ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਬਿਜਲੀ ਮਹਿਕਮਾ ਗਊ-ਟੈਕਸ ਵਸੂਲਣਾ ਬੰਦ ਕਰੇ – ਬੀਰ ਦਵਿੰਦਰ ਸਿੰਘ

ਬਿਜਲੀ ਮਹਿਕਮਾ ਗਊ-ਟੈਕਸ ਵਸੂਲਣਾ ਬੰਦ ਕਰੇ – ਬੀਰ ਦਵਿੰਦਰ ਸਿੰਘ

ਪਟਿਆਲਾ, 19 ਸਤੰਬਰ: ਪੰਜਾਬ ਵਿੱਚ ਸੜਕਾਂ ਤੇ ਘੁੰਮਦੀਆਂ ਅਵਾਰਾ ਗਊਆਂ ਦੀ ਸਮੱਸਿਆ ਬੇਹੱਦ ਗੰਭੀਰ ਸ਼ਕਲ ਇਖ਼ਤਿਆਰ ਕਰ ਗਈ ਹੈ। ਅਵਾਰਾ ਗਊਆਂ ਅਤੇ ਸਾਨ੍ਹਾਂ ਕਾਰਨ ਸੜਕਾਂ ਤੇ ਵਾਪਰਨ ਵਾਲੇ ਨਿੱਤ-ਦਿਨ ਹਾਦਸਿਆਂ ਵਿੱਚ ਬੇਸ਼ਕੀਮਤੀ ਜਾਨਾਂ ਜਾ ਰਹੀਆ ਹਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ । ਪੰਜਾਬ ਸਰਕਾਰ, ਗੈਰ ਕਾਨੂੰਨੀ ਢੰਗ ਰਾਹੀਂ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਰਾਹੀਂ, ਘਰੇਲੂ ਬਿਜਲੀ ਦੇ ਖਪਤਕਾਰਾਂ ਪਾਸੋਂ, ਜਬਰੀ ਗਊ-ਟੈਕਸ ਵਸੂਲ ਰਹੀ ਹੈ, ਜਦ ਕਿ ਅਵਾਰਾ ਗਊਆਂ ਅਤੇ ਸਾਨ੍ਹਾਂ ਦੀ ਦੇਖ ਭਾਲ ਦਾ ਕੰਮ ਨਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਨਾ ਹੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਕਰ ਰਿਹਾ ਹੈ। ਬਿਜਲੀ ਖਪਤਕਾਰਾਂ ਤੇ ਗਊ-ਟੈਕਸ ਲਾਉਂਣਾ ਜਿੱਥੇ ਗੈਰ ਕਾਨੂੰਨੀ ਹੇ ਉੱਥੇ ਹੀ ਸਿੱਖ ਧਰਮ ਦੀਆਂ ਧਾਰਮਿਕ ਰਵਾਇਤਾਂ ਦੇ ਵੀ ਵਿਰੁੱਧ ਹੈ, ਜਿਸ ਨੂੰ ਕਿ ਤੁਰੰਤ ਬੰਦ ਕਰਨਾ ਚਾਹੀਦਾ ਹੈ।

ਉਪਰੋਕਤ ਬਿਆਨਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜੋ ਲੋਕ ਆਪਣੇ ਧਾਰਮਿਕ ਵਿਸ਼ਵਾਸ਼ਾਂ ਅਨੁਸਾਰ ਗਊ ਪੂਜਕ ਹਨ ਅਤੇ ਗਊਆਂ ਨੂੰ ਗਊ-ਮਾਤਾ ਆਖਕੇ ਉਨ੍ਹਾਂ ਦੀ ਪੂਜਾ ਕਰਦੇ ਹਨ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ, ਕਿ ਉਹ ਅਵਾਰਾ ਗਊਆਂ ਅਤੇ ਸਾਨ੍ਹਾਂ (ਗਊ ਦੇ ਜਾਇਆਂ) ਦੇ ਰੱਖ-ਰਖਾਓ ਲਈ ਗਊ ਸ਼ਾਲਾਵਾਂ ਦਾ ਵਿਸਥਾਰ ਕਰਕੇ, ਸਹੀ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਇਹ ਕੇਹੀ ਵਿਡੰਬਣਾ ਹੈ ਕਿ ਪੰਜਾਬ ਵਿੱਚ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਨੇ, ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਅਵਾਰਾ ਕੁੱਤੇ ਮਾਸੂਮ ਬੱਚਿਆਂ ਨੂੰ ਲੋਚ ਖਾਂਦੇ ਹਨ, ਅਵਾਰਾ ਪਸੂ ਜਿੱਥੇ ਸੜਕਾਂ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕਰਦੇ ਹਨ।

ਬੀਰ ਦਵਿੰਦਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੋਹਵਾਂ ਹੀ ਮਾਮਲਿਆ ਵਿੱਚ ਬੇਵੱਸ ਨਜ਼ਰ ਆ ਰਹੀ ਹੈ ਅਤੇ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਅਵਾਰਾ ਕੁੱਤਿਆਂ ਦੇ ਖਤਰਿਆਂ ਸਬੰਧੀ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤ੍ਰ ਦੀ ਡਿਊਟੀ ਲਗਾਈ ਸੀ ਕਿ ਉਹ ਇਸ ਮਾਮਲੇ ਦੀ ਨਜ਼ਰਸਾਨੀ ਕਰਨਗੇ ਪਰ ਮਹੀਨੇ ਗੁਜ਼ਰ ਜਾਣ ਤੋਂ ਬਾਦ ਵੀ ਪਤਾ ਨਹੀਂ ਲੱਗਾ ਕਿ ਮੁੱਖ ਸਕੱਤਰ ਨੇ ਇਸ ਮਾਮਲੇ ਵਿੱਚ ਕੀ ਕਾਰਗਰ ਕਦਮ ਉਠਾਏ ਹਨ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦ ਸਮੱਸਿਆ ਅਤੇ ਉਸਤੋਂ ਉਤਪੰਨ ਖਤਰਿਆਂ ਤੇ ਕਾਬੂ ਪਾਉਂਣ ਲਈ ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਦੀ ਕਮੇਟੀ ਬਣਾਈ ਸੀ, ਉਸ ਕਮੇਟੀ ਦੇ ਕਾਰਜ ਦੀ ਵੀ ਕੋਈ ਉੱਘ-ਸੁੱਘ ਨਹੀਂ ਲੱਗੀ। ਇਨ੍ਹਾਂ ਮਾਮਲਿਆਂ ਵਿੱਚ ਪੰਜਾਬ ਸਰਕਾਰ ਕੇਵਲ ਡੰਗ-ਟਪਾਊ ਨੀਤੀ ਦਾ ਹੀ ਸਹਾਰਾ ਲੈ ਰਹੀ ਜਦੋਂ ਕਿ ਸਮੱਸਿਆਵਾਂ ਲਗਾਤਾਰ ਗੰਭੀਰ ਸ਼ਕਲ ਇਫ਼ਤਿਆਰ ਕਰਦੀਆਂ ਜਾ ਰਹੀਆਂ ਹਨ।

ਬੀਰ ਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ, ਘਰੇਲੂ ਬਿਜਲੀ ਦੇ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲਣਾਂ ਤੁਰੰਤ ਬੰਦ ਕਰੇ ਅਜੇਹਾ ਨਾ ਕਰਨ ਦੀ ਸੂਰਤ ਵਿੱਚ ਅਸੀਂ ਲੋਕਾਂ ਨੂੰ ਇਹ ਸੱਦਾ ਦੇਣ ਲਈ ਮਜਬੂਰ ਹੋਵਾਂਗੇ ਕਿ ਸਾਰੇ ਅਵਾਰਾ ਪਸ਼ੂ ਇਕੱਠੇ ਕਰਕੇ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਪਟਿਆਲਾ ਅਤੇ ਪੰਜਾਬ ਵਿੱਚ ਹੋਰ ਅਜਿਹੇ ਦਫ਼ਤਰਾਂ ਵਿੱਚ ਛੱਡ ਦਿੱਤੇ ਜਾਣਗੇ, ਜਿੱਥੇ ਉਨ੍ਹਾਂ ਦੇ ਚਾਰੇ ਆਦੀ ਦਾ ਪ੍ਰਬੰਧ ਕਰਨਾ, ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੀ ਜਿੰਮੇਵਾਰੀ ਹੋਵੇਗੀ ਜੋ ਬਿਜਲੀ ਖਪਤਕਾਰਾਂ ਪਾਸੋਂ ਜਬਰੀ ਗਊ-ਟੈਕਸ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਫੇਰ ਵੀ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਦਾ ਕੋਈ ਯੋਗ ਸਮਾਧਾਨ ਨਾ ਹੋਇਆ ਤਾਂ ਫੇਰ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਇੱਕ ਖਾਸ ਤਰੀਕ ਮਕੱਰਰ ਕਰਕੇ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਨਿਵਾਸ ਅਸਥਾਨ, ਮੋਤੀ ਬਾਗ ਪਟਿਆਲਾ ਵਿੱਚ ਡੱਕ ਦਿੱਤਾ ਜਾਵੇਗਾ ਕਿਉਂਕਿ ਮੋਤੀ ਬਾਗ ਤੋਂ ਖੁੱਲ੍ਹੀ-ਡੁੱਲ੍ਹੀ ਹੋਰ ਕੋਈ ਜਗ੍ਹਾ ਪਟਿਆਲੇ ਵਿੱਚ ਨਹੀਂ ਹੈ, ਜਿੱਥੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਬੰਦੋਬਸਤ ਸਹੀ ਢੰਗ ਨਾਲ ਕੀਤਾ ਜਾ ਸਕੇ।

Leave a Reply

Your email address will not be published. Required fields are marked *

%d bloggers like this: