Tue. Apr 23rd, 2019

ਬੀਬੀ ਖਾਲੜਾ ਦੀ ਹਮਾਇਤ ਪਿੱਛੇ ਆਪਣਾ ਮੰਤਵ ਸਪੱਸ਼ਟ ਕਰਨ ਫੂਲਕਾ : ਜਨਰਲ ਜੇਜੇ ਸਿੰਘ

ਬੀਬੀ ਖਾਲੜਾ ਦੀ ਹਮਾਇਤ ਪਿੱਛੇ ਆਪਣਾ ਮੰਤਵ ਸਪੱਸ਼ਟ ਕਰਨ ਫੂਲਕਾ : ਜਨਰਲ ਜੇਜੇ ਸਿੰਘ

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਐਡਵੋਕੇਟ ਐੱਚਐੱਸ ਫੂਲਕਾ ਵੱਲੋਂ ਲਗਾਤਾਰ ਇਹ ਕਿਹਾ ਜਾਣਾ ਕਿ ਇਸ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ‘ਚ ਆਇਆ ਜਾਵੇ, ਬਾਰੇ ਉਹ ਆਪਣਾ ਮੰਤਵ ਸਪੱਸ਼ਟ ਕਰਨ। ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਾਰਟੀ ਦੇ ਆਰਥਿਕ ਹਾਲਾਤ ‘ਚ ਤੇਜ਼ੀ ਨਾਲ ਸੁਧਾਰ ਹੋਇਆ ਹੈ ਜੋ ਉਨ੍ਹਾਂ ਦੀਆਂ ਰੈਲੀਆਂ ਤੇ ਸ਼ਾਹੀ ਮੀਟਿੰਗਾਂ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ।

ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਫ਼ੌਜ ਦੇ ਪਹਿਲੇ ਸਿੱਖ ਜਰਨੈਲ ਰਹੇ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਵੱਲੋਂ ਕੀਤੀ ਗਈ ਕੁਰਬਾਨੀ ਦੀ ਕਦਰ ਕਰਦੇ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਕੁਰਬਾਨੀਆਂ ਵਾਲਾ ਹੈ। ਉਨ੍ਹਾਂ ਨੇ ਤੀਸਰੀ ਪੀੜ੍ਹੀ ‘ਚ ਫ਼ੌਜ ਦੀ ਸੇਵਾ ਕੀਤੀ ਹੈ ਅਤੇ ਆਪਣੇ ਸਰੀਰ ‘ਤੇ ਗੋਲ਼ੀਆਂ ਵੀ ਖਾਧੀਆਂ ਹਨ। ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਉਹ ਆਪਣੀ ਉਮੀਦਵਾਰੀ ਪਿੱਛੇ ਨਹੀਂ ਲੈਣਗੇ ਬਲਕਿ ਐਡਵੋਕੇਟ ਐੱਚਐੱਸ ਫੂਲਕਾ ਇਹ ਸਪੱਸ਼ਟ ਕਰਨ ਕਿ ਉਹ ਆਖਿਰ ਬੀਬੀ ਪਰਮਜੀਤ ਕੌਰ ਖਾਲੜਾ ਲਈ ਮੈਦਾਨ ਸਾਫ਼ ਕਿਉਂ ਕਰਨਾ ਚਾਹੁੰਦੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਬੀਬੀ ਦੇ ਉਮੀਦਵਾਰ ਹੋਣ ‘ਤੇ ਵਿਦੇਸ਼ਾਂ ਤੋਂ ਭਾਰੀ ਫੰਡ ਆ ਰਿਹਾ ਹੈ ਅਤੇ ਅਜਿਹਾ ਫੰਡ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਵੀ ਆਉਂਦਾ ਰਿਹਾ ਹੈ। ਉਦੋਂ ਫੂਲਕਾ ‘ਆਪ’ ਦੇ ਨਾਲ ਸਨ। ਜੇ.ਜੇ. ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਪਿਛਲੇ ਲਮੇਂ ਸਮੇਂ ਤੋਂ ਸਿਆਸੀ ਖੇਡ ਖੇਡ ਕੇ ਵਾਰੋ-ਵਾਰੀ ਰਾਜ ਕਰ ਰਹੇ ਹਨ ਜਦੋਂਕਿ ਇਨ੍ਹਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ। ਉਨ੍ਹਾਂ ਦਾ ਸਿਆਸਤ ‘ਚ ਆਉਣ ਦਾ ਮੰਤਵ ਹੀ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ, ਕਿਰਸਾਨੀ ਨੂੰ ਖੁਸ਼ਹਾਲ ਅਤੇ ਨਸ਼ਿਆਂ ਦਾ ਖ਼ਾਤਮਾ ਕਰਨਾ ਹੈ। ਉਹ ਆਪਣੀ ਵਿਚਾਰਧਾਰਾ ਨਾਲ ਚੋਣ ਮੈਦਾਨ ਵਿਚ ਹਨ ਅਤੇ ਫੂਲਕਾ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਚੋਣਾਂ ਵੱਲ ਧਿਆਨ ਦੇਣ ਅਤੇ ਖਡੂਰ ਸਾਹਿਬ ਲੋਕ ਸਭਾ ਹਲਕੇ ‘ਚ ਦਖਲ ਨਾ ਦੇਣ।
Share Button

Leave a Reply

Your email address will not be published. Required fields are marked *

%d bloggers like this: