Mon. Sep 23rd, 2019

ਬੀਕਾਨੇਰ ਦੇ ਪ੍ਰਸ਼ਾਸਨ ਨੇ ਵਪਾਰੀਆਂ ਨੂੰ ਫਾਇਦਾ ਪੁਚਾਉਣ ਲਈ ਕੈਂਸਰ ਹਸਪਤਾਲ ਵਿਖੇ ਲੰਗਰਾਂ ਦੀ ਸੇਵਾ ਤੇ ਲਾਈ ਰੋਕ

ਬੀਕਾਨੇਰ ਦੇ ਪ੍ਰਸ਼ਾਸਨ ਨੇ ਵਪਾਰੀਆਂ ਨੂੰ ਫਾਇਦਾ ਪੁਚਾਉਣ ਲਈ ਕੈਂਸਰ ਹਸਪਤਾਲ ਵਿਖੇ ਲੰਗਰਾਂ ਦੀ ਸੇਵਾ ਤੇ ਲਾਈ ਰੋਕ
ਸੇਵਾਦਾਰਾਂ ਅਤੇ ਮਰੀਜ਼ਾਂ ਦੇ ਵਾਰਸਾਂ ‘ਚ ਭਾਰੀ ਰੋਸ

ਤਲਵੰਡੀ ਸਾਬੋ, 12 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਹਾਰਾ ਮੰਨਣ ਵਾਲੇ ਪੂਰੀ ਦੁਨੀਆਂ ਦੇ ਲੋਕ ਜਿੱਥੇ ਉਨ੍ਹਾਂ ਦੇ 550ਵੇਂ ਜਨਮ ਦਿਨ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਉੱਥੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਸਮੇਤ ਕਈ ਪਿੰਡਾਂ ਦੀਆਂ ਸੰਗਤਾਂ ਵੱਲੋਂ ਬੀਕਾਨੇਰ ਕੈਂਸਰ ਹਸਪਤਾਲ ਵਿਖੇ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਲੰਗਰਾਂ ‘ਤੇ ਬੀਕਾਨੇਰ ਪ੍ਰਸ਼ਾਸਨ ਵੱਲੋਂ ਰੋਕ ਲਗਾ ਕੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਵਪਾਰੀ ਵਰਗ ਵੱਲੋਂ ਮਰੀਜ਼ਾਂ ਦੀ ਖੁੱਲ੍ਹੀ ਲੁੱਟ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਲੰਗਰ ਕਮੇਟੀ ਨੇ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਚੱਲ ਰਹੇ ਲੰਗਰਾਂ ਨੂੰ ਮਜਬੂਰਨ ਕੁਝ ਸਮੇਂ ਲਈ ਬੰਦ ਕਰਨਾ ਪਿਆ ਕਿਉਂਕਿ ਹਸਪਤਾਲ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਬੰਧਿਤ ਲੋਕਾਂ ਨੂੰ ਵਾਰ ਵਾਰ ਬੇਨਤੀਆਂ ਕਰਨ ਦਾ ਵੀ ਕੋਈ ਅਸਰ ਨਹੀਂ ਹੋਇਆ। ਸਾਢੇ ਤਿੰਨ ਸੌ ਕਿਲੋਮੀਟਰ ਤੋਂ ਰਾਸ਼ਨ ਅਤੇ ਹੋਰ ਪ੍ਰਬੰਧ ਲਿਜਾ ਕੇ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਖਾਣੇ ਦਾ ਪ੍ਰਬੰਧ ਕਰਨ ਵਾਲੇ ਲੋਕ ਬਹੁਤ ਵੱਡੀ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਦੇ ਲੋਕ ਜਿੱਥੇ ਆਪਣੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਤਿਲ ਫੁੱਲ ਦਾ ਸਹਾਰਾ ਲਾ ਕੇ ਰਾਸ਼ਨ ਅਤੇ ਹੋਰ ਸਾਜ਼ੋ ਸਾਮਾਨ ਦਾ ਪ੍ਰਬੰਧ ਕਰਕੇ ਉੱਥੇ ਭੇਜਦੇ ਹਨ ਅਤੇ ਇਲਾਕੇ ਦੇ ਨੌਜਵਾਨ ਅਤੇ ਹੋਰ ਸੇਵਾਦਾਰ ਸੱਜਣ ਜੋ ਇੱਥੋਂ ਜਾ ਕੇ ਕਈ ਕਈ ਦਿਨਾਂ ਤੱਕ ਉਥੇ ਸੇਵਾ ਕਰਦੇ ਹਨ ਵੀ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਇਹ ਸਭ ਕੁਝ ਕਿਉਂ ਹੁੰਦਾ ਹੈ ਅਤੇ ਕਿਉਂ ਕੀਤਾ ਜਾਂਦਾ ਹੈ ਇਸ ਬਾਰੇ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿੰਡ ਕੌਰੇਆਣਾ ਅਤੇ ਇਸ ਦੇ ਆਸ ਪਾਸ ਦੇ ਲਗਪਗ ਇੱਕ ਦਰਜਨ ਪਿੰਡਾਂ ਦੇ ਨੌਜਵਾਨ ਅਤੇ ਸਮੂਹ ਸਾਧ ਸੰਗਤ ਨੇ ਮਿਲ ਕੇ ਇੱਕ ਸੰਸਥਾ ਖੜ੍ਹੀ ਕੀਤੀ ਹੈ ਜਿਸ ਦਾ ਨਾਂ ਸ੍ਰੀ ਹਰਿਕ੍ਰਿਸ਼ਨ ਵੈੱਲਫੇਅਰ ਸੁਸਾਇਟੀ ਹੈ। ਇਹ ਸੰਸਥਾ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕੈਂਸਰ ਹਸਪਤਾਲ ਬੀਕਾਨੇਰ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਹੂਲਤ ਲਈ ਲੰਗਰ ਪਾਣੀ ਦਾ ਪ੍ਰਬੰਧ ਕਰ ਰਹੀ ਹੈ ਇਸ ਸਬੰਧ ਵਿੱਚ ਪਿਛਲੇ ਸਮੇਂ ਵਿੱਚ ਮੀਡੀਆ ਵਿੱਚ ਵੀ ਕਾਫੀ ਚਰਚਾ ਹੋਈ ਹੈ। ਇਲਾਕੇ ਦੀ ਸਮੂਹ ਸਾਧ ਸੰਗਤ ਇਸ ਕੰਮ ਵਿੱਚ ਆਪਣੇ ਜ਼ੋਰਦਾਰ ਉਤਸ਼ਾਹ ਨਾਲ ਆਪਣਾ ਯੋਗਦਾਨ ਦੇ ਰਹੀ ਹੈ ਅਤੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਇਸ ਸੰਸਥਾ ਨੂੰ ਦਾਨ ਦੇ ਰੂਪ ਵਿਚ ਧਨ ਅਤੇ ਰਾਸ਼ਨ ਪਾਣੀ ਦਿੱਤਾ ਜਾ ਰਿਹਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਸੇਵਾਦਾਰਾਂ ਨੂੰ ਹਸਪਤਾਲ ਦੇ ਲਾਗੇ ਲੰਗਰ ਲਗਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਧਰਮਸ਼ਾਲਾ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਦਾਰ ਲੰਗਰ ਦਾ ਪ੍ਰਬੰਧ ਕਰ ਰਹੇ ਸਨ ਇਸ ਧਰਮਸ਼ਾਲਾ ਦੇ ਪ੍ਰਬੰਧਕਾਂ ਨੇ ਲੰਗਰ ਸੁਸਾਇਟੀ ਨੂੰ ਉੱਥੋਂ ਆਪਣਾ ਸਾਮਾਨ ਚੁੱਕ ਕੇ ਜਾਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਸ਼ਾਸਨ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਗੱਲ ਕਰਨ ਤੋਂ ਬਾਅਦ ਲੰਗਰ ਕਮੇਟੀ ਨੂੰ ਹਸਪਤਾਲ ਦੇ ਪਰਿਸਰ ਵਿੱਚ ਲੰਗਰ ਲਗਾਉਣ ਲਈ ਜੁਬਾਨੀ ਤੌਰ ‘ਤੇ ਮਨਜ਼ੂਰੀ ਤਾਂ ਭਾਵੇਂ ਮਿਲ ਗਈ ਪ੍ਰੰਤੂ ਜਦੋਂ ਲੰਗਰ ਲਗਾਉਣ ਲਈ ਸਾਰਾ ਸਿਸਟਮ ਤਿਆਰ ਕੀਤਾ ਜਾ ਚੁੱਕਾ ਸੀ ਤਾਂ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਉੱਥੋਂ ਫਿਰ ਪੂਰਾ ਸਾਮਾਨ ਚੁਕਵਾ ਦਿੱਤਾ ਗਿਆ। ਜਿਸ ਕਰਕੇ ਸੇਵਾਦਾਰਾਂ ਅਤੇ ਮਰੀਜ਼ਾਂ ਨੂੰ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇੱਕ ਬੜੀ ਹੀ ਮੰਦਭਾਗੀ ਘਟਨਾ ਹੈ ਕਿ ਲਗਭਗ ਤਿੰਨ ਸੌ ਕਿਲੋਮੀਟਰ ਦੂਰ ਤੋਂ ਆਪਣਾ ਰਾਸ਼ਨ ਪਾਣੀ ਲੈ ਕੇ ਉੱਥੇ ਪਹੁੰਚ ਕੇ ਲੰਗਰ ਲਗਾਉਣ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਸਿਰਫ਼ ਉੱਥੇ ਰਾਸ਼ਨ ਪਾਣੀ ਅਤੇ ਰੋਟੀ ਕਾਰੋਬਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਹੈਰਾਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੰਗਰ ਕਮੇਟੀ ਵੱਲੋਂ ਵਾਰ ਵਾਰ ਇਲਾਕੇ ਦੇ ਮੋਹਤਬਰ ਬੰਦਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਬੇਨਤੀਆਂ ਕੀਤੀਆਂ ਗਈਆਂ ਪਰ ਇਸ ਸਬੰਧ ਵਿੱਚ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਰਿਹਾ ਜਿਸ ਕਰਕੇ ਮਜਬੂਰਨ ਕਮੇਟੀ ਨੂੰ ਇਹ ਲੰਗਰ ਇੱਕ ਵਾਰੀ ਬੰਦ ਕਰਨਾ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਲੰਗਰ ਕਮੇਟੀ ਕੋਲ ਉੱਥੇ ਲੰਗਰ ਤਿਆਰ ਕਰਨ ਲਈ ਇਕ ਕਾਫੀ ਵੱਡਾ ਸਿਸਟਮ ਹੈ ਜਿਸ ਵਿੱਚ ਇੱਕ ਰੋਟੀਆਂ ਪਕਾਉਣ ਵਾਲੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਅਤੇ ਉਸ ਨੂੰ ਚਲਾਉਣ ਲਈ ਇੱਕ ਬਿਜਲੀ ਕੁਨੈਕਸ਼ਨ ਦਾ ਵੀ ਪ੍ਰਬੰਧ ਹੈ। ਜਿਸ ਨੂੰ ਕਿ ਵਾਰ ਵਾਰ ਸ਼ਿਫਟ ਕਰਨਾ ਵੀ ਸੰਭਵ ਨਹੀਂ ਹੈ। ਲਗਭਗ ਤਿੰਨ ਸੌ ਕਿਲੋਮੀਟਰ ਦੂਰ ਤੋਂ ਉੱਥੇ ਪਹੁੰਚ ਕੇ ਪ੍ਰਬੰਧ ਕਰਨ ਵਾਲੇ ਸੇਵਾਦਾਰਾਂ ਦੇ ਰਹਿਣ ਲਈ ਵੀ ਜਗ੍ਹਾ ਦੀ ਲੋੜ ਪੈਂਦੀ ਹੈ ਅਤੇ ਹੋਰ ਰਾਸ਼ਨ ਪਾਣੀ ਸੰਭਾਲਣ ਲਈ ਵੀ ਉਪਯੁਕਤ ਜਗ੍ਹਾ ਦੀ ਲੋੜ ਹੈ। ਇਹ ਸਾਡੇ ਸਮਾਜ ਲਈ ਮੰਦਭਾਗਾ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਵਿੱਚ ਹੀ ਤੇ 550ਵੇਂ ਜਨਮ ਦਿਨ ਨੂੰ ਧੂਮਧਾਮ ਨਾਲ ਮਨਾਉਣ ਦੀ ਹਾਮੀ ਭਰ ਰਹੇ ਹਾਂ ਉੱਥੇ ਉਨ੍ਹਾਂ ਦੀ ਚਲਾਈ ਹੋਈ ਲੋੜਵੰਦ ਲੋਕਾਂ ਲਈ ਲੰਗਰ ਪ੍ਰਥਾ ਨੂੰ ਨਿਸਵਾਰਥ ਤਰੀਕੇ ਨਾਲ ਚਲਾਉਣ ਵਾਲੇ ਲੋਕਾਂ ਨਾਲ ਕੁਝ ਗੈਰ ਸਮਾਜਿਕ ਅਨਸਰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ। ਲੰਗਰ ਕਮੇਟੀ ਦੇ ਸੇਵਾਦਾਰਾਂ ਨੇ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਮਾਮਲੇ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਤਾਂ ਕਿ ਲੰਗਰ ਦੀ ਸੇਵਾ ਦੁਬਾਰਾ ਸ਼ੁਰੂ ਕੀਤੀ ਜਾ ਸਕੇ।

Leave a Reply

Your email address will not be published. Required fields are marked *

%d bloggers like this: