ਬੀ.ਸੀ. ਵਿਚ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀਆਂ 189,000 ਖੁਰਾਕਾਂ ਪੁੱਜੀਆਂ

ਬੀ.ਸੀ. ਵਿਚ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀਆਂ 189,000 ਖੁਰਾਕਾਂ ਪੁੱਜੀਆਂ
ਸਰੀ 4 ਅਪ੍ਰੈਲ 2021- ਬੀ.ਸੀ. ਵਿਚ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ ਦੀਆਂ 189,000 ਖੁਰਾਕਾਂ ਪਹੁੰਚ ਚੁੱਕੀਆਂ ਹਨ ਅਤੇ ਅਗਲੇ ਹਫ਼ਤੇ ਇਸ ਵੈਕਸੀਨ ਦੀਆਂ ਹੋਰ ਖੁਰਾਕਾਂ ਪਹੁੰਚਣ ਦੀ ਉਮੀਦ ਹੈ। ਇਹ ਜਾਣਕਾਰੀ ਦਿੰਦਿਆਂ ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਹੈ ਕਿ ਅਮਰੀਕਾ ਤੋਂ ਇਸ ਵੈਕਸੀਨ ਦੀਆਂ ਕਰੀਬ ਡੇਢ ਮਿਲੀਅਨ ਖੁਰਾਕਾਂ ਕੈਨੇਡਾ ਵਿਚ ਇਸ ਹਫਤੇ ਆਈਆਂ ਹਨ ਅਤੇ ਉਨ੍ਹਾਂ ਵਿੱਚੋਂ ਬੀ.ਸੀ. ਨੂੰ ਇਹ ਵੈਕਸੀਨ ਮਿਲੀ ਹੈ।
ਇਸੇ ਦੌਰਾਨ ਬੀ.ਸੀ. ਐਸੋਸੀਏਸ਼ਨ ਆਫ ਫਾਰਮੇਸੀਸ ਵੱਲੋਂ ਇਸ ਵੈਕਸੀਨ ਨੂੰ ਸੂਬੇ ਦੀਆਂ 375 ਹੋਰ ਫਾਰਮੇਸੀਆਂ ਵਿਚ ਵੰਡਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਦੀਆਂ ਕੁੱਲ 488 ਫਾਰਮੇਸੀਆਂ ਵੈਕਸੀਨ ਪ੍ਰਦਾਨ ਕਰਨ ਦੇ ਕਾਰਜ ਵਿਚ ਸ਼ਾਮਿਲ ਹੋ ਜਾਣਗੀਆਂ। ਵੈਕਸੀਨ ਪ੍ਰਦਾਨ ਕਰਨ ਵਾਲੀਆਂ ਫਾਰਮੇਸੀਆਂ ਦੀ ਗਿਣਤੀ ਵਧਣ ਨਾਲ ਹੁਣ ਲੋਕਾਂ ਲਈ ਅਪਾਇੰਟਮੈਂਟ ਹਾਸਲ ਕਰਨ ਦਾ ਕੰਮ ਤੇਜ਼ ਅਤੇ ਸੁਖਾਲਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਹਫਤੇ ਤੋਂ 55 ਤੋਂ 65 ਸਾਲ ਦੀ ਉਮਰ ਵਾਲੇ ਵਿਅਕਤੀ ਅਪਾਇੰਟਮੈਂਟ ਲੈ ਕੇ ਇਨ੍ਹਾਂ ਫਾਰਮੇਸੀਆਂ ਤੋਂ ਇਸ ਵੈਕਸੀਨ ਦੀ ਡੋਜ਼ ਲਵਾ ਸਕਦੇ ਹਨ।