Tue. Apr 23rd, 2019

ਬੋਇੰਗ ਨੇ ਆਪਣੀ ਤਕਨੀਕੀ ਖਾਮੀ ਦਾ ਹੱਲ ਲੱਭਿਆ

ਬੋਇੰਗ ਨੇ ਆਪਣੀ ਤਕਨੀਕੀ ਖਾਮੀ ਦਾ ਹੱਲ ਲੱਭਿਆ

ਪਿੱਛੇ ਜਿਹੇ ਵਾਪਰੇ ਹਾਦਸਿਆਂ ਤੋਂ ਬਾਅਦ ਵਿਵਾਦਾਂ ਵਿਚ ਘਿਰੀ ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਆਪਣੇ 737 ਮੈਕਸ 8 ਜਹਾਜ਼ ‘ਚ ਆਈ ਖਾਮੀ ਦਾ ਹੱਲ ਲੱਭ ਲਿਆ ਹੈ। ਸ਼ਨਿਚਰਵਾਰ ਨੂੰ ਵਾਸ਼ਿੰਗਟਨ ਦੇ ਰੈਂਟਨ ‘ਚ ਹੋਈ ਮੀਟਿੰਗ ‘ਚ ਕੰਪਨੀ ਨੇ ਐਂਟੀ-ਸਟਾਲ ਸਾਫਟਵੇਅਰ ਤੇ ਕਾਕਪਿਟ ਡਿਸਪਲੇਅ (ਪਾਇਲਟ ਦੇ ਸਾਹਮਣੇ ਮੌਜੂਦ ਸਕਰੀਨ) ‘ਚ ਕੀਤੀ ਗਈ ਤਬਦੀਲੀ ‘ਤੇ ਚਰਚਾ ਕੀਤੀ। ਇਸ ਮੀਟਿੰਗ ਵਿਚ ਕੰਪਨੀ ਦੇ ਪ੍ਰਬੰਧਨ ਅਧਿਕਾਰੀਆਂ ਨਾਲ ਅਮਰੀਕੀ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼, ਫਲਾਈ ਦੁਬਈ ਵਰਗੀਆਂ ਹਵਾਈ ਜਹਾਜ਼ ਕੰਪਨੀਆਂ ਦੇ ਨੁਮਾਇੰਦੇ ਤੇ ਪਾਇਲਟ ਸ਼ਾਮਲ ਹੋਏ ਸਨ। ਮੀਟਿੰਗ ‘ਚ ਸ਼ਾਮਲ ਦੋ ਨੁਮਾਇੰਦਿਆਂ ਮੁਤਾਬਕ ਪੰਜ ਪਾਇਲਟਾਂ ਨੇ ਫਲਾਈਟ ਸਿਮੂਲੇਟਰ ‘ਚ ਅਪਡੇਟ ਹੋਏ ਸਾਫਟਵੇਅਰ ਦਾ ਪ੍ਰਰੀਖਣ ਵੀ ਕੀਤਾ। ਫਲਾਈਟ ਸਿਮੂਲੇਟਰ ਉਹ ਉਪਕਰਨ ਹੈ ਜਿਸ ਵਿਚ ਜਹਾਜ਼ ਦੀ ਉਡਾਣ ਤੇ ਉਸ ਦੇ ਆਸ-ਪਾਸ ਦਾ ਕਾਲਪਨਿਕ ਵਾਤਾਵਰਨ ਤਿਆਰ ਕੀਤਾ ਜਾਂਦਾ ਹੈ। ਪ੍ਰਰੀਖਣ ਦੌਰਾਨ ਸਾਰੇ ਪਾਇਲਟ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਉਣ ‘ਚ ਸਫਲ ਰਹੇ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ‘ਚ ਇੰਡੋਨੇਸ਼ੀਆ ਤੇ ਪਿਛਲੇ ਦਿਨੀਂ ਇਥੋਪੀਆ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਤੋਂ ਹੀ ਬੋਇੰਗ ਸਵਾਲਾਂ ਦੇ ਘੇਰੇ ਵਿਚ ਸੀ। ਦੋਵਾਂ ਹੀ ਹਾਦਸਿਆਂ ਵਿਚ ਬੋਇੰਗ ਦਾ 737 ਮੈਕਸ 8 ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਥੋਪੀਆ ਏਅਰਲਾਈਨਜ਼ ਦੇ ਹਾਦਸੇ ਤੋਂ ਬਾਅਦ ਬੋਇੰਗ ਨੂੰ ਆਪਣੇ ਸਾਰੇ ਮੈਕਸ 8 ਜਹਾਜ਼ ਉਡਾਣ ਤੋਂ ਹਟਾਉਣੇ ਪਏ ਸਨ। ਇਸ ਨਾਲ ਕੰਪਨੀ ਨੂੰ ਕਈ ਅਰਬ ਡਾਲਰ ਦਾ ਨੁਕਸਾਨ ਹੋਇਆ। ਇਸ ਸੰਕਟ ਨਾਲ ਨਿਪਟਣ ਲਈ ਬੋਇੰਗ ਨੇ ਆਪਣੇ ਸਾਫਟਵੇਅਰ ‘ਚ ਤਬਦੀਲੀ ਕੀਤੀ ਹੈ। ਪਰ ਕੌਮਾਂਤਰੀ ਸੰਸਥਾਵਾਂ, ਫੈਡਰਲ ਐਵੀਏਸ਼ਨ ਅਥਾਰਟੀ ਤੇ ਵੱਖ-ਵੱਖ ਦੇਸ਼ਾਂ ਦੀਆਂ ਰੈਗੂਲੇਟਰੀਆਂ ਦੀ ਸਹਿਮਤੀ ਤੋਂ ਬਿਨਾਂ ਮੈਕਸ 8 ਨੂੰ ਦੁਬਾਰਾ ਉਡਾਣ ਦੀ ਪ੍ਰਵਾਨਗੀ ਨਹੀਂ ਮਿਲ ਸਕਦੀ।

Share Button

Leave a Reply

Your email address will not be published. Required fields are marked *

%d bloggers like this: