Sun. Sep 22nd, 2019

‘ਬਿਜਲੀ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ’ ਗੁੱਟ ਬੰਦੀਆਂ ਛੱਡ ਇੱਕਠੇ ਹੋਣ ਦੀ ਲੋੜ.. ..

‘ਬਿਜਲੀ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ’ ਗੁੱਟ ਬੰਦੀਆਂ ਛੱਡ ਇੱਕਠੇ ਹੋਣ ਦੀ ਲੋੜ.. ..

ਕੁਦਰਤ ਦੀ ਇਸ ਧਰਤੀ ਤੇ ਰਹਿਣ ਵਾਲਾ ਮਨੁੱਖ ਮੁੱਢ ਕਦੀਮੋਂ ਹੀ ਸਮੂਹਾਂ ਵਿੱਚ ਰਹਿੰਦਾ ਆ ਰਿਹਾ ਹੈ ਕਿਉਕਿ ਪੁਰਾਤਨ ਸਮੇਂ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਜਿਸ ਕਰਕੇ ਕੁਦਰਤੀ ਆਫਤਾ ਤੇ ਜੰਗਲੀ ਜੀਵਾ ਦਾ ਸਾਹਮਣਾ ਕਰਨ ਲਈ ਮਨੁੱਖ ਦੀ ਮਨੋ ਪ੍ਰਵਰਤੀ ਦੀ ਉਪਜ ਕਾਰਨ ਸਮੂਹਾ ਵਿੱਚ ਰਹਿ ਕੇ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਸੋਖਾ ਤੇ ਤਾਕਤ ਦੀ ਵਰਤੋਂ ਵੀ ਘੱਟ ਹੁੰਦੀ ਹੈ।
ਠੀਕ ਇਸੇ ਤਰਜ਼ ਤੇ ਸਾਡੀਆਂ ਅੱਜ ਦੀਆਂ ਬਿਜਲੀ ਕਾਰਪੋਰੇਸ਼ਨਾਂ ਤੇ ਪਹਿਲਾ ਵਾਲੇ ਪੰ:ਰਾ:ਬਿ:ਬੋ: ਅੰਦਰ ਮੁਲਾਜ਼ਮਾਂ ਦੇ ਕੰਮਾ-ਕਾਰਾ ਤੇ ਮੰਗਾ-ਮੁਸਕਲਾਂ ਨੂੰ ਨੇਪੜੇ ਚਾੜਨ ਲਈ ਲੋਕ ਇੱਕਠੇ ਹੋਏ। ਕਿਉਕਿ ਜਿੱਥੇ ਇੱਕ ਤੋਂ ਵੱਧ ਆਦਮੀ ਕੰਮ ਕਰਨਗੇ ਸੁਭਾਵਿਕ ਤੌਰ ਤੇ ਉੱਥੇ ਮੈਨੇਜਮੈਂਟਾਂ ਤੇ ਹੋਰ ਅਮਲੇ ਦਾ ਵੀ ਵਿਸਥਾਰ ਕੀਤਾ ਜਾਵੇਗਾ ਫਿਰ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਮੰਗਾ-ਮੁਸਕਲਾਂ ਵੀ ਵਧਣਗੀਆਂ ਇਸੇ ਵਿੱਚੋ ਸਾਡੇ ਪਹਿਲਾਂ ਵਾਲੇ ਬਿਜਲੀ ਬੋਰਡ ਤੇ ਅੱਜ ਦੀਆਂ ਬਿਜਲੀ ਕਾਰਪੋਰੇਸ਼ਨਾ ਵਿੱਚ ਮੁਲਾਜ਼ਮ ਜੱਥੇਬੰਦੀਆਂ ਨੇ ਜਨਮ ਲਿਆ।
ਪਰੰਤੂ ਅੱਜ ਦੀਆਂ ਮੁਲਾਜ਼ਮ ਜੱਥੇਬੰਦੀਆਂ ਦੀ ਸ਼ਕਤੀ ਨੂੰ ਖੋਰਾ ਲਾਉਣ ਲਈ ਸਿਆਸੀ ਪਾਰਟੀਆਂ ਨੇ ਆਪਣੇ ਪ੍ਰਭਾਵ ਹੇਠ ਜੱਥੇਬੰਦੀਆਂ ਦੀ ਮੁੱਖ ਲੀਡਰਸ਼ਿਪ ਨੂੰ ਲਾਰਿਆ ਦੇ ਖਿਡਾਉਣੇ ਫੜਾਏ ਹਨ ਜਿਸ ਕਾਰਨ ਸਾਡੀਆਂ ਜੱਥੇਬੰਦੀਆਂ ਥੱਲੇ ਆਪਸੀ ਧੱੜੇਬੰਦੀਆਂ ਦਾ ਸ਼ਿਕਾਰ ਹੋ ਕੇ ਵੱਖੋ-ਵੱਖਰੇ ਵਿੰਗ ਬਣਾ ਕੇ ਖਿੰਡੀਆ ਹੋਈਆ ਹਨ ਜੋ ਮੁਲਾਜ਼ਮਾਂ ਦੇ ਹਿੱਤ ਵਿੱਚ ਨਹੀ ਹੈ ਸਿਆਸੀ ਪਾਰਟੀਆ ਦੇ ਆਗੂ ਇਹ ਸੋਚਦੇ ਹਨ ਕਿ ਮੁਲਾਜ਼ਮ ਭਾਵੇ ਢੱਠੇ ਖੂਹ ਵਿੱਚ ਜਾਏ ਆਪਣਾ ਸਿਆਸੀ ਵਿੰਗ ਕਾਇਮ ਹੋ ਗਿਆ ਹੈ ਜਿਸ ਨਾਲ ਉਹਨਾਂ ਮਹਿਕਮਿਆ ਦੇ ਮੁਲਾਜ਼ਮਾਂ ਵਿੱਚ ਵਿੰਗ ਬਨਣ ਨਾਲ ਪਾੜੇ ਪੈ-ਕੇ ਦੂਰੀਆਂ ਵਧ ਗਈਆ ਤੇ ਜੱਥੇਬੰਦੀਆਂ ਸ਼ਕਤੀਹੀਣ ਹੁੰਦੀਆਂ ਜਾ ਰਹੀਆ ਹਨ ਨਤੀਜ਼ਾ ਇਹ ਨਿੱਕਲਦਾ ਹੈ ਕਿ ਸਿਆਸੀ ਲੋਕ ਮੁਲਾਜ਼ਮ ਜੱਥੇਬੰਦੀਆਂ ਨੂੰ ਜਿੱਧਰ ਚਾਹੁੰਣ ਮੋੜਾ ਦੇ ਸਕਦੇ ਹਨ।
ਮੁਲਾਜ਼ਮ ਜੱਥੇਬੰਦੀਆਂ ਖਿੰਡਣ ਕਾਰਨ ਉਹਨਾਂ ਦੇ ਆਗੂ ਮਨ-ਮਰਜੀ ਕਰਦੇ ਹਨ ਕਿਸੇ ਮਗਰ 5 ਬੰਦੇ ਹਨ ਕਿਸੇ ਮਗਰ 50 ਤੇ ਕਿਸੇ ਮਗਰ 500 ਸਭ ਆਪੋ ਆਪਣੇ ਰਾਗ ਅਲਾਪਣ ਵਿੱਚ ਮਸਤ ਹਨ ਕਿਸੇ ਨੂੰ ਇਹ ਕੋਈ ਪ੍ਰਵਾਹ ਨਹੀ ਹੈ ਕਿ ਸਾਡੇ ਮਗਰ ਕਿੰਨੇ ਬੰਦੇ ਹਨ ਬਸ ਪਾਰਟੀਆਂ ਦੀ ਮਨਸ਼ਾ ਹੀ ਪੂਰੀ ਕੀਤੀ ਜਾ ਰਹੀ ਹੈ ਕਿ ਫਲਾ ਮਹਿਕਮੇ ਵਿੱਚ ਵੀ ਆਪਣਾ ਵਿੰਗ ਕੰਮ ਕਰ ਰਿਹਾ ਹੈ ਤੇ ਨਾਲ ਸੋਚਦੇ ਹਨ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਵੀ ਉਸ ਮਹਿਕਮੇ ਵਿੱਚ ਚਲੀ ਗਈ ਹੈ ਹਾਲਾ ਕਿ ਸਭ ਤੋਂ ਵੱਡੀ ਵਿਚਾਰਧਾਰਾ ਏਕੇ ਦੀ ਹੁੰਦੀ ਹੈ ਜਿਸ ਨੂੰ ਸਾਡੇ ਵੱਡੇ ਲੀਡਰਾ ਨੇ ਸਿਆਸੀ ਲੋਕਾਂ ਨਾਲ ਰਲ ਕੇ ਲੱਗਭਗ ਖਤਮ ਹੀ ਕਰ ਦਿੱਤਾ ਹੈ ਜਿਸ ਘਰ ਵਿੱਚ ਏਕਾ ਨਾ ਹੋਵੇ ਉਹ ਘਰ ਲੰਬਾ ਸਮਾਂ ਚੱਲ ਨਹੀ ਸਕਦਾ ਠੀਕ ਇਸੇ ਤਰਾਂ ਜਿਸ ਮਹਿਕਮੇ ਦੇ ਮੁਲਾਜ਼ਮਾਂ ਅੰਦਰ ਏਕਾ ਨਾ ਹੋਵੇ ਹਰ ਕੋਈ ਆਪਣੀ ‘ਢਾਈ ਪਾ ਖਿਚੜੀ’ ਪਕਾ ਰਿਹਾ ਹੋਵੇ ਉਸ ਮਹਿਕਮੇ ਦੇ ਮੁਲਾਜ਼ਮਾਂ ਨੂੰ ਕੁਝ ਪ੍ਰਾਪਤੀ ਦੀ ਕੋਈ ਆਸ ਨਹੀ ਰੱਖਣੀ ਚਾਹੀਦੀ।
ਸਿਆਣਿਆ ਦੀ ਕਹਾਵਤ ਅਨੁਸਾਰ ਮੁਲਾਜ਼ਮ ਏਕਤਾ ਖਰਬੂਜੇ ਵਰਗੀ ਹੋਣੀ ਚਾਹੀਦੀ ਹੈ ਨਾ ਕਿ ਸੰਤਰੇ ਵਰਗੀ ਜੇਕਰ ਕਹਿਣ ਨੂੰ ਕੁਝ ਮੁਲਾਜ਼ਮ ਜੱਥੇਬੰਦੀਆਂ ਸਾਂਝੇ ਫਰੰਟ ਬਣਾ ਕੇ ਕਈ ਮਹਿਕਮਿਆ ਵਿੱਚ ਕੰਮ ਕਰ ਰਹੀਆਂ ਹਨ ਪਰੰਤੂ ਉਹਨਾਂ ਦੀ ਏਕਤਾ ਸੰਤਰੇ ਦੀ ਨਿਆਈ ਹੈ ਉੱਤੋ-ਉੱਤੋ ਤਾਂ ਸਾਰੇ ਖਰਬੂਜੇ ਦੀ ਤਰਾਂ ਇੱਕਠੇ ਦਿਸਦੇ ਹਨ ਪਰੰਤੂ ਅੰਦਰੋ ਬਿਲਕੁਲ ਸੰਤਰੇ ਦੀ ਤਰਾਂ ਫਾੜੀਆਂ ਹਨ ਜੋ ਕਿ ਅਜਿਹਾ ਕਲਚਰ ਮੁਲਾਜ਼ਮ ਮਾਰੂ ਹੋ ਨਿੱਬੜਦਾ ਹੈ।
ਮੁਲਾਜ਼ਮ ਏਕਤਾ ਜੇਕਰ ਹੋਵੇ ਤਾਂ ਖਰਬੂਜੇ ਦੀ ਨਿਆਈ ਹੋਣੀ ਚਾਹੀਦੀ ਹੈ ਬਾਹਰੋ ਦੇਖਣ ਨੂੰ ਇਹ ਲੱਗੇ ਕਿ ਲੱਗਦਾ ਹੈ ਇਹ ਖਰਬੂਜੇ ਦੀਆਂ ਧਾਰੀਆ ਵਾਗ ਅੱਡੋ-ਅੱਡ ਹਨ ਪਰੰਤੂ ਜਦ ਕੋਈ ਅੰਦਰੋ ਦੇਖੇ ਤਾਂ ਬਿਲਕੁਲ ਇੱਕ ਜਿੰਦ ਜਾਨ ਇੱਕਠੇ ਹਨ। ਜੇਕਰ ਅਜਿਹਾ ਹੋਵੇਗਾ ਤਾ ਹੀ ਮੁਲਾਜ਼ਮ ਵਰਗ ਲਈ ਕੁਝ ਹਾਸਲ ਕੀਤਾ ਜਾ ਸਕਦਾ ਹੈ।
ਅਜਿਹਾ ਇੱਕਲਾ ਬਿਜਲੀ ਕਾਰਪੋਰੇਸ਼ਨਾ ਅੰਦਰ ਹੀ ਨਹੀ ਹੋ ਰਿਹਾ ਮਜ਼ਦੂਰ ਜੱਥੇਬੰਦੀਆਂ, ਕਿਸਾਨ ਜੱਥੇਬੰਦੀਆ, ਰੋਡਵੇਜ ਜੱਥੇਬੰਦੀਆ ਜਾ ਹੋਰ ਬਾਕੀ ਐਸੋਸੀਏਸ਼ਨਾਂ ਅੰਦਰ ਵੀ ਸਿਆਸੀ ਵਿੰਗ ਬਨਣ ਕਾਰਨ ਪਾੜੇ ਪੈ ਚੁੱਕੇ ਹਨ ਮੌਜੂਦਾ ਰਾਜ ਕਰਤਾ ਸਿਆਸੀ ਪਾਰਟੀਆਂ ਅਜਿਹਾ ਚਾਹੁੰਦੀਆਂ ਹਨ ਕਿ ਮੁਲਾਜ਼ਮ, ਮਜ਼ਦੂਰ, ਕਿਸਾਨ ਕਿਤੇ ਇੱਕਠੇ ਨਾ ਹੋ ਜਾਣ ਸਰਕਾਰ ਨੇ ਸਾਰੇ ਸਾਂਝੇ ਫੋਰਮ ਮੁਲਾਜ਼ਮਾਂ ਨੂੰ ਭਟਕਾਉਣ ਲਈ ਪੈਦਾ ਕੀਤੇ ਹਨ।
ਸਾਡੀਆ ਜੱਥੇਬੰਦੀਆ ਲੰਬੇ ਸਮੇਂ ਤੋਂ ਇੱਕ ਨਾਅਰਾ ਬੁਲੰਦ ਕਰਦੀਆ ਆ ਰਹੀਆਂ ਹਨ ਦੁਨੀਆ ਭਰ ਦੇ ਮਿਹਨਤ ਕਸ਼ੋ ਇੱਕ ਹੋ ਜਾਓ ਪਰੰਤੂ ਇਹ ਨਾਅਰਾ ਦੇਣ ਵਾਲੇ ਮੁੱਖ ਲੀਡਰ ਹੀ ਥੱਲੇ ਧੜੇਬੰਦੀਆ ਵਿੱਚ ਮੁਲਾਜ਼ਮ ਵਰਗ ਨੂੰ ਵੰਡੀ ਜਾ ਰਹੇ ਹਨ ਅਸੀ ਗੂੰਗੇ ਬੋਲੇ ਹੋ ਕੇ ਸਭ ਕੁਝ ਸਹੀ ਜਾ ਰਹੇ ਹਾਂ ਇਸ ਕਰਕੇ ਮਜ਼ਦੂਰ, ਮੁਲਾਜ਼ਮ ਜਾ ਕਿਸਾਨ ਵਰਗ ਨੂੰ ਇੱਕਠਿਆਂ ਹੋ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਜੇਕਰ ਅਸੀ ਜਿੱਤ ਦੀ ਪ੍ਰਾਪਤੀ ਕਰਨੀ ਹੈ ਤਾਂ ਏਕਾ ਬਹੁਤ ਜਰੂਰੀ ਹੈ ਤੇ ਮਤਲਬਪ੍ਰਸਤ ਲੀਡਰਾਂ ਤੋਂ ਸਾਨੂੰ ਕਿਨਾਰਾ ਕਰਨਾ ਪਵੇਗਾ। ਸਾਨੂੰ ਆਪਣੇ ਵਿੱਚੋ ਛਾਨਬੀਨ ਕਰਕੇ ਸੂਝਵਾਨ ਲੋਕਾਂ ਨੂੰ ਅੱਗੇ ਲਾ ਕੇ ਆਪਣੇ ਲੀਡਰਾਂ ਦੇ ਰੂਪ ਵਿੱਚ ਤੋਰਨਾ ਪਵੇਗਾ ਪ੍ਰੋਫੈਸ਼ਨਲ ਲੀਡਰਾਂ ਤੋਂ ਜਿੰਨੀ ਜਲਦੀ ਹੋ ਸਕਦਾ ਹੈ ਪਾਸਾ ਵੱਟਿਆ ਜਾਵੇ ਤੇ ਮਨਾਂ ਵਿੱਚੋ ਵੱਡੇ ਪ੍ਰਧਾਨਾ ਪ੍ਰਤੀ ਮੋਹ ਤਿਆਗਣਾ ਪਵੇਗਾ।
ਮਿਤੀ 25-03-2018 ਨੂੰ ਪੰਜਾਬ ਭਰ ਦੇ ਅਧਿਆਪਕਾ ਨੇ ਇੱਕ ਮੰਚ ਤੇ ਇੱਕਠੇ ਹੋ ਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਤਹਿਤ ਪੰਦਰਾਂ ਹਜ਼ਾਰ ਤੋਂ ਵੀ ਵੱਧ ਇੱਕਠੇ ਹੋ ਕੇ ਲੁਧਿਆਣਾ ਵਿਖੇ ਜੇਕਰ ਆਪਣੀਆਂ ਮੰਗਾ ਦੇ ਸਬੰਧ ਵਿੰਚ ਢੰਡੋਰਾ ਪਿੱਟਿਆ ਹੈ ਤਾਂ ਇਸ ਨਾਲ ਸਰਕਾਰ ਵੀ ਕੁਝ ਹੋਸ਼ ਵਿੱਚ ਆਈ ਸੀ ਜਿਸ ਕਰਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਉਹਨਾ ਨਾਲ ਮੀਟਿੰਗ ਦੀ ਸਹਿਮਤੀ ਵੀ ਦਿੱਤੀ ਸੀ। ਬਿਜਲੀ ਬੋਰਡ ਦੀ ਅਨਬੰਡਲਿੰਗ ਤੋਂ ਬਾਅਦ ਬਿਜਲੀ ਕਾਰਪੋਰੇਸ਼ਨਾਂ ਤਾਂ ਬਣ ਗਈਆ ਪਰੰਤੂ ਬਿਜਲੀ ਐਕਟ 2003 ਨੂੰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਬਿਜਲੀ ਕਾਰਪੋਰੇਸ਼ਨਾਂ ਦੇ ਮੁੱਖੀਆਂ ਵੱਲੋਂ ਆਪੋ-ਆਪਣੇ ਤਰੀਕੇ ਅਪਣਾ ਕੇ ਕਾਰਪੋਰੇਸ਼ਨਾ ਵਿੱਚ ਸਟਾਫ ਭਰਤੀ ਕੀਤਾ ਗਿਆ ਜਿਸ ਦੇ ਤਹਿਤ ਸਾਡੇ ਬੱਚਿਆਂ ਦੀ ਵਿਦਿਅਕ ਯੋਗਤਾ ਦਾ ਸ਼ੋਸਣ ਕੀਤਾ ਗਿਆ ਇੱਥੋ ਤੱਕ ਕਿ ਡਿਗਰੀ ਜਾਂ ਮਾਸਟਰ ਡਿਗਰੀ ਵਾਲੇ ਵਿਦਿਆਰਥੀਆਂ ਨੂੰ ਵੀ ਆਈ.ਟੀ.ਆਈ. ਹੋਲਡਰ ਦੇ ਵਿਦਿਆਰਥੀਆਂ ਵਾਲੀ ਪੋਸਟ ੇਤ ਭਰਤੀ ਕਰਕੇ ਯੋਗਤਾ ਦਾ ਮਜ਼ਾਕ ਉਡਾਇਆ ਗਿਆ। ਜਿਸ ਕਾਰਨ ਉਚੇਰੀ ਵਿਦਿਅਕ ਯੋਗਤਾ ਵਾਲੇ ਵਿਦਿਆਰਥੀ ਆਪਣੀ ਹੇਠਲੇ ਦਰਜ਼ੇ ਦੀ ਪੋਸਟ ਨਾਲ ਇਨਸਾਫ ਨਹੀ ਕਰ ਪਾਉਂਦੇ ਇਸ ਦਾ ਮੁੱਢਲਾ ਕਾਰਨ ਸਾਡੀਆਂ ਜੱਥੇਬੰਦੀਆਂ ਦੀਆਂ ਆਪਸੀ ਗੁੱਟਬੰਦੀਆਂ ਹਨ।
ਸਾਡੀਆਂ ਬਿਜਲੀ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ ਦਾ ਨਾਅ ਵੀ ਮੂਹਰਲੀ ਕਤਾਰ ਦੀਆਂ ਜੱਥੇਬੰਦੀਆਂ ਵਿੱਚ ਆਉਂਦਾ ਹੈ ਜੇਕਰ ਅਸੀ ਅੱਜ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਮਨ-ਮੁਟਾਵ ਦੂਰ ਕਰਕੇ ਬਿਜਲੀ ਕਾਰਪੋਰੇਸ਼ਨਾਂ ਅੰਦਰ ‘ਇੱਕ ਅਦਾਰਾ ਇੱਕ ਯੂਨੀਅਨ’ ਵਾਲੇ ਯਤਨ ਕਰਕੇ ਇੱਕ ਯੂਨੀਅਨ ਬਣਾਈਏ ਤਾਂ ਮੈਂ ਸਮਝਦਾ ਹਾਂ ਕਿ ਅਸੀ ਆਪਣੇ ਹੱਕ ਜਲਦੀ ਲੈਣ ਵਿੱਚ ਕਾਮਯਾਬ ਹੋ ਸਕਦੇ ਹਾਂ ਬਸ਼ਰਤੇ ਸਾਨੂੰ ਲੋਕਾਂ ਦੀ ਖਾਤਰ ਆਪਣੀਆਂ ਫੋਕੀਆਂ ਲੀਡਰੀਆ ਛੱਡਣੀਆਂ ਪੈਣਗੀਆਂ ਤੇ ਸਿਆਸਤ ਤੋਂ ਇਕਦਮ ਪਾਸਾ ਵੱਟਣਾ ਪਵੇਗਾ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਅਜਿਹਾ ਦਿਨ ਜਲਦੀ ਆਵੇ ਮੈਨੂੰ ਇਹ ਭਲੀ-ਭਾਂਤ ਪਤਾ ਹੈ ਕਿ ਅਜਿਹਾ ਹੋ ਨਹੀਂ ਸਕਦਾ ਕਿਉਕਿ ਅੱਜ ਬਿਜਲੀ ਕਾਰਪੋਰੇਸ਼ਨਾਂ ਅੰਦਰ ਬੀਸੋ ਜੱਥੇਬੰਦੀਆਂ ਆਪੋ-ਆਪਣਾ ਰਾਗ ਅਲਾਪਣ ਵਿੱਚ ਮਸਤ ਹਨ ਅੰਨੀ ਨੂੰ ਬੋਲਾ ਘੜੀਸ ਰਿਹਾ ਹੈ ਸਾਡੀ ਇਸ ਗੱਲ ਨੂੰ ਮੰਨਣਾ ਤਾਂ ਦੂਰ ਦੀ ਗੱਲ ਸੁਨਣ ਦਾ ਵੀ ਕਿਸੇ ਕੋਲ ਟਾਈਮ ਨਹੀ ਸਾਡੀ ਧੜੇਬੰਦੀ ਕਾਰਨ ਅੱਜ ਹਰੇਕ ਮਹੀਨੇ ਤਨਖਾਹ ਲੈਣ ਲਈ ਵੀ ਸਾਨੂੰ ਧਰਨਿਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜੇਕਰ ਅਸੀ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲਾ ਸਮਾਂ ਸਾਨੂੰ ਮੁਆਫ ਨਹੀ ਕਰੇਗਾ ਤੇ ਸਾਡੀਆਂ ਆਉਣ ਵਾਲੀਆਂ ਪੀੜੀਆ ਲਈ ਅਸੀ ਅਜਿਹੇ ਕੰਡੇ ਬੀਜ਼ ਕੇ ਜਾਵਾਗੇ ਜੋ ਕਿ ਚੁਗਣੇ ਮੁਸ਼ਕਿਲ ਹੀ ਨਹੀ ਬਲਕਿ ਚੁਗੇ ਹੀ ਨਹੀ ਜਾ ਸਕਣਗੇ ਕਿਉਕਿ ਅੱਜ ਦੇ ਸਾਇੰਸ ਯੁੱਗ ਦੀ ਤੇਜ ਰਫਤਾਰੀ ਕਾਰਨ ਸਮਾਂ ਸਾਨੂੰ ਇੰਨਾ ਪਿੱਛੇ ਛੱਡ ਜਾਵੇਗਾ ਕਿ ਅਸੀ ਉਸ ਦੇ ਨਾਲ ਤਾਂ ਕੀ ਰਲਣਾ ਉਸ ਤੋਂ ਸੈਕੜੇ ਮੀਲ ਪਿੱਛੇ ਰਹਿ ਜਾਵਾਗੇ।

ਜਗਜੀਤ ਸਿੰਘ ਕੰਡਾ
ਕੋਟਕਪੂਰਾ
96462-00468

Leave a Reply

Your email address will not be published. Required fields are marked *

%d bloggers like this: