ਬੋਤਲ ਵਿੱਚ ਗਜ਼ਲ ਲਿਖਣ ਵਾਲਾ ਸਥਾਪਿਤ ਲੇਖਕ  ਸੁਖਵਿੰਦਰ ਸਿੰਘ ਲੋਟੇ

ss1

ਬੋਤਲ ਵਿੱਚ ਗਜ਼ਲ ਲਿਖਣ ਵਾਲਾ ਸਥਾਪਿਤ ਲੇਖਕ  ਸੁਖਵਿੰਦਰ ਸਿੰਘ ਲੋਟੇ

ਜੇਕਰ ਪੜਨ ਵਾਲੇ ਪਾਠਕਾਂ ਤੋਂ ਲਿਖਣ ਵਾਲੇ ਲੇਖਕਾਂ ਦੀ ਗੱਲ ਕਰੀਏ ਤਾਂ ਕਿਤੇ ਵੱਧ ਲਿਖਣ ਵਾਲੇ ਲੇਖਕ ਅਜੋਕੇ ਦੌਰ ਵਿੱਚ ਹਨ ਪਰ ਸਥਾਪਤ ਲੇਖਕ ਬਹੁਤ ਘੱਟ ਹਨ, ਜਿੰਨਾਂ ਦੀਆਂ ਰਚਨਾਵਾਂ ਦੀ ਅਕਸਰ ਲੋਕ ਮੰਗ ਵੀ ਕਰਦੇ ਹਨ ਤੇ ਕਈ ਅਖ਼ਬਾਰਾਂ ਨੂੰ ਫ਼ੋਨ ਵੀ ਕਰਦੇ ਹਨ ਕਿ ਫਲਾਣੇ ਲੇਖਕ ਦੀ ਰਚਨਾ ਜਲਦੀ ਲਗਾਓ ਜੀ। ਅਜੋਕੇ ਦੌਰ ਵਿੱਚ ਇਸਦਾ ਇਕ ਕਾਰਨ ਮੀਡੀਆ, ਫੇਸਬੁੱਕ, ਵੱਟਸਅਪ, ਗੂਗਲ ਆਦਿ ਵੀ ਹੈ ਕਿਉਂਕਿ ਕਿਸੇ ਕੋਲ ਵੀ ਐਨੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਟਾਈਮ ਹੀ ਨਹੀਂ ਕਿ ਕਿਸੇ ਦੀ ਕੋਈ ਵੱਡੀ ਰਚਨਾ ਪੜੀ ਜਾਵੇ ਤੇ ਫ਼ਿਰ ਉਸਦਾ ਪ੍ਰਤੀਕਰਮ ਵੀ ਉਸ ਨਾਲ ਸਾਂਝਾ ਕੀਤਾ ਜਾਵੇ। ਇਸੇ ਕਰਕੇ ਜੇਕਰ ਥੋੜੇ ਬਹੁਤੇ ਪਾਠਕ ਹਨ ਵੀ ਤਾਂ ਉਹ ਸਿਰਫ਼ ਮਿੰਨੀ ਕਹਾਣੀਆਂ, ਸਥਾਪਿਤ ਗਜ਼ਲਕਾਰਾਂ ਦੀਆਂ ਗਜ਼ਲਾਂ ਜਾਂ ਕਿਸੇ ਸਥਾਪਤ ਲੇਖਕ ਦੀਆਂ ਮਿਆਰੀ ਕਵਿਤਾ ਹੀ ਪੜਦੇ ਹਨ ਤੇ ਉਹਨਾਂ ਦੀ ਬਾਬਤ ਉਹਨਾਂ ਨਾਲ ਗੱਲ ਵੀ ਸਾਂਝੀ ਕਰਦੇ ਹਨ।  ਅੱਜ ਮੈਂ ਐਸੇ ਗਜ਼ਲਕਾਰ ਸੁਖਵਿੰਦਰ ਸਿੰਘ ਲੋਟੇ ਜੋ ਕਿ ਧੂਰੀ ਵਿਖੇ ਰਹਿ ਰਹੇ ਹਨ ‘ਤੇ ਕਿੱਤੇ ਤੋਂ ਉਹ ਇਕ ਇਲੈਕਟ੍ਰਸ਼ੀਨ ਹਨ, ਉਹਨਾਂ ਦੀ ਗੱਲ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਲੋਟੇ ਉਹਨਾਂ ਦਾ ਗੋਤ ਹੈ ਤੇ ਉਹਨਾਂ ਦਾ ਪਿੰਡ ਬਰੜਵਾਲ ਨੇੜੇ ਧੂਰੀ ਜਿਲਾ ਸੰਗਰੂਰ ਹੈ। ਉਹਨਾਂ ਦੀਆਂ ਰਚਨਾਵਾਂ ਮੈਂ ਅਕਸਰ ਹੀ ਪੜਦਾ ਰਹਿੰਦਾ ਹਾਂ ਤੇ ਫ਼ੋਨ ਤੇ ਵੀ ਕਈ ਵਾਰ ਗੱਲਾਂ-ਬਾਤਾਂ ਹੋਈਆਂ ਹਨ ਪਰ ਤੀਹ ਸਤੰਬਰ ਨੂੰ ਦੁਸਿਹਰੇ ਵਾਲੇ ਦਿਨ ਮੈਨੂੰ ਧੂਰੀ ਵਿਖੇ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਬਹੁਤ ਸਾਰੀਆਂ ਗੱਲਾਂਬਾਤਾਂ ਪਰਿਵਾਰਕ ਅਤੇ ਲੇਖਣੀ ਪ੍ਰਤੀ ਹੋਈਆਂ। ਉਹਨਾਂ ਦੀ ਧੂਰੀ ਬਾਈਪਾਸ ਤੇ ਇਲੈਕਟ੍ਰੀਸ਼ਨ ਦੀ ਦੁਕਾਨ ਤੇ ਅਸੀ ਕਰੀਬ ਦੋ ਘੰਟੇ ਬੈਠੇ ਅਤੇ ਮੈਂ ਆਪਣੀਆਂ ਦੋ ਪੁਸਤਕਾਂ ਉਹਨਾਂ ਨੂੰ ਭੇਂਟ ਕੀਤੀਆਂ ‘ਤੇ ਉਹਨਾਂ ਨੇ ਆਪਣੀ ਪਲੇਠੀ ਗਜ਼ਲਾਂ ਦੀ ਪੁਸਤਕ ‘ਗਜ਼ਲਾਂ ਹੀ ਸਿਰਨਾਵਾਂ’ ਦਾਸ ਨੂੰ ਭੇਟ ਕੀਤੀ। ਬੜਾ ਮਨ ਪ੍ਰਸੰਨ ਹੋਇਆ ਕਾਫ਼ੀ ਸਾਰੀਆਂ ਗੱਲਾਂ ਤਾਂ ਉਹਨਾਂ ਨਾਲ ਕਰ ਹੀ ਲਈਆਂ ਸਨ ਤੇ ਕੁਝ ਕੁ ਗੱਲਾਂ ਮੈਨੂੰ ਕਿਤਾਬ ਵਿੱਚੋਂ ਮਿਲੀਆਂ ਜਿੰਨਾਂ ਕਰਕੇ ਮੈਂ ਇਹ ਲੇਖ ਲਿਖਣ ਲਈ ਸੋਚਿਆ ਤੇ ਖਾਸ ਕਰਕੇ ਉਹਨਾਂ ਦੀ ਕਿਤਾਬ ਦਾ ਮੁੱਖ ਬੰਧ, ਪੰਜਾਬੀ ਦੇ ਮਹਾਨ ਹਸਤਾਖ਼ਰ ਸੁਲੱਖਣ ਸਰਹੱਦੀ ਵੱਲੋਂ ਲਿਖਿਆ ਕਰਕੇ ਮੈਂ ਵੀ ਇਹ ਲੇਖ ਅਖ਼ਬਾਰੀ ਬਨਾਉਣ ਦਾ ਮਨ ਬਣਾ ਲਿਆ। ਸੁਖਵਿੰਦਰ ਸਿੰਘ ਲੋਟੇ ਬਹੁਤ ਹੀ ਪਿਆਰੀ ਗਜ਼ਲ ਲਿਖਣ ਦੇ ਨਾਲ-ਨਾਲ ਗਿਆਰਾਂ ਭਾਸ਼ਾਵਾਂ ਵਿੱਚ ਦਸ-ਗਿਆਰਾਂ ਲਾਈਨਾਂ ਦੀ ਗਜ਼ਲ ਕੱਚ ਦੀ ਬੋਤਲ ਵਿੱਚ ਲਿਖ ਕੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਵੀ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ। ਇਹ ਸਕਾਟਲੈਂਡ ਵਿੱਚ ਬਣੀਆਂ ਕੱਚ ਦੀਆਂ ਬੋਤਲਾਂ ਵਿੱਚ ਆਪਣੀ ਗਜ਼ਲ ਲਿਖਦੇ ਹਨ ਕਿਉਂਕਿ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦਾ ਕੱਚ ਸਾਫ਼ ਹੁੰਦਾ ਹੈ ਅਤੇ ਅੱਖ਼ਰ ਵਧੀਆ ਪੜੇ ਜਾਂਦੇ ਹਨ।  ਪੰਜਾਬ ਦੇ ਨਾਮੀ ਮੇਲਿਆਂ ਵਿੱਚ ਇਹ ਆਪਣੀ ਇਸ ਵਿਲੱਖਣਤਾ ਦੀ ਨੁਮਾਇਸ਼ ਵੀ ਲਗਾਉਂਦੇ ਰਹਿੰਦੇ ਹਨ। ਇਹਨਾਂ ਦੀਆਂ ਬੋਤਲ ਵਿੱਚ ਲਿਖੀਆਂ ਗਜ਼ਲਾਂ ਦੋ ਹਜਾਰ ਤੋਂ ਵੀਹ ਹਜ਼ਾਰ ਰੁਪਏ ਤੱਕ ਪ੍ਰਤੀ ਬੋਤਲ ਵਿਕੀਆਂ ਵੀ ਹਨ। ਪੰਜਾਬ ਦੇ ਨਾਮੀ ਲੇਖਕ, ਸਾਹਿਤਕਾਰ ਤੇ ਸਿਆਸੀ ਬੰਦੇ ਆਡਰ ਤੇ ਇਹਨਾਂ ਤੋਂ ਬੋਤਲਾਂ ਵਿੱਚ ਲਿਖਵਾ ਕੇ ਉਹਨਾਂ ਨੂੰ ਆਪਣੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣਾਉਂਦੇ ਰਹਿੰਦੇ ਹਨ। ਰੇਡੀਓ ਸਟੇਸ਼ਨ ਅਤੇ ਟੀ.ਵੀ ਚੈਨਲਾਂ ਤੇ ਇਹਨਾਂ ਦਾ ਅਕਸਰ ਹੀ ਪ੍ਰੋਗਰਾਮ ਨਸ਼ਰ ਹੁੰਦਾ ਰਹਿੰਦਾ ਹੈ। ਯੂ-ਟਿਊਬ ਤੇ ਵੀ ਸੁਖਵਿੰਦਰ ਸਿੰਘ ਲੋਟੇ ਨਾਂਅ ਦਾ ਇਹਨਾਂ ਦਾ ਪੇਜ ਸਥਾਪਿਤ ਹੈ। ਸੁਖਵਿੰਰ ਸਿੰਘ ਲੋਟੇ ਸੰਗਰੂਰ ਸਾਹਿਤ ਸਭਾ ਦੇ ਵਾਇਸ ਪ੍ਰਧਾਨ ਅਤੇ ਧੂਰੀ ਸਾਹਿਤ ਸਭਾ ਦੇ ਕੈਸ਼ੀਅਰ ਦੀ ਡਿਊਟੀ ਪੂਰੀ ਤਨਦੇਹੀ ਨਾਲ ਆਪਣੇ ਪਰਿਵਾਰਕ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਨਿਭਾਉਂਦੇ ਰਹਿੰਦੇ ਹਨ। ਨੇੜੇ ਤੇੜੇ ਕਿਸੇ ਵੀ ਸਾਹਿਤ ਸਭਾਵਾਂ ਦੇ ਪ੍ਰੋਗਰਾਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਂਦੇ ਰਹਿੰਦੇ ਹਨ।

   ਲੋਟੇ ਨੇ ਗੱਲ ਕਰਦਿਆਂ ਦੱਸਿਆ ਕਿ ਸ਼ਾਇਰਾ ਡਾ. ਗੁਰਬਿੰਦਰ ਸਿੱਧੂ ਮੈਡਮ ਮੁਹਾਲੀ ਵਾਲਿਆਂ ਨੇ ਕਈ ਬੋਤਲਾਂ ਵਿੱਚ ਆਪਣੀਆਂ ਲਿਖ਼ੀਆਂ ਗਜ਼ਲਾਂ ਲਿਖਵਾ ਕੇ ਬਾਹਰ ਕਨੇਡਾ ਵਰਗੇ ਮਹਾਂਦੇਸ਼ਾਂ ਨੂੰ ਵੀ ਭੇਜੀਆਂ ਹਨ ਤੇ ਉਥੋਂ ਲੋਟਾ ਜੀ ਨੂੰ ਅਕਸਰ ਵਧਾਈ ਦੇ ਫ਼ੋਨ ਅਤੇ ਆਰਡਰ ਵੀ ਆਉਂਦੇ ਰਹਿੰਦੇ ਹਨ। ਸੁਲੱਖਣ ਸਰਹੱਦੀ ਜੀ ਨੇ ਇਹਨਾਂ ਦੀ ਕਿਤਾਬ ਦੇ ਮੁੱਖ ਬੰਧ ਵਿੱਚ ਇਹਨਾਂ ਦੀਆਂ ਲਿਖੀਆਂ ਗਜ਼ਲਾਂ ਦੀ ਭਰਪੂਰ ਸਰਾਹਣਾ ਕਰਦਿਆਂ ਲਿਖਿਆ ਹੈ ਕਿ ਲੋਟੇ ਨੇ ਗਜ਼ਲਾਂ ਦੀਆਂ ਕਾਫ਼ੀ ਸਾਰੀਆਂ ਬਹਿਰਾਂ (ਵਿਧੀਆਂ) ਵੀ ਇਹਨਾਂ ਨੇ ਆਪ ਹੀ ਬਣਾਈਆਂ ਹੋਈਆਂ ਹਨ ਜੋ ਕਿ ਕਾਬਿਲੇ ਤਾਰੀਫ਼ ਹਨ। ਇਹਨਾਂ ਦੀਆਂ ਗਜ਼ਲਾਂ ਪੜਦਾ ਪਾਠਕ ਕਦੇ ਅੱਕਦਾ ਥੱਕਦਾ ਵੀ ਨਹੀਂ। ਐਸੀ ਖ਼ੂਬੀ ਕਿਸੇ ਵਿਰਲੇ ਲੇਖਕ ਵਿੱਚ ਹੀ ਹੁੰਦੀ ਹੈ। ਇਹਨਾਂ ਦੀਆਂ ਗਜ਼ਲਾਂ ਭਾਸ਼ਾ ਵਿਭਾਗ ਦੇ ਮੈਗਜ਼ੀਨਾਂ ਵਿੱਚ, ਸ਼ਬਦ ਬੂੰਦ ਵਿੱਚ ਅਤੇ ਸੂਲ ਸੁਰਾਹੀ ਤੋਂ ਇਲਾਵਾ ਪੰਜਾਬ ਅਤੇ ਵਿਦੇਸ਼ਾਂ ‘ਚ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰੇ ਵਜੋਂ ਫ਼ੋਨ ਆਉਂਦੇ ਰਹਿੰਦੇ ਹਨ।  ਜੇਕਰ ਸਨਮਾਨਾ ਦੀ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰ ਸੰਗਰੂਰ, ਐਸ.ਡੀ.ਐਮ ਧੂਰੀ ਤੇ ਹੋਰ ਵੀ ਅਨੇਕਾਂ ਐਸੀਆਂ ਸੰਸਥਾਵਾਂ ਹਨ ਜਿੰਨਾਂ ਨੇ ਸਮੇਂ ਸਮੇਂ ਤੇ ਸੁਖਵਿੰਦਰ ਲੋਟਾ ਨੂੰ ਸਨਮਾਨਿਤ ਕੀਤਾ ਹੈ। ਗੱਲ ਕਰਦਿਆਂ ਲੋਟਾ ਜੀ ਨੇ ਦੱਸਿਆ ਕਿ ਜਲਦੀ ਹੀ ਉਹ ਇੰਗਲੈਂਡ ਦਾ ਰਾਸ਼ਟਰੀ ਝੰਡਾ ਤੇ ਉਹਨਾਂ ਦਾ ਰਾਸ਼ਟਰੀ ਗੀਤ ਬੋਤਲ ਵਿੱਚ ਲਿਖ਼ ਕੇ ਪਾਠਕਾਂ, ਸਰੋਤਿਆਂ ਤੇ ਆਪਣੇ ਚਾਹੁਣ ਵਾਲਿਆਂ ਦੇ ਸਨਮੁਖ਼ ਹੋਵੇਗਾ। ਵਾਹਿਗੁਰੂ, ਸੁਖਵਿੰਦਰ ਸਿੰਘ ਲੋਟਾ ਨੂੰ ਲੰਬੀ ਉਮਰ ਬਖਸ਼ੇ ‘ਤੇ ਇਹ ਮਾਂ ਬੋਲੀ ਦੀ ਇਸੇ ਤਰਾਂ ਸੇਵਾ ਕਰਦੇ ਹੋਏ ਪੰਜਾਬੀਆਂ ਦਾ ਸਦਾ ਮਾਣ ਵਧਾਉਂਦੇ ਰਹਿਣ।

ਜਸਵੀਰ ਸ਼ਰਮਾ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ। 

ਮੋਬਾ : 94176-22046  

Share Button

Leave a Reply

Your email address will not be published. Required fields are marked *