ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਜ਼ੁਰਗਾਂ ਦੇ ਤਜੁਰਬਿਆਂ ਦਾ ਨਿਚੋੜ ਹਨ ਅਖਾਣ

ਬਜ਼ੁਰਗਾਂ ਦੇ ਤਜੁਰਬਿਆਂ ਦਾ ਨਿਚੋੜ ਹਨ ਅਖਾਣ

ਭਾਸ਼ਾ ਦੀ ਅਮੀਰੀ ਦਾ ਦਰਪਣ ਹਨ ਅਖਾਣ 

ਅਖਾਣ ਕਿਸੇ ਭਾਸ਼ਾ ਜਾ ਸਾਹਿਤ ਦੀ ਅਮੀਰੀ ਪੁਖ਼ਤਗੀ ਅਤੇ ਵਿਸ਼ਾਲਤਾ ਦਾ ਪ੍ਰਮਾਣ ਹੁੰਦੇ ਹਨ ਅਖਾਣਾਂ ਨੂੰ ਅਖੌਤਾਂ ਅਤੇ ਕਹਾਵਤਾਂ ਵੀ ਕਿਹਾ ਜਾਂਦਾ ਹੈ I ਇਹਨਾਂ ਦੀ ਉਤਪੱਤੀ ਵਿਸ਼ਾਲ ਜੀਵਨ ਅਨੁਭਵ ਭਾਵ ਜੀਵਨ ਦੇ ਤਜਰਬਿਆਂ ਦੇ ਨਿਚੋੜ ਵਿਚੋਂ ਹੁੰਦੀ ਹੈ I ਯੁਗਾਂ ਦੇ ਅਨੁਭਵ ਪੀੜੀ ਦਰ ਪੀੜੀ ਵਰਤੋਂ ਵਿਹਾਰ ਚ ਆਉਂਦੇ ਆਉਂਦੇ ਕੁਝ ਕੁ ਸ਼ਬਦ ਅਖਾਣਾਂ ਦਾ ਰੂਪ ਧਾਰ ਲੈਂਦੇ ਹਨ I ਇਹਨਾਂ ਨੂੰ ਬਹੁਤੇ ਪੜੇ ਲਿਖੇ ਵਿਦਵਾਨਾਂ ਦੇ ਨਹੀਂ ਘੜਿਆ I ਇਹ ਅਖਾਣ ਸਦੀਆਂ ਤੋਂ ਹੀ ਪੰਜਾਬ ਵਿਚ ਰਹਿੰਦੇ ਸਾਡੇ ਬਜ਼ੁਰਗਾਂ , ਸਿਆਣਿਆਂ ਦੇ ਵਚਨ ਹਨ ਮਨੁੱਖ ਨੇ ਆਪਣੇ ਕਾਰ ਵਿਹਾਰ ਵਿੱਚ ਜਿਹਨਾਂ ਵਿਚਾਰਾਂ ਅਤੇ ਅਨੁਭਵਾਂ ਨੂੰ ਨੇੜਿਓਂ ਤੱਕਿਆ ,ਸਮਝਿਆ ,ਓਹਨਾ ਨੂੰ ਸ਼ਬਦਾਂ ਵਿਚ ਪਿਰੋਅ ਦਿੱਤਾ I ਇਸ ਤਰਾਂ ਅਖਾਣ ਨਿੱਤ ਦੀ ਬੋਲ ਚਾਲ ਵਿਚੋਂ ਹੀ ਪ੍ਰਵਾਨ ਹੋਏ ਉਹ ਕਥਨ ਹਨ ਜਿਹਨਾਂ ਵਿਚ ਅਨੁਭਵਾਂ ਨੂੰ ਪਿਰੋਅ ਕੇ ਦਿਲ ਖਿੱਚਵੀਂ ਬੋਲੀ ਵਿੱਚ ਪੇਸ਼ ਕੀਤਾ ਜਾਂਦਾ ਹੈ I ਇਹਨਾਂ ਦੀ ਵਰਤੋਂ ਨਾਲ ਗੱਲ-ਬਾਤ ਵਿਚ ਵਜ਼ਨ ਪੈਦਾ ਹੁੰਦਾ ਹੈ। ਅਖਾਣ ਲੋਕਾਂ ਦੇ ਜੀਵਨ ਅਨੁਭਵ, ਵਿਹਾਰ, ਨਿਰਣੇ ਅਤੇ ਸੋਚ ਨੂੰ ਦਿਲ-ਖਿਚਵੇਂ ਅਤੇ ਗੁੰਦਵੇ ਸ਼ਬਦਾਂ ਵਿਚ ਪ੍ਰਗਟਾਉਂਦੇ ਹਨ। ਪੰਜਾਬੀ ਅਖਾਣ ਜਿੱਥੇ ਪੰਜਾਬੀ ਲੋਕਧਾਰਾ ਦਾ ਵੱਡਮੁੱਲਾ ਸਮਾਇਆ ਹਨ ਓਥੇ ਇਹ ਪੰਜਾਬੀ ਦੀ ਅਮੀਰ ਵਿਰਾਸਤ ਵੀ ਹਨ I

ਇੱਕ ਪਾਪੀ ਬੇੜੀ ਨੂੰ ਡੋਬ ਦਿੰਦਾ ਹੈ I

ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ I

ਘੁਮਿਆਰੀ ਆਪਣੇ ਭਾਂਡੇ ਨੂੰ ਹੀ ਸਲਾਹੁੰਦੀ ਹੈ I

ਤੱਤਾਂ ਪਾਣੀ ਵੀ ਅੱਗ ਬੁਝਾ ਦਿੰਦਾ ਹੈ I

ਮਹਿੰਗਾ ਰੋਵੇ ਇੱਕ ਵਾਰ , ਸਸਤਾ ਰੋਵੇ ਵਾਰ ਵਾਰ I

ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ I

ਚੋਰ ਉਚੱਕਾ ਚੌਧਰੀ ਗੁੰਦੀ ਰੰਨ ਪ੍ਰਧਾਨ I

ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ I

ਇਕ ਅਖਾਣ ਹੈ :” ਜਿਹੇ ਸੰਦ ਤੇਹਾ ਤਰਖਾਣ , ਜਿਹੇ ਲੋਕ ਤੇਹੇ ਅਖਾਣ I ” ਹਰ ਖੇਤਰ ਹਰ ਭਾਸ਼ਾ ਦੇ ਆਪਣੇ ਅਖਾਣ ਹਨ ਭਾਵੇਂ ਕਈ ਅਖਾਣ ਭੇਸ ਵਟਾ ਕੇ ਕਈ ਦੇਸ਼ਾਂ ਵਿੱਚ ਪ੍ਰਚਲਿਤ ਹਨ I ਜਦੋ ਅਜੇ ਲਿਖਣ ਪੜਣ ਦਾ ਰਿਵਾਜ ਰਸਮੀ ਤੌਰ ਤੇ ਸ਼ੁਰੂ ਨਹੀਂ ਹੋਇਆ ਸੀ ,ਲੋਕ ਬਹੁਤ ਕੁੱਝ ਜਬਾਨੀ ਯਾਦ ਰੱਖਦੇ ਹਨ I ਕਈ ਯੁੱਗਾਂ ਦੇ ਅਨੁਭਵਾਂ ਮਗਰੋਂ ਲੋਕਾਂ ਨੂੰ ਆਪਣੇ ਕਾਰ ਵਿਹਾਰ, ਨਿੱਤ ਦੇ ਜੀਵਨ ਜਾਂ ਆਲੇ ਦੁਆਲੇ ਬਾਰੇ ਕੋਈ ਵੀ ਢੁਕਵੀਂ ਗੱਲ ਭਾਸਦੀ ਤਾਂ ਉਹ ਅਖਾਣ ਬਣ ਕੇ ਪ੍ਰਚਲਿਤ ਹੋ ਜਾਂਦੀ ਅਤੇ ਆਪ ਲੋਕਾਂ ਦੀ ਜੁਬਾਨ ਤੇ ਚੜ ਜਾਂਦੀ I ਇਸ ਤਰ੍ਹਾਂ ਅਖਾਣ ਜੀਵਨ ਤਜਰਬਿਆਂ ਅਤੇ ਡੂੰਘੇ ਅਨੁਭਵਾਂ ਦੀ ਕੁੱਖੋਂ ਜਨਮੇਂ ਉਹ ਬੋਲ ਹਨ ਜੋ ਜੀਵਨ ਸੱਚ ਨੂੰ ਬਿਆਨ ਕਰਦੇ ਹਨ I ਅਖਾਣ ਵਿਚ ਜੀਵਨ ਦਾ ਗੁੜ੍ਹ ਗਿਆਨ ਸਮੋਇਆ ਹੁੰਦਾ ਹੈ I

ਜਿਵੇਂ ਤਰਖਾਣ ਵਲੋਂ ਬਣਾਈਆਂ ਚੀਜਾਂ ਤੋਂ ਉਸਦੇ ਬਣਾਏ ਸੰਦਾਂ ਤੋਂ ਉਸਦੀ ਕਲਾਕਾਰੀ ਦਾ ਪਤਾ ਲੱਗ ਜਾਂਦਾ ਹੈ ਇਸੇ ਤਰਾਂ ਪੰਜਾਬੀਆਂ ਦੀਆਂ ਜੀਵਨ ਝਲਕਾਂ ਅਖਾਣਾਂ ਤੋਂ ਮਿਲ ਜਾਂਦੀਆਂ ਹਨ I ਪੰਜਾਬ ਤੇ ਬਹੁਤੇ ਲੋਕ ਪਿੰਡ ਵਿੱਚ ਰਹਿੰਦੇ ਹਨ ਅਤੇ ਇਥੋਂ ਦਾ ਮੁੱਖ ਕਿੱਤਾ ਖੇਤੀ ਹੈ I ਇਸ ਲਈ ਬਹੁਤ ਸਾਰੇ ਅਖਾਣ ਖੇਤੀ ਨਾਲ ਵੀ ਜੁੜੇ ਹੋਏ ਹਨ I ਇਕ ਅਖਾਣ ਹੈ “ਪੰਜਾਬ ਦੀ ਵਾਹੀ ਅਤੇ ਦੁੱਧ ਮਲਾਈ ਸਦਾ ਲਾਹੇਵੰਦ ਹੁੰਦੀ ਹੈ I” ਪਰ ਜੇ ਕਿਸੇ ਕਾਰਣ ਜਾਂ ਕਰੋਪੀ ਕਾਰਣ ਫ਼ਸਲ ਚੰਗੀ ਨਾ ਹੋਈ ਹੋਵੇ ਤਾਂ ਕਹਿੰਦੇ ਹਨ :

· ਖੇਤੀ ਕਰਮਾ ਸੇਤੀ

· ਜੱਟ ਦੀ ਜੂਨ ਬੁਰੀ I

ਅਸਲ ਵਿਚ ਇਹ ਸਾਡੇ ਸਮਾਜਿਕ, ਆਰਥਿਕ, ਭੂਗੋਲਿਕ, ਸੱਭਿਆਚਾਰਕ ਤੇ ਰਾਜਨੀਤਿਕ ਪਿਛੋਕੜ ਦਾ ਸਿੱਟਾ ਹੈ ਕਿ ਅਸੀਂ ਗੱਲ- ਗੱਲ ਉੱਪਰ ਅਖਾਣ ਤੇ ਮੁਹਾਵਰੇ ਵਰਤਦੇ ਹਾਂI
ਪੰਜਾਬ ਦੇ ਇਤਿਹਾਸ ਉੱਪਰ ਜੇਕਰ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਪੰਜਾਬ ਸ਼ੁਰੂ ਤੋਂ ਹੀ ਜੰਗਾਂ ਯੁੱਧਾ ਦਾ ਅਖਾੜਾ ਰਿਹਾ ਹੈ ਇਸੇ ਲਈ ਕਹਾਵਤ ਹੈ ” ਪੰਜਾਬ ਵਿੱਚ ਜੰਮਿਆ ਨੂੰ ਨਿੱਤ ਮੁਹਿੰਮਾਂ I

“ਪੰਜਾਬ ਤੇ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਵਰਗੇ ਵਿਦੇਸ਼ੀ ਹਮਲਾਵਰਾਂ ਨੇ ਜ਼ੁਲਮ ਦੀ ਹੱਦ ਕਰ ਦਿੱਤੀ ਇਸ ਸੰਬੰਧੀ ਇਹ ਅਖਾਣ ਵੀ ਪ੍ਰਚਲਿਤ ਹੈ ,

“ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ I”

ਇਹ ਅਖਾਣ ਪੰਜਾਬੀਆਂ ਦੀ ਰਾਜਨੀਤਿਕ ਤੇ ਭੂਗੋਲਿਕ ਸਥਿਤੀ ਦਾ ਪ੍ਰਗਟਾਵਾ ਕਰਦਾ ਹੈ। ਕਿਵੇਂ ਪੰਜਾਬੀਆਂ ਨੇ ਅਹਿਮਦਸ਼ਾਹ ਅਬਦਾਲੀ ਸਮੇਂ ਆਪਣੇ ਖਿੱਤੇ ਨੂੰ ਮਹਿਫੂਜ਼ ਰੱਖਿਆ?, ਪੰਜਾਬੀਆਂ ਦੀ ਸਮਾਜਿਕ ਬਣਤਰ ਕਿਸ ਤਰ੍ਹਾਂ ਦੀ ਸੀ? ਅਬਦਾਲੀ ਦੇ ਹੱਲਿਆਂ ਤੋਂ ਡਰਦੇ ਲੋਕ ਇਹ ਕਹਿੰਦੇ ਸਨ ਕਿ ਜਿਹੜਾ ਕੁਝ ਖਾ- ਪੀ ਲਿਆ ਉਹੀ ਤੁਹਾਡਾ ਹੈ; ਬਾਕੀ ਰਹਿੰਦਾ ਤਾਂ ਅਬਦਾਲੀ ਨੇ ਲੁੱਟ ਲੈਣਾ ਹੈ। ਇਹ ਇਤਿਹਾਸ ਇਸ ਅਖਾਣ ਦੀ ਕੁੱਖ ਵਿਚ ਲੁਕਿਆ ਹੋਇਆ ਹੈ।

ਸਮੇਂ ਸਮੇਂ ਤੇ ਹਮਲਾਵਰਾਂ ਧਾੜਵੀਆਂ ਨੇ ਪੰਜਾਬ ਤੇ ਹਮਲਾ ਕੀਤਾ ਅਤੇ ਲੁੱਟਮਾਰ ਕੀਤੀ ਪਰ ਪੰਜਾਬ ਵਾਰ ਵਾਰ ਉੱਜੜ ਕੇ ਆਬਾਦ ਹੁੰਦਾ ਰਿਹਾ ਇਸ ਸੰਬੰਧ ਵਿੱਚ ਵੀ ਇੱਕ ਹੋਰ ਅਖਾਣ ਪ੍ਰਚਲਿਤ ਹੈ I

“ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਉਹ ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਨ ਸਵਾਏ ਹੋਏ।” I’’

· ਅਖਾਣਾਂ ਦੀ ਰਚਨਾ ਇਸ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਕਿ ਉਹ ਆਸਾਨੀ ਨਾਲ ਹੀ ਯਾਦਸ਼ਕਤੀ ਦਾ ਹਿੱਸਾ ਬਣ ਜਾਂਦੇ ਹਨ ਅਤੇ ਲੋੜ ਪੈਣ ਤੇ ਢੁਕਵੀਂ ਥਾਂ ਤੇ ਵਰਤੇ ਜਾਂ ਸਕਦੇ ਹਨ ਜਿਵੇਂ :

· ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ

· ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ

· ਆਪ ਤਾਂ ਡੁੱਬੇ ਬਾਹਮਣਾ, ਜਜਮਾਨ ਵੀ ਡੋਬੇ

· ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ

ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵਿਚ ਅਖਾਣਾਂ ਦੀ ਖੁੱਲ ਕੇ ਵਰਤੋਂ ਕੀਤੀ ਹੈ, ਉੱਥੇ ਗੁਰੂ ਸਾਹਿਬਾਨ, ਸੂਫ਼ੀ ਕਵੀਆਂ ਦੀਆਂ ਤੁਕਾਂ ਨੇ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਜਿਵੇਂ-

‘ਮਨਿ ਜੀਤੈ ਜਗੁ ਜੀਤੁ॥’

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜਿਹੀਆਂ ਕਈ ਪੰਗਤੀਆਂ ਹਨ ਜਿਹੜੀਆਂ ਅਜੋਕੇ ਸਮੇਂ ਅਖਾਣਾਂ ਤੇ ਮੁਹਾਵਰਿਆਂ ਦੇ ਰੂਪ ਵਿਚ ਪ੍ਰਚੱਲਿਤ ਹੋ ਚੁਕੀਆਂ ਹਨI ਹੁਣ ਕੀ ਪੜ੍ਹੇ- ਲਿਖੇ ਤੇ ਕੀ ਅਨਪੜ੍ਹ?, ਸਭ ਲੋਕ ਇਹਨਾਂ ਪੰਗਤੀਆਂ ਦਾ ਪ੍ਰਯੋਗ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਕੂ ਪੰਗਤੀਆਂ ਦਾ ਸੰਖੇਪ ਰੂਪ ਵਿਚ ਜ਼ਿਕਰ ਇਸ ਤਰ੍ਹਾਂ ਹੈ; ਜਿਹੜੀਆਂ ਕਿ ਅਖਾਣਾਂ ਤੇ ਮੁਹਾਵਰਿਆਂ ਦਾ ਰੂਪ ਧਾਰਨ ਕਰ ਚੁਕੀਆਂ ਹਨ ਅਤੇ ਆਮ ਬੋਲਚਾਲ ਵਿਚ ਇਸਤੇਮਾਲ ਹੁੰਦੀਆਂ ਰਹਿੰਦੀਆਂ ਹਨ।
‘ਰੁਖੀ ਸੁਕੀ ਖਾ ਕੇ ਠੰਢਾ ਪਾਣੀ ਪੀ
ਦੇਖ ਪਰਾਈ ਚੋਪੜੀ ਨਾ ਤਰਸਾ ਜੀ।’ (ਪ੍ਰਚੱਲਿਤ ਪੰਗਤੀਆਂ)
ਉਪਰੋਕਤ ਪੰਗਤੀਆਂ ਆਮ ਬੋਲਚਾਲ ਵਿਚ ਅਮੁਮਨ ਇਉਂ ਹੀ ਵਰਤੀਆਂ ਜਾਂਦੀਆਂ ਹਨ। ਪਰ! ਇਹਨਾਂ ਦਾ ਅਸਲ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਪ੍ਰਕਾਰ ਦਰਜ਼ ਹੈ।
‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥’
ਬਾਬਾ ਫ਼ਰੀਦ ਦਾ ਇਹ ਸਲੋਕ ਮਨੁੱਖ ਨੂੰ ਜਗਤ ਦੇ ਭਲੇ ਦੀ ਸਿੱਖਿਆ ਦਿੰਦਾ ਹੈ।
‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥’

ਕੁਝ ਅਖਾਣ ਸਾਡੇ ਲੋਕ ਜੀਵਨ ਵਿਚ ਪ੍ਰਚਲਿਤ ਵਹਿਮਾਂ-ਭਰਮਾਂ ਬਾਰੇ ਵੀ ਹਨ। ਇਹ ਪਸ਼ੂ ਪੰਛੀਆ, ਦਿਨ ਦਿਹਾਰਾਂ, ਟੂਣ ਟੋਟਕਿਆਂ ਆਦਿ ਨਾਲ ਜੁੜੇ ਹੋਏ ਹਨ। ਜਿਵੇਂ- ਬੁੱਧ ਕੰਮ ਸ਼ੁੱਧ।

ਪੰਜਾਬ ਵਿਚ ਵੱਖ ਵੱਖ ਬਰਾਦਰੀਆਂ ਬਾਰੇ ਵੀ ਕਾਫ਼ੀ ਅਖਾਣਾਂ ਮਿਲਦੀਆਂ ਹਨ। ਜਿਵੇਂ-

· ਜੱਟ ਦਾ ਹਾਸਾ ਭੰਨ ਸੁੱਟੇ ਪਾਸਾ।

· ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ।

ਅਖਾਣ-ਮੁਹਾਵਰੇ ਸ਼ਬਦ ਭਾਵੇਂ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ, ਪਰ ਦੋਵਾਂ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ। ਅਖਾਣ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਅਜਿਹਾ ਛੋਟਾ ਪੂਰਾ ਵਾਕ ਹੁੰਦਾ ਹੈ, ਜਿਸ ਵਿੱਚ ਕੋਈ ਸਾਬਤ ਹੋ ਚੁੱਕੀ ਸੱਚਾਈ ਪੇਸ਼ ਹੁੰਦੀ ਹੈ। ਜਦੋਂ ਕਿ ਮੁਹਾਵਰਾ ਲਫ਼ਜਾਂ ਦਾ ਅਜਿਹਾ ਜੋੜ ਹੁੰਦਾ ਹੈ, ਜਿਸ ਦੇ ਅਰਥ ਕਿਸੇ ਵਿਸ਼ੇਸ਼ ਕਿਸਮ ਦੇ ਸਮਾਜਕ ਵਰਤਰੇ ਵੱਲ ਸੰਕੇਤ ਕਰਦੇ ਹਨ।

· ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਣ ਨਾ ਕਰੀਂ।’

· ਅੱਡ ਖਾਏ ਹੱਡ ਖਾਏ, ਵੰਡ ਖਾਏ ਖੰਡ ਖਾਏ।’

· ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜੇ ਲਿਖੇ ਨੂੰ ਫ਼ਾਰਸੀ ਕੀ।

· ਕਾਵਾਂ ਦੇ ਆਖਿਆਂ ਢੱਗੇ ਨਹੀਂ ਮਰਦੇ।

· ਕੋਠਾ ਉਸਰਿਆ ਤਰਖਾਣ ਵਿਸਰਿਆ।

· ਡਿੱਗੀ ਗਧੇ ਤੋਂ ਗੁੱਸਾ ਘੁਮਿਆਰ ‘ਤੇ।

ਕਈ ਅਖਾਣ ਤੁਕ-ਬੰਦੀ ਦੇ ਰੂਪ ਵਿਚ ਹੁੰਦੇ ਹਨ, ਉਹਨਾਂ ਦੇ ਇੱਕ ਅੰਗ ਦਾ ਦੂਜੇ ਅੰਗ ਨਾਲ ਤੁਕਾਂਤ ਮਿਲਦਾ ਹੈ ਜਿਵੇਂ:-

ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼੍ਹਿਆ ਕੁੱਬਾ,

ਘਰ ਵਾਲੇ ਘਰ ਨਹੀ, ਤੇ ਹੋਰ ਕਿਸੇ ਦਾ ਡਰ ਨਹੀਂ।

ਅਖਾਣ ਜੀਵਨ ਦਾ ਸੋਹਜ ਵੀ ਹਨ ਅਤੇ ਬੋਧ ਵੀ I ਇਹਨਾਂ ਤੋਂ ਰਸ ਵੀ ਝਲਕਦਾ ਹੈ ਅਤੇ ਜੀਵਨ ਦੇ ਗੰਭੀਰ ਮੋੜਾਂ ਦੇ ਨਿਰਣਿਆਂ ਬਾਰੇ ਜਾਣਕਾਰੀ ਵੀ ਮਿਲਦੀ ਹੈ I ਇਹਨਾਂ ਵਿੱਚ ਵਿਅੰਗ , ਕਾਟ ਅਤੇ ਅੱਤਕਥਨੀ ਜਿਹੇ ਲੱਛਣਾ ਦੀ ਵਿਆਪਕਤਾ ਮਿਲਦੀ ਹੈ I

ਕੁੱਝ ਅਖਾਣ ਵਿਅੰਗ ਦਾ ਪ੍ਰਗਟਾਵਾ ਵੀ ਕਰਦੇ ਹਨ ਜਿਸ ਨਾਲ ਜਿੱਥੇ ਗੱਲ ਵਿਅੰਗਮਈ ਹੋ ਨਿਬੜਦੀ ਹੈ ਓਥੇ ਇੱਕ ਸੇਧ ਵੀ ਪ੍ਰਦਾਨ ਕਰਦੀ ਹੈ ਜਿਵੇਂ :

· ਇੱਕ ਤਾਂ ਕਮਲੀ ਉੱਤੋਂ ਪੈ ਗਈ ਸਿਵਿਆਂ ਦੇ ਰਾਹ

· ਅੱਖੋਂ ਅੰਨਾ ਨਾਮ ਚਿਰਾਗਦੀਨ

· ਆਪ ਕੁਪੱਤੀ ਵੇਹੜੇ ਨੂੰ ਦੋਸ਼ [

· ਉੱਠਿਆ ਨਾ ਜਾਵੇ ਫਿੱਟੇ ਮੂੰਹ ਗੋਡਿਆਂ ਦਾ ,

· ਆਪ ਕੁਪੱਤੀ ਵੇਹੜੇ ਨੂੰ ਦੋਸ਼

· ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ

ਪੰਜਾਬੀ ਦੇ ਬਹੁਤ ਸਾਰੇ ਅਖਾਣ ਸੱਚ ਦੀ ਪੇਸ਼ਕਾਰੀ ਵੀ ਕਰਦੇ ਹਨ ਓਹਨਾ ਵਿਚੋਂ ਕੁੱਝ ਉਦਾਹਰਨਾਂ ਇਸ ਪ੍ਰਕਾਰ ਹਨ:

· ਸੌ ਹੱਥ ਰੱਸਾ ਸਿਰੇ ਤੇ ਗੰਢ

· ਰੋਇਆ ਰੱਬ ਨਾ ਰੀਝਦਾ ਤਰਲੇ ਨਾਲ ਸ਼ਰੀਕ

· ਖਾਧਿਆਂ ਤਾਂ ਖੂਹ ਵੀ ਮੁੱਕ ਜਾਂਦੇ ਹਨ

· ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ

ਅਖਾਣ ਅਟੱਲ ਸੱਚਾਈਆਂ ਨਾਲ ਓਤ-ਪੋਤ ਭਾਸ਼ਾ ਦੀ ਅਮੀਰੀ ਦਾ ਦਰਪਣ ਹਨ ਇਹਨਾਂ ਵਿੱਚ ਸਾਡੀ ਸੱਭਿਅਤਾ ਸੱਭਿਆਚਾਰ , ਮਨੋਵਿਗਿਆਨ ਅਤੇ ਧਰਮ ਲੁਕਿਆ ਹੋਇਆ ਹੈ I

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ
ਜਿਲ੍ਹਾ ਲੁਧਿਆਣਾ
9988898227
mehrashankar777@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: