Mon. Sep 23rd, 2019

ਬੁੱਧਕੀ ਨਦੀ ਟੁੱਟਣ ਕਾਰਨ ਬਰਬਾਦ ਹੋਏ ਪਿੰਡਾਂ ਦੀ ਸਾਰ ਲੈਣ ਪਹੁੰਚੇ ਆਪ ਆਗੂ ਹਰਪਾਲ ਸਿੰਘ ਚੀਮਾ

ਬੁੱਧਕੀ ਨਦੀ ਟੁੱਟਣ ਕਾਰਨ ਬਰਬਾਦ ਹੋਏ ਪਿੰਡਾਂ ਦੀ ਸਾਰ ਲੈਣ ਪਹੁੰਚੇ ਆਪ ਆਗੂ ਹਰਪਾਲ ਸਿੰਘ ਚੀਮਾ

ਰੂਪਨਗਰ, 23 ਅਗਸਤ (ਰਵਿੰਦਰ ਸਿੰਘ): ਰੂਪਨਗਰ ਨੇੜੇ ਪੈਂਦੇ ਪਿੰਡ ਖੈਰਾਬਾਦ ਕੋਲੋਂ ਬੁੱਧਕੀ ਨਦੀ ਦਾ ਬੰਨ ਟੁੱਟਣ ਕਾਰਨ ਪਿੰਡ ਛੋਟਾ ਫੂਲ, ਵੱਡਾ ਫੂਲ ਅਤੇ ਗੁਰਦਾਸਪੁਰਾ ਬੁਰੀ ਤਰ੍ਹਾਂ ਤਬਾਅ ਹੋ ਚੁੱਕੇ ਹਨ।ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਵਾਸਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਪਣੀ ਟੀਮ ਸਮੇਤ ਇਹਨਾਂ ਪਿੰਡਾਂ ਵਿੱਚ ਪਹੁਚੇ। ਚੀਮਾ ਨੇ ਕਿਹਾ ਕਿ ਹੁਣ ਭਾਵੇਂ ਸਮੇਂ ਦੀ ਮੰਗ ਤਾਂ ਇਹੀ ਹੈ ਕਿ ਪੀੜਿਤ ਪਰਿਵਾਰਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇ ਪਰ ਜਿਹਨਾਂ ਕਾਰਨਾਂ ਕਰਕੇ ਇਹ ਅਣਸੁਖਾਵਾਂ ਭਾਣਾ ਵਾਪਰਿਆ ਹੈ ਉਸ ਨੂੰ ਘੋਖਣਾ ਵੀ ਜ਼ਰੂਰੀ ਹੈ। ਚੀਮਾ ਨੇ ਕਿਹਾ ਕਿ ਸਥਾਨਿਕ ਲੋਕਾਂ ਦੇ ਦੱਸਣ ਮੁਤਾਬਿਕ ਬੁੱਧਕੀ ਨਦੀ ਦੇ ਵਿੱਚ ਹਿਮਾਚਲ ਦੀਆਂ ਪਹਾੜੀਆਂ ਵਿੱਚੋਂ ਬਰਸਾਤੀ ਪਾਣੀ ਆ ਕੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਇਹ ਨਦੀ ਲਗਭਗ 500 ਮੀਟਰ ਚੌੜੀ ਹੈ, ਜਿਸ ਦੀ ਪਿਛਲੇ 25 ਸਾਲ ਤੋਂ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਨਦੀ ਦੇ ਵਿੱਚ ਸੈਂਕੜੇ ਦਰੱਖਤ ਉੱਗ ਕੇ ਜੰਗਲ ਦਾ ਰੂਪ ਧਾਰ ਚੁੱਕੇ ਹਨ।ਇਹ ਪਾਣੀ ਦੇ ਵਹਾਅ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸੇ ਹੀ ਕਾਰਣ ਨਦੀ ਦਾ ਤੇਜ਼ ਵਹਾਅ ਪਾਣੀ ਆਪਣੇ ਕੰਢਿਆਂ ਦੇ ਕਮਜ਼ੋਰ ਹਿੱਸੇ ਨੂੰ ਤੋੜ ਕੇ ਖੈਰਾਬਾਦ ਤੋਂ ਪਿੰਡ ਫੂਲ, ਗੁਰਦਾਸਪੁਰਾ ਨੂੰ ਤਬਾਅ ਕਰਦਾ ਹੋਇਆ ਸਤਲੁਜ ਦਰਿਆ ਵਿੱਚ ਜਾ ਮਿਲਿਆ।
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਰੂਪਨਗਰ ਸ਼ਹਿਰ ਅਤੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਹੋ ਰਹੀ ਉਸਾਰੀ ਵਿੱਚ ਮਕਾਨਾਂ ਨੂੰ ਉੱਚਾ ਕਰਨ ਲਈ ਵਰਤੀ ਜਾਂਦੀ ਮਿੱਟੀ (ਭਰਤ) ਇਸੀ ਨਦੀ ਵਿੱਚੋਂ ਲਈ ਜਾਂਦੀ ਸੀ ਜਿਸ ਨਾਲ ਨਦੀ ਦੇ ਪਾਣੀ ਦਾ ਵਹਾਅ ਠੀਕ ਬਣਿਆ ਰਹਿੰਦਾ ਸੀ ਜਿਸ ਉੱਤੇ ਕੁਝ ਸਾਲਾਂ ਤੋਂ ਮਾਈਨਿੰਗ ਮਹਿਕਮੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਸਾਰੀਆਂ ਤਾਂ ਹੁਣ ਪਹਿਲਾਂ ਨਾਲੋਂ ਵੀ ਕਈ ਗੁਣਾਂ ਜ਼ਿਆਦਾ ਹੁੰਦੀਆਂ ਹਨ ਤੇ ਉਹਨਾਂ ਵਿੱਚ ਭਰਤ ਵੀ ਪੈਂਦਾ ਹੈ ਪਰ ਇਹ ਭਰਤ ਨਜਾਇਜ਼ ਮਾਈਨਿੰਗ ਮਾਫੀਏ ਦੇ ਖਜ਼ਾਨੇ ਭਰ ਕੇ ਪਾਇਆ ਜਾਂਦਾ ਹੈ। ਹਰਪਾਲ ਸਿੰਘ ਚੀਮਾ ਨੇ ਸਰਕਾਰ ਨੂੰ ਕਿਹਾ ਕਿ ਉਹ ਮਾਈਨਿੰਗ ਮਹਿਕਮੇ ਨੂੰ ਉਚਿਤ ਨਿਰਦੇਸ਼ ਦੇਵੇ ਕਿ ਮਨਜ਼ੂਰਸ਼ੁਦਾ ਪੈਮਾਨੇ ਮੁਤਾਬਿਕ ਲੋੜਵੰਦ ਲੋਕਾਂ ਨੂੰ ਇਸ ਨਦੀ ਵਿੱਚੋਂ ਮਿੱਟੀ ਤੇ ਰੇਤਾ ਚੁੱਕਣ ਦੀ ਖੁੱਲ੍ਹ ਦੇਵੇ ਤਾਂ ਜੋ ਅਜਿਹੇ ਅਣਸੁਖਾਵੇਂ ਹਾਦਸੇ ਦੁਬਾਰਾ ਨਾ ਹੋ ਸਕਣ। ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਆਦੇਸ਼ ਦਿੱਤਾ ਕਿ ਘਰਘਰ ਜਾ ਕੇ ਲੋਕਾਂ ਦੇ ਹੋਏ ਨੁਕਸਾਨ ਦੇ ਮੁਕੰਮਲ ਵੇਰਵੇ ਇੱਕਠੇ ਕਰਨ ਤਾਂ ਜੋ ਸਾਰਿਆਂ ਨੂੰ ਸੌ ਫੀਸਦੀ ਮੁਆਵਜ਼ਾ ਦਿਵਾਇਆ ਜਾ ਸਕੇ।

Leave a Reply

Your email address will not be published. Required fields are marked *

%d bloggers like this: