Wed. May 22nd, 2019

ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਮਾਪਤ

ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਮਾਪਤ
ਅਮਰੀਕਾ ਦੀ ਸੰਗਤ ਵੱਲੋਂ ਹਸਪਤਾਲ ਕੁੱਕੜਮਾਜਰਾ ਵਿਖੇ ਢਾਈ ਕਰੋੜ ਦੀ ਲਾਗਤ ਨਾਲ ਇੱਕ ਵਾਰਡ ਬਣਾਉਣ ਦਾ ਐਲਾਨ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਦੇ ਬਾਨੀ ਸੇਵਾ ਦੇ ਪੁੰਜ ਦਇਆਵਾਨ ਯੁੱਗ ਪੁਰਸ਼ ਬਾਬਾ ਬੁੱਧ ਸਿੰਘ ਜੀ ਢਾਹਾਂ ਨਮਿੱਤ ਗੁਰੂ ਨਾਨਕ ਮਿਸ਼ਨ ਹਸਪਤਾਲ ਕੰਪਲੈਕਸ ਕੁੱਕੜਮਜਾਰਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸਵੇਰੇ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸਜੇ ਪੰਡਾਲ ਵਿੱਚ ਭਾਈ ਮਹਿਤਾਬ ਸਿੰਘ ਜੀ ਹਜ਼ੂਰੀ ਰਾਗੀ, ਭਾਈ ਬਲਦੀਪ ਸਿੰਘ ਜੀ ਅਤੇ ਭਾਈ ਜੋਗਾ ਸਿੰਘ ਜੀ ਢਾਹਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਉਪਰੰਤ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਨੇ ਕਥਾ ਵਿਚਾਰ ਕਰਦਿਆਂ ਬਾਬਾ ਬੁੱਧ ਸਿੰਘ ਜੀ ਦੇ ਜੀਵਨ, ਸੇਵਾ ਅਤੇ ਸੰਘਰਸ਼ ਵਾਰੇ ਬੋਲਦਿਆਂ ਕਿਹਾ ਕਿ ਬਾਬਾ ਜੀ ਸਾਦਗੀ ਔਰ ਤਿਆਗ ਦੀ ਮਿਸਾਲ ਸਨ। ਜਿਨਾ੍ਹ ਆਪਣਾ ਐਸ਼ੋ ਆਰਾਮ ਤਿਆਗ ਕਰਦੇ ਹੋਏ ਹੱਕ ਸੱਚ ਦੀ ਕਮਾਈ ਅਤੇ ਦੂਸਰਿਆਂ ਦੀ ਭਲਾਈ ਲਈ ਸਾਰਾ ਜੀਵਨ ਸਮਰਪਣ ਕੀਤਾ। ਇਸ ਮੌਕੇ ਭਾਈ ਬਲਦੀਪ ਸਿੰਘ ਜੀ ਨੇ ਬੋਲਦਿਆਂ ਕਿਹਾ ਬਾਬਾ ਬੁੱਧ ਸਿੰਘ ਜੀ ਇਕ ਅਜਿਹੀ ਆਤਮਾ ਸੀ ਜਿਸ ਨੇ ਸਾਰੀ ਲੋਕਾਈ ਨੂੰ ਪਿਆਰ ਹੀ ਵੰਡਿਆ।ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਬਾਬਾ ਜੀ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜਿਥੇ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਤੇ ਪਹਿਰਾ ਦਿੱਤਾ ਉਥੇ ਲੱਖਾਂ ਲੋਕਾਂ ਨੂੰ ਸੇਵਾ ਕਰਨ ਲਈ ਵੀ ਪ੍ਰੇਰਿਆ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਜਿਵੇਂ ਸੇਵਾ ਕਰਨ ਵਾਲੇ ਹਰ ਸਖਸ਼ ਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਬਾ ਜੀ ਨੇ ਵੀ ਆਪਣੇ ਜੀਵਨ ਕਾਲ ਵਿੱਚ ਸੇਵਾ ਦੌਰਾਨ ਬਹੁਤ ਉੱਚੀ ਸੁੱਚੀ ਤੇ ਸੰਸਾਰ ਪੱਧਰੀ ਸੇਵਾ ਕੀਤੀ ਖਾਸ ਤੌਰ ਤੇ ਬੱਚੀਆਂ ਲਈ ਜੋ ਅਦਾਰੇ ਬਣਾਏ ਉਸ ਦੀ ਮਹਿਕ ਅੱਜ ਸੰਸਾਰ ਪੱਧਰ ਤੇ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਬੀਬੀ ਹਰਜਿੰਦਰ ਕੌਰ ਜੀ ਸਾਬਕਾ ਮੇਅਰ ਚੰਡੀਗੜ੍ਹ ਨੇ ਬੋਲਦਿਆਂ ਕਿਹਾ ਮੇਰੇ ਪਿਤਾ ਸਮਾਨ ਬਾਬਾ ਜੀ ਜੋ ਇਸ ਸਮਾਜ ਵਿੱਚ ਸੇਵਾ ਦੀਆਂ ਨਵੀਆਂ ਪਿਰਤਾਂ ਪਾ ਕੇ ਗਏ ਹਨ ਅਤੇ ਵੱਡੇ ਮਿਸ਼ਨ ਦੀ ਬਾਤ ਪਾ ਕੇ ਗਏ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਦੀ ਟੀਮ ਬੀਬੀ ਸੁਸ਼ੀਲ ਕੌਰ ਦੀ ਅਗਵਾਈ ਹੇਠ ਬਾਖੂਬੀ ਅੱਗੇ ਵੱਧਦੀ ਹੋਈ ਲੋਕਾਂ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਬਾਬਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ।ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ ਬੋਲਦਿਆਂ ਕਿਹਾ ਕਿ ਬਾਬਾ ਜੀ ਦੇ ਅਕਾਲ ਚਲਾਣੇ ਨਾਲ ਬੀਤ ਅਤੇ ਕੰਢੀ ਦੇ ਲੋਕਾਂ ਨੂੰ ਬਹੁਤ ਘਾਟਾ ਪਿਆ ਉਨ੍ਹਾਂ ਯਕੀਨ ਦਵਾਇਆ ਕਿ ਉਹ ਖੁਦ ਅਤੇ ਸਰਕਾਰੀ ਤੌਰ ਤੇ ਵੱਧ ਤੋਂ ਵੱਧ ਮੱਦਦ ਇਸ ਅਦਾਰੇ ਦੀ ਕਰਨਗੇ ਤਾਂ ਜੋ ਇਸ ਪਛੜੇ ਖੇਤਰ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਹੋਵੇ।

ਪ੍ਰਸਿੱਧ ਲੇਖਕ ਅਤੇ ਪੰਜਾਬ ਕਲਾ ਮੰਚ ਚੰਡੀਗੜ੍ਹ ਦੇ ਪ੍ਰਧਾਨ ਸ ਸੁਰਜੀਤ ਸਿੰਘ ਪਾਤਰ ਜੀ ਨੇ ਬਹੁਤ ਹੀ ਭਾਵ ਭਿੰਨੇ ਸ਼ਬਦਾਂ ਨਾਲ ਸ਼ਰਧਾਂਜਲੀ ਦਿੰਦਿਆਂ ਕਿਹਾ ਬਾਬਾ ਜੀ ਵਰਗੀਆਂ ਸੰਵੇਦਨਸ਼ੀਲ ਸਖਸ਼ੀਅਤਾਂ ਦੀ ਅੱਜ ਦੇ ਸਮੇ ਵਿੱਚ ਬਹੁਤ ਥੁੜ ਹੈ ਪਰ ਉਨ੍ਹਾਂ ਖੁਸ਼ੀ ਵੀ ਪ੍ਰਗਟ ਕੀਤੀ ਕਿ ਟਰੱਸਟ ਵੱਲੋਂ ਬੀਬੀ ਸੁਸ਼ੀਲ ਕੌਰ ਜੀ ਨੂੰ ਮੁੱਖ ਸੇਵਾਦਾਰ (ਪ੍ਰਧਾਨ) ਦੀਆਂ ਸੇਵਾ ਨਿਭਾਉਣ ਲਈ ਜੋ ਫੈਸਲਾ ਲਿਆ ਗਿਆ ਹੈ ਨਿਸ਼ਚੇ ਹੀ ਬਾਬਾ ਜੀ ਤੋਂ ਬਾਅਦ ਬੀਬੀ ਸ਼ੁਸ਼ੀਲ ਕੌਰ ਦੀ ਰਹਿਨੁਮਾਈ ਹੇਠ ਇਹ ਅਦਾਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ । ਇਸ ਮੌਕੇ ਅਮਰੀਕਾ ਦੀਆਂ ਸੰਗਤਾਂ ਨੇ ਬਾਬਾ ਬੁੱਧ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਸਰਧਾਂਜਲੀ ਲਈ ਸ਼ੋਕ ਮਤਾ ਭੇਜਿਆ ਅਤੇ ਬਾਬਾ ਜੀ ਦੀ ਯਾਦ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਦੀ ਨਵੀਂ ਸ਼ੁਰੂ ਹੋ ਰਹੀ ਇਮਾਰਤ ਵਿੱਚ ਇੱਕ ਪੂਰਾ ਵਾਰਡ ਜਿਸ ਦੀ ਲਾਗਤ ਢਾਈ ਕਰੋੜ ਰੁਪਏ ਦੇ ਲੱਗਭਗ ਹੈ ਦੀ ਸੇਵਾ ਆਪਣੇ ਜੁੰਮੇ ਲੈਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਬਹੁਤ ਜਲਦ ਹੀ ਨਵੀਂ ਇਮਾਰਤ ਅੰਦਰ ਵਾਰਡ ਦੇ ਨਿਰਮਾਣ ਲਈ ਮਾਇਆ ਇਕੱਤਰ ਕਰਕੇ ਟਰੱਸਟ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਤੇ ਟਰੱਸਟ ਦੇ ਮੈਂਬਰ ਸ੍ਰੀ ਦੀਪਕ ਬਾਲੀ ਜੀ ਨੇ ਬੋਲਦਿਆਂ ਕਿਹਾ ਕਿ ਇੱਕ ਪਰਿਵਾਰ ਦੀ ਤਰਾਂ ਬਾਬਾ ਜੀ ਦੀ ਅਗਵਾਈ ਹੇਠ ਬਹੁਤ ਸਮਾਂ ਇਕਜੁੱਟ ਹੋ ਕੇ ਅਸੀਂ ਸਾਰਿਆਂ ਨੇ ਲੋਕਾਈ ਦੇ ਭਲੇ ਲਈ ਕੰਮ ਕੀਤਾ।ਇਹ ਸਾਡੀ ਖੁਸ਼ਨਸੀਬੀ ਹੈ ਕਿ ਇੱਕ ਬਹੁਤ ਹੀ ਸੂਝਵਾਨ ਤੇ ਦੂਰਦ੍ਰਿਸ਼ਟੀ ਦੀ ਮਾਲਕ ਸਖਸ਼ੀਅਤ ਦਾ ਨਿੱਘ ਸਾਨੂੰ ਸਭ ਨੂੰ ਮਿਲਿਆ।ਇਸ ਤੋਂ ਇਲਾਵਾ ਸੰਗਤਾਂ ਨੂੰ ਜਥੇਦਾਰ ਸੁਖਦੇਵ ਸਿੰਘ ਭੋਰ, ਜਰਨੈਲ਼ ਸਿੰਘ ਵਾਹਿਦ, ਅਵਿਨਾਸ਼ ਰਾਏ ਖੰਨਾ, ਗੁਰਮੀਤ ਪਲਾਹੀ, ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਮਹਾਂ ਸਿੰਘ ਰੌੜੀ ਨੇ ਵੀ ਸੰਬੋਧਨ ਕੀਤਾ। ਬੀਬੀ ਸੁਸ਼ੀਲ਼ ਕੌਰ ਜੀ ਨੇ ਸਭ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜੁੰਮੇਵਾਰੀ ਸਾਨੂੰ ਬਾਬਾ ਜੀ ਦੇ ਕੇ ਗਏ ਹਨ ਉਸ ਨੂੰ ਅਸੀਂ ਆਪਣੇ ਆਖਰੀ ਸਾਹਾਂ ਤੱਕ ਸੇਵਾ ਕਰਕੇ ਨਿਭਾਵਾਂਗੇ।ਇਸ ਮੌਕੇ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਬਾਬਾ ਬੁੱਧ ਸਿੰਘ ਜੀ ਨੂੰ ਸਰਧਾਂਜਲੀ ਦਿੱਤੀ।ਅਤੇ ਬਾਬਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਮਦਦ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨੂੰ ਦੇਣ ਦਾ ਵਾਅਦਾ ਕੀਤਾ।ਸਟੇਜ ਸੈਕਟਰੀ ਦੀ ਸੇਵਾ ਟਰਸਟ ਦੇ ਸੈਕਟਰੀ ਸ ਬਲਬੀਰ ਸਿੰਘ ਬੈਂਸ ਜੀ ਨੇ ਨਿਭਾਉਦਿਆਂ ਬਾਬਾ ਜੀ ਦੇ ਸਮੁੱਚੇ ਜੀਵਨ ਤੇ ਚਾਨਣਾ ਪਾਇਆ। ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ ਇਕਬਾਲ ਸਿੰਘ ਸਾਬਕਾ ਗਵਰਨਰ ਪਾਂਡੇਚਰੀ,ਮਹਿੰਦਰ ਸਿੰਘ ਭਾਟੀਆ, ਜਸਪਾਲ ਸਿੰਘ ਜਾਡਲੀ, ਦਰਸ਼ਨ ਲਾਲ ਮੰਗੂਪੁਰ ਵਿਧਾਇਕ, ਚੌਧਰੀ ਨੰਦ ਲਾਲ ਸਾਬਕਾ ਵਿਧਾਇਕ, ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਦਰਸ਼ਨ ਸਿੰਘ ਤਾਤਲਾ, ਡਾ ਜੰਗ ਬਹਾਦਰ ਸਿੰਘ ਰਾਏ, ਬਲਜੀਤ ਸਿੰਘ ਭਾਰਾ ਪੁਰ,ਬਲਜੀਤ ਸਿੰਘ ਬਰਾੜ ਸੰਪਾਦਕ ਰੋਜ਼ਾਨਾ ਪੰਜਾਬ ਟਾਈਮਜ, ਬੀਬੀ ਪ੍ਰਕਾਸ਼ ਕੌਰ ਯੂਨੀਕ ਹੋਮ ਜਲੰਧਰ, ਸਤਨਾਮ ਸਿੰਘ ਨੰਦਾਚੌਰ, ਇੰਦਰਜੀਤ ਸਿੰਘ ਵਾਰੀਆ ਏਕਨੂਰ ਸਵੈਸੇਵੀ ਸੰਸਥਾ ਪਠਲਾਵਾ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ, ਜਥੇਦਾਰ ਸਵਰਨਜੀਤ ਸਿੰਘ ਜਥੇਦਾਰ ਹਜ਼ੂਰਾ ਸਿੰਘ ਪੈਲੀ, ਕਾਮਰੇਡ ਦਰਸ਼ਨ ਮੱਟੂ, ਬੀਬੀ ਸੁਭਾਸ਼ ਮੱਟੂ, ਹਰਪਾਲ ਸਿੰਘ ਪਠਲਾਵਾ, ਸੁਰਿੰਦਰ ਕੌਰ ਬੈਂਸ, ਬੁੱਧ ਸਿੰਘ ਬਲਾਕੀਪੁਰ,ਸਵਾਮੀ ਕ੍ਰਿਸ਼ਨਾ ਨੰਦ, ਬਲਜੀਤ ਬੱਲੀ ਤਿਰਛੀ ਨਜ਼ਰ, ਡਾ ਜਗਮੋਹਨ ਉੱਪਲ ਡਾ ਹਰਵਿੰਦਰ ਸਿੰਘ ਬਾਠ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਤਰਲੋਕ ਸਿੰਘ ਨਾਗਪਾਲ, ਉਪਿੰਦਰ ਸਿੰਘ, ਰਣਜੀਤ ਕੌਰ ਮਾਹਿਲਪੁਰੀ, ਇਕਬਾਲ ਸਿੰਘ ਖੇੜਾ, ਸਤਨਾਮ ਸਿੰਘ ਭਾਰਾ ਪੁਰ, ਰਿੰਕੂ ਬੇਦੀ,ਬਰਜਿੰਦਰ ਸਿੰਘ ਢਾਹਾਂ, ਮਨਜੀਤ ਕੌਰ,ਹਰਿੰਦਰ ਕੌਰ ਕੁਲਜਿੰਦਰ ਕੌਰ,ਅਜੀਤ ਸਿੰਘ ਥਾਂਦੀ,ਵਰਿੰਦਰ ਕੌਰ ਥਾਂਦੀ,ਕੁਲਵਿੰਦਰ ਸਿੰਘ ਢਾਹਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਹੁਦੇਦਾਰ, ਮੈਡੀਕਲ ਪ੍ਰੈਕਟੀਸ਼ਨਰ ਸੜੋਆ ਇਕਾਈ ਦੇ ਅਹੁਦੇਦਾਰ, ਅਵਾਜ਼ ਸੁਸਾਇਟੀ ਤੋਂ ਵਰਿੰਦਰ ਜੀ, ਮਦਨ ਲਾਲ ਚੇਚੀ,ਸਮੇਤ ਹੋਰ ਵੀ ਇਲਾਕੇ ਭਰ ਤੋਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ, ਵਿੱਦਿਅਕ ਅਦਾਰਿਆਂ ਦੇ ਸਰਪ੍ਰਸਤ ਮੈਂਬਰਾਂ ਤੋਂ ਇਲਾਵਾ ਰਾਜਸੀ ਸਮਾਜ ਸੇਵੀ ਸ਼ਖਸ਼ੀਅਤਾਂ ਨੇ ਬਾਬਾ ਬੁੱਧ ਸਿੰਘ ਜੀ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।

Leave a Reply

Your email address will not be published. Required fields are marked *

%d bloggers like this: