Sun. Sep 22nd, 2019

ਬਜ਼ੁਰਗਾਂ ਦਾ ਸਤਿਕਾਰ ਜ਼ਰੂਰੀ ਹੈ

ਬਜ਼ੁਰਗਾਂ ਦਾ ਸਤਿਕਾਰ ਜ਼ਰੂਰੀ ਹੈ

ਅਜੋਕਾ ਜ਼ਮਾਨਾ ਦਿਨੋਂ ਦਿਨ ਭਿਆਨਕ ਦੌਰ ਵਿੱਚੋਂ ਦੀ ਗੁਜਰਦਾ ਜਾ ਰਿਹਾ ਹੈ। ਅੱਜ ਦਾ ਇਨਸਾਨ ਨਾ ਆਪਣਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾ ਆਪਣਾ ਫਰਜ਼ ਨਿਭਾਉਣ ਦੀ। ਪੁਰਾਣਿਆਂ ਬਜ਼ੁਰਗਾਂ ਦੇ ਉੱਤਰਿਆਂ ਚਿਹਰਿਆਂ ਵੱਲ ਵੇਖ ਬੜਾ ਦੁੱਖ ਹੁੰਦਾ ਤੇ ਵਿਚਾਰੇ ਰੋਂਦੇ ਦੱਸਦੇ ਹਨ ਕਿ ਸਾਡੇ ਸਮਿਆਂ ਵਿੱਚ ਲੋਕ ਮਾਪਿਆਂ ਦਾ ਦਿਲੋਂ ਸਤਿਕਾਰ ਕਰਦੇ ਸਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਸਤਿਕਾਰ ਕਰਨਾ ਆਦਿ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਸਨ। ਉਨ੍ਹਾਂ ਦਾ ਖਿਆਲ ਹੈ ਕਿ ਮਾਪਿਆਂ ਦੀ ਸੇਵਾ ਕਰਨੀ ਸੱਚੀ ਸੇਵਾ, ਸੱਚਾ ਕਰਮ -ਧਰਮ ਹੈ, ਜੋ ਹਰ ਕੋਸ਼ਿਸ਼ ਸਦਕਾ ਪੂਰੀ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਰਹਿੰਦੇ ਹੋਏ ਚਾਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਅਜੋਕੇ ਸਮੇਂ ਦੋਰਾਨ ਲੋਕ ਕਿੰਝ ਆਪਣੇ ਮਾਂ ਬਾਪ ਪ੍ਰਤੀ ਫਰਜ਼, ਕਰਤਬ ਕਿੰਨੇ ਭੁੱਲਦੇ ਜਾ ਰਹੇ ਹਨ। ਜੇਕਰ ਮਾਂ ਬਾਪ ਆਪਣੀ ਔਲਾਦ ਨੂੰ ਉਨ੍ਹਾਂ ਦੇ ਫ਼ਰਜ਼ਾਂ ਬਾਰੇ ਜਾਣੂ ਵੀ ਕਰਵਾਉਂਦੀ ਹੈ ਤਾਂ ਅੱਗੋਂ ਇਹ ਨੌਜਵਾਨ ਆਪਣਾ ਫ਼ਰਜ਼ ਪਛਾਣਨ ਤੇ ਉਹਨਾਂ ਦੀ ਗੱਲ ਸੁਨਣ ਦੀ ਬਜਾਏ ਉਨ੍ਹਾਂ ਨੂੰ ਗਾਲੀ ਗਲੋਚ ਕਰਦੇ ਹਨ, ਇਥੋਂ ਤੱਕ ਕਿ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।

ਅੱਜ ਦੇ ਸਮੇਂ ਵਿੱਚ ਕਾਫੀ ਬੱਚਿਆਂ ਕੀ, ਨੌਜਵਾਨਾਂ ਕੀ ਤੇ ਅੱਧਖੜ ਉਮਰ ਦੇ ਬੇਗੈਰਤ ਇਨਸਾਨਾਂ ਨੇ ਵੀ ਮਾਂ ਬਾਪ ਨੂੰ ਘਰ ਪਿਆ ਵਾਧੂ ਬੋਝ ਹੀ ਸਮਝਿਆ ਹੋਇਆ ਹੈ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਇਹ ਨੌਜਵਾਨ ਆਪਣੇ ਮਾਪਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਮਾੜੀ ਮਾੜੀ ਗੱਲ ਤੇ ਝਗੜਾ ਕਰ ਉਹਨਾਂ ਨੂੰ ਘਰਾਂ ਤੋਂ ਬਿਰਧ ਆਸ਼ਰਮਾਂ ਦਾ ਰਾਸਤਾ ਵਿਖਾ ਦਿੰਦੇ ਆ ਤੇ ਅੱਗੋਂ ਆਖਦੇ ਆ ਕਿ ਸਾਥੋਂ ਨੀਂ ਸੰਭਾਲਿਆ ਜਾਦਾਂਂ ਬੁੜਾ ਹੁਣ ਅਸੀਂ ਆਪਣੇ ਕੰਮ ਕਰੀਏ ਕਿ ਇਹਨੂੰ ਸੰਭਾਲੀਏ। ਭਲਾ ਕਹਿਣ ਵਾਲਾ ਹੋਵੇ ਕਿ ਤੁਸੀਂ ਵੀ ਇਹਨਾਂ ਦੇ ਸੰਭਾਲੇ ਬਚੇ ਬੈਠੇ ਹੋ। ਦੂਜੇ ਪਾਸੇ ਵੱਡੇ -ਵੱਡੇ ਮਹਾਂਨਗਰਾਂ ਤੇ ਸ਼ਹਿਰਾਂ ਵਿੱਚ ਸਥਿਤ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗ ਜਿਨ੍ਹਾਂ ਦੇ ਚਿਹਰੇ ਆਪਣੀਆਂ ਔਲਾਦਾਂ ਵੱਲੋਂ ਦਿੱਤੇ ਦੁੱਖਾਂ ਕਾਰਨ ਮੁਰਝਾਏ ਦਿਖਾਈ ਦਿੰਦੇ ਨੇ ਪਰ ਸਦਕੇ ਜਾਈਏ ਅਜਿਹੇ ਮਾਪਿਆਂ ਦੇ ਜੋ ਔਲਾਦ ਵੱਲੋਂ ਦਿੱਤੇ ਜਾਣ ਵਾਲੇ ਦੁੱਖਾਂ ਦੇ ਬਦਲੇ ਫਿਰ ਵੀ ਆਪਣੀਆਂ ਅਜਿਹੀਆਂ ਔਲਾਦਾਂ ਨੂੰ ਦੁਆਵਾਂ ਦਿੰਦੇ ਨੀਂ ਥੱਕਦੇ ਕਿਉਂਕਿ ਪੁੱਤ ਚਾਹੇ ਕਪੁੱਤ ਹੋ ਜਾਵੇ ਪਰ ਮਾਪੇ ਫਿਰ ਵੀ ਇਹਨਾਂ ਲਈ ਦੁਆਵਾਂ ਹੀ ਕਰਦੇ ਹਨ।

ਅਕਸਰ ਦੇਖਣ ‘ਚ ਆਉਂਦਾ ਹੈ ਕਿ ਬਿਰਧ ਆਸ਼ਰਮਾਂ ਵਿੱਚ ਕਈ ਬਜ਼ੁਰਗ ਤਾਂ ਜ਼ਿੰਦਗੀ ਤੇ ਮੌਤ ਦੀਆਂ ਆਖ਼ਰੀ ਘੜੀਆਂ ਗਿਣ ਰਹੇ ਹੁੰਦੇ ਹਨ ਤੇ ਨਜ਼ਰਾਂ ਬੂਹੇ ਵੱਲ ਲੱਗੀਆਂ ਹੁੰਦੀਆਂ ਕਿ ਸ਼ਾਇਦ ਭੁੱਲੀ ਭਟਕੀ ਮੇਰੀ ਔਲਾਦ ਹੀ ਮੈਂਨੂੰ ਜਾਂਦਿਆਂ ਨੂੰ ਕਿਧਰੇ ਦਿਖਾਈ ਦੇ ਜਾਵੇ। ਜੇਕਰ ਬਿਰਧ ਆਸ਼ਰਮ ਵਾਲੇ ਸੁਨੇਹਾ ਵੀ ਭੇਜਦੇ ਹਨ ਤਾਂ ਪਤਾ ਲੈਣਾਂ ਤਾਂ ਦੂਰ ਅੱਗੋਂ ਅਜਿਹੇ ਆਪਣੇ ਆਪ ਨੂੰ ਜੋ ਲੋਕਾਂ ਅੱਗੇ ਸਮਾਜ ਸੇਵੀ ਦੱਸਦੇ ਆ ਆਖ ਦਿੰਦੇ ਆ ਕਿ ਟਾਇਮ ਨੀਂ ਜੀ ਇੰਨਾਂ ਸਾਡੇ ਕੋਲ ਆਪਣਾਂ ਬੈਂਕ ਖਾਤਾ ਨੰਬਰ ਦੱਸਿਓ ਫੂਕਣ ਦੇ ਪੈਸੇ ਭੇਜ ਦਿੰਦੇ ਆ। ਫਿੱਟ ਲਾਹਣਤ ਆ ਅਜਿਹੇ ਔਲਾਦ ਦੇ ਜੋ ਇਸ ਜੱਗ ਅੰਦਰ ਜੰਮਣ ਨੂੰ ਪਏ ਸੀ। ਉਹ ਭਲੇਮਾਣਸੋ ਮਾਂ ਬਾਪ ਨੇ ਆਪਣੀ ਔਲਾਦ ਨੂੰ ਪਾਲ ਪੋਸ ਕੇ ਵੱਡਾ ਕੀਤਾ ਉਹ ਮਾਂ ਜੋ ਪ੍ਰਮਾਤਮਾ ਦਾ ਦੂਜਾ ਰੂਪ ਸਮਝੀ ਜਾਂਦੀ ਹੈ ਜਿਸ ਨੇ ਹਮੇਸ਼ਾ ਆਪ ਗਿੱਲੇ ਥਾਂ ਪੈ ਕੇ ਆਪਣੀ ਔਲਾਦ ਨੂੰ ਸੁੱਕੇ ਥਾਂ ਪਾਇਆ ਅਤੇ ਪੜਾ ਲਿਖਾ ਕੇ ਦੁਨੀਆਂ ਵਿੱਚ ਚੰਗੇ ਕੰਮ ਤੇ ਲਵਾ ਸ਼ਾਇਦ ਇਹ ਉਮੀਦ ਕੀਤੀ ਹੋਵੇਗੀ ਕਿ ਇਹ ਔਲਾਦ ਸਾਡੀ ਬਜ਼ੁਰਗ ਅਵਸਥਾ ਵਿੱਚ ਸਾਡੇ ਲਈ ਡੰਗੋਰੀ ਬਣ ਸਹਾਰਾ ਦੇਵੇਗੀ।

ਪਰ ਅਫਸੋਸਨਾਕ ਇਹ ਮੰਜਰ ਕਿ ਅਜਿਹੀ ਔਲਾਦਾਂ ਆਪਣਾ ਫ਼ਰਜ਼ ਮੂਲੋਂ ਪਛਾੜ ਰਹੀਆਂ ਹਨ। ਸਰਵੇਖਣ ਮੁਤਾਬਿਕ ਇੱਕ ਨਜ਼ਰ ਮਾਰੀਏ ਤਾਂ 100 ਫੀਸਦੀ ਵਿੱਚੋਂ 60 ਫੀਸਦੀ ਆਸ਼ਰਮ ਸਾਡੇ ਦੇਸ਼ ਵਿੱਚ ਖੱਲ ਚੁੱਕੇ ਹਨ, ਇਨ੍ਹਾਂ ਵਿੱਚ ਰਹਿਣ ਵਾਲੇ ਬਜ਼ੁਰਗ ਮਾਂ-ਬਾਪ ਜੋ ਔਲਾਦ ਵੱਲੋਂ ਸਤਾਏ ਮਜਬੂਰਨ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਹਨ ਦੀ ਗਿਣਤੀ 80 ਫ਼ੀਸਦੀ ਹੋ ਚੁੱਕੀ ਹੈ ਜੋ ਕਿ ਦਿਨੋਂ- ਦਿਨ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ। ਜੋ ਮਾਂ ਬਾਪ ਦੇ ਦਿਲ ਨੂੰ ਦਿਖਾਉਂਦਾ ਹੈ ਉਹ ਮਾਂ ਬਾਪ ਦਾ ਨਹੀਂ ਸਗੋਂ ਉਸ ਪ੍ਰਮਾਤਮਾ ਦਾ ਦਿਲ ਦੁਖਾਉਂਣ ਦਾ ਕੰਮ ਕਰਦਾ ਹੈ। ਅੱਜ ਦੇ ਜਿਆਦਾਤਰ ਇਨਸਾਨ ਕਿੰਨੇਂ ਬੇ-ਗੈਰਤ ਤੇ ਅਹਿਸਾਨ ਫਰਾਮੋਸ਼, ਨੋਟੰਕੀ ਹੋ ਚੁੱਕੇ ਹਨ ਕਿ ਧਾਰਮਿਕ ਸਥਾਨਾਂ ਤੇ ਜਾਕੇ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਲੋਕਾਂ ਅੱਗੇ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਇਹ ਬਹੁਤ ਵੱਡੀ ਸੇਵਾ ਕਰਨ ਵਾਲੇ ਹੋਣ, ਉਹ ਭਲਿਓ ਲੋਕੋ ਪਹਿਲਾਂ ਜੋ ਘਰ ਰੱਬ ਬੈਠਾ ਸੇਵਾ ਉਸ ਤੋਂ ਹੀ ਸ਼ੁਰੂ ਕਰ ਲਵੋ ਫੇਰ ਬਣ ਜਾਇਓ ਸਮਾਜ ਸੇਵਕ। ਆਪਣੇ ਮਾਂ ਬਾਪ ਦਾ ਦਿਲ ਦਿਖਾਉਣ ਵਾਲਿਓ ਕੁਝ ਸੋਚੋ.. ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ? ਉਹ ਲੋਕ ਕਿਉਂ ਤੁਹਾਡੇ ਵੱਲੋਂ ਘਰੋਂ ਕੱਢੇ ਮਾਪਿਆਂ ਦੀ ਕਿਉਂ ਸੇਵਾ ਕਰ ਰਹੇ ਹਨ? ਜਦੋਂ ਤੁਹਾਡੇ ਵਰਗੇ ਸਮਾਜ ਦੇ ਮੱਥੇ ਦਾ ਕਲੰਕ ਆਪਣੇ ਘਰ ਬੈਠੇੇ ਰੱਬ ਨੂੰ ਘਰੋਂਂ ਕੱਢ ਬਾਹਰ ਦਾ ਰਸਤਾ ਵਿਖਾ ਦਿੰਦੇ ਆ। ਜਦੋਂ ਅਜਿਹੇ ਲੋਕਾਂ ਵੱਲ ਲੋਕ ਉੱਗਲਾਂ ਕਰ ਲਾਹਣਤਾਂ ਪਾਉਂਦੇ ਆ ਤਾਂ ਅਜਿਹੇ ਲੋਕ ਫਿਰ ਬਿਰਧ ਆਸ਼ਰਮਾਂ ਤੇ ਵੀ ਉੱਗਲਾਂ ਚੁੱਕਦੇ ਆ ਤੇ ਕਹਿੰਦੇ ਆ ਕਿ ਬਿਰਧ ਆਸ਼ਰਮਾਂ ਵਾਲੇੇ ਤਾਂ ਬਜੁਰਗਾਂ ਨੂੰ ਆਧਾਰ ਬਣਾ ਬਿਜਨਸ ਕਰਦੇ ਹਨ।

ਫਿਰ ਬਹੁਤਿਓ ਸਿਆਣਿਓ ਜੇ ਤੁਹਾਨੂੰ ਪਤਾ ਕਿ ਬਿਰਧ ਆਸ਼ਰਮਾਂ ਵਿੱਚ ਬਿਜ਼ਨੈੱਸ ਚਲਾਉਣ ਦੀ ਗੱਲ ਹੈ ਤੇ ਫਿਰ ਤੁਸੀਂ ਮਾਂ-ਬਾਪ ਨੂੰ ਘਰੋਂ ਕੱਢਦੇੇ ਕਿਂਉ ਹੋ..? ਪਰ ਮਾਪਿਆਂ ਨੂੰ ਫਾਲਤੂ ਸਮਝਣਾ ਅੱਜ ਦੀ ਇਹ ਗੰਧਲੀ ਸੋਚ ਲਗਾਤਾਰ ਘੁਣ ਵਾਂਗ ਖਾਂਦੀ ਜਾ ਰਹੀ ਹੈ। ਮਾਂ-ਬਾਪ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਦੁੱਖ ਦੇ ਰਹੇ ਹਨ ਤੇ ਉੱਤੋ ਅਸੀਂ ਧਾਰਮਿਕ ਹਾਂ ਜੀ ਫਲਾਣਾ ਧਰਮ ਏ ਸਾਡਾ। ਹਾਂ ਬਿੱਲਕੁਲ ਜੀ ਅਸੀਂ ਧਾਰਮਿਕ ਹਾਂ ਤੇ ਬੁਢਾਪੇ ਵਿੱਚ ਮਾਂ-ਬਾਪ ਦਾ ਸਹਾਰਾ ਬਨਣ ਦੀ ਬਜਾਏ ਉਹਨਾਂ ਨੂੰ ਬੇਸਹਾਰਾ ਬਣਾ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹਾਂਂ। ਕਈ ਵਾਰ ਤਾਂ ਵੇਖੀਦਾ ਕਿ ਸੜਕਾਂ ਤੇ ਤੁਰੀਆਂ ਜਾਂਦੀਆਂ ਉਹ ਅਭਾਗੀ ਮਾਂਵਾਂ, ਉਹ ਅਭਾਗੇ ਬਾਪ ਜੋ ਔਲਾਦ ਦੇ ਸਤਾਏ ਤੇ ਦਿੱਤੇ ਦੁੱਖਾਂ ਦੀ ਬਦੋਲਤ ਇੱਕ ਕਮਲਪੁਣਿਆਂ ਦਾ ਸ਼ਿਕਾਰ ਹੋਏ ਹੁੰਦੇ ਹਨ। ਜੇਕਰ ਧਰਮ ਮੁਤਾਬਕ ਵੇਖੀਦਾ ਤਾਂ ਇਹੀ ਸੁਨਣ ਨੂੰ, ਪੜਣ ਨੂੰ ਮਿਲਦਾ ਕਿ ਆਪਣੇ ਕਦੇ ਮਾਪਿਆਂ ਦਾ ਅਹਿਸਾਨ ਕੋਈ ਵੀ 7 ਜਨਮ ਲੈਕੇ ਵੀ ਨਹੀਂ ਚੁੱਕਾ ਸਕਦਾ। ਅਸੀਂ ਆਪਣੇ ਮਾਪਿਆਂ ਨੂੰ ਘਰੋਂ ਵਾਧੂ ਬੋਝ ਸਮਝ ਕੇ ਕੱਢ ਰਹੇ ਹਾਂ, ਕਦੇ ਪੁੱਛ ਕੇ ਵੇਖਿਓ ਉਹਨਾਂਂ ਲੋਕਾਂ ਨੂੰ ਜੋ ਮਾਪਿਆਂ ਨੂੰ ਗਵਾ ਹੁਣ ਤੱਕ ਉਸ ਰੱਬ ਸਿਰ ਉਲਾਂਭਾ ਲਈ ਬੈਠੇ ਹਨ। ਪਰ ਅਜਿਹਾ ਕਰਨ ਵਾਲਿਓ ਰੁਕੋ ਸੋਚੋ.. ਤੇ ਇੱਕ ਗੱਲ ਯਾਦ ਰੱਖਿਓ ” ਜਿਹੋ ਜਿਹਾ ਵੀ ਬੀਜੋਗੇਂ ਤੇ ਉਹੋ ਜਿਹਾ ਵੱਡੋਗੇਂ” ਜੋ ਆਪਣੇੇ ਮਾਪਿਆਂ ਨਾਲ ਕਰ ਰਹੇ ਹੋ ਕੱਲ ਤੁਹਾਡੇ ਨਾਲ ਵੀ ਹੋਣਾ ਜਰੂਰ ਹੈ ਸਮਾਂ ਕੋਈ ਬਹੁਤਾ ਦੂਰ ਨਹੀਂ ਹੁੰਦਾਂ ਬਲਕਿ ਇਸ ਤਰ੍ਹਾਂ ਦੀ ਘੜੀ ਤਾਂ ਪਲ ਛਿਣ’ ਚ ਆਉਂਦੀ ਏ ਤੇ “ਫਿਰ ਪਛਤਾਏ ਕਿਆ ਬਨੇ ਜਬ ਚਿੜੀਆ ਚੁਗ ਜਾਏ ਖੇਤ” ਸੋਚੋ ਆਓ ਤੇ ਅੱਜ ਰਲ-ਮਿਲ ਕੇ ਆਪਣੀ ਸੋਚ ਬਦਲੀਏ ਤੇ ਮਾਂ-ਬਾਪ ਨੂੰ ਦੁੱਖ ਦੇਣ ਦੇ ਬਜਾਇ ਉਹਨਾਂ ਦੀ ਸੇਵਾ ਕਰੀਏ ਤੇ ਬਿਰਧ ਆਸ਼ਰਮਾਂ ਵਿੱਚ ਗਏ ਮਾਪਿਆਂ ਨੂੰ ਘਰ ਵਾਪਸ ਲਿਆਈਏ ਅਤੇ ਘਰਾਂ ਦੀ ਰੌਣਕ ਨੂੰ ਵਧਾਈਏ।

ਨਾਮਪ੍ਰੀਤ ਸਿੰਘ ਗੋਗੀ
ਆਈ.ਈ.ਵੀ ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ,
ਰਾਏਕੋਟ (ਲੁਧਿਆਣਾ)
81959-69968

Leave a Reply

Your email address will not be published. Required fields are marked *

%d bloggers like this: