ਬੈਂਕਾ ਅੱਗੇ ਖੜ੍ਹੇ ਵਾਹਨ ਟਰੈਫਿਕ ਸਮੱਸਿਆ ‘ਚ ਪਾਉਦੇ ਭਾਰੀ ਵਿਘਨ

ss1

ਬੈਂਕਾ ਅੱਗੇ ਖੜ੍ਹੇ ਵਾਹਨ ਟਰੈਫਿਕ ਸਮੱਸਿਆ ‘ਚ ਪਾਉਦੇ ਭਾਰੀ ਵਿਘਨ

1234ਭਿੱਖੀਵਿੰਡ 23 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੀਆਂ ਵੱਖ-ਵੱਖ ਬੈਂਕਾ ਵਿਚੋਂ 500 ਤੇ 1000 ਰੁਪਏ ਵਾਲੇ ਨੋਟ ਬਦਲਾਉਣ ਆਏ ਲੋਕਾਂ ਵੱਲੋਂ ਆਪਣੇ ਵਾਹਨਾਂ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਆਦਿ ਨੂੰ ਬੈਂਕਾ ਦੇ ਅੱਗੇ ਸੜਕਾਂ ਵਿਚਕਾਰ ਖੜੇ ਕਰਕੇ ਟਰੈਫਿਕ ਨਿਯਮਾਂ ਦੀਆਂ ਧੱਜੀਆ ਉਡਾਈਆ ਜਾ ਰਹੀਆ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਸਬਾ ਭਿੱਖੀਵਿੰਡ ਦੇ ਦੁਕਾਨਦਾਰਾਂ ਸੰਦੀਪ ਕਲੈਕਸ਼ਨ, ਹਰਦਿਆਲ ਸਿੰਘ ਪੰਜਾਬ ਫੋਟੋ ਸ਼ਟੂਡੀਉ, ਹੈਪੀ ਸੰਧੂ ਨਿਊ ਲੁੱਕ, ਸੰਦੀਪ ਬੁੱਕ ਡੀਪੂ, ਚੱਢਾ ਗਿਫਟ ਹਾਊਸ ਆਦਿ ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਭਿੱਖੀਵਿੰਡ ਦੀਆਂ ਵੱਖ-ਵੱਖ ਬੈਂਕਾ ਪੰਜਾਬ ਨੈਸ਼ਨਲ ਬੈਂਕ, ਸੈਟਰਲ ਬੈਂਕ, ਐਚ.ਡੀ.ਐਫ.ਸੀ ਬੈਂਕਾ ਦੇ ਅੱਗੇ ਰੋਜਾਨਾਂ ਲੋਕਾਂ ਦੀ ਲੱਗਦੀ ਭੀੜ ਕਰਕੇ ਰਾਹਗੀਰਾਂ ਨੂੰ ਭਿੱਖੀਵਿੰਡ ਬਾਜਾਰ ‘ਚ ਲੰਘਣ ਲਈ ਘੰਟਿਆਬੱਧੀ ਇੰਤਜਾਰ ਕਰਨਾ ਪੈਦਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲ ਪੇਸ਼ ਆਉਦੀ ਹੈ। ਉਪਰੋਕਤ ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਟਰੈਫਿਕ ਸਮੱਸਿਆ ਨੂੰ ਚਲਾਉਣ ਵਿਚ ਨਾਕਾਮ ਸਾਬਤ ਹੋਈ ਹੈ, ਜਿਸ ਦੀ ਮਿਸਾਲ ਭਿੱਖੀਵਿੰਡ ਵਿਚ ਰੋਜਾਨਾਂ ਲੱਗਦੇ ਜਾਮ ਤੋਂ ਮਿਲਦੀ ਹੈ। ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਜਿਥੇ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ, ਉਥੇ ਰਾਹਗੀਰਾਂ ਨੂੰ ਟਰੈਫਿਕ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।

ਨੋਟਬੰਧੀ ਨੂੰ ਲੈ ਕੇ ਲੋਕਾਂ ਵਿੱਚ ਮਚੀ ਹਾਹਾਕਾਰ: 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਨ ਪੁਰਾਣੇ ਨੋਟਾਂ ਨੂੰ ਜਮਾਂ ਕਰਵਾਉਣ ਲਈ ਸਵੇਰੇ 7 ਵਜੇ ਤੋਂ ਹੀ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆ ਹਨ। ਇਹਨਾਂ ਲਾਈਨਾਂ ਵਿਚ ਲੱਗੇ ਲੋਕ ਭਾਂਵੇ ਆਪਣੀ ਪੁਰਾਣੀ ਕਰੰਸੀ ਨੂੰ ਤਾਂ ਆਪਣੇ ਖਾਤੇ ਵਿਚ ਜਮਾ ਕਰਵਾ ਲੈਂਦੇ ਹਨ, ਪਰ ਪੈਸੇ ਕੱਢਵਾਉਣ ਆਏ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਕਿ ਬੈਂਕ ਮੁਲਾਜਮਾਂ ਵੱਲੋਂ ਲੋਕਾਂ ਨੂੰ ਇਕੋ-ਇਕ ਘੜਿਆ ਜਵਾਬ ਦੇ ਦਿੱਤਾ ਹੈ ਕਿ ਕੈਸ਼ ਲੈਣ ਵਾਸਤੇ 2 ਵਜੇ ਤੋਂ ਬਾਅਦ ਆਉ ਤਾਂ ਸਵੇਰ ਤੋਂ ਲਾਈਨਾਂ ਵਿਚ ਲੱਗੇ ਲੋਕਾਂ ਨੂੰ ਨਿਰਾਸ਼ ਹੋ ਵਾਪਸ ਪਰਤਣਾ ਪੈਂਦਾ ਹੈ।

ਵਿਆਹਾਂ ਵਾਸਤੇ ਢਾਈ ਲੱਖ ਰਾਸ਼ੀ ਜਾਰੀ ਨਾ ਹੋਣ ਕਾਰਨ ਮਾਪੇ ਪ੍ਰੇਸ਼ਾਨ: ਵਿਆਹਾਂ ਦੇ ਸੀਜਣ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਬੀਤੇਂ ਦਿਨੀ ਅਖਬਾਰਾਂ ਰਾਂਹੀ ਵਿਆਹ ਵਾਸਤੇ ਲੋਕਾਂ ਨੂੰ ਢਾਈ ਲੱਖ ਰੁਪਏ ਦੇਣ ਦਾ ਐਲਾਨ ਤਾਂ ਭਾਂਵੇ ਕਰ ਦਿੱਤਾ ਹੈ, ਪਰ ਇਸ ਹੁਕਮ ਨੂੰ ਅਮਲੀ ਜਾਮਾ ਪਹਿਨਾਉਣਾ ਅਜੇ ਬਾਕੀ ਹੈ, ਕਿਉਕਿ ਬੈਂਕਾ ਕੋਲ ਅਜੇ ਤੱਕ ਕੋਈ ਸਰਕਾਰੀ ਹੁਕਮ ਨਹੀ ਆਇਆ। ਜਦੋਂ ਕਿ ਇਸ ਐਲਾਨ ਦੇ ਨਾਲ ਲੋਕਾਂ ਨੂੰ ਤਾਂ ਭਾਂਵੇ ਖੁਸ਼ੀ ਮਹਿਸੂਸ ਹੋਈ ਸੀ, ਪਰ ਬੈਂਕ ਅਧਿਕਾਰੀਆਂ ਵੱਲੋਂ ਆਨਾਕਾਨੀ ਕਰਨ ‘ਤੇ ਲੋਕਾਂ ਵਿਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਦੋਂ ਪੀ.ਐਨ.ਬੀ ਭਿੱਖੀਵਿੰਡ ਦੇ ਮੈਨੇਜਰ ਮਹਿੰਦਰ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਸਾਨੂੰ ਕੋਈ ਲਿਖਤੀ ਆਦੇਸ਼ ਨਹੀ ਆਇਆ ਤੇ ਜੇਕਰ ਕੋਈ ਆਦੇਸ਼ ਆਇਆ ਤਾਂ ਉਸਦੀ ਪਾਲਣਾ ਕਰਕੇ ਕਾਰਵਾਈ ਕੀਤੀ ਜਾਵੇਗੀ।

ਚੰਦਰੇ ਨੋਟਾਂ ਨੇ ਗਰੀਬ ਨੂੰ ਰੋਟੀ ਤੋਂ ਕੀਤਾ ਆਤਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ ਕਰਦਿਆਂ ਅਚਾਨਕ 500 ਤੇ 1000 ਦੇ ਨੋਟ ਬੰਦ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਹਰ ਵਿਅਕਤੀ ਪੁਰਾਣੇ ਨੋਟ ਬਦਲਾਉਣ ਦੀ ਕੋਸ਼ਿਸ ਵਿੱਚ ਬੈਂਕ ਖੁੱਲਣ ਤੋਂ ਦੋਂ-ਦੋਂ ਘੰਟੇ ਪਹਿਲਾਂ ਹੀ ਆ ਕੇ ਖੜ ਜਾਂਦੇ ਹਨ ਤੇ ਇਹ ਸਿਲਸਿਲਾ ਪਿਛਲੇ 13 ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਦਿਨ-ਬਦਿਨ ਲੋਕਾਂ ਦੀ ਭੀੜ ਬੈਂਕਾ ਤੇ ਏ.ਟੀ.ਐਮ ਅੱਗੇ ਵੱਧਦੀ ਜਾ ਰਹੀ ਹੈ। ਇਸ ਨੋਟਬੰਦੀ ਦੇ ਕਾਰਨ ਦੁਕਾਨਦਾਰਾਂ, ਮਜਦੂਰਾਂ, ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੁਰਾਣੇ ਨੋਟ ਬੰਦ ਹੋਣ ਤੇ ਨਵੇਂ ਨੋਟ ਆਉਣ ‘ਚ ਦੇਰੀ ਕਾਰਨ ਬਜਾਰਾਂ ਵਿਚ ਮੰਦੀ ਦਾ ਦੌਰ ਛਾਇਆ ਪਿਆ ਹੈ।

ਇਨਕਮ ਟੈਕਸ ਅਤੇ ਸੇਲ ਟੈਕਸ ਦੀ ਅਫਵਾਹ ਨੇ ਲੋਕਾਂ ਦੀ ਨੀਂਦ ਉਡਾਈ: ਪਿਛਲੇ ਦਿਨੀ ਇਨਕਮ ਟੈਕਸ ਤੇ ਸੇਲ ਟੈਕਸ ਵਿਭਾਗ ਦੀ ਛਾਪੇਮਾਰੀ ਦੀ ਅਫਵਾਹ ਦੇ ਕਾਰਨ ਲੋਕਾਂ ‘ਚ ਹਫੜਾ-ਦਫੜੀ ਮਚ ਗਈ, ਜਿਸ ਕਰਕੇ ਕਸਬਾ ਭਿੱਖੀਵਿੰਡ, ਖਾਲੜਾ, ਅਮਰਕੋਟ, ਅਲਗੋਂ ਆਦਿ ਕਸਬਿਆਂ ਦੇ ਦੁਕਾਨਾਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਸਾਰਾ ਦਿਨ ਬੰਦ ਕੀਤਾ ਗਿਆ। ਭਾਂਵੇ ਇਹ ਅਫਵਾਹ ਤਾਂ ਝੂਠੀ ਨਿਕਲੀ, ਪਰ ਡਰ ਦੇ ਕਾਰਨ ਲੋਕਾਂ ਨੇ ਆਪਣੀਆਂ ਦੁਕਾਨਾਂ ਸਾਰਾ ਦਿਨ ਬੰਦ ਹੀ ਰੱਖੀਆਂ। ਇਨਕਮ ਟੈਕਸ ਤੇ ਸੇਲ ਟੈਕਸ ਦੀ ਛਾਪੇਮਾਰੀ ਦਾ ਡਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਛਾਇਆ ਪਿਆ ਹੈ।

Share Button

Leave a Reply

Your email address will not be published. Required fields are marked *