ਬਜ਼ੁਰਗ ਮਾਪਿਆਂ ਨਾਲ ਹੋ ਰਹੀ ਬਦਸਲੂਕੀ

ss1

ਬਜ਼ੁਰਗ ਮਾਪਿਆਂ ਨਾਲ ਹੋ ਰਹੀ ਬਦਸਲੂਕੀ

ਮਾਪੇ ਬਣਨਾ ਹਰ ਕਿਸੇ ਨੂੰ ਖੁਸ਼ੀਆਂ ਦਿੰਦਾ ਹੈ।ਇਸ ਦੀ ਖੁਸ਼ੀ ਗੂੰਗੇ ਦੇ ਗੁੜ ਖਾਣ ਵਰਗੀ ਹੁੰਦੀ ਹੈ।ਹਾਂ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਪਿਆਂ ਦਾ ਪੈਰ ਜ਼ਮੀਨ ਤੇ ਨਹੀਂ ਟਿੱਕਦਾ ਤੇ ਖਾਸ ਕਰਕੇ ਜੇਕਰ ਲੜਕਾ ਹੋਵੇ।ਅਜੇ ਵੀ ਬਹੁਤ ਹੀ ਘੱਟ ਮਾਪੇ ਨੇ ਜੋ ਧੀਆਂ ਦੇ ਜੰਮਣ ਤੇ ਖੁਸ਼ ਹੁੰਦੇ ਹਨ ਤੇ ਧੀ ਨੂੰ ਪੁੱਤ ਦੇ ਬਰਾਬਰ ਸਮਝਦੇ ਹਨ।ਮਾਪੇ ਪੁੱਤ ਨੂੰ ਬੜੀਆਂ ਰੀਝਾਂ ਤੇ ਹਸਰਤਾਂ ਨਾਲ ਪਾਲਦੇ,ਪੜ੍ਹਾਉਂਦੇ ਲਿਖਾਉਂਦੇ ਹਨ।ਪੁੱਤ ਦੀ ਵਧੀਆ ਨੌਕਰੀ ਤੇ ਖੁਸ਼ ਹੁੰਦੇ ਹਨ।ਦੁਨੀਆ ਵਿੱਚ ਸਿਰਫ਼ ਬਾਪ ਹੀ ਹੈ ਜੋ ਆਪਣੇ ਪੁੱਤ ਨੂੰ ਅੱਗੇ ਵੱਧਦਾ ਵੇਖਕੇ ਖੁਸ਼ ਹੁੰਦਾ ਹੈ ਤੇ ਮਾਂ ਇੱਕ ਅਜਿਹੀ ਸ਼ਖਸੀਅਤ ਹੈ ਜਿਹੜੇ ਵਾਅਦੇ ਉਨ੍ਹਾਂ ਕਦੇ ਜ਼ਿੰਦਗੀ ਵਿੱਚ ਨਹੀਂ ਕੀਤੇ ਹੁੰਦੇ, ਉਹ ਵੀ ਪੂਰੇ ਕਰਦੀ ਹੈ।ਮਾਪੇ ਆਪਣੀਆਂ ਸਾਰੀਆਂ ਚਾਹਤਾਂ ਤੇ ਇੱਛਾਵਾਂ ਮਾਰਕੇ ਪੁੱਤਾਂ ਨੂੰ ਪੜ੍ਹਾਉਂਦੇ ਹਨ।ਮੁਨਸ਼ੀ ਪ੍ਰੇਮ ਚੰਦ ਨੇ ਲਿਖਿਆ ਹੈ,”ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ।ਚਾਹੇ ਉਹ ਸਾਰੀ ਧਰਤੀ ਦਾ ਮਾਲਕ ਕਿਉਂ ਨਾ ਬਣ ਜਾਵੇ।ਮੈਂ ਕਿਸੇ ਤੋਂ ਸੁਣਿਆ ਸੀ ਕਿ ਜਦ ਵੀ ਮਾਂ ਰੋਟੀ ਖਾਣ ਲੱਗੇ ਬੱਚਾ ਗੰਦ ਜ਼ਰੂਰ ਪਾਏਗਾ ਪਰ ਮਾਂ ਹੱਸਦੇ ਹੋਏ ਉਹ ਸੱਭ ਸਾਫ ਕਰਦੀ ਹੈ।ਕਦੇ ਸ਼ਿਕਵਾ ਨਹੀਂ ਤੇ ਕਦੇ ਮੱਥੇ ਵੱਟ ਨਹੀਂ ਪਾਉਂਦੀ।ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਨਾਂ ਨੂੰ ਮਾਪਿਆਂ ਤੋਂ ਬਦਬੂ ਆਉਣ ਲੱਗ ਜਾਂਦੀ ਹੈ।ਬੜੇ ਚਾਵਾਂ ਨਾਲ ਮਾਪੇ ਪੁੱਤ ਵਿਆਹੁਦੇ ਨੇ,ਪਰ ਹੌਲੀ ਹੌਲੀ ਮਾਪੇ ਬੋਝ ਲੱਗਣ ਲੱਗ ਜਾਂਦੇ ਨੇ।ਮਾਪਿਆਂ ਨੂੰ ਗੱਲ ਗੱਲ ਤੇ ਟੋਕਿਆ ਜਾਂਦਾ ਹੈ।ਉਹ ਮਾਪੇ ਜਿੰਨਾ ਨੇ ਉਸ ਘਰ ਨੂੰ ਬਣਾਉਣ ਲਈ ਸਾਰੀ ਜ਼ਿੰਦਗੀ ਦੇ ਦਿੱਤੀ,ਉਨ੍ਹਾਂ ਨੂੰ ਘਰਦੇ ਪਿੱਛੇ ਬਣੇ ਸਟੋਰ ਜਾਂ ਗਰਾਜ ਵਿੱਚ ਧੱਕ ਦਿੱਤਾ ਜਾਂਦਾ ਹੈ।ਨੂੰਹ ਪੁੱਤ ਨੂੰ ਮਾਪਿਆਂ ਦੇ ਬਣਾਏ ਘਰ ਵਿੱਚੋਂ ਬਦਬੂ ਨਹੀਂ ਆਉਂਦੀ, ਪਰ ਮਾਪਿਆਂ ਵਿੱਚੋਂ ਬਦਬੂ ਆਉਂਦੀ ਹੈ।ਮਾਪਿਆਂ ਨੂੰ ਰੋਟੀ ਦੇਣੀ ਵੀ ਔਖੀ ਲੱਗਦੀ ਹੈ,ਪੁੱਤ ਵੀ ਪਤਨੀ ਦੀ ਭਾਸ਼ਾ ਬੋਲਦਾ ਹੈ।ਉਹ ਭੁੱਲ ਜਾਂਦਾ ਹੈ ਕਿ ਮਾਂ ਨੇ ਆਪਣੇ ਮੂੰਹ ਵਿੱਚ ਬੁਰਕੀ ਪਾਉਣ ਤੋਂ ਪਹਿਲਾਂ ਤੇਰੇ ਮੂੰਹ ਵਿੱਚ ਪਾਈ ਸੀ ਤੇ ਬਾਪ ਨੇ ਆਪ ਜੁੱਤੀ ਮੋਚੀ ਕੋਲੋਂ ਗੰਢਾ ਕੇ ਪਾਈ ਪਰ ਤੈਨੂੰ ਸੱਭ ਕੁਝ ਦਿੱਤਾ।ਕੁਝ ਇੱਕ ਨੂੰ ਛੱਡਕੇ ਵਧੇਰੇ ਨੂੰਹ ਪੁੱਤ ਮਾਪਿਆਂ ਤੇ ਦਬਾਅ ਪਾਉਂਦੇ ਹਨ ਕਿ ਜਾਇਦਾਦ ਉਨਾਂ ਦੇ ਨਾਮ ਕਰ ਦੇਣ ਜਾਂ ਆਨੇ ਬਹਾਨੇ ਉਨਾ ਕੋਲ ਪਏ ਥੋੜੇ ਬਹੁਤ ਪੈਸੇ ਵੀ ਲੈਣ ਦੀ ਕੋਸ਼ਿਸ਼ ਕਰਦੇ ਹਨ।
ਜੇਕਰ ਮਾਪੇ ਨਹੀਂ ਦਿੰਦੇ ਤਾਂ ਰੋਜ਼ ਲੜਾਈ, ਉਨ੍ਹਾਂ ਦਾ ਜਿਉਣਾ ਔਖਾ ਹੋ ਜਾਂਦਾ ਹੈ ਜੇਕਰ ਦੇ ਦਿੰਦੇ ਹਨ ਤਾਂ ਬ੍ਰਿਧ ਆਸ਼ਰਮ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਣ ਲਈ ਮਜ਼ਬੂਰ ਕਰ ਦਿੰਦੇ ਹਨ ਜਾਂ ਛੱਡ ਆਉਂਦੇ ਹਨ।ਘਰਾਂ ਵਿੱਚ ਮਾਪਿਆਂ ਨਾਲ ਕੋਈ ਚੰਗਾ ਵਤੀਰਾ ਨਹੀਂ ਕੀਤਾ ਜਾਂਦਾ।ਨੂੰਹ ਨੂੰ ਆਪਣੀ ਮਾਂ ਦਾ ਦਰਦ ਵਿਖਾਈ ਦਿੰਦਾ ਹੈ ਪਰ ਘਰ ਪਈ ਸੱਸ ਪਾਣੀ ਤੋਂ ਵੀ ਤਰਸਦੀ ਰਹਿੰਦੀ ਹੈ।ਕਈ ਵਾਰ ਇਵੇਂ ਦੀ ਵਿਡੀਉ ਵੇਖੀਆਂ ਹਨ ਜਿੰਨਾ ਵਿੱਚ ਮਾਂ ਜਾਂ ਬਾਪ ਨੂੰ ਪੁੱਤ ਧੋਖੇ ਨਾਲ ਬ੍ਰਿਧ ਆਸ਼ਰਮ ਜਾਂ ਕਿਸੇ ਧਾਰਮਿਕ ਸਥਾਨ ਤੇ ਛੱਡ ਗਿਆ।ਕਈਆਂ ਨੇ ਧੋਖੇ ਨਾਲ ਮਾਂ ਕੋਲੋਂ ਜਾਇਦਾਦ ਆਪਣੇ ਨਾਮ ਕਰਵਾ ਲਈ,ਕਈਆਂ ਨੇ ਇੰਨਾ ਤੰਗ ਕੀਤਾ ਕਿ ਮਾਂ ਨੇ ਲੜਾਈ ਤੋਂ ਡਰਦੀ ਨੇ ਜਾਇਦਾਦ ਪੁੱਤਾਂ ਨੂੰ ਦੇ ਦਿੱਤੀ।ਨੂੰਹਾਂ ਨੂੰ ਜਾਇਦਾਦ ਤਾਂ ਚਾਹੀਦੀ ਹੈ ਪਰ ਮੁੰਡੇ ਦੇ ਮਾਂ ਬਾਪ ਨਹੀਂ।ਇਥੇ ਪਿੰਡ ਦੇ ਸਰਪੰਚ ਤੇ ਵਾਰਡਾਂ ਦੇ ਕੌਸਲਰਾਂ ਦੀ ਜ਼ੁਮੇਵਾਰੀ ਹੋਵੇ ਕਿ ਬਜ਼ੁਰਗਾਂ ਨੂੰ ਨੂੰਹ ਪੁੱਤ ਤੰਗ ਨਾ ਕਰਨ।ਜਿਹੜੇ ਬਜ਼ੁਰਗ ਬ੍ਰਿਧ ਆਸ਼ਰਮਾਂ ਵਿੱਚ ਹਨ,ਉਨ੍ਹਾਂ ਦੇ ਨੂੰਹਾਂ ਪੁੱਤਾਂ ਤੇ ਕੇਸ ਦਰਜ ਕੀਤੇ ਜਾਣ।ਜੇਕਰ ਦਹੇਜ ਦੇ ਕੇਸ ਦਰਜ ਹੋ ਸਕਦੇ ਹਨ ਤਾਂ ਨੂੰਹਾਂ ਤੇ ਉਸਦੇ ਮਾਪਿਆਂ ਤੇ ਕੇਸ ਦਰਜ ਕਿਉਂ ਨਹੀਂ ਕੀਤੇ ਜਾਂਦੇ।2005 ਵਿੱਚ ਕਾਨੂੰਨ ਬਣਾ ਦਿੱਤਾ ਗਿਆ ਸੀ ਮਾਪਿਆਂ ਦੇ ਹੱਕ ਵਿੱਚ, ਜਿਸ ਵਿੱਚ ਪੁੱਤਾਂ ਦੇ ਨਾਮ ਟਰਾਂਸਫਰ ਹੋਈ ਸਾਰੀ ਜਾਇਦਾਦ ਕੈਂਸਲ ਹੋ ਸਕਦੀ ਹੈ ਜੇਕਰ ਨੂੰਹਾਂ ਪੁੱਤਾਂ ਵੱਲੋਂ ਸੰਭਾਲਿਆ ਨਹੀਂ ਜਾਂਦਾ।ਸਮਸਿਆ ਏਹ ਹੈ ਕਿ ਕਈ ਬਜ਼ੁਰਗਾਂ ਕੋਲ ਉਥੇ ਜਾਣ ਦੇ ਸਾਧਨ ਨਹੀਂ ਹੁੰਦੇ, ਪੈਸੇ ਨਹੀਂ ਹੁੰਦੇ ਕਿਰਾਏ ਵਾਸਤੇ, ਜਿਥੇ ਸ਼ਕਾਇਤ ਕਰਨੀ ਕਰਨੀ ਹੁੰਦੀ।ਪਿੰਡ ਦਾ ਸਰਪੰਚ ਵੀ ਬਜ਼ੁਰਗਾਂ ਨਾਲ ਚੱਲਣ ਦੀ ਥਾਂ ਪੁੱਤਾਂ ਦੇ ਹੱਕ ਦੀ ਗੱਲ ਕਰਨ ਲੱਗ ਜਾਂਦਾ ਹੈ।ਜਿੰਨਾ ਨੇ ਜਾਇਦਾਦ ਬੁਢਾਪੇ ਲਈ ਬਣਾਈ ਹੁੰਦੀ ਹੈ,ਉਨ੍ਹਾਂ ਨੂੰ ਉਸ ਵਿੱਚੋਂ ਹੋ ਰਹੀ ਕਮਾਈ ਪੁੱਤ ਦਿੰਦੇ ਹੀ ਨਹੀਂ।ਲਾਹਨਤ ਹੈ ਅਜਿਹੀ ਔਲਾਦ ਨੂੰ।ਅਜਿਹੇ ਲੋਕਾਂ ਦਾ ਸਮਾਜ ਵੱਲੋਂ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਏਹ ਵਕਤ ਹਰ ਕਿਸੇ ਤੇ ਆਉਣਾ ਹੈ।ਜੇਕਰ ਬਜ਼ੁਰਗਾਂ ਦੇ ਬਾਰੇ ਕੋਈ ਡੀ ਸੀ ਸਾਹਿਬ ਜਾਂ ਐਸ ਡੀ ਐਮ ਸਾਹਿਬ ਨੂੰ ਸ਼ਕਾਈਤ ਕਰਦਾ ਹੈ ਤਾਂ ਬਜ਼ੁਰਗਾਂ ਦੀ ਜਾਇਦਾਦ ਦੀ ਦੇਖਭਾਲ ਤੇ ਉਸਦੀ ਆਮਦਨ ਜਿੰਨੀ ਦੇਰ ਉਹ ਜਿਉਂਦੇ ਹਨ ਉਨ੍ਹਾਂ ਨੂੰ ਦੇਣ ਦਾ ਬੰਦੋਬਸਤ ਕੀਤਾ ਜਾਵੇ।ਹਕੀਕਤ ਏਹ ਹੈ ਕਿ ਜੋ ਰਿਸ਼ਤੇਦਾਰ ਜਾਂ ਕੋਈ ਹੋਰ ਬਜ਼ੁਰਗਾਂ ਦੀ ਮਦਦ ਕਰਨਾ ਚਾਹੁੰਦਾ ਹੈ ਨੂੰਹਾਂ ਪੁੱਤ ਉਨ੍ਹਾਂ ਦੇ ਗਲੇ ਪੈਂਦੇ ਹਨ ਤੇ ਲੜਦੇ ਹਨ।ਬਜ਼ੁਰਗਾਂ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੋ ਰਹੀ ਹੈ।ਮਾਪੇ ਕਈ ਵਾਰ ਆਪਣੀ ਇੱਜ਼ਤ ਬਚਾਉਣ ਲਈ ਤੇ ਲੜਾਈ ਤੋਂ ਡਰਦੇ ਚੁੱਪ ਹੋ ਜਾਂਦੇ ਹਨ ਤੇ ਬੂਹੇ ਭੇੜ ਭੇੜਕੇ ਰੋਂਦੇ ਨੇ।ਨੂੰਹਾਂ ਪੁੱਤ ਹੋਰ ਦਬਾਉਣ ਲੱਗ ਜਾਂਦੇ ਨੇ।ਸਿਆਣਿਆਂ ਠੀਕ ਹੀ ਕਿਹਾ ਹੈ,”ਇੱਜ਼ਤ ਵਾਲਾ ਅੰਦਰ ਵੜੇ,ਮੂਰਖ ਕਹੇ ਮੈਥੋਂ ਡਰੇ।”ਬੜੀ ਹੈਰਾਨੀ ਹੁੰਦੀ ਹੈ ਜਦੋਂ ਪੁੱਤ ਮਾਪਿਆਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਅਕਲ ਨਹੀਂ, ਤੁਹਾਨੂੰ ਉੱਠਣ ਬੈਠਣ ਦੀ ਅਕਲ ਨਹੀਂ, ਉਹ ਭੁੱਲ ਜਾਂਦਾ ਹੈ ਕਿ ਜਿਸ ਮੁਕਾਮ ਤੇ ਪਹੁੰਚਿਆ ਹੈਂ,ਉਹ ਉਨ੍ਹਾਂ ਦੀ ਬਦੌਲਤ ਹੈਂ,ਜਦੋਂ ਤੂੰ ਪਿਸ਼ਾਬ ਤੇ ਟੱਟੀ ਉਪਰ ਕਰਦਾ ਸੀ ਉਨ੍ਹਾਂ ਨੇ ਤਾਂ ਤੈਨੂੰ ਬਾਹਰ ਨਹੀਂ ਸੁੱਟਿਆ।ਸ਼ਾਇਦ ਕਿਸੇ ਨੇ ਇਸੇ ਕਰਕੇ ਕਿਹਾ ਹੋਣਾ ਹੈ,”ਪੁੱਤ ਕਪੁੱਤ ਹੋ ਜਾਂਦੇ ਨੇ,ਮਾਪੇ ਕੁਮਾਪੇ ਨਹੀਂ ਹੁੰਦੇ।”ਬੜੀ ਹੈਰਾਨੀ ਹੁੰਦੀ ਹੈ ਜਦੋਂ ਪੁੱਤ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਬਜ਼ੁਰਗ ਮਾਪਿਆਂ ਦੀ ਪੈਨਸ਼ਨ ਬਾਰੇ ਹਿਸਾਬ ਮੰਗਦੇ ਹਨ।ਤਕਰੀਬਨ ਹਰ ਬੰਦ ਦਰਵਾਜ਼ੇ ਪਿੱਛੇ ਬਜ਼ੁਰਗ ਮਾਪਿਆਂ ਦੇ ਹੌਂਕੇ ਦੱਬੀ ਆਵਾਜ਼ ਵਿੱਚ ਸੁਣੇ ਜਾ ਸਕਦੇ ਹਨ।ਬਜ਼ੁਰਗਾਂ ਨਾਲ ਹੋ ਰਹੀ ਬਦਸਲੂਕੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ,ਇਸਦਾ ਅੰਦਾਜ਼ਾ ਵੱਧ ਰਹੇ ਬ੍ਰਿਧ ਆਸ਼ਰਮਾਂ ਤੋਂ ਲਗਾਇਆ ਜਾ ਸਕਦਾ ਹੈ।ਇੱਕ ਵਿਡੀਉ ਵਾਇਰਲ ਹੋ ਰਹੀ ਸੀ ਜਿਸ ਵਿੱਚ ਮਾਂ ਨੇ ਰੋਜ਼ ਦੀ ਲੜਾਈ ਤੋਂ ਤੰਗ ਆਕੇ ਬ੍ਰਿਧ ਆਸ਼ਰਮ ਵਿੱਚ ਆਉਣਾ ਬੇਹਤਰ ਸਮਝਿਆ।ਮਾਂ ਰੋ ਰੋਕੇ ਦੱਸ ਰਹੀ ਸੀ ਕਿ ਮੇਰੀ ਨੂੰਹ,ਮੇਰੇ ਪੁੱਤ ਨਾਲ ਲੜਦੀ ਸੀ ਤੇ ਹਮੇਸ਼ਾ ਤੇਰੀ ਮਾਂ,ਤੇਰੀ ਮਾਂ ਦਾ ਰੌਲਾ ਰਹਿੰਦਾ ਸੀ,ਮੇਰੇ ਪੁੱਤ ਨੂੰ ਮੇਰੇ ਖਿਲਾਫ਼ ਸੱਚ ਝੂਠ ਦੱਸਦੀ ਰਹਿੰਦੀ ਸੀ।ਉਸਦੀਆਂ ਅੱਖਾਂ ਵਿੱਚੋਂ ਹੰਝੂ ਤੇ ਗਲਾ ਭਰਿਆ ਹੋਇਆ ਸੀ।ਜੇਕਰ ਨੂੰਹ ਪੁੱਤ ਆਪਣੀ ਕਮਾਈ ਵਿੱਚੋਂ ਮਾਪਿਆਂ ਨੂੰ ਕੁਝ ਨਹੀਂ ਦਿੰਦੇ ਤਾਂ ਉਹ ਕਿਸ ਹੱਕ ਨਾਲ ਉਨ੍ਹਾਂ ਤੋਂ ਜਾਇਦਾਦ ਚਾਹੁੰਦੇ ਹਨ।ਮਾਪਿਆਂ ਦੇ ਹੱਕ ਵਿੱਚ ਬਣੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਸਮੇਂ ਦੀ ਸਖਤ ਜ਼ਰੂਰਤ ਹੈ।ਜਿਵੇਂ ਮੁਹਾਲੀ ਦੇ ਸੈਸ਼ਨ ਜੱਜ ਮੈਡਮ ਨੇ ਸਖਤ ਕਦਮ ਚੁੱਕਿਆ, ਇਵੇਂ ਦੇ ਸਖਤ ਕਦਮ ਚੁੱਕੇ ਜਾਣ।ਜੇਕਰ ਕੋਈ ਬਜ਼ੁਰਗਾਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸਦੀ ਪਹਿਚਾਣ ਗੁਪਤ ਰੱਖੀ ਜਾਵੇ।ਜਦੋਂ ਬਜ਼ੁਰਗ ਮਾਪੇ ਜਿਉਂਦੇ ਪੁੱਤਾਂ ਦੇ ਨਾਮ ਜਾਇਦਾਦ ਕਰਵਾਉਂਦੇ ਹਨ ਤਾਂ ਉਹ ਪੁੱਤਾਂ ਦੇ ਦਬਾਅ ਹੇਠ ਕਰਵਾ ਰਹੇ ਹੁੰਦੇ ਹਨ।ਅਜਿਹੇ ਵਿੱਚ ਤਬਾਦਲਾ ਜਾਇਦਾਦ ਦਾ ਨਾ ਕੀਤਾ ਜਾਵੇ।ਜਿੰਨੀ ਵੀ ਜਾਇਦਾਦ ਬਜ਼ੁਰਗਾਂ ਦੇ ਨਾਮ ਹੈ ਉਸਦੀ ਆਮਦਨ ਉਨ੍ਹਾਂ ਦੇ ਖਾਤੇ ਵਿੱਚ ਆਵੇ।ਕਈ ਵਾਰ ਇੱਕ ਤੋਂ ਵੱਧ ਪੁੱਤ ਹੁੰਦੇ ਹਨ,ਜਿਹੜਾ ਬਜ਼ੁਰਗਾਂ ਨੂੰ ਸੰਭਾਲ ਰਿਹਾ ਹੋਵੇ,ਉਸ ਨੂੰ ਉਸ ਪੈਸੇ ਦੇ ਕੁਝ ਹੱਕ ਹਕੂਕ ਦਿੱਤੇ ਜਾਣ।ਕਈਆਂ ਕੋਲ ਸਿਰਫ ਇੱਕ ਜਾਇਦਾਦ ਘਰ ਹੀ ਹੁੰਦਾ ਹੈ,ਅਜਿਹੇ ਵਿੱਚ ਬੈਂਕ ਵੱਲੋਂ ਵੀ ਸਕੀਮ ਹੈ ਕਿ ਜਿੰਨੀ ਦੇਰ ਉਹ ਜਿਉਂਦੇ ਹਨ ਉਨ੍ਹਾਂ ਨੂੰ ਹਰ ਮਹੀਨੇ ਖਰਚਾ ਦਿੱਤਾ ਜਾਂਦਾ ਹੈ।ਬੱਚੇ ਚਾਹੁਣ ਤਾਂ ਉਨ੍ਹਾਂ ਦੇ ਬਾਦ ਬੈਂਕ ਨਾਲ ਹਿਸਾਬ ਕਰ ਸਕਦੇ ਹਨ।ਬਜ਼ੁਰਗਾਂ ਵੱਲੋਂ ਦਿੱਤੀ ਸ਼ਕਾਇਤ ਜਾਂ ਉਨ੍ਹਾਂ ਦੇ ਹੱਕ ਵਿੱਚ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਮਾਪਿਆਂ ਤੇ ਬਜ਼ੁਰਗਾਂ ਨਾਲ ਹੋ ਰਹੀ ਬਦਸਲੂਕੀ ਦੇ ਮਾਮਲੇ ਵਿੱਚ ਹਰ ਇੱਕ ਨੂੰ ਗੰਭੀਰ ਤੇ ਸੰਜੀਦਾ ਹੋਣਾ ਚਾਹੀਦਾ ਹੈ ਏਸ ਸਥਿਤੀ ਤੋਂ ਕੋਈ ਵੀ ਨਹੀਂ ਬਚ ਸਕਦਾ।ਨੂੰਹ ਪੁੱਤਾਂ ਨੂੰ ਕੋਈ ਹੱਕ ਨਹੀਂ ਬਜ਼ੁਰਗਾਂ ਨਾਲ ਬਦਸਲੂਕੀ ਕਰਨ ਦਾ।ਉਨ੍ਹਾਂ ਨੂੰ ਕੋਈ ਹੱਕ ਨਹੀਂ ਉਨ੍ਹਾਂ ਦੇ ਜਿਉਂਦੇ ਜੀ ਉਨ੍ਹਾਂ ਦੀ ਜਾਇਦਾਦ ਦਬਾਅ ਪਾਕੇ ਲੈਣ ਦਾ।ਏਹ ਚਾਹੇ ਕਾਨੂੰਨੀ ਸਮਝੋ ਜਾਂ ਨੈਤਿਕਤਾ ਤੇ ਇਨਸਾਨੀਅਤ ਦੇ ਤੌਰ ਤੇ।ਬਜ਼ੁਰਗਾਂ ਨਾਲ ਹੋ ਰਹੀ ਬਦਸਲੂਕੀ ਨੂੰ ਬਰਦਾਸ਼ਤ ਕਰਨਾ, ਨੂੰਹਾਂ ਪੁੱਤਾਂ ਨੂੰ ਹੱਲਾਸ਼ੇਰੀ ਦੇਣਾ ਹੈ।
Prabhjot Kaur Dhillon
Contact No. 9815030221
Share Button

Leave a Reply

Your email address will not be published. Required fields are marked *