ਬੀਸੀ ਵਿਚ ਕੋਵਿਡ-19 ਪਾਬੰਦੀਆਂ 8 ਜਨਵਰੀ ਤੱਕ ਜਾਰੀ ਰਹਿਣਗੀਆਂ-ਡਾ. ਹੈਨਰੀ

ਬੀਸੀ ਵਿਚ ਕੋਵਿਡ-19 ਪਾਬੰਦੀਆਂ 8 ਜਨਵਰੀ ਤੱਕ ਜਾਰੀ ਰਹਿਣਗੀਆਂ-ਡਾ. ਹੈਨਰੀ
ਸਰੀ, 11 ਦਸੰਬਰ (ਹਰਦਮ ਮਾਨ): ਬੀਸੀ ਵਿਚ ਕੋਵਿਡ-19 ਦੇ ਕੇਸਾਂ ਵਿਚ ਹੋ ਰਹੇ ਲਗਾਤਾਰ ਵਾਧੇ ਨੂੰ ਮੁੱਖ ਰੱਖਦਿਆਂ ਸੂਬਾਈ ਹੈਲਥ ਅਫਸਰ ਡਾ ਬੋਨੀ ਹੈਨਰੀ ਨੇ ਸੂਬੇ ਵਿਚ ਲਾਈਆਂ ਗਈਆ ਪਾਬੰਦੀਆਂ ਵਿਚ 8 ਜਨਵਰੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕ੍ਰਿਸਮਸ ਅਤੇ ਵੱਡੇ ਦਿਨਾਂ ਦੀਆਂ ਛੁੱਟੀਆਂ ਕਾਰਨ ਘਰਾਂ ਅਤੇ ਬਾਹਰ ਵੱਡੀਆਂ ਪਾਰਟੀ ਰੋਕਣ ਲਈ ਪਾਬੰਦੀ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਲਈ ਕਿਹਾ ਹੈ। ਲੋਕਾਂ ਨੂੰ ਛੁੱਟੀਆਂ ਦੌਰਾਨ ਆਪਣੇ ਘਰਾਂ ਵਿਚ ਮਹਿਮਾਨਾਂ ਨੂੰ ਨਾ ਬੁਲਾਉਣ ਲਈ ਕਿਹਾ ਹੈ।
ਡਾ. ਹੈਨਰੀ ਨੇ ਅੱਜ ਕੋਵਿਡ-19 ਸਬੰਧੀ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ 35 ਹੋਰ ਪੀੜਤ ਲੋਕ ਮੌਤ ਦਾ ਸ਼ਿਕਾਰ ਹੋ ਗਏ ਹਨ ਅਤੇ 2000 ਤੋਂ ਉਪਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ ਵਿਚ ਕੋਵਿਡ ਦੇ ਕੇਸਾਂ ਦੀ ਗਿਣਤੀ 38,150 ਹੋ ਗਈ ਹੈ ਅਤੇ ਹੁਣ ਤੱਕ ਕੁਲ 527 ਮੌਤਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਨਵੰਬਰ ਅੱਧ ਤੋਂ ਰੋਜ਼ਾਨਾ ਮੌਤਾਂ ਦੀ ਗਿਣਤੀ ਦੋ ਅੰਕਾਂ ਵਿਚ ਚੱਲ ਰਹੀ ਹੈ ਅਤੇ ਪਿਛਲੇ ਦੋ ਮਹੀਨਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੂਬੇ ਵਿਚ ਹੁਣ 9050 ਐਕਟਿਵ ਮਾਮਲੇ ਹਨ ਅਤੇ 349 ਵਿਅਕਤੀ ਹਸਪਤਾਲ ਵਿਚ ਦਾਖਲ ਹਨ ਜਿਨ੍ਹਾਂ ਵਿਚੋਂ 77 ਨੂੰ ਆਈਸੀਯੂ ਵਿਚ ਰੱਖਿਆ ਹੋਇਆ ਹੈ।