ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਬੈਂਕਾਂ ਵਿੱਚਲੇ ਫਰਾਡ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ

ਬੈਂਕਾਂ ਵਿੱਚਲੇ ਫਰਾਡ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ

-ਜਸਵੰਤ ਸਿੰਘ ‘ਅਜੀਤ’

ਹੈਰਾਨੀ ਦੀ ਗਲ ਹੈ ਕਿ ਬੈਂਕਾਂ ਵਿੱਚ ਹੋਣ ਵਾਲੀਆਂ ਹੋਣ ਵਾਲੀਆਂ ਧੋਖਾ-ਧੜੀ ਦੀਆਂ ਘਟਨਾਵਾਂ ਨੂੰ ਰੋਕੇ ਜਾਣ ਦੇ ਲਈ ਬੜੇ-ਬੜੇ ਦਾਅਵੇ ਕੀਤੇ ਜਾਂਦੇ ਚਲੇ ਆ ਰਹੇ ਹਨ, ਜਿਸਦੇ ਭਾਵਜੂਦ ਬੈਂਕਾਂ ਵਿੱਚ ਹੋਣ ਵਾਲੇ ਫਰਾਡ ਰੁਕਣ ਦਾ ਨਾਂ ਤਕ ਨਹੀਂ ਲੈ ਰਹੇ। ਇਨ੍ਹਾਂ ਦਿਨਾਂ ਵਿੱਚ ਹੀ ਆਈਆਂ ਰਿਪੋਰਟਾਂ ਅਨੁਸਾਰ ਇਸ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਹੀ 31,800 ਕਰੋੜ ਰੁਪਏ ਦੇ ਫਰਾਡ ਹੋਏ ਹਨ। ਦਸਿਆ ਗਿਆ ਹੈ ਕਿ ਜਿਨ੍ਹਾਂ ਬੈਂਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਵਿੱਚ ਭਾਰਤੀ ਸਟੇਟ ਬੈਂਕ (ਐਸਬੀਆਈ), ਅਤੇ ਇਲਾਹਾਬਾਦ ਬੈਂਕ ਮੋਹਰੀ ਹਨ। ਇਸ ਸੰਬੰਧੀ ਜਾਣਕਾਰੀ ਵਿੱਤ ਰਾਜ ਮੰਤਰੀ ਨੇ ਰਾਜਸਭਾ ਵਿੱਚ ਦਿੱਤੀ। ਉਨ੍ਹਾਂ ਦਸਿਆ ਕਿ ਇਸ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਕੇਵਲ ਐਸਬੀਆਈ ਵਿੱਚ ਹੀ ਧੋਖਾ-ਧੜੀ ਹੋਣ ਦੇ 1197 ਮਾਮਲੇ ਦਰਜ ਹੋਏ ਹਨ। ਜਿਸ ਕਾਰਣ ਬੈਂਕ ਨੂੰ 12,012.79 ਕਰੌੜ ਰੁਪਏ ਦਾ ਘਾਟਾ ਹੋਇਆ ਹੈ। ਉਨ੍ਹਾਂ ਦਸਿਆ ਇਸਦੇ ਨਾਲ ਹੀ ਧੋਖਾ-ਧੜੀ ਦੇ ਮਾਮਲੇ ਵਿੱਚ ਦੂਸਰੇ ਨੰਬਰ ਤੇ ਰਹੇ ਇਲਾਹਾਬਾਦ ਬੈਂਕ ਦੇ 381 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚ ਬੈਂਕ ਨੂੰ 2855.46 ਕਰੋੜ ਦਾ ਘਾਟਾ ਹੋਇਆ। ਉਨ੍ਹਾਂ ਅਨੁਸਾਰ ਇਸ ਮਾਮਲੇ ਵਿੱਚ ਤੀਜੇ ਨੰਬਰ ਤੇ ਰਹੇ ਸੈਂਟਰਲ ਬੈਂਕ ਆਫ ਇੰਡੀਆ ਵਿਚ ਹੋਏ ਫਰਾਡ ਦੇ 194 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਮਾਮਲਿਆਂ ਵਿੱਚ ਬੈਂਕ ਨੂੰ 1982.27 ਕਰੋੜ ਦਾ ਘਾਟਾ ਹੋਇਆ। ਉਨ੍ਹਾਂ ਹੋਰ ਦਸਿਆ ਕਿ ਇਨ੍ਹਾਂ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰਾ ਰਹੇ, ਜਿਨ੍ਹਾਂ ਤਰਤੀਬਵਾਰ 2526.55 ਕਰੋੜ ਰੁਪਏ ਦੇ ਨੁਕਸਾਨ ਨਾਲ 99 ਮਾਮਲੇ ਅਤੇ 253.43 ਕਰੋੜ ਰੁਪਏ ਦੇ ਨੁਕਸਾਨ ਵਾਲੇ 85 ਮਾਮਲੇ ਦਰਜ ਹੋਏ। ਬੈਂਕਰਾਂ ਨੇ ਇਸਦੇ ਲਈ ਲਚਰ ਨਿਯਮਾਂ ਅਤੇ ਬੈਂਕ ਅਧਿਕਾਰੀਆਂ ਦੀ ਧੋਖੇਬਾਜ਼ਾਂ ਨਾਲ ਮਿਲੀਭੁਗਤ ਨੂੰ ਜ਼ਿਮੇਂਦਾਰ ਮੰਨਿਆ। ਵਿੱਤ ਰਾਜ ਮੰਤਰੀ ਨੇ ਇਨ੍ਹਾਂ ਧੋਖਾ-ਧੜੀ ਦੀਆਂ ਘਟਨਾਵਾਂ ਨੂੰ ਸਵੀਕਾਰ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਬੈਂਕਾਂ ਵਿੱਚ ਘੋਟਾਲੇ ਹੋਣ ਦੇ ਮਾਮਲਿਆਂ ਨੂੰ ਰੋਕਣ ਦੇ ਲਈ ਕਈ ਵੱਡੇ ਤੇ ਪ੍ਰਭਾਵਸ਼ਾਲੀ ਕਦਮ ਚੁਕਣ ਜਾ ਰਹੀ ਹੈ।
ਦੂਸਰੀ ਤਿਮਾਹੀ ਵਿੱਚ 958 ਕਰੌੜ ਦੇ ਘੁਟਾਲੇ: ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਦੇ ਉਪਰਲੇ ਸਦਨ ਰਾਜਸਭਾ ਵਿੱਚ ਇੱਕ ਸੁਆਲ ਦੇ ਜਵਾਬ ਵਿੱਚ ਦਸਿਆ ਕਿ ਇਸ ਸਾਲ ਅਪ੍ਰੈਲ-ਸਤੰਬਰ ਦੀ ਦੂਸਰੀ ਤਿਮਾਹੀ ਵਿੱਚ ਸਰਕਾਰ ਦੀ ਮਲਕੀਅਤ ਵਾਲੇ ਬੈਂਕਾਂ ਵਲੋਂ ‘ਕੁਲ’ 958 ਅਰਬ ਰੁਪਏ ਦੇ ਘੁਟਾਲੇ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਉਨ੍ਹਾਂ ਹੋਰ ਦਸਿਆ ਕਿ ਇਨ੍ਹਾਂ ਛੇ ਮਹੀਨਿਆਂ ਵਿੱਚ ਸਰਕਾਰੀ ਬੈਂਕਾਂ ਵਿਚ ਘੁਟਾਲਿਆਂ ਅਤੇ ਧੋਖਾ-ਧੜੀ ਦੀਆਂ 5743 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜਿਨਾਂ ਵਿਚੋਂ ਬਹੁਤੀਆਂ ਪਿਛਲੇ ਵਰ੍ਹਿਆਂ ਵਿੱਚ ਹੋਈਆਂ ਗੜਬੜੀਆਂ ਦੀਆਂ ਹਨ। ਉਨ੍ਹਾਂ ਮੰਨਿਆ ਕਿ ਇਸ ਸਾਲ 1000 ਮਾਮਲਿਆਂ ਵਿੱਚ 25 ਅਰਬ ਰੁਪਏ ਦਾ ਘੁਟਾਲਾ ਹੋਇਆ ਹੈ। ਭਾਰਤੀ ਸਟੇਟ ਬੈਂਕ ਨੇ ਸਭ ਤੋਂ ਵੱਧ 254 ਅਰਬ ਰੋਪਏ ਦੇ ਘੁਟਾਲੇ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ, ਜਦਕਿ ਪੰਜਾਬ ਨੈਸ਼ਨਲ ਬੈਂਕ ਨੇ 108 ਅਰਬ ਅਤੇ ਬੈਂਕ ਆਫ ਬੜੋਦਾ ਨੇ 83 ਅਰਬ ਦੀ ਧੋਖਾ-ਧੜੀ ਹੋਣ ਦੀ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਨੇ ਸਦਨ ਨੂੰ ਇੱਕ ਸੁਆਲ ਦੇ ਜਵਾਬ ਵਿੱਚ ਇਹ ਵੀ ਦਸਿਆ ਕਿ ਬੀਤੇ ਦੋ ਸਾਲਾਂ ਵਿੱਚ ਸਰਗਰਮ ਨਾ ਰਹਿਣ ਵਾਲੀਆਂ ਕੰਪਨੀਆਂ ਦੇ 3.38 ਲੱਖ ਖਾਤਿਆਂ ਨੂੰ ਸੀਜ਼ ਕਰ ਦਿੱਤਾ ਗਿਆ ਹੈ।
ਸਿਖਿਆ ਦੇ ਖੇਤ੍ਰ ਵਿੱਚ ਅਜੇ ਵੀ ਪਿਛੜੇ: ਦਸਿਆ ਗਿਆ ਹੈ ਕਿ ਕੁਝ ਹੀ ਸਮਾਂ ਪਹਿਲਾਂ ਦੇਸ਼ ਭਰ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਿਖਿਆ ਬਾਰੇ ਕੀਤੇ ਗਏ ਇੱਕ ਸਰਵੇ ਦੀ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਗਈ ਸੀ, ਜਿਸ ਅਨੁਸਾਰ ਸਿਖਿਆ ਦੇ ਮਾਮਲੇ ਵਿੱਚ ਮੱਧ ਪਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਹਾਲਤ ਬਹੁਤ ਪਤਲੀ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਵਿੱਚ ਸਕੂਲੀ ਸਿਖਿਆ ਦੀ ਹਾਲਤ ਬਹੁਤ ਹੀ ਮਾੜੀ ਹੈ। ਅੱਜ ਤਾਂ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਕੇਵਲ ਇੱਕ ਅਧਿਆਪਕ ਨੇ ਪੂਰਾ ਸਕੂਲ ਸੰਭਾਲ ਰਖਿਆ ਹੋਵੇਗਾ! ਸਹਿਜੇ ਹੀ ਸੋਚਿਆ ਜਾ ਸਕਦਾ ਹੈ ਕਿ ਜੇ ਕੋਈ ਸਕੂਲ ਪਹਿਲੀ ਤੋਂ ਅਠਵੀਂ ਜਮਾਤ ਤਕ ਦਾ ਹੋਵੇ, ਤਾਂ ਉਸਦੀ ਸੰਭਾਲ ਕਰ ਰਿਹਾ ਇਕੋ-ਇਕ ਅਧਿਆਪਕ ਜਦੋਂ ਇੱਕ ਜਮਾਤ ਨੂੰ ਪੜ੍ਹਾ ਰਿਹਾ ਹੁੰਦਾ ਹੋਵੇਗਾ ਤਾਂ ਦੂਸਰੀਆਂ ਜਮਾਤਾਂ ਦਾ ਕੀ ਹੁੰਦਾ ਹੋਵੇਗਾ?
ਭਾਰਤੀ ਸੰਵਿਧਾਨ ਵਿੱਚ ਸਿਖਿਆ ਨੂੰ ਸਮਵਰਤੀ ਸੂਚੀ ਵਿੱਚ ਸ਼ਾਮਲ ਰਖਿਆ ਗਿਆ ਹੋਇਆ ਹੈ, ਜਿਸ ਅਨੁਸਾਰ ਕੇਂਦਰ ਅਤੇ ਰਾਜ ਸਰਕਾਰ, ਦੋਵੇਂ ਹੀ ਇਸ (ਸਿਖਿਆ) ਦੇ ਸੰੰਬੰਧ ਵਿੱਚ ਕਾਨੂੰਨ ਬਣਾ ਸਕਦੀਆਂ ਹਨ। ਸੰਵਿਧਾਨ ਅਨੁਸਾਰ ਹਰ ਸਰਕਾਰ ਦੀ ਇਹ ਜ਼ਿਮੇਂਦਾਰੀ ਹੈ ਕਿ ਉਹ ਸੁਚਜੇ ਢੰਗ ਨਾਲ ਵੱਧ ਤੋਂ ਵੱਧ ਸਿਖਿਆ ਦਾ ਪ੍ਰਸਾਰ ਕਰੇ। ਪ੍ਰੰਤੂ ਸੰਸਦ ਵਿੱਚ ਪੇਸ਼ ਕੀਤੀ ਗਈ ਉਸ ਰਿਪੋਰਟ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਦੇਸ਼ ਦੀਆਂ ਸਰਕਾਰਾਂ ਆਪਣੀ ਇਸ ਜ਼ਿਮੇਂਦਾਰੀ ਨੂੰ ਨਿਭਾਉਣ ਪ੍ਰਤੀ ਬਹੁਤੀਆਂ ਗੰਭੀਰ ਨਹੀਂ ਹਨ। ਇਹ ਦੁਖਦਾਈ ਸਥਿਤੀ ਇਸਲਈ ਹੈ, ਕਿਉਂਕਿ ਇਸ ਸੰਬੰਧ ਵਿੱਚ ਨੀਤੀ ਬਣਾਉਣ ਅਤੇ ਉਸਨੂੰ ਲਾਗੂ ਕਰਨ ਵਿਚਕਾਰ ਬਹੁਤ ਹੀ ਡੂੰਘੀ ਖਾਈ ਹੋਣ ਦੇ ਨਾਲ ਹੀ ਈਮਾਨਦਾਰੀ ਦੀ ਵੀ ਘਾਟ ਹੈ। ਕਿਹਾ ਜਾਂਦਾ ਹੈ ਕਿ ਸਿਖਿਆ ਦਾ ਪ੍ਰਸਾਰ ਕਰਨ ਲਈ ਜੋ ਸਿਖਿਆ ਦੇ ਅਧਿਕਾਰ ਦਾ ਕਾਨੂੰਨ ਲਿਆਂਦਾ ਗਿਆ ਹੈ, ਉਸ ਅਨੁਸਾਰ ਵਿਦਿਆਰਥੀ-ਅਧਿਆਪਕ ਅਨੁਪਾਤ ਪ੍ਰਤੀ 30-35 ਵਿਦਿਆਰਥੀਆਂ ‘ਤੇ ਇੱਕ ਅਧਿਆਪਕ ਹੋਣਾ ਚਾਹੀਦਾ ਹੈ। ਜੇ ਇਸ ਕਾਨੂੰਨ ਦੀ ਘੋਖ ਕੀਤੀ ਜਾਏ ਤਾਂ ਦੇਸ਼ ਨੂੰ ਇੱਕ ਨਵੀਂ ਸਿਖਿਆ ਨੀਤੀ ਦੀ ਲੋੜ ਹੈ। ਸੰਨ-1986 ਦੀ ਸਿਖਿਆ ਨੀਤੀ ਦੇਸ਼ ਦੀ ਸਿਖਿਆ ਨੀਤੀ ਦੀ ਮਾਰਗ-ਦਰਸ਼ਕ ਹੋ ਸਕਦੀ ਹੈ। ਇਸ ਨੀਤੀ ਦੀ ਸਮੀਖਿਆ ਤੇ ਇਸ ਵਿੱਚ ਕੁਝ ਸੋਧ ਕਰ ਸੰਨ-1992 ਵਿੱਚ ਇਸਨੂੰ ਅਪਨਾਇਆ ਗਿਆ ਸੀ, ਜੋ ਅੱਜ ਵੀ ਲਾਗੂ ਹੈ, ਜਦਕਿ ਇਸ ਸਮੇਂ ਵਿੱਚ ਦੇਸ਼ ਦੇ ਆਰਥਕ-ਸਮਾਜਕ ਦ੍ਰਿਸ਼ਟੀਕੋਣ ਤੋਂ ਇਸ ਸਮੇਂ ਦੌਰਾਨ ਸਿਖਿਆ ਦੇ ਖੇਤ੍ਰ ਵਿੱਚ ਕਾਫੀ ਬਦਲਾਉ ਆ ਚੁਕਾ ਹੈ।
ਸਹਿਣਸ਼ੀਲਤਾ ਦੀ ਤਲਾਸ਼ : ਦੇਸ਼ ਵਿੱਚ ਹਰ ਰੋਜ਼ ਹੀ ਵੱਖ-ਵੱਖ ਰੂਪਾਂ ਵਿੱਚ ਹੋ ਰਹੀ ਹਿੰਸਾ ਕਿਥੇ ਤੇ ਕਿਵੇਂ ਰੁਕੇਗੀ, ਇਸਦਾ ਅਨੁਮਾਨ ਲਾ ਪਾਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਉਂ ਜਾਪਦਾ ਹੈ ਜਿਵੇਂ ਕਿ ਅੱਜ ਅਸੀਂ ਸਮੇਂ ਦੇ ਇੱਕ ਅਜਿਹੇ ਦੌਰ ਵਿੱਚ ਜੀਅ ਰਹੇ ਹਾਂ, ਜਿਸ ਵਿੱਚ ਅਸਹਿਣਸ਼ੀਲਤਾ ਨੂੰ ਹਿੰਸਾ, ਅਤਿਆਚਾਰ, ਕਤਲ, ਖੁਲ੍ਹੇ ਆਮ ਲੜਾਈ-ਝਗੜੇ ਕਰਨ ਅਤੇ ਨਫਰਤ ਫੈਲਾਣ ਦੀ ਛੋਟ ਮਿਲ ਗਈ ਹੋਈ ਹੈ। ਭਾਰਤੀ ਪਰੰਪਰਾ ਦੀ ਪ੍ਰਸ਼ੰਸਾ-ਪ੍ਰਾਪਤ ਸਹਿਣਸ਼ੀਲਤਾ ਤੇ ਵਿਰੋਧੀ ਵਿਚਾਰਾਂ ਨੂੰ ਅਪਨਾਉਣ ਦੀਆਂ ਪਰੰਪਰਾਵਾਂ ਨੂੰ, ਅੰਤ-ਹੀਨ ਗਲਤਫਹਿਮੀਆਂ ਫੈਲਾਣ ਵਾਲੇ ਤੱਤਾਂ ਵਲੋਂ ਹਰ ਰੋਜ਼ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ। ਜਿਸਤੋਂ ਕਈ ਵਾਰ ਲਗਦਾ ਹੈ ਕਿ ਸੱਚੇ ਤੇ ਈਮਾਨਦਾਰ ਪਰੰਪਰਾਵਾਦੀਆਂ ਨੂੰ ਇਸਦੀ ਕੋਈ ਪਰਵਾਹ ਤਕ ਨਹੀਂ ਰਹਿ ਗਈ ਹੋਈ। ਇਹ ਗਲ ਠੀਕ ਹੈ ਕਿ ਸਮਾਜ ਦਾ ਇੱਕ ਵੱਡਾ ਹਿੱਸਾ ਇਸ ਸਭ-ਕੁਝ ਦਾ ਸਮਰਥਨ ਨਹੀਂ ਕਰਦਾ। ਫਿਰ ਵੀ ਉਹ ਚੁਪ ਹੈ! ਇਹੀ ਗਲ ਪ੍ਰੇਸ਼ਾਨੀ ਦਾ ਕਾਰਣ ਹੈ ਕਿ ਉਹ ਚੁਪ ਕਿਉਂ ਹੈ? ਵਿਰੋਧ ਪ੍ਰਗਟ ਕਿਉਂ ਨਹੀਂ ਕਰਦਾ? ਅਤੇ ਉਸਦੀ ਇਹ ‘ਚੁਪ’ ਕਦੋਂ ਤਕ ਬਣੀ ਰਹੇਗੀ?
…ਅਤੇ ਅੰਤ ਵਿੱਚ : ਬੀਤੇ ਦਿਨੀਂ ਨਿਜੀ ਗਲਬਾਤ ਦੌਰਾਨ ਇੱਕ ਮਿਤ੍ਰ ਨੇ ਦਸਿਆ ਕਿ ਇੱਕ ਵਾਰ ਉਹ ਮੁਹੱਲੇ ਦੀ ਇੱਕ ਦੁਕਾਨ ਪੁਰ ਖੜਾ ਸੀ ਕਿ ਇੱਕ ਬਾਰਾਂ-ਤੇਰਾਂ ਵਰ੍ਹਿਆਂ ਦੀ ਕੁੜੀ ਉਥੇ ਆਈ ਤੇ ਉਸਨੇ ਦੁਕਾਨਦਾਰ ਪਾਸੋਂ ਕਾਰਨ-ਫਲੈਕਸ ਮੰਗਿਆ। ਦੁਕਾਨਦਾਰ ਨੇ ਰੈਕ ਵਿਚੋਂ ਕਢ, ਪੈਕਟ ਉਸਨੂੰ ਦੇ ਦਿੱਤਾ। ਕੁੜੀ ਨੇ ਦੁਕਾਨਦਾਰ ਪਾਸੋਂ ਪੁਛਿਆ ਕਿ ਕਿਤਨੇ ਪੈਸੇ ਦੇਵਾਂ। ਦੁਕਾਨਦਾਰ ਨੇ ਕਿਹਾ ਕਿ ਪੈਂਤੀ ਰੁਪਏ। ਕੁੜੀ ਦੇ ਚੁਪ ਰਹਿ ਜਾਣ ਤੇ ਦੁਕਾਨਦਾਰ ਨੇ ਦੋ-ਤਿੰਨ ਵਾਰ ਪੈਂਤੀ-ਪੈਂਤੀ ਦੁਹਰਾਇਆ। ਆਖਰ ਵਿੱਚ ਕੁੜੀ ਬੋਲੀ, ਮੀਂਸ…? ਤਾਂ ਦੁਕਾਨਦਾਰ ਬੋਲਿਆ, ਥਰਟੀ-ਫਈਵ। ਥਰਟੀ-ਫਾਈਵ ਕਹਿਣ ਤੇ ਕੁੜੀ ਨੂੰ ਸਮਝ ਆਈ। ਉਸ ਕਿਹਾ ਕਿ ਇਹ ਹੈ ਸਾਡੇ ਬਦਲਦੇ ਸਮਾਜ ਅਤੇ ਦੇਸ਼ ਦੇ ਅੱਗੇ ਵਧਦਿਆਂ ਜਾਣ ਦੀ ਸਥਿਤੀ। ਬਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੇ ਅਖਰਾਂ ਤੇ ਅੰਕਾਂ ਤਕ ਦਾ ਵੀ ਗਿਆਨ ਨਹੀਂ ਹੋ ਪਾ ਰਿਹਾ ਅਤੇ ਉਹ ਵਿਦੇਸ਼ੀ ਬੋਲੀ, ਅੰਗ੍ਰੇਜ਼ੀ ਫਟਾ-ਫਟ ਬੋਲਣ ਤੇ ਸਮਝਣ ਲਗੇ ਹਨ! ਆਪਣੀ ਗਲ ਜਾਰੀ ਰਖਦਿਆਂ ਉਸ ਨੇ ਕਿਹਾ ਕਿ ਅੰਗ੍ਰੇਜ਼ੀ ਪੜ੍ਹਨਾ ਤੇ ਅੰਗ੍ਰੇਜ਼ੀਦਾਂ ਬਣਨਾ, ਦੋ ਵੱਖ-ਵੱਖ ਗਲਾਂ ਹਨ। ਅੰਗ੍ਰੇਜ਼ੀ ਪੜ੍ਹਨ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਸਮਾਜ ਨੂੰ ਭੁਲ ਜਾਈਏ, ਆਪਣੀ ਮਾਤ-ਭਾਸ਼ਾ ਨੂੰ ਤਿਆਗ ਦਈਏ। ਮਾਤ-ਭਾਸ਼ਾ ਪੰਜਾਬੀ ਸਾਡੀ ਮਾਂ ਹੈ। ਅਸੀਂ ਭਾਵੇਂ ਕਿਤਨਾ ਹੀ ਅੰਗ੍ਰੇਜ਼ੀ ਦਾ ਗਿਆਨ ਹਾਸਲ ਕਰ ਲਈਏ, ਜੇ ਅਸੀਂ ਇਸ ਲੜਕੀ ਵਾਂਗ ‘ਪੈਂਤੀ’ ਦਾ ਮਤਲਬ ਨਹੀਂ ਸਮਝ ਪਾਵਾਂਗੇ ਤਾਂ ਸਾਡਾ ਵਿਕਾਸ ਅਧੂਰਾ ਹੈ।

ਜਸਵੰਤ ਸਿੰਘ ਅਜੀਤ
ਰੋਹਿਨੀ, ਦਿੱਲੀ
+ 91 95 82 71 98 90

Leave a Reply

Your email address will not be published. Required fields are marked *

%d bloggers like this: