ਬੋਲੀ

ਬੋਲੀ

ਬੋਲੀ ਹੁੰਦੀ ਏ ਦਰਪਣ ਅੰਤਰ ਮਨ ਦਾ
ਬੇਸ਼ੁਮਾਰ ਦਿਵਾਉਂਦੀ ਪਿਆਰ ਬੋਲੀ
ਰੁੱਖੀ ਬੋਲੀ ਕਰੇ ਅਹੁਦੇ ਦੀ ਚਮਕ ਫਿੱਕੀ
ਲੱਖ ਲਾਹਨਤਾਂ ਪਵਾਵੇ ਹਰ ਵਾਰ ਬੋਲੀ
ਬੰਦਾ ਪਹਿਚਾਣਿਆਂ ਜਾਵੇ ਸਦਾ ਬੋਲੀ ਤੋਂ
ਸੋ ਬੋਲੋ ਕਰਕੇ ਸੋਚ ਵਿਚਾਰ ਬੋਲੀ
ਨਿਮਰਤਾ ਤੋਂ ਨਿਮਰ ਨਾ ਕੋਈ ਗੁਣ ਵੱਡਾ
ਦੱਸਦੀ ਸੋਚ ਦਾ ਕੀ ਹੈ ਮਿਆਰ ਬੋਲੀ

ਰਾਜੀਨਾਮੇ ਵੀ ਕਰਾ ਦੇਵੇ ਨੀਵੀਂ ਹੋ ਕੇ
ਕਈ ਅਣਹੋਣੀਆਂ ਦਿੰਦੀ ਟਾਲ ਬੋਲੀ
ਕਤਲ ਕਰਾ ਦਿੰਦੀ ਜਿੰਦ ਕੀਮਤੀ ਦਾ
ਕਦੇ ਗੱਲ ਤੋਂ ਬਣ ਜਾਵੇ ਗਾਲ ਬੋਲੀ
ਨਾਲ ਤੁਰਦੀਆਂ ਕਦੇ ਵੀ ਡਿਗਰੀਆਂ ਨਾ
ਕਦਮ – ਕਦਮ ‘ਤੇ ਤੁਰਦੀ ਏ ਨਾਲ ਬੋਲੀ
ਬੀਤਿਆ ਵਕ਼ਤ ਭਾਵੇਂ ਅੱਖਾਂ ਮੀਟ ਜਾਵੇ
ਜਿਉਂਦੀ ਰਹਿੰਦੀ ਹੈ ਪਰ ਹਰ ਹਾਲ ਬੋਲੀ

ਮਰਦੇ ਨੂੰ ਦੋ ਬੋਲ ਬੋਲੀਏ ਹੌਂਸਲੇ ਦੇ
ਬਣ ਜਾਂਦੀ ਏ ਜਿਉਂਣ ਦੀ ਆਸ ਬੋਲੀ
ਉਹ ਸਭ ਦੇ ਦਿਲਾਂ ਨੂੰ ਕੀਲ ਲੈਂਦੇ
ਜਿੰਨਾ ਦੀ ਭਰੀ ਹੋਵੇ ਨਾਲ ਮਿਠਾਸ ਬੋਲੀ
ਗੋਬਿੰਦ ਦੇ ਦਰ ਦਾ ਰਸਤਾ ਵੀ ਲੱਭ ਜਾਂਦਾ
ਇਸ ਕਦਰ ਆਵੇ ਜੇ ਕਿਸੇ ਦੀ ਰਾਸ ਬੋਲੀ
ਹਰਪ੍ਰੀਤ ਸ਼ਾਂਤੀ ਦਾ ਪਸਾਰਾ ਹੋਵੇ ਚਹੁੰ ਪਾਸੇ
ਐਸੀ ਹੋ ਜਾਵੇ ਜੇ ਸਭ ਦੀ ਕਾਸ਼ ਬੋਲੀ

ਹਰਪ੍ਰੀਤ ਕੌਰ ਘੁੰਨਸ

Share Button

Leave a Reply

Your email address will not be published. Required fields are marked *

%d bloggers like this: