ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 30th, 2020

ਬੋਲੇ ਨੀ ਬੰਬੀਹਾ ਬੋਲੇ….

ਬੋਲੇ ਨੀ ਬੰਬੀਹਾ ਬੋਲੇ….

ਬੰਬੀਹਾ ਦੁਨੀਆਂ ਇੱਕ ਅਦਭੁੱਤ ਪੰਛੀ ਹੈ ਜੋ ਕਿ ਬਹੁਤ ਕਮਜੋਰ ਅਤੇ ਗਰੀਬੀ ਦਾ ਪ੍ਰਤੀਕ ਇੱਕ ਨਿਮਾਣਾ ਜੀਵ ਹੈ । ਬੰਬੀਹਾ ਕੋਇਲ ਪਰਿਵਾਰ ਦਾ ਪੰਛੀ ਹੈ ਜੋ ਕਿ ਏਸ਼ੀਆ ਅਤੇ ਅਫ਼੍ਰੀਕੀ ਮਹਾਂਦੀਪ ਵਿਚ ਪਾਇਆ ਜਾਂਦਾ ਹੈ । ਇਹ ਅੰਸ਼ਕ ਪ੍ਰਵਾਸੀ ਪੰਛੀ ਹੈ ਜਿਸਦੀ ਆਮਦ ਨੂੰ ਮਾਨਸੂਨ ਦੀ ਆਮਦ ਦਾ ਸੰਕੇਤ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਲੋਕਾਂ ਨੇ ਆਪਣੇ ਤਜਰਬੇ ਦੇ ਆਧਾਰ ‘ਤੇ ਪਪੀਹੇ ਅਤੇ ਮੀਂਹ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ। ਕਿਉਂਕਿ ਇਹ ਮੌਨਸੂਨ ਦੀਆਂ ਹਵਾਵਾਂ ਦੇ ਅੱਗੇ ਅੱਗੇ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਅਫ਼ਰੀਕਾ ਤੋਂ ਆਉਂਦਾ ਹੈ ਅਤੇ ਸਾਰਾ ਬਰਸਾਤ ਦਾ ਮੌਸਮ ਇੱਥੇ ਹੀ ਰਹਿੰਦਾ ਹੈ।

ਇਹ ਸ਼ਕਲ ਅਤੇ ਸ਼ਰੀਰਕ ਬਣਤਰ ਦੇ ਪੱਖ ਤੋਂ ਸ਼ਿਕਰੇ ਵਰਗਾ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁੱਲ ਸ਼ਿਕਰੇ ਵਰਗਾ ਹੁੰਦਾ ਹੈ। ਇਸ ਲਈ ਅੰਗਰੇਜ਼ੀ ਵਿੱਚ ਇਸਨ੍ਹੂੰ ਕਾਮਨ ਹਾਕ ਕਹਿੰਦੇ ਹਨ। ਬੰਬੀਹੇ ਦਾ ਵਿਗਿਆਨਿਕ ਨਾਮ ਕਲਾਮੇਟਰ ਜੇਕੋਬਾਈਨਸ ਹੈ ਇਸਨੂੰ ਪਪੀਹਾ, ਬਾਬੀਹਾ ਚਾਤ੍ਰਿਕ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ਚਾਤਕ ਅਤੇ ਅੰਗਰੇਜ਼ੀ ਵਿੱਚ ਜੇਕੋਬਿਨ ਕੂਕੁ ਕਹਿੰਦੇ ਹਨ ।

ਭਾਈ ਕਾਹਨ ਸਿੰਘ ਨੇ ਮਹਾਨ ਕੋਸ਼ ਵਿੱਚ ਬਬੀਹੇ, ਪਪੀਹੇ ਅਤੇ ਚਾਤ੍ਰਿਕ ਦੇ ਭਾਵ ਅਰਥ ਜਗਿਆਸੂ ਦਿੱਤੇ ਹਨ।

ਇਸ ਦੀ ਚੁੰਝ ਦਾ ਆਕਾਰ ਵੱਖਰੀ ਕਿਸਮ ਦਾ ਹੁੰਦਾ ਹੈ, ਬਾਕੀ ਪੰਛੀਆਂ ਦੀ ਚੁੰਝ ਦੀ ਢਾਲ ਹੇਠਾਂ ਨੂੰ ਬਣੀ ਹੁੰਦੀ ਹੈ। ਇਸ ਦੀ ਚੁੰਝ ਸਿੱਧੀ ਹੁੰਦੀ ਹੈ, ਜਿਸ ਕਾਰਨ ਇਹ ਅਪਣੀ ਚੁੰਝ ਨਾਲ ਪਾਣੀ ਨਹੀਂ ਪੀ ਸਕਦਾ। ਸਰ ਤੇ ਵਾਲਾਂ ਦੀ ਇੱਕ ਟੋਪੀ ਜਿਹੀ ਬਣੀ ਹੁੰਦੀ ਹੈ। ਇਸਦੀ ਲੰਮੀ ਪੂੰਛ ਹੁੰਦੀ ਹੈ। ਪਪੀਹਾ ਆਮ ਤੌਰ ਤੇ ਕੀੜੇ ਮਕੌੜੇ ਖਾਂਦਾ ਹੈ ਜੋ ਬਸੰਤ ਅਤੇ ਵਰਖਾ ਵਿੱਚ ਅਕਸਰ ਅੰਬ ਦੇ ਬੂਟੇ ਉੱਤੇ ਬੈਠ ਕੇ ਬੜੀ ਸੁਰੀਲੀ ਆਵਾਜ ਵਿੱਚ ਬੋਲਦਾ ਹੈ। ਪਪੀਹਾ ਦਰਖਤ ਤੋਂ ਹੇਠਾਂ ਅਕਸਰ ਬਹੁਤ ਘੱਟ ਉਤਰਦਾ ਹੈ ਅਤੇ ਉਸ ਉੱਤੇ ਵੀ ਇਸ ਪ੍ਰਕਾਰ ਛਿਪ ਕੇ ਬੈਠਾ ਰਹਿੰਦਾ ਹੈ ਕਿ ਮਨੁੱਖ ਦੀ ਨਜ਼ਰ ਕਦੇ ਹੀ ਉਸ ਉੱਤੇ ਪੈਂਦੀ ਹੈ। ਇਸ ਦੀ ਬੋਲੀ ਬਹੁਤ ਹੀ ਰਸੀਲੀ ਹੁੰਦੀ ਹੈ ਇਸ ਦੀ ਬੋਲੀ ਵਿੱਚ ਕੋਇਲ ਦੀ ਬੋਲੀ ਤੋਂ ਵੀ ਜਿਆਦਾ ਮਿਠਾਸ ਹੁੰਦੀ ਹੈ ।

ਇਹ ਵੀ ਪ੍ਰਚਲਿਤ ਹੈ ਕਿ ਇਹ ਕੇਵਲ ਵਰਖਾ ਦੀ ਬੂੰਦ ਦਾ ਹੀ ਜਲ ਪੀਂਦਾ ਹੈ, ਪਿਆਸ ਹਥੋਂ ਮਰ ਰਿਹਾ ਵੀ ਨਦੀ, ਤਾਲਾਬ ਆਦਿ ਦੇ ਪਾਣੀ ਵਿੱਚ ਚੁੰਜ ਨਹੀਂ ਡੁਬੋਂਦਾ। ਉਸ ਦੀ ਤਾਂਘ ਬਸ ਸਵਾਤੀ ਬੂੰਦ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਪਪੀਹੇ ਦੀ ਪੁਕਾਰ ਸੁਣ ਕੇ ਮੇਘ ਛਾ ਜਾਂਦਾ ਹੈ। ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦੀ ਇਕ ਬੂੰਦ ਹੀ ਉਸ ਨੂੰ ਜੀਵਨ-ਦਾਨ ਦਿੰਦੀ ਹੈ। ਚਾਤ੍ਰਿਕ ਦੀ ਪੁਕਾਰ ਨਾਲ ਮੇਘ ਵਰ੍ਹਦਾ ਹੈ ਤਾਂ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ। ਬਰਸਾਤ ਨਾਲ ਇਸਦੀ ਇੰਨੀ ਮੁਹਬੱਤ ਦੇਖ ਕੇ, ਕਈ ਪੁਰਾਣੇ ਲੋਕਾਂ ਨੇ ਇਸਨੂੰ ਬਰਸਾਤੀ ਪਪੀਹੇ ਦਾ ਨਾਂ ਵੀ ਦੇ ਦਿੱਤਾ ।

ਸੱਤ ਸਮੁੰਦਰ ਦੀ ਸੈਰ ਕਰਨ ਵਾਲਾ ਬਰਸਾਤ ਦੀਆਂ ਬੂੰਦਾਂ ਦਾ ਇਹ ਪ੍ਰੇਮੀ, ਸੁਭਾਹ ਪੱਖੋਂ ਇਹ ਨਿਰਮੋਹੀ ਹੁੰਦਾ ਹੈ । ਇਹ ਨਾ ਹੀ ਆਪਣਾ ਆਲ੍ਹਣਾ ਬਣਾਉਂਦਾ ਹੈ ਅਤੇ ਨਾ ਹੀ ਆਪਣੇ ਬੋਟਾਂ ਨੂੰ ਪਾਲਦਾ ਹੈ । ਮਾਦਾ ਅਪ੍ਰੈਲ ਤੋਂ ਜੂਨ ਮਹੀਨਿਆਂ ਦੇ ਵਿੱਚ ਆਂਡੇ ਦਿੰਦੀ ਹੈ । ਜਿਨ੍ਹਾਂ ਨੂੰ ਉਹ ਚੁੱਪ ਚਾਪ ਦੂੱਜੇ ਪੰਛੀ ਜਿਵੇਂ ਕੋਇਲ ਆਦਿ ਦੇ ਆਲ੍ਹਣਿਆਂ ਵਿੱਚ ਰੱਖ ਆਉਂਦੀ ਹੈ । ਇਸਦੇ ਆਂਡਿਆਂ ਦਾ ਰੰਗ ਕੋਇਲ ਦੇ ਆਂਡਿਆਂ ਦੀ ਤਰਾਂ ਨੀਲਾ ਹੁੰਦਾ ਹੈ । ਬਰਸਾਤ ਤੋਂ ਬਾਅਦ ਇਹ ਪੰਛੀ ਦਿਖਾਈ ਨਹੀਂ ਦਿੰਦਾ। ਇਸਨੂੰ ਸਰਦੀ ਵਿੱਚ ਰਹਿਣਾ ਪਸੰਦ ਨਹੀਂ ।ਸਰਦੀ ਦੇ ਦਿਨਾਂ ਵਿੱਚ ਇਹ ਦੱਖਣ ਵੱਲ ਚਲਾ ਜਾਂਦਾ ਹੈ , ਜਿਥੇ ਸਰਦੀ ਘੱਟ ਹੁੰਦੀ ਹੈ ।

ਭਾਰਤੀ ਇਤਿਹਾਸ ਮਿਥਿਹਾਸ ਅਤੇ ਕਵਿਤਾ ਵਿਚ ਇਸਦਾ ਜਿਕਰ ਮਿਲਦਾ ਹੈ ।

ਕਾਲੀਦਾਸ ਨੇ ਆਪਣੇ ਕਾਵਿ ਮੇਘਦੂਤ ਵਿੱਚ ਬੰਬੀਹੇ ਨੂੰ ਤ੍ਰਿਸ਼ਨਾ ਦੇ ਰੂਪ ਵਿੱਚ ਦਰਸਾਇਆ ਹੈ ।

ਬੰਬੀਹਾ ਉਡਦਾ ਹੋਇਆ ਰੱਬ ਅੱਗੇ ਮੀਂਹ ਲਈ ਅਰਜੋਈ ਕਰਦਾ ਹੈ । ਗੁਰਬਾਣੀ ਅਨੁਸਾਰ ਬੰਬੀਹਾ ਅਮ੍ਰਿਤ ਵੇਲੇ ਪਰਮਾਤਮਾ ਦੇ ਕੋਲੋ ਸਵਾਂਤੀ ਬੂੰਦ ਲਈ ਪੁਕਾਰ ਕਰਦਾ ਤਾਂ ਜੋ ਉਸਦੀ ਤ੍ਰੇਹ ਬੁੱਝ ਸਕੇ । ਜਦੋ ਪਰਮਾਤਮਾ ਮਿਹਰਵਾਨ ਹੋ ਕੇ ਮੀਹ ਵਰਸਾਉਦਾ ਹੈ ਤਾਂ ਉਸ ਮੀਹ ਦੀਆਂ ਬੂੰਦਾ ਉਸਦੇ ਉਪਰ ਉੱਠੇ ਮੂੰਹ ਵਿਚ ਪੈਦੀਆਂ ਹਨ ਪਰ ਉਸ ਮੀਂਹ ਵਿਚੋ ਇਕ ਖਾਸ ਬੂੰਦ ਜਿਸਨੂੰ ਸਵਾਂਤੀ ਬੂੰਦ ਕਹਿੰਦੇ ਹਨ ਜਦੋ ਇਹ ਬੂੰਦ ਬੰਬੀਹੇ ਦੇ ਮੂੰਹ ਵਿਚ ਡਿੱਗਦੀ ਹੈ ਤਾਂ ਇਹ ਉਸਦੇ ਸਰੀਰ ਵਿਚ ਚਲੀ ਜਾਂਦੀ ਹੈ , ਜਿਸ ਨਾਲ ਉਸਦੀ ਪਿਆਸ ਬੁਝਦੀ ਹੈ ਤਾਂ ਹੀ ਗੁਰਬਾਣੀ ਨੇ ਸਿੱਖ ਨੂੰ ਬੰਬੀਹੇ ਦੀ ਉਦਾਰਹਣ ਦੇ ਕੇ ਸਮਝਾਇਆ ਹੈ ਕਿ ਉਹ ਵੀ ਅਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਕੋਲੋ ਨਾਮ ਰੂਪੀ ਸਵਾਂਤੀ ਬੂੰਦ ਦੀ ਮੰਗ ਕਰੇ , ਜਿਸ ਨਾਲ ਉਸਦੇ ਤੜਪ ਰਹੇ ਹਿਰਦੇ ਨੂੰ ਸ਼ਾਂਤੀ ਮਿਲੇ ।

ਇਸ ਪੰਛੀ ਦਾ ਜਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ (ਪੰਨਾ 1285) ਵਿਚ ਵੀ ਮਿਲਦਾ ਹੈ।

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥

ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥

ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

ਕਬੀਰ ਅੰਬਰ ਘਨਹਰੁ ਛਾਇਆ
ਬਰਖਿ ਭਰੇ ਸਰ ਤਾਲ।।
ਚਾਤਰਿਕ ਜਿਉ ਤਰਸਤ ਰਹੈ
ਤਿਨ ਕਉ ਕਉਨੁ ਹਵਾਲੁ।।

ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਇੱਕ ਪਿੰਡ ਦਾ ਨਾਮ ਵੀ ‘ਬੰਬੀਹਾ ‘ ਹੈ ।ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਸਾਬੋ ਕਿ ਤਲਵੰਡੀ ਜਾਂਦੇ ਹੋਏ ਇੱਥੇ ਨੌ ਦਿਨ ਇੱਕ ਟੋਭੇ ਦੇ ਕੰਡੇ ਰੁਕੇ ਸਨ । ਉਸ ਸਥਾਨ ਤੇ ਅੱਜਕਲ੍ਹ ਗੁਰੂਦਵਾਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ। ਉਸ ਟੋਭੇ ਨੂੰ ਸਰੋਵਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।

ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਇਸਦੀ ਆਮਦ ਖੁਸ਼ੀ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ। ਇਹ ਪੰਛੀ ਅਫ਼ਰੀਕਾ ਤੋਂ ਮਾਨਸੂਨ ਪੌਣਾਂ ਸ਼ੁਰੂ ਹੋਣ ਤੋਂ ਪਹਿਲਾ ਆਉਂਦੇ ਹਨ । ਇਸ ਤਰਾਂ ਇਸਦੀ ਆਮਦ ਤੋਂ ਲੋਕ ਬਰਸਾਤ ਦਾ ਅੰਦਾਜ਼ਾ ਲਗਾ ਲੈਂਦੇ ਸਨ ।ਬੰਬੀਹੇ ਦੀ ਆਵਾਜ ਖੁਸ਼ੀ ਅਤੇ ਖੇੜੇ ਦਾ ਸੁਨੇਹਾ ਲੈ ਕੇ ਆਉਂਦੀ ਸੀ । ਲੋਕ ਗੀਤਾਂ ਵਿੱਚ ਵੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਬੰਬੀਹਾ ਨੂੰ ਮਾਧਿਅਮ ਬਣਾਇਆ ਗਿਆ ।

ਵਿਆਹ ਵਿਚ ਨਾਨਕ ਸ਼ੱਕ ਭਰਨ ਆਏ ਨਾਨਕੇ ਮੇਲ ਦੀ ਪੂਰੀ ਚੜ੍ਹਤ ਹੁੰਦੀ ਹੈ।ਪੁਰਾਣੇ ਸਮੇਂ ‘ਚ ਜਦ ਪੇਕੇ ਆਪਣੀ ਧੀ ਦੇ ਪੁੱਤ ਜਾਂ ਧੀ ਦੇ ਵਿਆਹ ਲਈ ਉਸਦੇ ਸਹੁਰੇ ਪਿੰਡ ਆਉੰਦੇ ਸਨ ਤਾਂ ਪੂਰੇ ਰੋਹਬ ਅਤੇ ਠੁੱਕ ਨਾਲ ਆਉੰਦੇ ਸੀ। ਨਾਨਕੇ ਮੇਲ ਦੀਆਂ ਮੇਲਣਾਂ ਵੱਲੋਂ ਇਸ ਸਮੇਂ ਬੰਬੀਹਾ ਬੁਲਾਇਆ ਜਾਂਦਾ ਸੋਹਣੇ ਸ਼ਿੰਗਾਰੇ ਡੰਡੇ ਨੂੰ ਖੜਕਾ ਖੜਕਾ ਕੇ ਬੋਲੀ ਪਾਈ ਜਾਂਦੀ ਸੀ :

ਬੋਲੇ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਜੀਤੋ ਕੁਰੇ ਤੇਰੇ ਬਾਰ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਨਿਕਲ ਘਰਾਂ ਚੋਂ ਬਾਹਰ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ,
ਭੰਨ ਦਿਆਂਗੇ ਬਾਰ ਨੀ ਬੰਬੀਹਾ ਬੋਲੇ,
ਸ਼ਾਵਾ ਨੀ ਬੰਬੀਹਾ ਬੋਲੇ………
ਬੋਲੇ ਨੀ ਬੰਬੀਹਾ ਬੋਲੇ………

ਇਸ ਤਰ੍ਹਾਂ ਨਾਨਕੇ ਮੇਲ ਦਾ ਵਿਆਹ ਵਾਲੇ ਪਿੰਡ ਵਿਚ ਦਾਖਲਾ ਪੂਰੀ ਸ਼ਾਨੋ ਸ਼ੌਕਤ ਨਾਲ ਹੁੰਦਾ। ਗੀਤਾਂ ਅਤੇ ਲੋਕ ਬੋਲੀਆਂ ਦੀ ਛਹਿਬਰ ਨਾਲ ਵਿਆਹ ਵਾਲੇ ਘਰ ਦਾ ਮਾਹੌਲ ਹੋਰ ਵੀ ਵੱਧ ਖੁਸ਼ਨੁਮਾ ਬਣ ਜਾਂਦਾ। ਸੋ ਬੰਬੀਹਾ ਨਾਨਕਿਆਂ ਦੀ ਠੁੱਕ ਦਾ ਪ੍ਰਤੀਕ ਹੈ।
ਬੰਬੀਹਾ ਬੋਲੇ ਬਹੁਤ ਵਧੀਆ ਤੇ ਪੁਰਾਣਾ ਲੋਕ ਗੀਤ ਹੈ । ਬਹੁਤ ਸਾਰੇ ਕਲਾਕਾਰਾਂ ਨੇ ਇਸ ਤੇ ਹੱਥ ਅਜਮਾਈ ਕੀਤਾ । ਓਹਨਾ ਆਪਣੇ ਆਪਣੇ ਅੰਦਾਜ ਵਿੱਚ ਇਸਨੂੰ ਗਾਇਆ । ਪੰਤੂ ਅੱਜ ਕਲ ਦੇ ਗਾਇਕ ਇਸਨੂੰ ਜਿਸ ਤਰੀਕੇ ਨਾਲ ਲੋਕਾਂ ਅੱਗੇ ਪਰੋਸ ਰਹੇ ਹਨ , ਉਹ ਜਰੂਰ ਚਿੰਤਾ ਦਾ ਵਿਸ਼ਾ ਹੈ । ਬੰਬੀਹਾ ਕਦੇ ਵੀ ਗੁੰਡਾਗਰਦੀ ਕਰਕੇ ਲੋਕਾਂ ਨੂੰ ਡਰਾਉਣ ਵਾਲਾ, ਕਤਲ ਕਰਨ ਵਾਲਾ, ਅਸਲੇ ਨੂੰ ਪ੍ਰਮੋਟ ਕਰਨ ਵਾਲਾ ਨਹੀਂ ਸੀ । ਅਸਲ ਬੰਬੀਹਾ ਕਾਦਰ ਦੀ ਕੁਦਰਤ ਵਿੱਚ ਇੱਕ ਮਿਕ ਹੋ ਕੇ ਪ੍ਰਭੂ ਨੂੰ ਪਾਉਣ ਵਾਲਾ , ਖੁਸ਼ੀਆਂ ਖੇੜੇ ਵੰਡਣ ਵਾਲਾ, ਸਬਰ ਸੰਤੋਖ ਵਾਲਾ , ਵੈਰਾਗ ਅਤੇ ਤਿਆਗ ਦੀ ਮੂਰਤ ਹੈ । ਸਕਰਤਮਕਤਾ ਦਾ ਪ੍ਰਤੀਕ ਹੈ ।ਪ੍ਰਭੂ ਭਗਤੀ ਦਾ ਪ੍ਰਤੀਕ ਹੈ । ਬੰਦਾ ਮਾਰਨਾ ਜਾਂ ਕਾਨੂੰਨ ਆਪਣੇ ਹੱਥ ‘ਚ ਲੈਣ ਦਾ ਹਾਮੀ ਨਹੀਂ । ਅੱਜ ਕੱਲ ਦੇ ਗੀਤਾਂ ਵਿੱਚ ਪੇਸ਼ ਕਿਤੇ ਅਕਸ ਨੂੰ ਦੇਖ ਕੇ ਅਸਲ ਬੰਬੀਹਾ ਇਓ ਕਹਿੰਦਾ ਪ੍ਰਤੀਤ ਹੁੰਦਾ ਹੈ :

ਮੈਂ ਬੰਬੀਹਾ ਬੋਲਦਾ ਜ਼ਰੂਰ ,

ਪਰ ਕਦੇ ਇੱਦਾਂ ਨਹੀਂਓ ਬੋਲਿਆ ( ਜਸਵਿੰਦਰ ਚਾਹਲ)

ਕਲਮ ਦੀ ਤਾਕਤ ਹਥਿਆਰਾਂ ਦੀ ਤਾਕਤ ਤੋਂ ਕਿਤੇ ਉਪਰ ਹੁੰਦੀ ਹੈ । ਸ਼ਾਇਦ ਇਹੀ ਕਾਰਨ ਸੀ ਹਥਿਆਰਾਂ ਤੋਂ ਨਾ ਹਾਰਨ ਵਾਲਾ ਜਾਲਿਮ ਬਾਦਸ਼ਾਹ ਔਰਗਜੇਬ ਗੁਰੂ ਗੋਬਿੰਦ ਸਿੰਘ ਦੀ ਜੀ ਕਲਮ ਨਾਲ ਲਿਖੇ ਜ਼ਫ਼ਰਨਾਮਾ ਨਾਲ ਢਹਿ ਢੇਰੀ ਹੋ ਗਿਆ । ਸੋ ਕਲਮਕਾਰਾਂ, ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲਿਆਂ ਪੀੜੀਆਂ ਦੇ ਪੈਰਾਂ ਵਿੱਚ ਕੰਡੇ ਨਾਂ ਬੀਜਣ । ਚੰਗਾ ਲਿਖਣ ਤਾ ਜੋ ਨਵੀਂ ਪੀੜੀ ਇਸ ਤੋਂ ਕੁੱਝ ਸੇਧ ਗ੍ਰਹਿਣ ਕਰ ਸਕੇ ।

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227
Email: mehrashankar777@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: