ਬਿਨ ਧੀਆਂ ਕਾਹਦੀਆਂ ਤੀਆਂ – ਤੀਆਂ ਤੇ ਵਿਸ਼ੇਸ਼

ss1

ਬਿਨ ਧੀਆਂ ਕਾਹਦੀਆਂ ਤੀਆਂ –  ਤੀਆਂ ਤੇ ਵਿਸ਼ੇਸ਼

ਸਾਉਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿਚ ਹੋਣ ਵਾਲੀਆਂ ਭਾਰੀ ਬਾਰਿਸ਼ਾਂ ਮੌਸਮ ਨੂੰ ਸੁਹਾਵਣਾ ਬਣਾ ਦਿੰਦੀਆਂ ਹਨ, ਜਿਸ ਕਾਰਨ ਇਸ ਮਹੀਨੇ ਦਾ ਹਰ ਇਕ ਨੂੰ ਇੰਤਜ਼ਾਰ ਰਹਿੰਦਾ ਹੈ ਤੇ ਪੰਜਾਬ ਅੰਦਰ ਇਸ ਮਹੀਨੇ ਨਾਲ ਕਈ ਤਰ੍ਹਾਂ ਦੇ ਤਿਉਹਾਰ ਤੇ ਮੇਲੇ ਸੰਬੰਧ ਰੱਖਦੇ ਹਨ। ਜਿਨ੍ਹਾਂ ਵਿਚੋਂ ਧੀਆਂ-ਧਿਆਣੀਆਂ ਵਲੋਂ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਕਾਫੀ ਮਸ਼ਹੂਰ ਹੈ ਪਰ ਸਮੇਂ ਦੀ ਤੇਜ਼ ਚਾਲ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਅੱਜਕਲ ਤੀਆਂ ਮਨਾਉਣ ਦਾ ਸ਼ੌਕ ਵੀ ਘੱਟ ਹੁੰਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡਾਂ ਆਦਿ ਵਿਚ ਤੀਆਂ ਮੌਕੇ ਲੱਗਣ ਵਾਲੀਆਂ ਰੌਣਕਾਂ ਹੁਣ ਘੱਟ ਹੀ ਦਿਖਾਈ ਦਿੰਦੀਆਂ ਹਨ ਤੇ ਇਸ ਤਿਉਹਾਰ ਦਾ ਰੰਗ ਪਹਿਲਾਂ ਜਿੰਨਾ ਗੂੜਾ ਨਹੀਂ ਰਿਹਾ। ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਰਾਹੀ਼ ਹੀ ਇੱਕ ਦੂਜੇ ਨੂੰ ਸੁਨੇਹਾ ਭੇਜ ਕੇ ਆਪਣੇ ਫਰਜ਼ ਦੀ ਪੂਰਤੀ ਕਰ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਸਾਉਣ ਮਹੀਨੇ ਵਿਚ ਤੀਆਂ ਮਨਾਉਣ ਦਾ ਰਿਵਾਜ਼ ਪਿਛਲੇ ਜ਼ਮਾਨੇ ਤੋਂ ਚੱਲਦਾ ਆ ਰਿਹਾ ਹੈ ਤੇ ਤੀਆਂ ਦਾ ਤਿਉਹਾਰ ਪੰਜਾਬ ਦੀਆਂ ਮੁਟਿਆਰਾਂ ਤੇ ਕੁੜੀਆਂ-ਚਿੜੀਆਂ ਇਸ ਤਿਓਹਾਰ ਨੂੰ ਬੜੇ ਹੀ ਚਾਅ ਨਾਲ ਮਨਾਉਂਦੀਆਂ ਹਨ। ਇਸ ਤਿਓਹਾਰ ਦਾ ਆਗਾਜ਼ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜ ਤੋਂ ਹੁੰਦਾ ਹੈ ਤੇ ਪੁੰਨਿਆ ਤੱਕ ਚੱਲਦਾ ਹੈ। ਜਦੋਂ ਬਾਗ਼ਾਂ ਵਿੱਚ ਮੋਰ ਪੈਲਾਂ ਪਾਉਂਦੇ ਹਨ, ਅੰਬਾਂ ਉੱਤੇ ਕੋਇਲ ਕੂਕਦੀ ਹੈ, ਘਨਘੋਰ ਘਟਾਵਾਂ ਅਸਮਾਨ ਦੀ ਹਿੱਕ ‘ਤੇ ਮੰਡਰਾਉਂਦੀਆਂ ਹਨ, ਕੁਦਰਤ ਆਪਣੇ ਪੂਰੇ ਜ਼ੋਬਨ ਉੱਤੇ ਨੱਚ ਉੱਠਦੀ ਹੈ, ਝਾਂਜਰਾਂ ਦੇ ਬੋਲ ਕੰਨਾਂ ਵਿੱਚ ਮਿੱਠਾ-ਮਿੱਠਾ ਰਸ ਘੋਲਦੇ ਹਨ, ਤਾਂ ਜਿਵੇਂ ਤੀਆਂ ਦੀ ਆਮਦ ਦਾ ਸੁਨੇਹਾ ਮਿਲ ਜਾਂਦਾ ਹੈ। ਇਸ ਮਹੀਨੇ ਬਾਰਿਸ਼ਾਂ ਹੋਣ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਜਾਂਦਾ ਹੈ ਤੇ ਬਾਰਿਸ਼ ਵਿਚ ਨਹਾ ਕੇ ਰੁੱਖ-ਬੂਟੇ ਵੀ ਟਹਿਕਣ ਲੱਗ ਪੈਂਦੇ ਹਨ। ਅਜਿਹੇ ਵਿਚ ਆਪਣੇ ਪੇਕੇ ਘਰ ਆਈਆਂ ਨਵ-ਵਿਆਹੀਆਂ ਲੜਕੀਆਂ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਇਸ ਮਹੀਨੇ ਦਾ ਅਨੰਦ ਮਾਣਦੀਆਂ ਹਨ ਤੇ ਪਿੰਡ ਦੀ ਕਿਸੇ ਸਾਂਝੀ ਜਗ੍ਹਾ ਖੂਹ, ਨਹਿਰ ਆਦਿ ਦੇ ਕੰਢੇ ਲੱਗੇ ਦਰੱਖਤਾਂ ਨਾਲ ਰੱਸੇ ਦੀ ਸਹਾਇਤਾ ਨਾਲ ਪੀਂਘ ਪਾ ਕੇ ਪੀਘਾਂ ਝੂਟਦੀਆਂ ਹੋਈਆਂ ਅਸਮਾਨ ਨੂੰ ਹੱਥ ਲਗਾਉਣ ਦੀ ਚਾਹਤ ਰੱਖਦੀਆਂ ਹਨ ਅਤੇ ਰਲ-ਮਿਲ ਕੇ ਗਿੱਧਾ-ਕਿੱਕਲੀ ਪਾਉਂਦੀਆਂ ਹਨ। ਸਾਉਣ ਮਹੀਨੇ ਵਿਚ ਧੀਆਂ-ਧਿਆਣੀਆਂ ਨੂੰ ਵੰਗਾ ਚੜ੍ਹਵਾ ਕੇ ਦੇਣਾ ਵੀ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ । ਤੀਆਂ ਤੋਂ ਕੁਝ ਦਿਨ ਪਹਿਲਾਂ ਹੀ ਸੱਜ-ਵਿਆਹੀਆਂ ਮੁਟਿਆਰਾਂ ਆਪਣੇ ਦਿਲਾਂ ਅੰਦਰ ਸੱਧਰਾਂ ਤੇ ਚਾਅ ਸਾਂਭ ਕੇ ਆਪਣੇ ਸਹੁਰੇ ਘਰਾਂ ਤੋਂ ਪੇਕਿਆਂ ਨੂੰ ਕੂਚ ਕਰਨ ਲੱਗ ਪੈਂਦੀਆਂ ਹਨ। ਬਾਬਲ ਦੇ ਵਿਹੜੇ ਵਿੱਚ ਪੈਰ ਪਾਉਣ ਦਾ ਚਾਅ ਜਿਵੇਂ ਡੁੱਲ੍ਹ-ਡੁੱਲ੍ਹ ਪੈਂਦਾ ਹੋਵੇ। ਕੋਈ ਮੁਟਿਆਰ ਆਪਣੇ ਕੰਤ ਨੂੰ ਸਾਉਣ ਮਹੀਨਾ ਆਉਣ ਸਾਰ ਹੀ ਤਰਲਾ ਕਰ ਉੱਠਦੀ ਹੈ-
ਵੇ ਤੀਆਂ ਦਾ ਮਹੀਨਾ ਢੋਲਣਾ,
ਪੇਕੀਂ ਘੱਲ ਦੇ ਸਵੇਰ ਵਾਲੀ ਲਾਰੀ।
ਤੇ ਜੇ ਕੋਈ ਮਨਚਲਾ ਗੱਭਰੂ ਸਾਉਣ ਮਹੀਨੇ ਵਿੱਚ ਭੁੱਲ-ਭੁਲੇਖੇ ਆਪਣੀ ਲਾੜੀ ਨੂੰ ਲੈਣ ਲਈ ਸਹੁਰੇ ਘਰ ਜਾ ਬਹਿੰਦਾ ਤਾਂ ਉਸ ਨੂੰ ਉਸ ਦੇ ਇਹ ਬੋਲ ਸੁਣ ਕੇ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ-
ਸਾਉਣ ਦਾ ਮਹੀਨਾ
ਬਾਗ਼ਾਂ ਵਿੱਚ ਬੋਲਣ ਮੋਰ ਵੇ,
ਜਾਹ ਮੈਂ ਨਹੀਂ ਸਹੁਰੇ ਜਾਣਾ,
ਗੱਡੀ ਨੂੰ ਖ਼ਾਲੀ ਮੋੜ ਵੇ।
ਤੀਆਂ ਤੋਂ ਕੁਝ ਦਿਨ ਪਹਿਲਾਂ ਸੱਜ-ਵਿਆਹੀਆਂ ਕੁੜੀਆਂ ਨੂੰ ਉਨ੍ਹਾਂ ਦੇ ਵੀਰ ਸਹੁਰੇ ਘਰਾਂ ਤੋਂ ਲੈਣ ਜਾਂਦੇ ਹਨ। ਆਪਣੇ ਵੀਰਾਂ ਦੀ ਉਡੀਕ ਉਨ੍ਹਾਂ ਦੇ ਮਨਾਂ ਵਿੱਚ ਖੌਰੂ ਪਾਉਣ ਲੱਗ ਪੈਂਦੀ ਹੈ। ਉਹ ਕੋਠੇ ਤੋਂ ਕਾਵਾਂ ਨੂੰ ਉਡਾਉਂਦੀਆਂ ਹਨ ਤੇ ਔਂਸੀਆਂ ਪਾਉਂਦੀਆਂ ਹਨ ਤੇ ਅਖੀਰ ਇੰਤਜ਼ਾਰ ਦੀਆਂ ਘੜੀਆਂ ਉਦੋਂ ਖ਼ਤਮ ਹੋ ਜਾਂਦੀਆਂ ਹਨ, ਜਦੋਂ ਵੀਰ ਉਸ ਨੂੰ ਨਜ਼ਰੀਂ ਪੈ ਜਾਂਦਾ ਹੈ। ਖ਼ੁਸ਼ੀ ਵਿੱਚ ਨੱਚਦੀ ਹੋਈ ਉਹ ਸਹੇਲੀਆਂ ਨੂੰ ਦੱਸਦੀ ਹੈ-
ਹੱਥ ਛਤਰੀ ਰੁਮਾਲ ਪੱਲੇ ਸੇਵੀਆਂ,
ਨੀਂ ਉਹ ਮੇਰਾ ਵੀਰ ਕੁੜੀਓ।
ਤੇ ਜੇ ਕਿਸੇ ਬਦਨਸੀਬ ਭੈਣ ਦਾ ਵੀਰ ਤੀਆਂ ‘ਤੇ ਆਪਣੀ ਭੈਣ ਨੂੰ ਲੈਣ ਨਹੀਂ ਆਉਂਦਾ, ਤਾਂ ਉਸ ਵਿਚਾਰੀ ਨੂੰ ਕੌੜੇ ਸੁਭਾਅ ਵਾਲੀ ਸੱਸ ਦੇ ਤਾਹਨੇ-ਮੇਹਣੇ ਵੀ ਸੁਣਨੇ ਪੈਂਦੇ ਹਨ-
ਤੈਨੂੰ ਤੀਆਂ ‘ਤੇ ਲੈਣ ਨਾ ਆਏ,
ਨੀਂ ਬਹੁਤਿਆਂ ਭਰਾਵਾਂ ਵਾਲੀਏ।
ਕਿਸੇ ਮਜਬੂਰੀ ਕਾਰਨ ਜੋ ਸੱਜ-ਵਿਆਹੀਆਂ ਕੁੜੀਆਂ ਪੇਕੇ ਘਰ ਨਹੀਂ ਜਾ ਸਕਦੀਆਂ, ਉਨ੍ਹਾਂ ਨੂੰ ਮਾਂ-ਪਿਓ ਸੰਧਾਰਾ ਭੇਜਦੇ ਹਨ।
ਇਸ ਸੰਧਾਰੇ ਵਿੱਚ ਕੁੜੀ ਲਈ ਮਠਿਆਈ, ਸੂਟ, ਮੱਠੀਆਂ, ਰਿਓੜੀਆਂ, ਚੂੜੀਆਂ, ਗੁਲਗੁਲੇ, ਮਹਿੰਦੀ, ਰੇਸ਼ਮੀ ਪਰਾਂਦਾ, ਵੰਗਾਂ ਆਦਿ ਹੁੰਦੇ ਹਨ। ਕਈ ਲੋਕ ਸੰਧਾਰੇ ਵਿੱਚ ਸੋਨੇ ਦੇ ਗਹਿਣੇ ਵੀ ਬਣਵਾ ਕੇ ਭੇਜਦੇ ਹਨ।
ਆਇਆ ਸਾਉਣ ਮਹੀਨਾ ਕੁੜੀਓ,
ਲੈ ਕੇ ਠੰਢੀਆਂ ਹਵਾਵਾਂ,
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ,
ਮਾਰ ਅੱਡੀ ਛਣਕਾਵਾਂ,
ਖੱਟਾ ਡੋਰੀਆ ਉੱਡ-ਉੱਡ ਜਾਂਦਾ,
ਜਦ ਮੈਂ ਪੀਂਘ ਚੜ੍ਹਾਵਾਂ,
ਸਾਉਣ ਦਿਆ ਬੱਦਲਾ ਵੇ,
ਮੈਂ ਤੇਰਾ ਜੱਸ ਗਾਵਾਂ।
ਤੀਆਂ ਦੀ ਖਿੱਚ ਦਾ ਸਭ ਤੋਂ ਮਹੱਤਵਪੂਰਨ ਅੰਗ ਗਿੱਧਾ ਤੇ ਪੀਂਘ ਝੂਟਣਾ ਹੈ। ਗਿੱਧੇ ਵਿੱਚ ਨੱਚਦੀਆਂ ਮੁਟਿਆਰਾਂ ਦੇ ਬੋਲ ਵਿੱਚ ਜਿਵੇਂ ਜਵਾਨੀਆਂ ਦਾ ਹੜ੍ਹ ਆ ਗਿਆ ਹੋਵੇ। ਪਿੰਡ ਤੋਂ ਬਾਹਰ ਕਿਸੇ ਖੁੱਲ੍ਹੀ ਜਗ੍ਹਾ ‘ਤੇ ਉਹ ਨੱਚਦੀਆਂ, ਟੱਪਦੀਆਂ, ਹੱਸਦੀਆਂ, ਖੇਡਦੀਆਂ ਆਪਣੇ ਹੁਸਨ ਦੀ ਸੁਗੰਧੀ ਖਿੰਡਾਉਂਦੀਆਂ ਹਨ।
ਪਰ ਅਜੋਕੇ ਸਮੇਂ ਵਿਚ ਪੰਜਾਬੀ ਸੱਭਿਆਚਾਰ ‘ਤੇ ਪੱਛਮੀ ਸੱਭਿਅਤਾ ਦੇ ਪਏ ਪ੍ਰਭਾਵ ਅਤੇ ਸਮੇਂ ਦੀ ਬਦਲਦੀ ਚਾਲ ਕਾਰਨ ਤੀਆਂ ਦਾ ਤਿਉਹਾਰ ਅਲੋਪ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ। ਲੜਕੀਆਂ ਦੀ ਜਨਮ ਦਰ ਮੁੰਡਿਆਂ ਦੇ ਮੁਕਾਬਲੇ ਘੱਟ ਹੈ। ਅਗਰ ਧੀਆਂ ਹੀ ਨਹੀਂ ਹੋਣਗੀਆਂ ਤਾ ਫਿਰ ਕਾਹਦੀਆਂ ਤੀਆਂ। ਤੀਆਂ ਦੀ ਸ਼ਾਨ ਧੀਆਂ ਨਾਲ ਹੀ ਹੁੰਦੀ ਹੈ ਪਰ ਹੁਣ ਪਿੰਡਾਂ ਵਿਚ ਪਹਿਲਾਂ ਦੀ ਤਰ੍ਹਾਂ ਤੀਆਂ ਮੌਕੇ ਨਾ ਤਾਂ ਲੜਕੀਆਂ ਪੀਘਾਂ ਝੂਟਦੀਆਂ ਹਨ ਤੇ ਨਾ ਹੀ ਇਕੱਠੀਆਂ ਹੋ ਕੇ ਗਿੱਧਾ-ਕਿੱਕਲੀ ਪਾਉਂਦੀਆਂ ਹਨ। ਹੁਣ ਤਾਂ ਸਾਉਣ ਮਹੀਨੇ ਵਿਚ ਰੁੱਖਾਂ ਦੇ ਟਾਹਣੇ ਵੀ ਪੀਘਾਂ ਵਾਲੀਆਂ ਰੱਸੀਆਂ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਹਨ ਪਰ ਸਮੇਂ ਦੀ ਬਦਲਦੀ ਚਾਲ ਅੱਗੇ ਪੀਘਾਂ ਝੂਟਣ ਦਾ ਰਿਵਾਜ਼ ਹੁਣ ਗਾਇਬ ਹੋ ਰਿਹਾ ਹੈ ਅ਼ਤੇ ਅਜੋਕੇ ਦੌਰ ਵਿੱਚ ਤੀਆਂ ਦੇ ਤਿਓਹਾਰ ਦੀ ਪਹਿਲਾਂ ਵਾਲੀ ਰੌਣਕ ਘਟਦੀ ਜਾ ਰਹੀ ਹੈ। ਸਾਉਣ ਮਹੀਨੇ ਵਿਚ ਪੀਘਾਂ ਝੂਟਣ ਅਤੇ ਗਿੱਧਾ ਆਦਿ ਪਾਉਣ ਦੀ ਖਤਮ ਹੋ ਰਹੀ ਰੀਤ ਨੂੰ ਬਚਾਉਣਾ ਸਮੇਂ ਦੀ ਮੰਗ ਹੈ ਅਤੇ ਲੋੜ ਹੈ ਸਾਡੇ ਸਦੀਆਂ ਤੋਂ ਮਨਾਏ ਜਾ ਰਹੇ ਇਸ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਖ਼ੁਸ਼ੀਆਂ-ਖੇੜਿਆਂ ਭਰੇ ਤਿਓਹਾਰ ਨੂੰ ਜੀਵਤ ਰੱਖਣ ਦੀ। ਅੰਤ ਵਿੱਚ ਇਹੀ ਕਹਾਂਗਾ ਕਿ ਸਮਾਜਿਕ ਸੰਸਥਾਵਾਂ ਅਤੇ ਵਰਤਮਾਨ ਪੀੜ੍ਹੀ ਨੂੰ ਅੱਗੇ ਆਉਂਦੇ ਹੋਏ ਪਿੰਡ-ਪਿੰਡ ਤੀਆਂ ਦੇ ਮੇਲੇ ਲਗਾਉਣ ਅਤੇ ਧੀਆਂ-ਧਿਆਣੀਆਂ ਨੂੰ ਇਨ੍ਹਾਂ ਮੇਲਿਆਂ ਵਿਚ ਭਾਗ ਲੈਣ ਦਾ ਮੌਕਾ ਦੇਣ ਦੀ ਲੋੜ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਦਾ ਇਹ ਅਨਮੋਲ ਅੰਗ ਗਾਇਬ ਨਾ ਹੋ ਸਕੇ।

ਵਿਜੈ ਗੁਪਤਾ, ਸ. ਸ. ਅਧਿਆਪਕ
ਸ.ਹ.ਸ. ਚੁਵਾੜਿਆਂ ਵਾਲੀ
977 990 3800
ਸ੍ਰੋਤ – ਇੰਟਰਨੈੱਟ

Share Button

Leave a Reply

Your email address will not be published. Required fields are marked *