ਬੇਟੀ ਬਚਾਓ,ਬੇਟੀ ਪੜ੍ਹਾਓ ਤੇ ਲੋਹੜੀ ਮਨਾਓ 

ss1

ਬੇਟੀ ਬਚਾਓ,ਬੇਟੀ ਪੜ੍ਹਾਓ ਤੇ ਲੋਹੜੀ ਮਨਾਓ

ਸਾਰੇ ਪਾਸੇ ਬੇਟੀ ਬਚਾਓ,ਬੇਟੀ ਪੜ੍ਹਾਓ ਤੇ ਲੋਹੜੀ ਮਨਾਉ ਦੀ ਗੱਲ ਹੋ ਰਹੀ ਹੈ।ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਗੱਲ ਤੁਰਦੀ ਹੈ ਕਿ ਬੇਟੀਆਂ ਨੂੰ ਬਾਪ ਦੀ ਜਾਇਦਾਦ ਵਿੱਚ ਬਰਾਬਰ ਦਾ ਹੱਕ ਹੈ।ਬੇਟੀ ਕਹਿ ਲਵੋ ਜਾਂ ਔਰਤ ਕਹਿ ਲਵੋ,ਉਸਦੀ ਬਰਾਬਰਤਾ ਦੀ ਗੱਲ ਸੱਭ ਇਵੇਂ ਕਰਦੇ ਨੇ ਜਿਵੇਂ ਇੰਨਾ ਨੇ ਬਰਾਬਰਤਾ ਮੰਨ ਲਈ ਤੇ ਬਰਾਬਰ ਦੇ ਹੱਕ ਦੇ ਦਿੱਤੇ ਹਨ।ਜ਼ਮੀਨੀ ਹਕੀਕਤ ਵੀ ਆਪਾਂ ਸਾਰੇ ਜਾਣਦੇ ਹਾਂ ਤੇ ਇਹਦੀ ਗੱਲ ਕਰਨੀ ਬੇਹੱਦ ਜ਼ਰੂਰੀ ਹੈ।ਭਰੂਣ ਹੱਤਿਆ ਸਿਰਫ਼ ਲੜਕੀ ਹੋਣ ਤੇ ਕੀਤੀ ਜਾਂਦੀ ਹੈ,ਦਹੇਜ ਦੇ ਦਿੱਤੇ ਸਮਾਨ ਦਾ ਝੱਜੂ ਪਿਆ ਰਹਿੰਦਾ ਹੈ,ਧੀ ਦੀ ਪੜ੍ਹਾਈ ਤੇ ਖਰਚੇ ਪੈਸੇ ਦੀ ਗਿਣਤੀ ਹੁੰਦੀ ਹੈ,ਘਰ ਉਹਦਾ ਸੁਹਰੇ ਪਰਿਵਾਰ ਵਾਲਾ ਹੁੰਦਾ ਹੈ ਤੇ ਚੰਗੀ ਏਸ ਕਰਕੇ ਹੈ ਕਿ ਉਹ ਮਾਪਿਆਂ ਦੀ ਦੇਖਭਾਲ ਵਧੇਰੇ ਕਰਦੀ ਹੈ।ਇਸਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੀ ਘੋਖ ਕਰਾਂਗੇ।ਇਸ ਵਿੱਚ ਬਹੁਤ ਲੋਕ ਮੇਰੇ ਨਾਲ ਹਾਮੀ ਭਰਨਗੇ ਤੇ ਬਹੁਤ ਵਿਰੋਧ ਕਰਨਗੇ।ਹਰ ਕਿਸੇ ਦੀ ਸੋਚ ਹੈ ਇਸ ਕਰਕੇ ਕੋਈ ਗਿਲਾ ਸ਼ਿਕਵਾ ਕਰਨ ਵਾਲੀ ਗੱਲ ਨਹੀਂ।ਸਵਾਲ ਤਾਂ ਬਹੁਤ ਨੇ ਪਰ ਕੁਛ ਕੁ ਤਾਂ ਆਪਾਂ ਪੁੱਛਾਂ ਦੱਸਾਂਗੇ।ਕੀ ਧੀ ਨੂੰ ਬਚਾਕੇ ਅਹਿਸਾਨ ਕਰ ਰਹੇ ਹੋ?ਜੇਕਰ ਕਰ ਰਹੇ ਹੋ ਤਾਂ ਕਿਸ ਤੇ ਕਰ ਰਹੇ ਹੋ?ਕੀ ਧੀ ਦੀ ਲੋਹੜੀ ਪਾਕੇ ਬਹੁਤ ਵੱਡਾ ਮਾਹਰਕਾ ਮਾਰ ਲਿਆ?ਕੀ ਧੀਆਂ ਨੂੰ ਪੜ੍ਹਾਕੇ,ਪੈਂਟਾ ਜੀਨਾਂ ਪਵਾਕੇ,ਉਹ ਪੁੱਤ ਬਰਾਬਰ ਹੋ ਗਈਆਂ?ਤੁਸੀਂ ਇਸ ਨੂੰ ਹਕੀਕਤ ਵਿੱਚ ਸੱਚ ਦਾ ਜਾਮਾ ਪਹਿਨਾਇਆ?ਧੀਆਂ ਦੀਆਂ ਲੋਹੜੀਆਂ ਮਨਾਉਣ ਲੱਗ ਗਏ,ਏਹ ਦੱਸਣ ਲਗ ਗਏ ਕਿ ਅਸੀਂ ਧੀਆਂ ਨੂੰ ਬਰਾਬਰ ਸਮਝਦੇ ਹਾਂ।ਕੁੜੀਆਂ ਨੂੰ ਬਚਾਉਣਾ ਸਮਾਜ ਤੇ ਪਰਿਵਾਰਾਂ ਨੂੰ ਚਲਾਉਣ ਵਾਸਤੇ ਬਹੁਤ ਜ਼ਰੂਰੀ ਹੈ।ਮੈਂ ਗੱਲ ਕਰ ਰਹੀ ਸੀ ਧੀਆਂ ਦੀ ਲੋਹੜੀ ਮਨਾਉਣ ਦੀ,ਬਹੁਤ ਵਧੀਆ ਪਹਿਲ ਹੈ,ਪਰ ਘਰ ਵਿੱਚ ਪਿਉ ਦੀ ਧੀ ਨਾਲ ਬਰਾਬਰਤਾ ਵਾਲਾ ਵਤੀਰਾ ਹੈ,ਏਸ ਨੂੰ ਵੀ ਵੇਖਣਾ।ਪਿਉ ਦੀ ਧੀ ਵੀ ਘਰਦੀ ਧੀ ਹੈ,ਉਹ ਇਸ ਘਰ ਵਿੱਚ ਬਰਾਬਰ ਦੀ ਹੱਕਦਾਰ ਹੈ।

ਇਸ ਬੱਚੀ ਦੀ ਲੋਹੜੀ ਹੋ ਗਈ ਇਸ ਨਾਲ ਵੀ ਪੱਚੀ ਸਾਲਾਂ ਬਾਦ ਏਹ ਹੀ ਕਰੋਗੇ ਜੋ ਭੈਣ ਨਾਲ ਜਾਂ ਪਿਉ ਦੀ ਧੀ ਨਾਲ ਕਰੋਗੇ।ਕੀ ਤੁਸੀਂ ਭੈਣ ਨੂੰ ਆਪਣੇ ਬਰਾਬਰ ਦੇ ਹੱਕ ਹਕੂਕ ਦੇ ਰਹੇ ਹੋ?ਕੀ ਮਾਪੇ ਜਦੋਂ ਬਰਾਬਰ ਜਾਇਦਾਦ ਦੇਣ ਦੀ ਗੱਲ ਕਰਦੇ ਹਨ ਤਾਂ ਤੁਸੀਂ ਖੁਸ਼ੀ ਖੁਸ਼ੀ ਉਸਨੂੰ ਮੰਨ ਰਹੇ ਹੋ।ਪਹਿਲਾਂ ਭੈਣ ਨਾਲ ਇਨਸਾਫ਼ ਕਰੋ।ਬਾਪ ਦੀ ਬਣਾਈ ਜਾਇਦਾਦ ਵਿੱਚੋਂ ਤੁਸੀਂ ਬਾਪ ਨੂੰ ਆਪਣੀ ਧੀ ਨੂੰ ਦੇਣ ਤੇ ਝੱਜੂ ਪਾਉਂਦੇ ਹੋ ਤੇ ਫੇਰ ਲੋਹੜੀ ਤੇ ਆਪਣੀਆਂ ਧੀਆਂ ਵਾਸਤੇ ਹੱਕ ਦੀ ਗੱਲ ਕਰਦੇ ਹੋ ਤਾਂ ਏਹ ਗੱਲ ਇਨਸਾਫ਼ ਵਾਲੀ ਤੇ ਪੰਚਾਇਤੀ ਬੰਦਿਆਂ ਵਾਲੀ ਨਹੀਂ ਹੈ।ਮੈਂ ਸਿਰਫ ਇੱਕ ਜਾਂ ਦੋ ਪ੍ਰਤੀਸ਼ਤ ਲੋਕ ਵੀ ਨਹੀਂ ਵੇਖੇ ਜੋ ਹਕੀਕਤ ਵਿੱਚ ਬਰਾਬਰ ਕੁੜੀਆਂ ਦਾ ਹਿੱਸਾ ਦੇਣ।ਮੈਂ ਅਜਿਹੇ ਲੋਕ ਵੀ ਵੇਖੇ ਹਨ ਜਿੰਨਾ ਦੀਆਂ ਧੀਆਂ ਹੁੰਦੀਆਂ ਹਨ ਤੇ ਕਹਿਣਗੇ, ਧੀਆਂ ਵਿਆਹੀਆਂ ਜਾਣੀਆਂ ਨੇ,ਪੁੱਤ ਹੈ ਨਹੀਂ ਕੁਝ ਬਣਾਉਣ ਦੀ ਜ਼ਰੂਰਤ ਨਹੀਂ।ਤੁਸੀਂ ਜਵਾਈ ਵਾਸਤੇ ਕਿਉਂ ਨਹੀਂ ਕਰਦੇ,ਫੇਰ ਉਸਨੂੰ ਝੂਠ ਬੋਲਦੇ ਹੋਕੇ ਤੂੰ ਸਾਡਾ ਬੇਟਾ ਹੈਂ,ਏਹ ਗੱਲ ਵੀ ਸਰਾ ਸਰ ਗਲਤ ਹੈ ਕਿ ਧੀ ਦੇਕੇ ਪੁੱਤ ਲਿਆ।ਇੱਕ ਗੱਲ ਫੇਰ ਮੰਨਦੇ ਕਿਉਂ ਨਹੀਂ ਕਿ ਜੇਕਰ ਤੁਸੀਂ ਜਵਾਈ ਨੂੰ ਪੁੱਤ ਨਹੀਂ ਮੰਨਦੇ ਤਾਂ ਸੱਸ ਸੁਹਰਾ ਨੂੰਹ ਨੂੰ ਧੀ ਕਿਵੇਂ ਮੰਨੇਗਾ।ਬੱਚਿਆਂ ਨੂੰ ਬੱਚੇ ਹੀ ਮੰਨਕੇ ਚੱਲੋਗੇ ਤਾਂ ਏਹ ਵਿਖਾਵੇ ਦੀਆਂ ਲੋਹੜੀਆਂ ਮਨਾਉਣ ਦੀ ਜ਼ਰੂਰਤ ਹੀ ਨਹੀਂ।ਏਹ ਤਾਂ ਹੀ ਕੁਝ ਸੱਚ ਹੋਏਗੀ ਜਦੋਂ ਤੁਸੀਂ ਭੈਣ ਨੂੰ ਬਰਾਬਰ ਮੰਨਣ ਦੀ ਹਿੰਮਤ ਕਰੋਗੇ।ਜੇਕਰ ਮਾਪਿਆਂ ਨੂੰ ਏਹ ਕਹਿੰਦੇ ਹੋ ਕਿ ਭੈਣ ਘਰ ਨਾ ਵੜੇ,ਜੇਕਰ ਹਿੱਸਾ ਲੈ ਗਈ ਤਾਂ ਉਹ ਤੁਹਾਡੇ ਮਰਿਆਂ ਤੇ ਵੀ ਨਹੀਂ ਆਏਗੀ ਤਾਂ ਤੁਸੀਂ ਸਵਾਰਥੀ,ਲਾਲਚੀ ਤੇ ਗਲਤ ਸੋਚਦੇ ਮਾਲਕ ਹੋ।ਸਮਾਜ ਨੂੰ ਇਸਦੀ ਤਰਫ਼ਦਾਰੀ ਨਹੀਂ ਕਰਨੀ ਚਾਹੀਦੀ।ਧੀਆਂ ਮਾਪਿਆਂ ਵੱਲ ਤੇ ਭਰਾਵਾਂ ਵੱਲ ਵੱਧ ਧਿਆਨ ਦਿੰਦੀਆਂ ਹਨ,ਸੁਹਰੇ ਪਰਿਵਾਰ ਵਾਲੇ ਤਾਂ ਉਸ ਵਾਸਤੇ ਕੋਈ ਮਾਇਨੇ ਰੱਖਦੇ ਹੀ ਨਹੀਂ, ਜਦੋਂ ਤੁਸੀਂ ਉਸਨੂੰ ਦਿੱਤੀਆਂ ਦਹੇਜ ਦੀਆਂ ਚੀਜ਼ਾਂ ਦੀ ਕਹਾਣੀ ਸਣਾਉਂਦੇ ਹੋ ਤੇ ਉਸ ਕੋਲੋਂ ਦਬਾਅ ਪਾਕੇ ਦਸਤਖ਼ਤ ਕਰਵਾਉਂਦੇ ਹੋ ਤਾਂ ਸੋਚਣਾ ਤੁਸੀਂ ਕਿਸ ਜਗ੍ਹਾ ਤੇ ਖੜੇ ਹੋ।ਜਦੋਂ ਤੱਕ ਸੋਚ ਨਹੀਂ ਬਦਲਦੀ, ਜਿੰਨੀਆਂ ਮਰਜ਼ੀ ਲੋਹੜੀਆਂ ਮਨਾ ਲਵੋ,ਜਿੰਨੇ ਮਰਜੀ ਇਸ਼ਤਿਹਾਰ ਲਗਾ ਲਵੋ,ਲੋਕ ਟੱਸ ਤੋਂ ਮੱਸ ਨਾ ਹੋਏ ਨੇ ਤੇ ਨਾ ਹੋਣਗੇ।ਮੈਨੂੰ ਕਿਸੇ ਨੇ ਗੱਲ ਦੱਸੀ ਕਿ ਕਿਸੇ ਦੇ ਬਾਪੂ ਜੀ ਦੀ ਮੌਤ ਹੋ ਗਈ, ਭਰਾ ਭੈਣ ਨੂੰ ਕਹਿੰਦੇ ਕਿ ਜਾਇਦਾਦ ਦੇ ਦਸਤਖ਼ਤ ਕਰ,ਉਸ ਨੇ ਸਾਫ਼ ਨਾਹ ਕਰ ਦਿੱਤੀ ਕਿ ਜੋ ਤੁਸੀਂ ਏਹ ਕਿਹਾ ਹੈ ਕਿ ਅਗਰ ਤੂੰ ਜ਼ਮੀਨ ਲੈਕੇ ਜਾਏਂਗੀ ਤਾਂ ਰਿਸ਼ਤਾ ਖਰਾਬ ਹੋ ਜਾਏਗਾ।ਮੈਨੂੰ ਮਨਜ਼ੂਰ ਹੈ ਮੈਂ ਹਿੱਸਾ ਲਵਾਂਗੀ ਕਿਉਂਕਿ ਜਦੋਂ ਮੈਂ ਦਸਤਖ਼ਤ ਕਰ ਦਿੱਤੇ ਰਿਸ਼ਤਾ ਤੁਸੀਂ ਤਾਂ ਵੀ ਨਹੀਂ ਰੱਖਣਾ।ਇਸ ਕਰਕੇ ਚੰਗਾ ਏਹ ਹੈ ਕਿ ਆਪੋ ਆਪਣਾ ਹਿੱਸਾ ਲਵੋ ਜਿਸ ਨੇ ਮਿਲਣਾ ਹੈ ਉਹ ਆਪਸ ਵਿੱਚ ਮਿਲ ਲਵੇ,ਜਿਸ ਨੇ ਨਹੀਂ ਮਿਲਣਾ ਨਾ ਮਿਲੇ।ਉਸਦਾ ਕਹਿਣਾ ਸੀ ਕਿ ਮਿਲਣਾ ਇੰਨਾ ਨੇ ਹੈ ਨਹੀਂ, ਏਹ ਇਸ ਗੱਲ ਨੂੰ ਕਦੇ ਮੰਨਣ ਨੂੰ ਤਿਆਰ ਨਹੀਂ ਹੋਣਗੇ ਕਿ ਭੈਣ ਆਪਣਾ ਹਿੱਸਾ ਦੇ ਗਈ ਸਗੋਂ ਆਪਣੀ ਸ਼ਾਨ ਤੇ ਹੱਕ ਸਮਝਦੇ ਨੇ ਇਸ ਵਿੱਚ ਵੀ ਕਿ ਅਸੀਂ ਭੈਣ ਨੂੰ ਲੈਣ ਨਹੀਂ ਦਿੱਤੀ।ਜਦੋਂ ਭਰਾ ਲੈਕੇ ਇਸ ਤਰ੍ਹਾਂ ਗਲਤ ਨਹੀਂ ਸਮਝਦੇ ਤਾਂ ਮੈਂ ਕੁਝ ਵੀ ਗਲਤ ਨਹੀਂ ਕਰ ਰਹੀ।ਏਹ ਬਿਲਕੁੱਲ ਸੱਚ ਹੈ ਮਾਪੇ ਨਾ ਆਪਣੇ ਹੱਥੀ ਦੇਣ ਦੀ ਹਿੰਮਤ ਕਰਦੇ ਨੇ ਤੇ ਨਾ ਭਰਾ ਦੇਣ ਨੂੰ ਤਿਆਰ ਨੇ,ਲੈਕੇ ਮਿਲਣ ਦੀ ਤੇ ਜ਼ੁਮੇਵਾਰੀ ਨਿਭਾਉਂਦੇ ਹੀ ਨਹੀਂ।ਜਿਹੜੇ ਅੱਜ ਲੋਹੜੀ ਮਨਾ ਰਹੇ ਨੇ ਆਸ ਕਰਦੇ ਹਾਂ ਕਿ ਜੋ ਉਨਾਂ ਨੇ ਆਪਣੀ ਭੈਣ ਨਾਲ ਕੀਤਾ ਉਹ ਅੱਗੇ ਨਹੀਂ ਕਰਨਗੇ।ਇਥੇ ਮੇਰੇ ਹਿਸਾਬ ਨਾਲ ਕੌਂਸਲਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਹੀ ਨਹੀਂ ਤੇ ਜਿਹੜੀ ਲੜਕੀ ਹਿੱਸਾ ਲੈਣ ਦੀ ਗਲ ਕਰਦੀ ਹੈ ਉਸਨੂੰ ਸਮਾਜ ਵਿੱਚ ਇਵੇਂ ਪੇਸ਼ ਕਰਦੇ ਨੇ ਭਰਾ ਜਿਵੇਂ ਉਸ ਨੇ ਕੋਈ ਗੁਨਾਹ ਕਰ ਦਿੱਤਾ ਤੇ ਮੁਲਜ਼ਮ ਹੈ।ਜਿਥੇ ਮਾਪਿਆਂ ਦੀ ਕੌਂਸਲਿੰਗ ਜ਼ਰੂਰੀ ਹੈ ਉਥੇ ਲੜਕੀਆਂ ਨੂੰ ਆਪਣੇ ਹੱਕਾਂ ਬਾਰੇ ਖੜਾ ਹੋਣਾ ਵੀ ਸਮਝਾਉਣਾ ਬਹੁਤ ਜ਼ਰੂਰੀ ਹੈ।ਆਪਣਾ ਹੱਕ ਛੱਡੋ ਨਹੀਂ ਤੇ ਦੂਸਰੇ ਦਾ ਲੈਣ ਦੀ ਕੋਸ਼ਿਸ਼ ਨਾ ਕਰੋ।ਬਹੁਤ ਕੁਝ ਪੇਪਰਾਂ,ਅਖਬਾਰਾਂ ਤੇ ਚੈਨਲਾਂ ਤੇ ਵਿਖਾਇਆ ਜਾਂਦਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ।ਏਹ ਬੇਟੀ ਬਚਾਓ,ਬੇਟੀ ਪੜ੍ਹਾਓ ਤੇ ਲੋਹੜੀ ਮਨਾਉ ਵੀ ਡਿੱਕੇਡੋਲੇ ਹੀ ਖਾ ਰਹੀ ਹੈ।ਕਿਸੇ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਲੜਕੇ ਦੇ ਮਾਪੇ ਆਪਣੇ ਪੁੱਤ ਦੇ ਨਾਮ ਜਾਇਦਾਦ ਕਰਦੇ ਨੇ ਪਰ ਧੀ ਦੇ ਨਾਮ ਉਸਦੇ ਮਾਪੇ ਕੁਝ ਵੀ ਨਹੀਂ ਕਰਦੇ ਪਰ ਧੀ ਮਾਪਿਆਂ ਦਾ ਫਿਰ ਵੀ ਖਿਆਲ ਰੱਖਦੀ।ਹਰ ਭੈਣ ਧੀ ਬੇਟੀ ਨਾਲ ਪਹਿਲਾਂ ਇਨਸਾਫ਼ ਖੁਦ ਕਰੋ, ਆਪਣੀ ਸੋਚ ਬਦਲੋ।ਏਹ ਸੋਚਕੇ ਵੇਖੋ ਕਿ ਮੈਂ ਉਸਦਾ ਹਿੱਸਾ ਲਿਆ, ਕੀ ਮੈਂ ਆਪਣਾ ਹਿੱਸਾ ਉਸਨੂੰ ਦੇ ਸਕਦਾ ਹਾਂ ਜਾਂ ਮੈਂ ਉਸਨੂੰ ਆਪਣਾ ਹਿੱਸਾ ਕਿਉਂ ਨਹੀਂ ਦਿੱਤਾ, ਜੇਕਰ ਲੈਕੇ ਜਾ ਰਹੀ ਹੈ ਤਾਂ ਉਹ ਉਸਦਾ ਹੱਕ ਹੈ ਜੇ ਮੈਂ ਲੈ ਰਿਹਾ ਹਾਂ ਤੇ ਜ਼ਬਰਦਸਤੀ ਕਰ ਰਿਹਾ ਹਾਂ ਤਾਂ ਮੈਂ ਗਲਤ ਹਾਂ, ਮੈਂ ਦੂਸਰੇ ਦਾ ਹੱਕ ਖਾਣ ਦਾ ਗੁਨਾਹ ਕਰ ਰਿਹਾ ਹਾਂ।ਧੀਆਂ ਵਾਸਤੇ ਉਵੇਂ ਹੀ ਸੋਚੋ ਜਿਵੇਂ ਪੁੱਤ ਲਈ ਸੋਚਦੇ ਹੋ।ਮੇਰੇ ਬੱਚੇ ਨੇ ਏਹ ਸੋਚ ਹੋਣ ਨਾਲ ਬੇਟੀ ਵੀ ਬਚੇਗੀ,ਬੇਟੀ ਪੜ੍ਹੇਗੀ ਵੀ ਤੇ ਏਹ ਨਹੀਂ ਕਹਿਣਾ ਪਵੇਗਾ ਕਿ ਬੇਟੀ ਦੀ ਲੋਹੜੀ ‘ਵੀ’ ਮਨਾਈ।
Prabhjot Kaur Dhillon
Contact No. 9815030221
Share Button

Leave a Reply

Your email address will not be published. Required fields are marked *