ਬਿਆਸ ਦਾ ਪਾਣੀ ਸਾਫ ਕਰਨ ਲਈ ਛੱਡਿਆ ਗਿਆ ਹੋਰ ਪਾਣੀ, ਸ਼ੂਗਰ ਮਿੱਲ ਨੂੰ ਲਾਇਆ 25 ਲੱਖ ਦਾ ਜ਼ੁਰਮਾਨਾ

ss1

ਬਿਆਸ ਦਾ ਪਾਣੀ ਸਾਫ ਕਰਨ ਲਈ ਛੱਡਿਆ ਗਿਆ ਹੋਰ ਪਾਣੀ, ਸ਼ੂਗਰ ਮਿੱਲ ਨੂੰ ਲਾਇਆ 25 ਲੱਖ ਦਾ ਜ਼ੁਰਮਾਨਾ

ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਦਰਿਆ ਵਿੱਚ ਪਲ ਰਹੀਆਂ ਮੱਛੀਆਂ ਅਤੇ ਹੋਰ ਜੀਵ ਜੰਤੂਆਂ ਦੇ ਮਰਨ ਦੀ ਖਬਰ ਸੂਬੇ ਵਿੱਚ ਅੱਗ ਵਾਂਗ ਫੈਲ ਗਈ। ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮੱਛੀਆਂ ਦੇ ਮਰਨ ਦੀ ਤਸਵੀਰਾਂ ਸਾਹਮਣੇ ਆਈਆਂ ਸਨ। ਪਹਿਲਾਂ ਪਹਿਲ ਤਾਂ ਬਿਆਸ ਦਰਿਆ ਵਿੱਚ ਜ਼ਹਿਰੀਲਾ ਪਾਣੀ ਆਇਆ ਕਿਵੇਂ ਇਸ ‘ਤੇ ਬਹੁਤ ਸਵਾਲ ਉੱਠੇ। ਪਰ ਜਾਂਚ ਤੋਂ ਪਤਾ ਚਲਿਆ ਕਿ ਬਿਆਸ ਦਰਿਆ ਦੇ ਪਾਣੀ ਵਿੱਚ ਜ਼ਹਿਰ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਹਰਚੋਵਾਲ ਸਥਿਤ ਇਕ ਸ਼ਰਾਬ ਦੀ ਫ਼ੈਕਟਰੀ ਵਲੋਂ ਸੀਰਾ (ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ), ਬਿਆਸ ‘ਚ ਸੁੱਟਣ ਕਾਰਨ ਬਣਿਆ।
ਖਬਰਾਂ ਅਨੁਸਾਰ ਇਹ ਫੈਕਟਰੀ ਪੌਂਟੀ ਚੱਢਾ ਦੀ ਦੱਸੀ ਜਾ ਰਹੀ ਹੈ। ਆਸ ਪਾਸ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨ ਦੁਪਹਿਰ ਵੇਲੇ ਇਹ ਜ਼ਹਿਰੀਲਾ ਪਾਣੀ ਦਰਿਆ ‘ਚ ਵੇਖਿਆ ਗਿਆ ਸੀ, ਪ੍ਰੰਤੂ ਉਸ ਸਮੇਂ ਲੋਕਾਂ ਵਲੋਂ ਇਹ ਸੋਚਿਆ ਗਿਆ ਸੀ ਕਿ ਪਹਿਲਾਂ ਵੀ ਕਦੀ-ਕਦਾੲੀਂ ਅਜਿਹਾ ਪਾਣੀ ਆਉਂਦਾ ਹੈ ਤੇ ਜਲਦੀ ਸਾਫ਼ ਹੋ ਜਾਂਦਾ ਹੈ। ਪਰ ਇਸ ਵਾਰ ਜੋ ਪਾਣੀ ਆ ਰਿਹਾ ਹੈ ਇਕ ਤਾਂ ਇਹ ਬਿਲਕੁਲ ਕਾਲੇ ਰੰਗ ਦਾ ਸੀ ਤੇ ਇਸ ਵਿਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ।
ਦੂਸਰਾ ਇਸ ਜ਼ਹਿਰੀਲੇ ਪਾਣੀ ਨਾਲ ਵੱਡੀ ਗਿਣਤੀ ਵਿਚ ਮੱਛੀਆਂ ਤੇ ਪਾਣੀ ‘ਚ ਰਹਿਣ ਵਾਲੇ ਜੀਵ-ਜੰਤੂ ਮਰ ਗਏ। ਇਸ ਮਾਮਲੇ ਨੂੰ ਵਾਤਾਵਰਣ ਮੰਤਰੀ ਤੱਕ ਵੀ ਪਹੁੰਚਾਇਆ ਗਿਆ। ਜਿਸ ਮਗਰੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਜੀਤ ਸਿੰਘ ਸੰਘਾ ਤੇ ਵਿਗਿਆਨੀ ਡਾ: ਹਸਨ ਪਹੁੰਚੇ ਅਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੰਡ ਮਿੱਲ ਕੀੜੀ ਅਫਗਾਨਾ ਵਿਚ ਸੀਰੇ ਦੀ ਲੀਕੇਜ ਹੋਣ ਕਾਰਨ ਬਿਆਸ ਦਾ ਪਾਣੀ ਦੂਸ਼ਿਤ ਹੋ ਗਿਆ ਹੈ।
ਜਿਸ ਕਾਰਨ ਇਸ ਵਿਚਲੇ ਜੀਵ ਜੰਤੂਆਂ ਅਤੇ ਮੱਛੀਆਂ ਦੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਕੀੜੀ ਅਫਗਾਨਾ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਾਤਾਵਰਣ ਮੰਤਰੀ ਓ.ਪੀ ਸੈਣੀ ਨੇ ਇਸ ਮਾਮਲੇ ਸਬੰਧੀ ਚੰਡੀਗੜ੍ਹ ਵਿੱਚ ਅਹਿਮ ਬੈਠਕ ਵੀ ਕੀਤੀ ਅਤੇ ਚੱਢਾ ਦੀ ਇਸ ਫੈਕਟਰੀ ਨੂੰ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਬਿਆਸ ਵਿਚ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਹੋਰ ਛੱਡਿਆ ਗਿਆ ਹੈ। ਇਸ ਨਾਲ ਅੱਜ ਸਵੇਰ ਤੱਕ ਸਾਰਾ ਪਾਣੀ ਸਹੀ ਹੋ ਗਿਆ।

Share Button

Leave a Reply

Your email address will not be published. Required fields are marked *