ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

‘ਬਾਬਾ ਨਾਨਕਾ’ ਲੈ ਕੇ ਹਾਜ਼ਰ ਹੈ : ਗਾਇਕ ਮਨੀ ਔਜਲਾ

‘ਬਾਬਾ ਨਾਨਕਾ’ ਲੈ ਕੇ ਹਾਜ਼ਰ ਹੈ : ਗਾਇਕ ਮਨੀ ਔਜਲਾ

ਬਚਪਨ ਵਿਚ ਕੋਰੀਓਗ੍ਰਾਫੀ ਤੋਂ ਤੁਰਿਆ ਚੰਡੀਗੜ ਸ਼ਹਿਰ ਦਾ ਜੰਮ-ਪਲ, ਨੌਜਵਾਨ ਮਨੀ ਔਜਲਾ ਗੀਤ-ਸੰਗੀਤ ਖੇਤਰ ਵਿਚ ਵਿਚਰਦਾ ਜਿਉ-ਜਿਉਂ ਉਮਰ ਪੱਖੋਂ ਨੌਜਵਾਨੀ ਵੱਲ ਵਧਦਾ ਗਿਆ ਤਿਉਂ-ਤਿਉਂ ਉਸ ਦੀਆਂ ਗੀਤਕਾਰ, ਗਾਇਕ, ਸੰਗੀਤਕਾਰ ਅਤੇ ਐਕਟਰ ਆਦਿ ਵਜੋਂ ਕਲਾਵਾਂ ਦਾ ਘੇਰਾ ਵੀ ਵਧਦਾ ਗਿਆ ਅਤੇ ਉਸ ਦੀਆਂ ਇਹ ਕਲਾਵਾਂ ਵੀ ਜਵਾਨ ਹੁੰਦੀਆਂ ਗਈਆਂ।
ਜਿਕਰ ਯੋਗ ਹੈ ਕਿ ਹੁਣ ਇਹ ਨੌਜਵਾਨ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼-ਉਤਸਵ ਨੂੰ ਸਮਰਪਿਤ ਧਾਰਮਿਕ ਗੀਤ ‘ ਬਾਬਾ ਨਾਨਕਾ’ ਲੈ ਕੇ ਹਾਜ਼ਰ ਹੋਇਆ ਹੈ। ਜਿੱਥੇ ਇਸ ਗੀਤ ਨੂੰ ਮਨੀ ਔਜਲਾ ਨੇ ਦਮਦਾਰ ਤੇ ਸੁਰੀਲੀ ਅਵਾਜ ਵਿਚ ਗਾਇਨ ਕੀਤਾ ਹੈ, ਉਥੇ ਸੰਗੀਤ-ਧੁਨਾਂ ਵਿਚ ਵੀ ਉਸ ਨੇ ਖੁਦ ਹੀ ਪ੍ਰੋਇਆ ਹੈ ਇਸ ਨੂੰ। ਇਸ ਗੀਤ ਦੇ ਗੀਤਕਾਰ ਹਨ, ਸਾਹਿਤਕ ਤੇ ਸੰਗੀਤਕ ਹਲਕਿਆਂ ਦੀ ਜਾਣੀ-ਪਛਾਣੀ ਸਖਸ਼ੀਅਤ ਜਰਨੈਲ ਘੁਮਾਣ ਜੀ। ਵਾਲੀਵੁੱਡ ਫਿਲਮਾਂ ਦਾ ਨਿਰਮਾਣ ਕਰਨ ਵਾਲੀ ਪ੍ਰਸਿੱਧ ਸੰਗੀਤਕ ਕੰਪਨੀ ‘ਟਿਪਿਸ’ ਵਲੋਂ ਇਸ ਦਾ ਵੱਡੇ ਪੱਧਰ ਤੇ ਫਿਲਮਾਂਕਣ ਕਰਦਿਆਂ ਇਸ ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਰੀਲੀਜ ਕੀਤਾ ਗਿਆ ਹੈ ਅਤੇ ਇਸ ਵਿਚ ਵਿੱਕੀ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।
ਚੰਡੀਗੜ ਦੀ ਨਾਮਵਰ ਸਾਹਿਤਕ-ਸਖਸ਼ੀਅਤ ਅਜਾਇਬ ਔਜਲਾ ਦਾ ਲਾਡਲਾ ਮਨੀ ਔਜਲਾ ਅਨੇਕਾਂ ਗੀਤ ਬਤੌਰ ਗਾਇਕ ਮਾਰਕੀਟ ਨੂੰ ਦੇ ਕੇ ਚੁੱਕਾ ਹੈ। ਜਿਨਾਂ ਵਿਚੋਂ ‘ਲੰਡਨ’, ‘ਸ਼ਿਫਤਾਂ’, ‘ਦਸੰਬਰ’, ‘ਰੋਕਾ’, ‘ਬਰੇਕ ਅੱਪ’ ‘ਵਣਜਾਰਾ’, ‘ਬੁਲਟ’,’ਕੰਮ ਚਕਵਾਂ’, ‘ਲੈਕਚਰ-2’ ਆਦਿ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਸ ਵਲੋਂ ਗਾਏ ਗੀਤ ‘ਫ਼ਸਲਾਂ ਦੇ ਨਾਂਅ ਪੁੱਛਦੀ ਗ਼ੌਰੀ ਲੰਡਨ ਤੋਂ ਆਈ ਲੱਗਦੀ’ ਨੂੰ ਅੱਜ ਤਕ ਯੂ-ਟਿਊਬ ‘ਤੇ 2 ਕਰੋੜ ਤੋਂ ਵੱਧ ਦਰਸ਼ਕਾਂ ਵਲੋਂ ਵੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਸ ਦੇ ‘ਮੇਰੇ ਪਿੰਡ ਦੀਆਂ ਗਲੀਆਂ’ ਨਾਮੀ ਸ਼ੋਅ ਵੀ ਪੀ. ਟੀ. ਸੀ. ਪੰਜਾਬੀ ‘ਤੇ ਦਰਸ਼ਕਾਂ ਨੂੰ ਕਈ ਮਹੀਨੇ ਲਗਾਤਾਰ ਵੇਖਣ ਨੂੰ ਮਿਲਦਾ ਰਿਹਾ। ਚੰਡੀਗੜ-ਮੁਹਾਲੀ ਦਾ ਨਾਂਉਂ ਪੂਰੀ ਦੁਨੀਆਂ ਵਿਚ ਚਮਕਾ ਰਹੇ ਨੌਜਵਾਨ ਮਨੀ ਔਜਲਾ ਨੇ ਜਿੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ‘ਚ ਗਾਇਕੀ ਪੇਸ਼ ਕੀਤੀ, ਉੱਥੇ ਉਸ ਨੂੰ ਕਈ ਵਾਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਹਾਂਗਕਾਂਗ ਤੇ ਦਰਜਨ ਵਾਰ ਦੁਬਈ ਤੇ ਦੱਖਣੀ ਅਫ਼ਰੀਕਾ ਦੇ ਮੁਲਕਾਂ ਵਿਚ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲਿਆ ਹੈ।
ਮਨੀ ਗਾਇਕੀ ਦੇ ਨਾਲ ਸੰਗੀਤ-ਨਿਰਦੇਸ਼ਨਾਂ ‘ਚ ਵੀ ਸਰਗਰਮ ਹੈ। ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਸੁਰਵੀਨ ਚਾਵਲਾ ਦੀ ਫ਼ਿਲਮ ‘ਹੀਰੋ ਨਾਮ ਯਾਦ ਰੱਖੀਂ’ ਦਾ ਟਾਈਟਲ ਗੀਤ ਵੀ ਮਨੀ ਔਜਲਾ ਨੇ ਸੰਗੀਤ-ਬੱਧ ਕੀਤਾ। ਇੱਥੇ ਹੀ ਬਸ ਨਹੀਂ, ਉਸ ਨੇ ਪ੍ਰਸਿੱਧ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ, ਐਮੀ ਵਿਰਕ, ਪ੍ਰੀਤ ਹਰਪਾਲ, ਨਛੱਤਰ ਗਿੱਲ, ਕਮਾਲ ਖਾਨ, ਅਰਸ਼ਦੀਪ ਕੌਰ, ਇੰਦਰਜੀਤ ਨਿੱਕੂ, ਜੱਸੀ ਸੋਹਲ, ਦੀਪ ਢਿੱਲੋਂ, ਜੈਸਮੀਨ, ਸਟਾਈਲਿਸ਼ ਸਿੰਘ, ਦਿਲਪ੍ਰੀਤ ਢਿੱਲੋਂ, ਅਰਮਾਨ ਦਿਲ, ਡੋਲੀ ਸਿੱਧੂ, ਲੱਕੀ ਕੈਨੇਡਾ, ਜੇ. ਟੀ ਅਟਵਾਲ (ਅਮਰੀਕਾ) ਆਦਿ ਦੇ ਗੀਤਾਂ ਨੂੰ ਵੀ ਸੰਗੀਤ-ਬੱਧ ਕੀਤਾ ਹੈ। ਇਸ ਤੋਂ ਇਲਾਵਾ ਮਨੀ ਫ਼ਿਲਮ ‘ਇਸ਼ਕਾ’ ‘ਚ ਬਤੌਰ ਸੰਗੀਤ-ਡਾਇਰੈਕਟਰ ਵੀ ਸਾਹਮਣੇ ਆਇਆ ਹੈ।
ਅੱਜ ਕੱਲ ਕੈਨੇਡਾ ਦੀ ਧਰਤੀ ‘ਤੇ ਵਿਚਰ ਰਹੇ ਮਨੀ ਔਜਲਾ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਹ ਬਾਲੀਵੁੱਡ ਟੈਪਟੇਸ਼ਨ ਟੂਰ ਦੌਰਾਨ ਉੱਘੇ ਅਭਿਨੇਤਾ ਸ਼ਾਹਰੁੱਖ਼ ਖ਼ਾਨ, ਅਭਿਨੇ ਤਰੀਮਾਧੁਰੀ ਦੀਕਸ਼ਤ, ਰਾਣਾ ਮੁਖਰਜੀ ਅਤੇ ਅਭਿਨੇਤਰੀ ਜੈਕਲਿਨ ਫਰਨਾਂਡਿਜ਼ ਨਾਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ‘ਚ ਆਯੋਜਿਤ ਸ਼ੋਆਂ ਦਾ ਹਿੱਸਾ ਬਣਿਆ ਹੈ।

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

Leave a Reply

Your email address will not be published. Required fields are marked *

%d bloggers like this: