸਮਝਦੇ ਹੋਏ ਓਪਰੇ ਵਿਅਕਤੀ ਤੇ ਨਿਗਰਾਨੀ ਰੱਖੇ ਅਤੇ ਸ਼ੱਕੀ ਹੋਣ ਦੀ ਹਾਲਤ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕਰੇ।ਬਹੁਤੇ ਲੋਕ ਇਹੀ ਸੋਚ ਕੇ ਰੋਲਾ ਨਹੀਂ ਪਾਉਂਦੇ ਕਿ ਇਹ ਕਿਹੜਾ ਸਾਡੇ ਬੱਚੇ ਹਨ।ਪਰ ਜਦੋਂ ਆਪਣੇ ਬੱਚੇ ਚੁੱਕੇ ਜਾਣ ਦੀ ਗੱਲ ਆਉਦੀ ਹੈ ਤਾਂ ਫਿਰ ਅਵਾਜ਼ ਦੱਬੀ ਨਹੀਂ ਰਹਿੰਦੀ ਸਗੋਂ ਛੁਡਾਉਣ ਲਈ ਪੂਰੀ ਵਾਹ ਲਾਈ ਜਾਂਦੀ ਹੈ।ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਕੋਈ ਅਪਰਾਧ ਹੋ ਰਿਹਾ ਹੈ ਤਾਂ ਤੁਸੀਂ ਚੁੱਪ ਹੋ ਤਾਂ ਸਮਝੋ ਕਿ ਅਗਲਾ ਨੰਬਰ ਡੁਹਾਡਾ ਹੈ।ਕੁੱਝ ਗਿਣੇ ਚੁਣੇ ਲੋਕ ਅਜਿਹਾ ਹਾਦਸਾ ਵੇਖ ਕੇ ਐਮਰਜੈਂਸੀ ਨੰਬਰਾ ਤੇ ਫੋਨ ਤਾਂ ਕਰਦੇ ਹਨ ਪਰ ਪ੍ਰਸ਼ਾਸ਼ਨ ਦੇ ਪਹੁੰਚਣ ਤੱਕ ਘਟਨਾ ਵਾਪਰ ਚੁੱਕੀ ਹੁੰਦੀ ਹੈ।ਫੋਨ ਕਰਨ ਵਾਲਿਆਂ ਨੂੰ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਭਾਵੇ ਕਿ ਜਿੰਨਾਂ ਮਰਜੀ ਸਰਕਾਰ ਜਨਤਾ ਨੂੰ ਜਾਗਰੂਕ ਕਰ ਰਹੀ ਹੈ ਪਰ ਪੁਲਿਸ ਦੀ ਬੇਲੋੜੀ ਪੁੱਛ ਗਿੱਛ ਤੋਂ ਡਰਦਾ ਫੋਨ ਕਰਨ ਲੱਗਿਆ ਹਰ ਕੋਈ ਪੰਜਾਹ ਵਾਰ ਸੋਚਦਾ ਹੈ।

ਬਾਹਰਲੇ ਦੇਸ਼ਾ ਵਿੱਚ ਲੋਕ ਜਾਗਰੂਕ ਹਨ ਅਤੇ ਉਥੋਂ ਦੇ ਸੁਰੱਖਿਆ ਪ੍ਰਬੰਧ ਬਹੁਤ ਸਖਤ ਹਨ। ਕਿਸੇ ਵਾਰਦਾਤ ਤੋਂ ਬਾਅਦ ਕੁੱਝ ਸਮੇਂ ਅੰਦਰ ਹੀ ਅਪਰਾਧੀ ਨੂੰ ਫੜਕੇ ਸਜ਼ਾ ਦੇ ਦਿੱਤੀ ਜਾਂਦੀ ਹੈ।ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਘਾਟ ਹੋਣ ਕਾਰਨ ਅਪਰਾਧੀ ਬਚ ਜਾਂਦੇ ਹਨ। ਉਹਨਾਂ ਦਾ ਹੋਸਲਾ ਵੱਧ ਜਾਂਦਾ ਹੈ ਅਤੇ ਉਹਨਾਂ ਦਾ ਬਚ ਨਿਕਲਣਾ ਹੀ ਅਗਲੇ ਅਪਰਾਧ ਨੂੰ ਅੰਜਾਮ ਦਿੰਦਾ ਹੈ।ਹਾਲ ਹੀ ਵਿੱਚ ਵਾਪਰੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਸਾਡੀ ਸੁਰੱਖਿਆ ਪ੍ਰਣਾਲੀ ਸਿਰਫ ਆਮ ਜਨਤਾ ਲਈ ਹੀ ਢਿੱਲੀ ਹੈ।ਵੱਖ-ਵੱਖ ਅਖਬਾਰਾਂ ਵਿੱਚ 9 ਅਗਸਤ 2019 ਨੂੰ ਖਬਰ ਲੱਗੀ ਹੈ ਕਿ ਸੰਸਦ ਮੈਬਰ ਪ੍ਰਨੀਤ ਕੌਰ ਦੇ ਖਾਤੇ ਚੋ 23 ਲੱਖ ਰੁਪਏ ਕੱਢਣ ਵਾਲੇ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਗਏ ਹਨ।ਜੋ 48 ਐਪਾਂ ਰਾਹੀ ਆਨਲਾਈਨ ਠੱਗੀ ਕਰਦੇ ਸਨ। ਜਿਨ੍ਹਾਂ ਕੋਲੋ 693 ਮੋਬਾਈਲ ਸਿਮਾਂ ਤੇ 19 ਮੋਬਾਈਲ ਬਰਾਮਦ ਕੀਤੇ ਗਏ।ਏਨੀਆਂ ਐਪ,ਮੋਬਾਈਲ ਸਿਮਾਂ ਅਤੇ ਮੋਬਾਈਲ ਵਰਤਣ ਵਾਲਾ ਗਰੋਹ ਕੋਈ ਇੱਕ ਰਾਤ ਵਿੱਚ ਹੀ ਤਾਂ ਪੈਦਾ ਨਹੀਂ ਹੋ ਗਿਆ। ਕੀ ਪਤਾ ਇਹ ਕਿੰਨੇ ਸਾਲਾ ਤੋਂ ਕਿੰਨੇ ਵਿਚਾਰੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ-ਅਰਬਾਂ ਦੀ ਠੱਗੀ ਮਾਰ ਚੁੱਕਾ ਹੋਵੇਗਾ।ਕਈ ਲੋਕਾਂ ਵੱਲੋਂ ਇਸ ਦੀਆਂ ਐਫ.ਆਈ.ਆਰ ਵੀ ਕਰਵਾਈਆ ਗਈਆਂ ਹੋਣਗੀਆਂ ਪਰ ਜਦੋਂ ਇਹ ਠੱਗੀ ਕਿਸੇ ਮੰਤਰੀ ਨਾਲ ਹੋਈ ਤਾਂ ਤੁਰੰਤ ਕਾਰਵਾਈ ਕਰਕੇ ਗਰੋਹ ਦੇ ਮੈਂਬਰ ਕਾਬੂ ਕਰ ਲਏ ਗਏ।ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਕੋਲ ਸੁਰੱਖਿਆ ਤਕਨੀਕ ਦੀ ਕਮੀਂ ਹੈ ਜਾਂ ਕਾਨੂੰਨ ਦੀ ਜਾਂ ਆਦੇਸ਼ ਦੇਣ ਵਾਲਿਆ ਦੀ ਜਾਂ ਫਿਰ ਇਨਟੈਲੀਜੈਂਟ ਅਫਸਰਾਂ ਦੀ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਹਰੇਕ ਇਨਸਾਨ ਨੂੰ ਆਪਣੇ ਆਪ ਲਈ ਬਹੁਤ ਸੁਚੇਤ ਰਹਿਣ ਦੀ ਲੋੜ ਹੈ।ਜੇਕਰ ਪ੍ਰਸ਼ਾਸ਼ਨ ਅਤੇ ਸਰਕਾਰ ਜਨਤਾ ਦੀਆਂ ਭਾਵਨਾਂਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਤਾ ਨਾਲ ਇੱਕਜੁੱਟ ਹੋ ਕੇ ਅਜਿਹੀਆਂ ਵਾਰਦਾਤਾ ਦੇ ਵਿਰੱਧ ਖੜੇ ਹੋ ਜਾਣ ਤਾਂ ਕਿਸੇ ਦੀ ਕੋਈ ਜੁਰਤ ਨਹੀਂ ਹੈ ਕਿ ਉਹ ਅਜਿਹੀ ਘਟਨਾ ਨੂੰ ਅੰਜਾਮ ਦੇ ਸਕੇ।

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ:97816-93300

Leave a Reply

Your email address will not be published. Required fields are marked *

%d bloggers like this: