ਬੇਰੁਜ਼ਗਾਰੀ

ss1

ਬੇਰੁਜ਼ਗਾਰੀ

ਮੈਂ ਲੰਘੀ ਇਕ ਬਾਜ਼ਾਰ ਵਿਚੋਂ,
ਇਕ ਹੋਕਾ ਕੰਨੀਂ ਪਿਆ,
ਕਹਿੰਦਾ ਲੈ ਜਾਓ ਜਿੰਨੇ ਚਾਹੀਦੇ ਨੇ,
ਬੇਰੁਜ਼ਗਾਰਾਂ ਦਾ ਹੈ ਗਾਹ ਪਿਆ।
ਮੈਨੂੰ ਸਮਝ ਇਸ ਹੋਕੇ ਦੀ ਆਵੇ ਨਾ,
ਕੀ ਕਹਿੰਦਾ ਉਹ ਇਨਸਾਨ ਪਿਆ,
ਮੈਂ ਕੋਲ ਜਾ ਕੇ ਤਫਤੀਸ਼ ਕੀਤੀ,
ਪਤਾ ਲੱਗਾ, ਉਹ ਮਜ਼ਦੂਰ ਵੇਚ ਰਿਹਾ।
ਕਹਿੰਦਾ ਭੈਣ ਜੀ ਮਜ਼ਦੂਰਾਂ ਦੀ ਲੱਗ ਗਈ ਮੰਡੀ,
ਸਭ ਇਕੋ ਕਤਾਰ ਵਿੱਚ ਖੜੇ ਨੇ,
ਬੀ ਏ ਵਾਲੇ ਵੀ ਧੱਕੇ ਖਾ ਰਹੇ,
ਬੀ ਐੱਡ ਵਾਲੇ ਵੀ ਹਾਲਾਤ ਤੋਂ ਹਰੇ ਨੇ।
ਕਿਸੇ ਪਾਈ ਨਾ ਕਦਰ ਇਨਾਂ ਦੇ ਹੁਨਰ ਦੀ,
ਡਿਗਰੀਆਂ ਵੀ ਕੰਧਾਂ ‘ਤੇ ਰਹਿ ਗਈਆਂ ਟੰਗੀਆਂ ਨੇ,
ਲੱਖਾਂ ਸੁਪਨੇ ਮਾਪਿਆਂ ਦੇ ਟੁੱਟ ਕੇ ਚੂਰ ਹੋਏ,
ਘਰਾਂ ਵਿੱਚ ਵੀ ਨਾਲੇ ਭੁਗਤੀਆਂ ਤੰਗੀਆਂ ਨੇ।
ਹੌਸਲਾ ਤੋੜਿਆ ਇਨਾਂ ਦਾ ਭ੍ਰਿਸ਼ਟਾਚਾਰ ਨੇ,
ਹੁਨਰ ਮੁਹਤਾਜ ਹੋਇਆ ਮੰਗੀ ਹੋਈ ਮਾਇਆ ਦਾ,
ਅੱਜ ਦੇਖ ਕੇ ਅੱਖ ਭਰ ਆਈ,
ਦੇਸ਼ ਦੀ ਪਲਟੀ ਹੋਈ ਕਾਇਆ ਨੂੰ।
ਮੇਰੇ ਤੋਂ ਲਫ਼ਜ਼ਾਂ ਵਿੱਚ ਨਾ ਬਿਆਨ ਹੋਵੇ,
ਜੋ ਉਸ ਪਲ ਮੇਰੇ ‘ਤੇ ਬੀਤੀ,
ਜੀਹਨੂੰ ਸੋਨੇ ਦੀ ਚਿੜੀ ਆਖਦੇ ਸੀ,
ਅੱਜ ਭ੍ਰਿਸ਼ਟਾਚਾਰੀਆਂ ਓਹਦੀ ਮਿੱਟੀ ਪਲੀਤ ਕੀਤੀ।
‘ਸ਼ਰਨ’ ਤੇਰੇ ਉਸ ਕਤਾਰ ਵਿੱਚ ਲੱਗਣ ਤੋਂ ਪਹਿਲਾਂ,
ਇਸ ਭ੍ਰਿਸ਼ਟਾਚਾਰ ਦਾ ਜਾਲ ਤੋੜਨਾ ਪਊ,
ਪੈਸਾ ਲੈ ਕੇ ਨੌਕਰੀਆਂ ਦੇਣ ਵਾਲਿਆਂ ਤੋਂ,
ਅੱਜ ਆਪਣਾ ਮੂੰਹ ਮੋੜਨਾ ਪਊ,
ਹੁਨਰ ਦੀ ਕਦਰ ਕਰਨ ਵਾਲਿਆਂ ਨੂੰ,
ਇਸ ਸੰਘਰਸ਼ ਦੇ ਨਾਲ ਜੋੜਨਾ ਪਊ।

ਸ਼ਰਨਜੀਤ ਕੌਰ

Share Button

Leave a Reply

Your email address will not be published. Required fields are marked *