Sat. Jul 20th, 2019

ਬੇਰੁਜ਼ਗਾਰੀ ਜਿਉਂਦੇ ਲੋਕਾਂ ਦੀ ਸਮਸਿਆ ਦੇਸ਼ ਦਾ ਬੇੜਾ ਗਰਕ ਕਰਦੀ ਹੈ

ਬੇਰੁਜ਼ਗਾਰੀ ਜਿਉਂਦੇ ਲੋਕਾਂ ਦੀ ਸਮਸਿਆ ਦੇਸ਼ ਦਾ ਬੇੜਾ ਗਰਕ ਕਰਦੀ ਹੈ
ਦਲੀਪ ਸਿੰਘ ਵਾਸਨ, ਐਡਵੋਕੇਟ

ਸਦੀਆਂ ਤੋਂ ਸਾਡਾ ਮੁਲਕ ਗਰੀਬ ਅਖਵਾਉਂਦਾ ਆ ਰਿਹਾ ਹੈ ਅਤੇ ਇਸ ਗੁਰਬਤ ਕਾਰਨ ਹੀ ਸਾਡੇ ਦੇਸ਼ ਦਾ ਨਾਮ ਆਜ਼ਾਦੀ ਅਤੇ ਪਰਜਾਤੰਤਰ ਦੇ ਆਉਣ ਬਾਅਦ ਵੀ ਪਛੜੇ ਹੋਏ ਦੇਸ਼ਾਂ ਦੀ ਕਤਾਰ ਵਿੱਚ ਖੜਾ ਦਿਖਾਈ ਦੇ ਰਿਹਾ ਹੈ। ਅਸੀਂ ਆਪਣੇ ਆਪ ਹੀ ਆਪਣਾ ਨਾਮ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਗਿਣਦੇ ਆ ਰਹੇ ਹਾਂ, ਪਰ ਹਾਲਾਂ ਤਕ ਇਹ ਗੱਲ ਕਿਸੇ ਸਵੀਕਾਰ ਨਹੀਂ ਕੀਤੀ ਹੈ।

ਸਾਡੇ ਦੇਸ਼ ਦੇ ਲੋਕਾਂ ਉਤੇ ਨਜ਼ਰ ਮਾਰਦਿਆਂ ਹੀ ਪਤਾ ਲਗ ਜਾਂਦਾ ਹੈ ਕਿ ਇਸ ਮੁਲਕ ਵਿੱਚ ਹਾਲਾਂ ਵੀ ਅਨਪੜ੍ਹਤਾ ਹੈ। ਅਰਥਾਤ ਹਾਲਾਂ ਵੀ ਬਹੁਤੇ ਲੋਕਾਂ ਪਾਸ ਵਾਜਬ ਸਿਖਿਆ ਨਹੀਂ ਹੈ ਅਤੇ ਅੰਕੜੇ ਸਹੀ ਕਰਨ ਲਈ ਅਗਰ ਅਸੀਂ ਕੁਝ ਲੋਕਾਂ ਨੂੰ ਹਸਤਾਖਰ ਕਰਨੇ ਸਿਖਾ ਦਿਤੇ ਹਨ ਤਾਂ ਇਹ ਵਾਜਬ ਵਿਦਿਆ ਨਹੀਂ ਅਖਵਾ ਸਕਦੀ। ਸਾਡੇ ਬਹੁਤੇ ਲੋਕਾਂ ਦੀ ਸਿਹਤ ਠੀਕ ਠਾਕ ਨਹੀਂ ਹੈ ਕਿਉਂਕਿ ਲੋਕਾਂ ਨੂੰ ਵਾਜਬ ਜਿਹੀ ਖੁਰਾਕ ਨਹੀਂ ਮਿਲਦੀ ਹੈ। ਵਾਜਬ ਜਿਹੀ ਖੁਰਾਕ ਦੀ ਗਲ ਛਡੋ ਬਹੁਤੇ ਲੋਕਾਂ ਨੂੰ ਦੋ ਵਕਤਾਂ ਦੀ ਰਜਵੀਂ ਰੋਟੀ ਵੀ ਨਸੀਬ ਨਹੀਂ ਹੋ ਰਹੀ। ਹਾਲਾਂ ਵੀ ਮੰਗਤੇ ਹਨ ਅਤੇ ਉੁਤਰਨ ਪਹਿਨਣ ਵਾਲੇ ਅਤੇ ਜੂਠਾਂ ਚਟਣ ਵਾਲੇ ਹਾਲਾ ਵੀ ਮਿਲ ਜਾਂਦੇ ਹਨ। ਵਾਜਬ ਮਕਾਨਾਂ ਦੀ ਗਲ ਛਡੋ, ਹਾਲਾਂ ਵੀ ਇਹ ਝੁਗੀਆਂ, ਇਹ ਝੋਂਪੜੀਆਂ, ਇਹ ਕੱਚੇ ਮਕਾਨ, ਇਹ ਇਕ-ਕਮਰਾ ਮਕਾਨ, ਇਹ ਟਪਰੀ ਵਾਸੀ, ਇਹ ਸੜਕਾ ਕਿਨਾਰੇ ਸੁਤੇ ਲੋਕਾਂ ਦਾ ਨਜ਼ਾਰਾ ਹਾਲਾਂ ਵੀ ਕਾਇਮ ਹੈ।

ਮੁਲਕ ਦੀ ਆਬਾਦੀ ਰੋਕਣ ਲਈ ਕਈ ਯਤਨ ਕੀਤੇ ਜਾ ਚੁਕੇ ਹਨ, ਪਰ ਆਬਾਦੀ ਹਾਲਾਂ ਵੀ ਵਧਦੀ ਜਾ ਰਹੀ ਹੈ ਕਿਉਂਕਿ ਬਹੁਤੀਆਂ ਜੋੜੀਆਂ ਪਾਸ ਸਹੀ ਰਿਹਾਇਸ਼ ਨਾ ਹੋਣ ਕਰਕੇ ਇਹ ਪਰਵਾਰ ਨਿਯੋਜਨ ਦੀਆਂ ਵਸਤਾਂ ਵਰਤ ਹੀ ਨਹੀੀਂ ਸਕਦੇ। ਅਤੇ ਅਜ ਵੀ ਸਾਡੇ ਮੁਲਕ ਦੇ ਨੌਜਵਾਨਾ ਪਾਸ ਵਾਜਬ ਵਿਦਿਆ ਅਤੇ ਸਿਖਲਾਈ ਨਹੀਂ ਹੈ ਅਤੇ ਬਹੁਤੇ ਨੌਜਵਾਨ ਇਸ ਲਈ ਬੇਰੁਜ਼ਗਾਰ ਹਨ ਕਿਉਂਕਿ ਉਨ੍ਹਾਂ ਪਾਸ ਵਾਜਬ ਵਿਦਿਆ ਅਤੇ ਸਿਖਲਾਈ ਨਹੀਂ ਹੈ। ਰੁਜ਼ਗਾਰ ਦਫਤਰਾਂ ਵਿੱਚ ਨਾਮ ਲਿਖਵਾਉਣ ਵਾਲੇ ਬਹੁਤੇ ਨੌਜਵਾਨ ਇਹ ਦਸ ਹੀ ਨਹੀਂ ਪਾ ਰਹੇ ਕਿ ਉਹ ਆਪਣਾ ਨਾਮ ਕਿਸ ਅਸਾਮੀ ਲਈ ਲਿਖਵਾਉਣ ਆਏ ਹਨ।

ਸਾਡੇ ਮੁਲਕ ਉਤੇ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ। ਇਹ ਰਾਜਸੀ ਲੋਕੀਂ ਇਹ ਤਾਂ ਜਾਣਦੇ ਹਨ ਕਿ ਇਸ ਮੁਲਕ ਦੀ ਵਡੀ ਸਮਸਿਆ ਬੇਰੁਜ਼ਗਾਰੀ ਹੈ। ਇਸ ਲਈ ਜਦ ਵੀ ਚੋਣਾਂ ਦਾ ਵਕਤ ਆਉਂਦਾ ਹੈ ਇਹ ਰਾਜਸੀ ਲੋਕੀਂ ਜਿਹੜੇ ਜਲਸੇ, ਜਲੂਸ ਅਤੇ ਰੈਲੀਆਂ ਕਰਦੇ ਹਨ ਉਥੇ ਬਹੁਤਾ ਇਕਠ ਬੇਰੁਜ਼ਗਾਰਾਂ ਦਾ ਹੀ ਹੁੰਦਾ ਹੈ। ਅਤੇ ਇਸ ਲਈ ਅਜ ਤਕ ਜਿਤਨੀਆਂ ਵੀ ਚੋਣਾਂ ਹੋਈਆਂ ਹਨ, ਰਾਜਸੀ ਲੋਕਾਂ ਨੇ ਇਹ ਵਾਅਦਾ ਜ਼ਰੂਰ ਕੀਤਾ ਹੈ ਕਿ ਉਹ ਬੇਰੁਜ਼ਗਾਰੀ ਖਤਮ ਕਰਨ ਦਾ ਹਰ ਯਤਨ ਕਰਨਗੇ। ਪਰ ਹਰ ਪੰਜਾਂ ਸਾਲਾਂ ਬਾਅਦ ਬੇਰੁਜ਼ਗਾਰੀ ਦੇ ਅੰਕੜੇ ਵਧੇ ਹੀ ਹਨ ਅਤੇ ਅਜ ਕਰੋੜਾਂ ਤਕ ਗਿਣਤੀ ਪੁਜ ਗਈ ਹੈ।

ਰਾਜਸੀ ਲੋਕਾਂ ਨੂੰ ਵੀ ਪਤਾ ਹੈ ਅਤੇ ਮੁਲਕ ਵਿੱਚ ਵਸਦਾ ਹਰ ਟਬਰ ਵੀ ਇਹ ਜਾਣਦਾ ਹੈ ਕਿ ਘਰ ਵਿੱਚ ਜਿਹੜੇ ਵਿਹਲੜ ਹਨ ਉਹੀ ਘਰ ਉਤੇ ਵਡਾ ਬੋਝ ਹਨ ਅਤੇ ਵਿਹਲੜਾ ਕਰਕੇ ਹੀ ਇਹ ਘਰ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਪਾ ਰਿਹਾ। ਇਹ ਗਲ ਵੀ ਹਰ ਘਰ ਮਹਿਸੂਸ ਕਰ ਰਿਹਾ ਹੈ ਕਿ ਘਰ ਦੀ ਆਮਦਨ ਵੀ ਇਸੇ ਕਰਕੇ ਘਟਦੀ ਜਾ ਰਹੀ ਹੈ ਕਿਉਂਕਿ ਕੁਝ ਕਮਾੳੂ ਆਦਮੀ ਘਰ ਵਿੱਚ ਰਹਿੰਦੇ ਵਿਹਲੜਾ ਦਾ ਖਰਚਾ ਬਰਦਾਸਿ਼ਤ ਨਹੀਂ ਕਰ ਪਾ ਰਹੇ।

ਇਹ ਅਮਲੀ, ਇਹ ਅਪ੍ਰਾਧੀ, ਇਹ ਦੁਰਾਚਾਰੀ, ਇਹ ਆਵਾਰਾਗਰਦ, ਇਹ ਛੇੜ ਛਾੜ ਕਰਨ ਵਾਲੇ, ਇਹ ਹਰ ਪਾਸੇ ਭੀੜ ਬਨਾਉਣ ਵਾਲੇ ਵਿਹਲੜ ਲੋਕੀਂ ਹੀ ਹਨ ਅਤੇ ਵਿਹਲੜਾਂ ਦੀ ਗਿਣਤੀ ਕਾਰਨ ਹੀ ਇਸ ਸਮਾਜ ਵਿੱਚ ਕਈ ਲਾਅਨਤਾ ਦਾ ਜਨਮ ਹੋ ਚੁਕਾ ਹੈ। ਇਹ ਗਲਾਂ ਵਕਤ ਦੀ ਸਰਕਾਰ ਨੂੰ ਵੀ ਪਤਾ ਹਨ ਅਤੇ ਵਕਤ ਦੀ ਸਰਕਾਰ ਇਹ ਵੀ ਜਾਣਦੀ ਹੈ ਕਿ ਅਜ ਵਕਤ ਦੀਆਂ ਸਰਕਾਰਾਂ ਵਿਹਲੜਾ ਨੂੰ ਰੁਜ਼ਗਾਰ ਨਹੀਂ ਦੇ ਸਕਦੀਆਂ। ਸਰਕਾਰਾਂ ਤਾ ਪਹਿਲਾਂ ਹੀ ਮਨਜ਼ੂਰ ਕੀਤੀਆਂ ਅਸਾਮੀਆਂ ਸਾਰੀਆਂ ਦੀਆਂ ਸਾਰੀਆਂ ਭਰ ਨਹੀਂ ਪਾ ਰਹੀ ਅਤੇ ਅਜ ਸਰਕਾਰ ਪਾਸ ਫੰਡ ਹੀ ਨਹੀਂ ਹਨ ਅਤੈ ਇਸ ਕਰਕੇ ਬਹੁਤੀਆਂ ਖਾਲੀ ਆਸਾਮੀਆਂ ਘਟ ਤਨਖਾਹ ਉਤੇ ਭਰਨੀਆਂ ਪੈ ਰਹੀਆਂ ਹਨ ਅਤੇ ਅਜ ਸਰਕਾਰਾਂ ਆਪ ਵੀ ਇਕ ਹੀ ਕਿਸਮ ਦਾ ਕੰਮ ਇਕ ਹੀ ਤਨਖਾਹ ਵਾਲਾ ਸੰਵਿਧਾਨਿਕ ਸਿਧਾਂਤ ਦੀ ਉਲੰਘੰਣਾ ਕਰ ਰਹੀਆਂ ਹਨ।

ਪਿਛਲੇ ਸਤ ਦਹਾਕਿਆਂ ਵਿੱਚ ਸਾਡੇ ਮੁਲਕ ਵਿੱਚ ਉਦਯੋਗ ਲਗੇ ਹਨ ਅਤੇ ਕਈ ਵਿਉਪਾਰਿਕ ਵਡੀਆਂ ਕੰਪਨੀਆਂ ਵੀ ਹੋਂਦ ਵਿੱਚ ਆਈਆਂ ਹਨ। ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ। ਅਗਰ ਸਰਕਾਰਾਂ ਰੁਜ਼ਗਾਰ ਦੇ ਮੋਕੇ ਹੋਰ ਵਧਾਉਣਾ ਚਾਹੁੰਦੀਆਂ ਹਨ ਤਾਂ ਇਸ ਪ੍ਰਾਈਵੇਟ ਖੇਤਰ ਵਿੱਚ ਹੀ ਨਵੀਂਆਂ ਵਿਉਂਤਬੰਦੀਆਂ ਕਰਨੀਆਂ ਪੈਣਗੀਆਂ। ਸਾਡਾ ਇਹ ਪੇਂਡੂ ਤਬਕਾ ਵੀ ਬੇਰੁਜ਼ਗਾਰੀ ਵਧਾ ਰਿਹਾ ਹੈ। ਬਹੁਤੇ ਕਿਸਾਨਾਂ ਦੇ ਨੌਜਵਾਨ ਪੁਤਰ ਖੇਤੀ ਬਾੜੀ ਕਰਨਾ ਹੀ ਨਹੀਂ ਚਾਹ ਰਹੇ। ਇਹ ਗਲ ਵੀ ਸੋਚਣ ਵਾਲੀ ਹੈ ਅਤੇ ਚਿੰਤਾ ਦਾ ਕਾਰਣ ਵੀ ਹੈ। ਅਜ ਤਾਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਖੇਤੀਬਾੜੀ ਦਾ ਧੰਦਾ ਵੀ ਇਕ ਉਦਯੋਗ ਬਨਾਉਣਾ ਪਵੇਗਾ। ਖੇਤੀਬਾੜੀ ਅਜ ਲਾਹੇਵੰਦ ਕਿਤਾ ਨਹੀਂ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਕਿਸਾਨ ਆਤਮਘਾਤ ਕਰ ਰਹੇ ਹਨ। ਖੇਤੀ ਬਾੜੀ ਅਗਰ ਉਦਯੋਗ ਬਨਾਉਣਾ ਹੈ ਤਾਂ ਇਸ ਖੇਤਰ ਵਿੱਚ ਸਹਿਕਾਰਤਾ ਦਾ ਜਾਲ ਵਿਛਾਉਣਾ ਪਵੇਗਾ ਅਤੇ ਕੋਈ ਵੀ ਵਖਰੀ ਮਾਲਕੀ ਨਹੀਂ ਰਹਿਣ ਦਿਤੀ ਜਾਣੀ ਚਾਹਾੀਦੀ। ਫਿਰ ਸਹਾਇਕ ਇਕਾਈਆਂ ਵੀ ਸਥਹਾਪਿਤ ਕੀਤੀਆਂ ਜਾ ਸਕਣਗੀਆਂ। ਡੇਅਰੀ ਫਾਰਮ, ਸੂਰ ਪਾਲਣ, ਬਕਰੀਆਂ ਅਤੇ ਭੈਂਡਾ ਪਾਲਣ, ਮੁਗਗੀ ਖਾਨਾ, ਦੁਧਦੀਆਂ ਫੈਕਟਰੀਆਂ, ਗਤਾ ਮਿਲਾਂ, ਕਾਗਜ਼ ਦੀਆਂ ਮਿਲਾਂ ਆਦਿ ਵੀ ਸਥਾਪਿਤ ਕੀਤੀਆਂ ਜਾ ਸਕਣਗੀਆਂ ਅਤੇ ਇਥੇ ਰੁਜ਼ਗਾਰ ਦੇ ਮੌਕੇ ਵੀ ਬਣ ਆਉਣਗੇ।

ਅਜ ਸ਼ਹਿਰਾਂ ਵਿੱਚ ਸਾਝੀਆਂ ਰਸੋਈਆਂ, ਸਾਂਝੀਆਂ ਬੇਕਰੀਆਂ, ਸਾਂਝੀਆਂ ਲਾਂਡਰੀਆਂ ਅਤੇ ਘਰਾਂ ਤਕ ਹਰ ਸ਼ੈਅ ਪੁਚਾਉਣ ਲਈ ਸੇਵਾ ਇਕਾਈਆਂ ਕਾਇਮ ਕਰਨ ਦੀ ਲੋੜ ਆ ਪਈ ਹੈ। ਘਰਾਂ ਵਿੱਚ ਕੰਮ ਘਟਾਇਆ ਜਾਵੇ ਅਤੇ ਇਹ ਤਾਂ ਹੀ ਕੀਤਾ ਜਾ ਸਕਦਾ ਹੈੈ ਜੇਕਰ ਸੇਵਾ ਇਕਾਈਆਂ ਦੀ ਸਥਾਪਨਾ ਕੀਤੀ ਜਾਵੇ। ਇਸ ਮੁਲਕ ਵਿੱਚ ਇਹ ਮਜ਼ਦੂਰ ਵਿਚਾਰੇ ਜਦ ਇਕ ਥਾਂ ਤੋਂ ਦੂਰ ਕਿਸਧਰੇ ਕੰਮ ਕਰਨ ਜਾਂਦੇ ਹਨ ਤਾਂ ਹਰ ਆਦਮੀ ਇਕਲਾ ਇਕਲਾ ਖਾਣਾ ਤਿਆਰ ਕਰਕੇ ਪੇਟ ਭਰਦਾ ਹੈ ਅਤੇ ਇਹ ਖਾਣਾ ਜਿਹੜਾ ਉਹ ਆਦਮੀ ਤਿਆਰ ਕਰਦਾ ਹੈ ਕਿਸੇ ਤਰ੍ਹਾਂ ਵੀ ਪੋਸ਼ਟਿਕ ਖਾਣਾ ਨਹੀਂ ਆਖਿਆ ਜਾ ਸਕਦਾ।

ਇਸ ਮੁਲਕ ਵਿੱਚ ਮਜ਼ਦੂਰੀ ਵੀ ਘਟ ਹੈ। ਇਸ ਮਜ਼ਦੂਰੀ ਨਾਲ ਘਰ ਦਾ ਕੰਮ ਨਹੀਂ ਚਲ ਰਿਹਾ। ਵਿਧਾਇਕਾਂ ਨੇ ਆਪਣੀਆਂ ਤਨਖਾਹਾਂ ਅਤੇ ਹੋਰ ਸਹੂਲਤਾ ਤਾਂ ਨਿਸਚਿਤ ਕਰ ਲਿਤੀਆਂ ਹਨ ਅਤੇ ਹੁਣ ਹਰ ਵਿਧਾਇਕ ਨੂੰ ਪੈਨਸ਼ਨ ਵੀ ਮਿਲਦੀ ਹੈ। ਇਹੀ ਸਹੂਲਤਾ ਸਰਕਾਰ. ਮੁਲਾਜ਼ਮਾਂ ਲਈ ਵੀ ਬਣਾ ਦਿਤੀਆਂ ਗਈਆਂ ਹਨ। ਤਨਖਾਹ ਕਮਿਸ਼ਨ ਵੀ ਬੈਠਦੇ ਰਹਿੰਦੇ ਹਨ, ਪਰ ਇਹੀ ਸਹੂਲਤਾ ਹਰ ਆਦਮੀ ਤਕ ਪੁਜਦੀਆਂ ਕਰਨ ਲਈ ਹਾਲਾਂ ਤਕ ਕੋਈ ਸਾਰਥਿਕ ਯਤਨ ਨਹੀਂ ਕੀਤਾ ਗਿਆ। ਇਸ ਬੇਰੁਜ਼ਗਾਰੀ ਦੀ ਸਮਸਿਆ ਅਤੇ ਘਟ ਆਮਦਨ ਉਤੇ ਵਿਚਾਰ ਕਰਨ ਦੀਆਂ ਗਲਾਂ ਅਗਰ ਸਤ ਦਹਾਕੇ ਪਹਿਲਾਂ ਹੀ ਚਾਲੂ ਕਰ ਦਿਤੀਾਂ ਜਾਦੀਆਂ ਤਾ ਅਜ ਤਕ ਬਹੁਤ ਕੁਝ ਕੀਤਾ ਜਾ ਸਕਦਾ ਸੀ। ਇਸ ਦੇਸ਼ ਵਿੱਚ ਹਾਲਾਂ ਵੀ ਬਹੁਤ ਕੁਝ ਕਰਨ ਵਾਲਾ ਪਿਆ ਹੈ। ਇਸ ਲਈ ਮਾਹਿਰਾਂ ਦੀਆਂ ਕਮੈਟੀਆਂ ਬਣਾਕੇ ਇਸ ਸਮਸਿਆ ਦੇ ਹਰ ਪਹਿਲੂ ਉਤੇ ਵਿਚਾਰ ਕਰਨੀ ਚਾਹੀਦੀ ਹੈ। ਇਹ ਬੇਰੁਜ਼ਗਾਰੀ ਇਕ ਲਾਅਨਤ ਹੈ ਅਤੇ ਇਹ ਸਮਾਜ ਦਾ ਬੇੜਾ ਗਰਕ ਤਕ ਕਰ ਦਿੰਦੀ ਹੈ। ਇਹ ਸਾਡੀ ਨੰਬਰ ਇਕ ਸਮਸਿਆ ਹੈ ਅਤੇ ਇਹ ਹਲ ਕਰਨ ਲਈ ਪ੍ਰਾਈਵੇਟ ਅਦਾਰੇ ਦੀ ਮਦਦ ਲਿਤੀ ਜਾ ਸਕਦੀ ਹੈ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: