ਬੈਂਕਾਂ ਦੇ ਨਵੇਂ ਨਿਯਮਾਂ ਕਾਰਨ ਲੋਕ ਪ੍ਰੇਸ਼ਾਨ

ss1

ਬੈਂਕਾਂ ਦੇ ਨਵੇਂ ਨਿਯਮਾਂ ਕਾਰਨ ਲੋਕ ਪ੍ਰੇਸ਼ਾਨ
ਚੈਕ ਪਾਸ ਨਾ ਹੋਣ ਕਾਰਨ ਹੋ ਰਿਹੈ ਵਿੱਤੀ ਨੁਕਸਾਨ
ਬੈਂਕਾਂ ਦੇ ਪੁਰਾਣੇ ਨਿਯਮ ਹੀ ਬਹਾਲ ਕੀਤੇ ਜਾਣ : ਜਗਮੋਹਨ ਸਿੰਘ ਲੱਕੀ

23-25ਪਟਿਆਲਾ, 22 ਜੂਨ (ਪ.ਪ.) : ਭਾਰਤ ਦੇ ਸਰਕਾਰੀ ਬੈਂਕਾਂ ਵਲੋਂ ਪਿਛਲੇ ਕੁਝ ਮਹੀਨਿਆਂ ਤੋਂ ਨਵੇਂ ਨਿਯਮ ਲਾਗੂ ਕਰ ਦਿਤੇ ਗਏ ਹਨ, ਇਹਨਾਂ ਨਿਯਮਾਂ ਅਨੁਸਾਰ ਜੇ ਕਿਸੇ ਵਿਅਕਤੀ ਦਾ ਖਾਤਾ ਸਿਰਫ ਉਸਦੇ ਨਾਮ ਉਪਰ ਹੀ ਹੈ ਅਤੇ ਉਸ ਨੂੰ ਕਿਸੇ ਪਾਸਿਓ ਮਿਲੇ ਚੈਕ ਉਪਰ ਉਸਦੇ ਨਾਮ ਦੇ ਨਾਲ ਗੋਤ ਵੀ ਲਿਖਿਆ ਹੋਇਆ ਹੈ ਤਾਂ ਉਹ ਚੈਕ ਪਾਸ ਨਹੀਂ ਹੋਵੇਗਾ। ਜਿਵੇਂ ਜਗਮੋਹਨ ਸਿੰਘ ਦੇ ਨਾਮ ਵਾਲੇ ਖਾਤਾਧਾਰਕ ਦੇ ਚੈਕ ਉਪਰ ਜੇ ਜਗਮੋਹਨ ਸਿੰਘ ਲੱਕੀ ਲਿਖਿਆ ਹੋਇਆ ਹੈ ਤਾਂ ਉਹ ਚੈਕ ਪਾਸ ਨਹੀਂ ਹੋਵੇਗਾ ਅਤੇ ਬੈਂਕ ਵਲੋਂ ਵਾਪਸ ਕਰ ਦਿਤਾ ਜਾਵੇਗਾ। ਇਸ ਨਵੇਂ ਨਿਯਮ ਦੇ ਲਾਗੂ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਚੈਕਾਂ ਉਪਰ ਉਹਨਾਂ ਦਾ ਗੋਤ ਜਾਂ ਸਰ ਨੇਮ ਲਿਖਿਆ ਹੁੰਦਾ ਹੈ ਜਦੋਂ ਕਿ ਖਾਤਾ ਸਿਰਫ ਉਹਨਾਂ ਦੇ ਨਾਮ ਉਪਰ ਹੀ ਹੁੰਦਾ ਹੈ। ਇਸ ਕਰਕੇ ਉਹਨਾਂ ਦੇ ਇਹ ਚੈਕ ਬੈਂਕਾਂ ਵਲੋਂ ਪਾਸ ਹੀ ਨਹੀਂ ਕੀਤੇ ਜਾਂਦੇ ਅਤੇ ਇਹ ਚੈਕ ਬੇਕਾਰ ਹੋ ਜਾਂਦੇ ਹਨ।
ਜਦੋਂ ਕਿ ਪਹਿਲਾਂ ਬੈਂਕਾਂ ਵਿਚ ਇਹ ਨਿਯਮ ਸੀ ਕਿ ਜੇ ਕਿਸੇ ਖਾਤਾਧਾਰਕ ਦੇ ਨਾਮ ਨਾਲ ਉਸਦਾ ਗੋਤ ਜਾਂ ਸਰਨੇਮ ਵੀ ਲਿਖਿਆ ਹੋਇਆ ਹੁੰਦਾ ਸੀ ਤਾਂ ਵੀ ਉਹ ਚੈਕ ਬਹੁਤ ਹੀ ਆਰਾਮ ਨਾਲ ਤੁਰੰਤ ਪਾਸ ਹੋ ਜਾਂਦਾ ਸੀ ਪਰ ਹੁਣ ਮੋਦੀ ਸਰਕਾਰ ਬਣਨ ਤੋਂ ਬਾਅਦ ਹੀ ਇਹ ਨਵੇਂ ਨਿਯਮ ਬਣਾਏ ਗਏ ਹਨ, ਜਿਸ ਕਾਰਨ ਅਨੇਕਾਂ ਹੀ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਅਰਬਨ ਅਸਟੇਟ ਪਟਿਆਲਾ ਦੇ ਸੀਨੀਅਰ ਅਧਿਕਾਰੀ ਸ੍ਰੀ ਵਿਸ਼ਾਲ ਨੇ ਕਿਹਾ ਕਿ ਬੈਂਕ ਦੇ ਨਵੇਂ ਨਿਯਮਾਂ ਅਨੁਸਾਰ ਸਿਰਫ ਉਹ ਹੀ ਚੈਕ ਪਾਸ ਕੀਤੇ ਜਾਂਦੇ ਹਨ ਜੋ ਕਿ ਸਿਰਫ ਖਾਤਾਧਾਰਕ ਦੇ ਨਾਮ ਉਪਰ ਹੀ ਬਣੇ ਹੁੰਦੇ ਹਨ। ਉਹਨਾਂ ਕਿਹਾ ਕਿ ਜਿਹਨਾਂ ਚੈਕਾਂ ਉਪਰ ਖਾਤਾਧਾਰਕਾਂ ਦਾ ਗੋਤ ਜਾਂ ਸਰਨੇਮ ਜਾਂ ਕੁਝ ਹੋਰ ਲਿਖਿਆ ਹੁੰਦਾ ਹੈ, ਉਹ ਚੈਕ ਨਵੇਂ ਨਿਯਮਾਂ ਅਨੁਸਾਰ ਹੁਣ ਪਾਸ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਖਾਤਾਧਾਰਕ ਨੇ ਜੇ ਆਪਣੇ ਖਾਤੇ ਵਿਚਲੇ ਨਾਮ ਨਾਲ ਗੋਤ ਵੀ ਲਗਾਉਣਾ ਹੈ ਤਾਂ ਉਸ ਨੂੰ ਗੋਤ ਸਮੇਤ ਨਾਮ ਦੇ ਆਈ ਡੀ ਪਰੂਫ ਬੈਂਕ ਵਿਚ ਜਮਾ ਕਰਵਾਉਣੇ ਪੈਣਗੇ।
ਇਸ ਮੌਕੇ ਬੈਂਕ ਵਿਚ ਮੌਜੂਦ ਪ੍ਰਸਿੱਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਬੈਂਕਾਂ ਤੇ ਸਰਕਾਰ ਨੂੰ ਆਪਣੇ ਨਿਯਮ ਲੋਕਾਂ ਦੀ ਸਹੂਲਤ ਦੇ ਲਈ ਬਣਾਉਣੇ ਚਾਹੀਦੇ ਹਨ ਪਰ ਜਿਹੜੇ ਨਵੇਂ ਨਿਯਮਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਉਹਨਾਂ ਨੂੰ ਬਦਲ ਕੇ ਪੁਰਾਣੇ ਨਿਯਮ ਹੀ ਬਹਾਲ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਲੋਕ ਪ੍ਰੇਸ਼ਾਨ ਨਾ ਹੋ ਸਕਣ।

Share Button

Leave a Reply

Your email address will not be published. Required fields are marked *