‘ਬਾਬਾ ਰਵਿਦਾਸ ਰੂਪੀ’ ਵਿਸ਼ਾਲ ਸਮੁੰਦਰ ਨੂੰ ਛੋਟਾ ਜਿਹਾ ਸਰੋਵਰ ਕਿਉਂ ਦਰਸਾਉਣਾ ਚਾਹੁੰਦੇ ਹੋ: ਪ੍ਰਿੰ ਸੁਰਿੰਦਰ ਸਿੰਘ

‘ਬਾਬਾ ਰਵਿਦਾਸ ਰੂਪੀ’ ਵਿਸ਼ਾਲ ਸਮੁੰਦਰ ਨੂੰ ਛੋਟਾ ਜਿਹਾ ਸਰੋਵਰ ਕਿਉਂ ਦਰਸਾਉਣਾ ਚਾਹੁੰਦੇ ਹੋ: ਪ੍ਰਿੰ ਸੁਰਿੰਦਰ ਸਿੰਘ
ਸ੍ਰੀ ਅਨੰਦਪੁਰ ਸਾਹਿਬ 20 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਕਹਿੰਦੇ ਹਨ, ਕਿਸੇ ਗਰੀਬ ਮਾਈ ਦਾ ਕੰਮ ਰੁਕ ਗਿਆ, ਕਿਸੇ ਵਕੀਲ ਨੇ ਉਸ ਨੂੰ ਡੀਸੀ ਦੇ ਪੇਸ਼ ਕਰ ਦਿੱਤਾ। ਤਰਸ ਖਾ ਕੇ ਸਾਹਿਬ ਨੇ ਉਸੇ ਸਮੇਂ ਉਸਦਾ ਕੰਮ ਕਰਵਾ ਦਿੱਤਾ। ਅਨਪੜ ਮਾਈ ਖੁਸ਼ ਹੋ ਕੇ ਕਹਿਣ ਲੱਗੀ ਪੁੱਤਰ, ਤੇਰਾ ਧੰਨਵਾਦ, ਰੱਬ ਤੈਨੂੰ ਛੇਤੀ ਪਟਵਾਰੀ ਬਣਾਵੇ। ਕੁਝ ਐਸੀ ਗੱਲ ਸਾਡੇ ਦਲਿਤ ਭਾਈਚਾਰੇ ਦੇ ਕੁਝ ਆਗੂ ਕਰ ਰਹੇ ਹਨ। ਉਹਨਾਂ ਨੇ ‘ਰਵਿਦਾਸੀਆ ਧਰਮ’ ਲਈ ਮਰਦਮਸ਼ਮਾਰੀ ਸਮੇਂ ਸਰਕਾਰੀ ਕਾਗਜਾਂ ਵਿੱਚ ਵੱਖਰਾ ਖਾਨਾ ਬਣਾਉਣ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਗੁਰੂ ਸਮੁੰਦੁ ਨਦੀ ਸਭਿ ਸਿਖੀ (ਮ:੧, ਪੰਨਾ-੧੫੦) ਮਹਾਂਵਾਕ ਅਨੁਸਾਰ ‘ਗੁਰੂ ਨਾਨਕ ਜੋਤਿ’ ਨੇ ਬਾਬਾ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਰੂਪੀ ਵਿਸ਼ਾਲ ਸਮੁੰਦਰ ਦਾ ਹਿੱਸਾ ਬਣਾਇਆ। ਪਰ ਦਲਿਤ ਭਾਈਚਾਰੇ ਦੇ ਕੁਝ ਆਗੂ ਜਾਤ ਅਭਿਮਾਨੀ ਲੋਕਾਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਬਾਬਾ ਜੀ ਦੀ ਸ਼ਖਸ਼ੀਅਤ ਨੂੰ ਛੁਟਿਆਉਣ ਦਾ ਯਤਨ ਕਰ ਰਹੇ ਹਨ। ਸਮੁੱਚੇ ਰਵਿਦਾਸੀਿਆਂ ਭਾਈਚਾਰੇ ਨੂੰ ਸੁਚੇਤ ਹੋ ਕੇ ਬਾਬਾ ਰਵਿਦਾਸ ਜੀ ਰੂਪੀ ਵਿਸ਼ਾਲ ਸਮੁੰਦਰ ਨੂੰ ਛੋਟੇ ਜਿਹੇ ਸਰੋਵਰ ਦੇ ਰੂਪ ਵਿੱਚ ਪੇਸ਼ ਕਰਨ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ।
ਪ੍ਰਿੰ: ਸਾਹਿਬ ਅੱਗੇ ਦੱਸਿਆ ਕਿ ਬਾਬਾ ਕਬੀਰ ਜੀ ਦਾ ਹੁਕਮ ਹੈ ਕਬੀਰ ਸਮੁੰਦ ਨ ਛੋਡੀਐ (ਸਲੋਕ ਨੰ: ੫੦, ਪੰਨਾ ੧੩੬੭) ‘ਸਿੱਖ ਰੂਪੀ ਹੰਸ ਦੀ’ ਇਹੋ ਨਿਸ਼ਾਨੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚੇ ਸਤਿਗੁਰੂ ਦੀ ਨਿਸ਼ਾਨੀ ਦੱਸਦੇ ਹਨ- ਨਾਨਕ, ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ (ਮ: ੧, ਪੰਨਾ- ੧੨) । ਜੇ ਬਾਬਾ ਰਵਿਦਾਸ ਜੀ ਨੂੰ ਕੇਵਲ ਇੱਕ ਜਾਤ ਦਾ ਹੀ ਗੁਰੂ ਬਣਾ ਦਿੱਤਾ, ਕੀ ਬ੍ਰਹਾਮਣ, ਖਤ੍ਰੀ, ਵੈਸ਼, ਕਬੀਰਪੰਥੀਏ, ਜੱਟ, ਰਾਜਪੂਤ, ਝੀਊਰ, ਛੀਂਬੇ, ਨਾਈ ਤੇ ਕਸਾਈ ਆਦਿ ਜਾਤਾਂ ਵਾਲੇ ਬਾਬਾ ਜੀ ਨੂੰ ਆਪਣਾ ਗੁਰੂ ਮੰਨਣਗੇ? ‘ਧਰਮ ਤੇ ਗੁਰੂ’ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਬਾਬਾ ਜੀ ਤਾਂ ਕਹਿੰਦੇ ਹਨ ਆਪਨ ਬਾਪੈ ਨਾਹੀ ਕਿਸੀ ਕੋ (ਬਾਣੀ ਰਵਿਦਾਸ ਜੀ,ਪੰਨਾ ੬੫੮) ਭਾਵ ਗੁਰੂ ਪ੍ਰਮੇਸ਼ਰ ਕਿਸੇ ਦੇ ਪਿਉ ਦੀ ਨਿੱਜੀ ਜਾਇਦਾਦ ਨਹੀਂ। ਸੋ ਭਾਈਚਾਰੇ ਦੀ ਇਹ ਮੰਗ ਬਾਬਾ ਜੀ ਦੀ ਬਾਣੀ ਦੇ ਬਿਲਕੁਲ ਉਲਟ ਅਤੇ ਰੱਦ ਕਰਨ ਯੋਗ ਹੈ।
ਪ੍ਰਿੰ: ਸਾਹਿਬ ਨੇ ਅੱਗੇ ਕਿਹਾ ਕਿ ਇਉਂ ਲਗਦਾ ਹੈ ਕਿ ‘ਅੰਰੰਗਜ਼ੇਬ ਦੀ ਰੂਹ’ ਮੁੜ ਪ੍ਰਗਟ ਹੋ ਗਈ ਹੈ। ਜਿਸ ਨੇ ਆਪਣੀ ਸਿਆਣਪ ਨਾਲ ਸਾਰੀਆਂ ਧਰਮਫੁਲਵਾੜੀਆਂ ਉੱਤੇ ਬੂਟੇ ਸੁਕਾਉਣ ਵਾਲੀ ‘ਅਕਾਸ਼ ਵੇਲ’ ਚੜਾ ਦਿੱਤੀ ਹੈ। ਸਾਰੇ ਧਰਮਾਂ ਦੇ ਆਗੂਆ ਨੂੰ ‘ਠਗਮੂਰੀ’ (ਬੇਹੋਸ਼ ਕਰਨ ਵਾਲੀ ਬੂਟੀ) ਦੇ ਕੇ ਬੇਹੋਸ਼ ਕਰ ਦਿੱਤਾ ਹੈ ਅਤੇ ਬੜੀ ਸਿਆਣਪ ਨਾਲ ਆਪਣੀ ਚੱਕੀ ਚਲਾ ਰਹੀ ਹੈ। ਉਸ ‘ਬਦਰੂਹ ਦੀ ਚੱਕੀ ਹੌਲੀਂ ਚੱਲਕੇ ਵੀ ਪੀਸਦੀ ਬਹੁਤ ਬਰੀਕ ਹੈ’। ‘ਲਾਸ਼ ਵੋਹੀ ਹੈ (ਔਰੰਗੇ ਦੀ) ਕਫਨ ਬਦਲਾ ਹੈ’। ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ( ਕਬੀਰ ਜੀ, ਪੰਨਾ- ੧੩੭੧)। ਜੇ ਸੁਚੇਤ ਨਾ ਹੋਏ ਤਾਂ ਜਾਤ-ਪਾਤ ਦੀ ਉਸੇ ਖੱਡ ਵਿੱਚ ਡੁਬਾਂਗੇ, ਜਿੱਥੋਂ ਗੁਰੂ ਨਾਨਕ ਜੋਤਿ, ਬਾਬਾ ਰਵਿਦਾਸ ਜੀ, ਕਬੀਰ ਜੀ, ਧੰਨਾ ਜੀ, ਨਾਮ ਦੇਵ ਜੀ ਵਰਗੇ ਇਨਕਲਾਬੀ ਧਰਮਿਕ ਆਗੂਆਂ ਨੇ ਅਨੇਕਾਂ ਕਸ਼ਟ ਝੱਲਕੇ ਸਾਨੂੰ ‘ਬੈਤਰਨੀ ਨਦੀ’ ਵਿੱਚੋਂ ਬਾਹਰ ਕੱਢਿਆ ਸੀ। ਇਸ ਲਈ ਆਉਣ ਵਾਲੀਆਂ ਪੀੜੀਆਂ ਬਾਰੇ ਸੋਚੋ। ਅੱਗੇ ਤੁਹਾਡੀ ਮਰਜ਼ੀ