ਬੇਹਤਰੀਨ ਨਿਰਦੇਸ਼ਨ ਦੀ ਮਿਸਾਲ : ਫ਼ਿਲਮ ਭਲਵਾਨ ਸਿੰਘ

ss1

ਬੇਹਤਰੀਨ ਨਿਰਦੇਸ਼ਨ ਦੀ ਮਿਸਾਲ : ਫ਼ਿਲਮ ਭਲਵਾਨ ਸਿੰਘ

27 ਅਕਤੂਬਰ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਪਰਮ ਸ਼ਿਵ ਦੀ ਫ਼ਿਲਮ ਭਲਵਾਨ ਸਿੰਘ ਉਸਦੇ ਬਿਹਤਰੀਨ ਨਿਰਦੇਸ਼ਨ ਦੀ ਮਿਸਾਲ ਹੈ। ਭਲਵਾਨ ਸਿੰਘ ਦਾ ਵਿਸ਼ਾ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਦਾ ਤਸ਼ੱਦਦ ਹੰਢਾ ਰਹੇ ਭੋਲੇ ਪੈਂਡੂ ਲੋਕਾਂ ਦੀ ਮਨੋਦਸ਼ਾ ‘ਚੋਂ ਸਿਰਜਿਆ ਗਿਆ ਹੈ।ਇਹ ਇੱਕ ਸਧਾਰਨ ਕਹਾਣੀ ਹੈ ਜਿਸਨੂੰ ਬਹੁਤ ਹੀ ਦਿਲਚਸਪ ਰੰਗਤ ਦੇ ਕੇ ਨਿਰਦੇਸ਼ਕ ਨੇ ਦਰਸ਼ਕਾਂ ਦਾ ਧਿਆਨ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ।ਕਹਾਣੀ ਵਿੱਚ ਪਿੰਡ ਦੇ ਲੋਕਾਂ ਦੀ ਜ਼ਮੀਨ ਅੰਗਰੇਜ਼ੀ ਹਕੂਮਤ ਹਥਿਆਉਣ ਲਈ ਤਿਆਰ ਹੈ।ਪਿੰਡ ਵਿੱਚੋਂ ਹੀ ਲੋਕਾਂ ਦਾ ਮਸੀਹਾ ਬਣਿਆ ਜ਼ਬਰੇ (ਮਾਨਵ ਵਿਜ) ਦਾ ਗਰੁੱਪ ਵੀਰੋ (ਨਵਪ੍ਰੀਤ ਬੰਗਾ), ਬਿਲਾਵਲ, ਜੱਗਾ, ਸੁੱਖਾ ਮਿਲ ਕੇ ਪਿੰਡ ਤੇ ਪਈ ਹਰ ਮੁਸੀਬਤ ਨੂੰ ਦੂਰ ਕਰਦੇ ਹਨ। ਭਲਵਾਨ ਵੀ ਏਸੇ ਪਿੰਡ ਦਾ ਅਤਿ ਸਧਾਰਨ, ਸਾਊ ਪਰ ਸ਼ੇਖੀ ਮਾਰਨ ਵਾਲਾ ਕਰੈਕਟਰ ਹੈ ਜੋ ਬਾਅਦ ‘ਚ ਪਿੰਡ ਦੀ ਆਣ ਅਤੇ ਵੀਰੋ ਦੇ ਮਾਰੇ ਤਾਹਨੇ ਦੀ ਬਦੌਲਤ ਅੰਗਰੇਜ਼ਾਂ ਨਾਲ ਮੁਕਾਬਲਾ ਕਰਦਾ ਹੈ।

ਭਲਵਾਨ ਸਿੰਘ ਦਾ ਕਿਰਦਾਰ ਬਤੌਰ ਲੀਡ ਅਦਾਕਾਰ ਰਣਜੀਤ ਬਾਵਾ ਨੇ ਨਿਭਾਇਆ ਹੈ। ਫ਼ਿਲਮ ਦਾ ਕਾਫ਼ੀ ਕਾਰਜ ਓਸੇ ਦੇ ਮੌਢਿਆਂ ਤੇ ਹੈ ਜਿਸਨੂੰ ਉਸਨੇ ਮੇਹਨਤ ਨਾਲ ਪੂਰਿਆ ਹੈ।ਮਾਨਵ ਵਿਜ ਨੇ ਜ਼ਬਰੇ ਦਾ ਕਿਰਦਾਰ ਬਹੁਤ ਹੀ ਸੰਜੀਦਗੀ ਨਾਲ ਨਿਭਾ ਕੇ ਕਿਰਦਾਰ ‘ਚ ਜਾਨ ਪਾਈ ਹੈ।ਏਸੇ ਤਰ੍ਹਾਂ ਪਿੰਡ ਦੇ ਮੁਹਤਬਰ ਬਾਪੂ ਵਜੋਂ ਮਹਾਂਵੀਰ ਭੁੱਲਰ ਨੇ ਵੀ ਵਧੀਆ ਕੰਮ ਕੀਤਾ ਹੈ।ਵੀਰੋ ਦੇ ਕਿਰਦਾਰ ਵਿੱਚ ਨਵਪ੍ਰੀਤ ਬੰਗਾ ਛਾਈ ਰਹੀ ਹੈ। ਸਹਾਇਕ ਅਦਾਕਾਰਾਂ ਵਜੋਂ ਕਰਮਜੀਤ ਅਨਮੋਲ (ਦਿੱਤੂ), ਪਰਕਾਸ਼ ਗਾਧੂ (ਵੈਦ), ਰਾਣਾ ਜੰਗ ਬਹਾਦਰ (ਬਿਲਾਵਲ) ਆਦਿ ਨੇ ਵੀ ਫ਼ਿਲਮ ਵਿੱਚ ਚੰਗਾ ਕੰਮ ਨਿਭਾਇਆ ਹੈ।

ਫ਼ਿਲਮ ਵਿੱਚ ਆਰਟ ਡਾਇਰੈਕਸ਼ਨ ਅਤੇ ਸਿਨਮੈਟੋਗ੍ਰਾਫ਼ੀ ਕਮਾਲ ਦੀ ਹੈ।ਫ਼ਿਲਮ ਲਈ ਚੁਣੇ ਗਏ ਗੀਤ,ਗੀਤਕਾਰ ਬੀਰ ਸਿੰਘ ਦੀ ਕਲਮਨਿਗ਼ਾਰੀ ਚੋਂ ਨਿੱਕਲੇ ਬੇਹਤਰੀਨ ਗੀਤਕਾਰੀ ਦੀ ਨਮੂਨਾ ਹਨ। ਉਸਦੇ ਗੀਤਾਂ ਦੇ ਸ਼ਬਦ ਬਾਖ਼ੂਬੀ ਪੁਰਾਣੇ ਪੈਂਡੂ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ। ਸੰਗੀਤ ਪੱਖੋਂ ਗੁਰਮੋਹ ਨੇ ਗੀਤਾਂ ਨੂੰ ਨਿਵੇਕਲੇ ਸੰਗੀਤਕ ਸੁਹਜ ਨਾਲ ਗੁੰਦਿਆਂ ਹੈ।ਸਾਰੀ ਫ਼ਿਲਮ ਦਰਸ਼ਕਾਂ ਨੂੰ ਹਲਕੀ-ਫ਼ੁਲਕੀ ਕਾਮੇਡੀ ਅਤੇ ਕਹਾਣੀ ਵਿਚਲੇ ਸਸਪੈਂਸ ਨਾਲ ਬੰਨ੍ਹਦੀ ਹੈ।ਕਾਸਟਿਊਮ ਡਾਇਰੈਕਟਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਕਿਰਦਾਰਾਂ ਦੇ ਕਾਸਟਿਊਮ ਸਿਆਣਪ ਨਾਲ ਚੁਣੇ ਹਨ। ਫ਼ਿਲਮ ਵਿੱਚ ਜ਼ਬਰੇ ਦੇ ਗਰੁੱਪ ਲਈ ਚੁਣੇ ਗਏ ਕਾਸਟਿਊਮ ਡਿਜ਼ਾਇਨ ਸੰਨ 2016 ਵਿੱਚ ਆਈ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਬਾਲੀਵੁੱਡ ਫ਼ਿਲਮ ਮਿਰਜ਼ਿਆ ਦੇ ਕਾਸਟਿਊਮ ਡਿਜ਼ਾਇਨ ਵਰਗਾ ਹੈ।

ਰਣਜੀਤ ਬਾਵਾ ਬਤੌਰ ਲੀਡ ਸੁਹਣੇ ਕੰਮ ਲਈ ਵਧਾਈ ਦਾ ਪਾਤਰ ਹੈ।ਸਾਰੀ ਫ਼ਿਲਮ ਵਿੱਚ ਪਰਮ ਸ਼ਿਵ ਨੇ ਕਾਫ਼ੀ ਧਿਆਨ ਨਾਲ ਨਿਰਦੇਸ਼ਨ ਦਾ ਕੰਮ ਸਾਂਭਿਆ ਹੈ ਪਰ ਇੱਕ ਦ੍ਰਿਸ਼ ਫ਼ਿਲਮ ਵਿੱਚੋਂ ਵੱਡੀ ਗਲਤੀ ਬਣ ਕੇ ਉੱਭਰਿਆ ਹੈ।ਉਦਾਹਰਨ ਵਜੋਂ ਜਦੋਂ ਭਲਵਾਨ ਵੱਲੋਂ ਕਿਡਨੈਪ ਕੀਤਾ ਗੋਰਾ ਭੱਜਣ ਦੀ ਤਾਕ ਲਾਉਂਦਾ ਹੈ ਤਾਂ ਉਹ ਜੀਪ ਥੱਲੋਂ ਜੈੱਕ ਖੋਲ਼ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਅਤੇ ਸਾਰੇ ਘਟਨਾ-ਕਰਮ ਵਿੱਚ ਉਹ ਬੰਦੀ ਹੀ ਹੁੰਦੈ। ਏਥੇ ਸਵਾਲ ਉੱਠਦਾ ਹੈ ਕਿ ਫ਼ੇਰ ਏਹ ਜੈੱਕ ਲਗਾਇਆ ਕਿਸਨੇ ਸੀ ਜਦਕਿ ਭਲਵਾਨ ਸਿੰਘ ਹੁਰਾਂ ਨੂੰ ਤਾਂ ਗੱਡੀ ਦੀ ਉੱਕਾ ਜਾਣਕਾਰੀ ਹੀ ਨਹੀਂ ਸੀ।ਬਿਨ੍ਹਾਂ ਸ਼ੱਕ ਇਹ ਦ੍ਰਿਸ਼ ਫ਼ਿਲਮ ਲਈ ਵੱਡਾ ਪਰਿਵਰਤਨ ਹੈ ਪਰ ਨਿਰਦੇਸ਼ਕ ਲਈ ਇਹ ਵੱਡੀ ਗਲਤੀ ਵੀ ਸਾਬਿਤ ਹੁੰਦੀ ਹੈ।ਏਥੇ ਇੱਕ ਦ੍ਰਿਸ਼ ਹੋਰ ਸਿਰਜਿਆ ਜਾਣਾ ਲਾਜ਼ਮੀ ਸੀ ਜਾਂ ਫ਼ੇਰ ਕੋਈ ਫ਼ਲੈਸ਼ ਬੈਕ ਦ੍ਰਿਸ਼ ਬਣਾਇਆ ਜਾ ਸਕਦਾ ਸੀ। ਉਮੀਦ ਹੈ ਅੱਗੋਂ ਤੋਂ ਏਹ ਗਲਤੀਆਂ ਨਜ਼ਰ ਅੰਦਾਜ਼ ਨਹੀਂ ਹੋਣਗੀਆਂ।ਖ਼ੈਰ, ਫ਼ਿਲਮ ਦਾ ਤਕਨੀਕੀ ਪੱਖ ਸਲਾਹੁਣਯੋਗ ਹੈ ਅਤੇ ਦਰਸ਼ਕਾਂ ਨੂੰ ਅਜਿਹੀਆਂ ਫ਼ਿਲਮਾਂ ਨੂੰ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *