Wed. Aug 21st, 2019

ਬਾਬਾ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ਤੇ ਵਿਸੇਸ਼

ਬਾਬਾ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ਤੇ ਵਿਸੇਸ਼

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਸਵੰਤ ਸਿੰਘ ਕੰਵਲ ਪੰਜਾਬੀ ਦਾ ਉਹ ਸ਼ਾਹਕਾਰ ਲਿਖਾਰੀ ਹੈ ਜਿਸ ਦੇ ਮੁਕਾਬਲੇ ਅੰਗਰੇਜ਼ੀ ਤੇ ਹੋਰਨਾਂ ਭਾਸ਼ਾਵਾਂ ਦੇ ਕਈ ਉਘੇ ਲੇਖਕ ਵੀ ਬੌਨੇ ਜਾਪਦੇ ਹਨ । ਮੈਂ ਕੰਵਲ ਨੂੰ ਬਹੁਤ ਨੀਝ ਨਾਲ ਪੜ੍ਹਿਆਂ ਹੈ ਤੇ ਉਸ ਦੀਆ ਲਿਖਤਾਂ ਚੋ ਅਨਮੋਲ ਸੱਚ ਪ੍ਰਾਪਤ ਕਰਨ ਦੇ ਨਾਲ ਨਾਲ ਹੀ ਲਿਖਣ ਜੁਗਤ ਦੀ ਸੂਝ ਵੀ ਪ੍ਰਾਪਤ ਕੀਤੀ ਹੈ । ਆਪਣੀ ਗੱਲ ਨੂੰ ਹੋਰ ਸ਼ਪੱਸ਼ਟ ਕਰਨ ਵਾਸਤੇ ਮਾਣ ਨਾਲ ਇਹ ਕਹਿ ਸਕਦਾ ਹਾਂ ਕਿ ਜਸਵੰਤ ਸਿੰਘ ਕੰਵਲ ਵਰਗੇ ਪਰੋੜ ਲਿਖਾਰੀਆਂ ਦੀਆ ਲਿਖਤਾਂ ਦੇ ਗਹਿਨ ਅਧਿਐਨ ਤੋਂ ਬਾਅਦ ਮੈਂ ਲਿਖਣ ਜੁਗਤੀ ਪ੍ਰਾਪਤ ਕੀਤੀ ਹੈ ।
ਬੜੀ ਹੈਰਾਨੀ ਵਾਲੀ ਗੱਲ ਹੈ ਜਸਵੰਤ ਸਿਂਘ ਕੰਵਲ ਦੇ 101 ਵੇ ਜਨਮ ਦਿਨ ਨੂੰ ਰਲਕੇ ਮਨਾਉਣ ਦੀ ਬਜਾਏ ਕੁਝ ਕੁ ਅਖੌਤੀ ਕਿਸਮ ਦੇ ਸਿਰੇ ਦੇ ਟੁੱਚੇ ਲੇਖਕ ਉਸ ਬਾਰੇ ਸ਼ੋਸ਼ਲ ਮੀਡੀਏ ‘ਤੇ ਬਹੁਤ ਹੀ ਊਟ ਪਟਾਂਗ ਲਿਖਕੇ ਦਿਨ ਦੀਵੀ ਆਪਣੀ ਅਕਲ ਦਾ ਜਨਾਜ਼ਾ ਕੱਢੀ ਜਾ ਰਹੇ ਹਨ ।

ਸਮਾਜ ਵਿੱਚ ਜੋ ਵਰਤ ਘਟ ਰਿਹਾ ਹੈ ਉਸ ਨੂੰ ਆਪਣੇ ਅਨੁਭਵ ਰਾਹੀਂ ਲੋਕ ਹਿਤਾਂ ਨੂੰ ਮੁੱਖ ਰੱਖਕੇ ਪੇਸ਼ ਕਰਨਾ ਕਿਸੇ ਵੀ ਮੰਝੇ ਹੋਏ ਲੇਖਕ ਦਾ ਇੱਕੋ ਇਕ ਧਰਮ ਹੁੰਦਾ ਹੈ । ਇਹ ਵੀ ਸੱਚ ਹੈ ਕਿ ਹਰ ਲਿਖਾਰੀ ਦਾ ਸਮਾਜ ਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਆਪੋ ਆਪਣਾ ਨਜ਼ਰੀਆ ਤੇ ਅਨੁਭਵ ਹੁੰਦਾ ਹੈ । ਕੋਈ ਲੇਖਕ ਬੇਸ਼ੱਕ ਕਿਸੇ ਵੀ ਵਿਚਾਰਧਾਰਾ ਨਾਲ ਜੁੜਿਆ ਹੋਵੇ ਪਰ ਉਸ ਦਾ ਅੰਤਿਮ ਨਿਸ਼ਾਨਾ ਸੱਚ ਦੀ ਸੇਧਮਈ ਪੇਸ਼ਕਾਰੀ ਕਰਨਾ ਹੀ ਹੁੰਦਾ ਹੈ ।

ਕੰਵਲ ਦੀ ਆਲੋਚਨਾ ਕਰਨ ਵਾਲੇ ਉਸ ‘ਤੇ ਅਕਸਰ ਹੀ ਦੋਸ਼ ਲਾਉਂਦੇ ਹਨ ਕਿ ਉਸ ਨੇ ਕਿਸੇ ਇਕ ਵਿਚਾਰਧਾਰਾ ਨਾਲ ਬੱਝਕੇ ਨਹੀਂ ਲਿਖਿਆ ਸਗੋਂ ਸਮੇਂ ਸਮੇਂ ਪੈਂਤੜੇ ਬਦਲਦਾ ਰਿਹਾ ਹੈ । ਅਜਿਹੀ ਪੇਤਲੀ ਕਿਸਮ ਦੀ ਆਲੋਚਨਾ ਕਰਨ ਵਾਲੇ ਲੇਖਕਾਂ ਨੂੰ ਸ਼ਾਇਦ ਏਨੀ ਵੀ ਸਮਝ ਨਹੀਂ ਕਿ ਕੰਵਲ ਦੀ ਇਹ ਲੇਖਣੀ ਨੀਤੀ ਸਮਝੌਤਾਵਾਦੀ ਨਹੀਂ ਸਗੋਂ ਸਮੇਂ ਦੇ ਨਾਲ ਕਦਮ ਮਿਲਾਕੇ ਚੱਲਣ ਦੀ ਤੀਖਣ ਸੂਝ ਹੈ ।

ਕੁਦਰਤ ਦੇ ਆਟੱਲ ਨਿਯਮ ਮੁਤਾਬਕ ਸਮੇਂ ਦੀ ਰਫ਼ਤਾਰ ਨਾਲ ਹਰ ਸ਼ੈ ਬਦਲਦੀ ਹੈ । ਸੋਚ ਦੀ ਤਬਦੀਲੀ ਵੀ ਇਸੇ ਰਵਾਨਗੀ ਦਾ ਹਿੱਸਾ ਹੈ । 21ਵੀ ਸਦੀ ਚ ਬੈਠਕੇ ਜੇਕਰ ਕੋਈ 18ਵੀਂ ਸਦੀ ਚ ਵਿਚਰਦਾ ਹੈ ਤਾਂ ਇਹ ਕਦਾਚਿਤ ਵੀ ਤਰਕਸੰਗਤ ਵਰਤਾਰਾ ਨਹੀਂ ਹੋ ਸਕਦਾ । ਇਸੇ ਤਰਾਂ ਜੇਕਰ ਕੋਈ ਆਲੋਚਕ ਜਾ ਟਿੱਪਣੀਕਾਰ ਕਿਸੇ ਲੇਖਕ ਦੀਆ ਸਮੂਹ ਰਚਨਾਵਾਂ ਉੱਤੇ ਇੱਕੋ ਪੈਰਾ ਮੀਟਰ ਫਿੱਟ ਕਰਕੇ ਅਲੋਚਨਾ ਕਰੇਗਾ ਤਾਂ ਇਸ ਦਾ ਸਿੱਧਾ ਅਰਂਥ ਇਹ ਹੋਵੇਗਾ ਕਿ ਉਹ ਆਲੋਚਕ ਹੋਣ ਦੀ ਬਜਾਏ ਕਿਸੇ ਧਾਰਾ ਪ੍ਰਤੀ ਆਪਣੀ ਪਰਤੀਬੱਧਤਾ ਪੇਸ਼ ਕਰਨ ਵਾਸਤੇ ਵਧੇਰੇ ਚਿੰਤਤ ਹੈ ।

ਮੇਰਾ ਨਿੱਜੀ ਤਜਰਬਾ ਹੈ ਕਿ ਕਿਸੇ ਵੀ ਚੰਗੇ ਲਿਖਾਰੀ ਨੂੰ ਕਦੇ ਵੀ ਕਿਸੇ ਖ਼ਾਸ ਵਿਚਾਰਧਾਰਾ ਨਾਲ ਬੰਨਕੇ ਨਹੀਂ ਦੇਖਿਆ ਜਾ ਸਕਦਾ ਪਰ ਫਿਰ ਵੀ ਜੇਕਰ ਕੋਈ ਨਾਮਨਿਹਾਦ ਵਿਦਵਾਨ ਅਜਿਹਾ ਕਰਦਾ ਹੈ ਤਾਂ ਇਸ ਤਰਾਂ ਕਰਕੇ ਇਕ ਤਾਂ ਉਹ ਆਪਣੀ ਅਕਲ ਦਾ ਦਿਵਾਲਾ ਕੱਢ ਰਿਹਾ ਹੁੰਦਾ ਹੈ ਤੇ ਦੂਸਰੀ ਕਿਸੇ ਰਚਨਾਕਾਰ ਦੀ ਰਚਨਾ ਤੇ ਉਸ ਦੀ ਸ਼ਖਂਸੀਅਤ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ ।

ਜਿੱਥੋਂ ਤੱਕ ਕੰਵਲ ਦੀ ਗੱਲ ਹੈ, ਉਸ ਬਾਰੇ ਇਹ ਗੱਲ ਬੇਝਿਜਕ ਹੋ ਕਹੀ ਜਾ ਸਕਦੀ ਹੈ ਕਿ ਉਸ ਨੇ ਸਮੇਂ ਦੀ ਨਬਜ਼ ਪਛਾਣਕੇ ਤੇ ਸਮੇਂ ਦਾ ਹਾਣੀ ਹੋ ਕੇ ਲਿਖਿਆ ਹੈ ਤੇ ਜਿੰਨਾ ਲਿਖਿਆ ਹੈ, ਬਹੁਤ ਹੀ ਮਾਰਮਿਕਤਾ ਨਾਲ ਲਿਖਿਆ ਹੈ । ਬੋਲੀ ਨੂੰ ਪਰਫੁਲਤ ਕਰਨ ਚ ਉਸ ਦਾ ਮਹਾਨ ਯੋਗਦਾਨ ਹੈ ਤੇ ਹਮੇਸ਼ਾ ਰਹੇਗਾ । ਪੰਜਾਬੀ ਸਾਹਿਤ ਨੂੰ ਅਨਮੁੱਲਾ ਸਰਮਾਇਆ ਜੋ ਉਸ ਨੇ ਸਾਹਿਤਕ ਕਿਰਤਾਂ ਦੇ ਰੂਪ ਚ ਦਿੱਤਾ ਹੈ, ਉਸ ਵਾਸਤੇ ਤਾਰੀਖ਼ ਹਮੇਸ਼ਾ ਕੰਵਲ ਨੂੰ ਯਾਦ ਰੱਖੇਗੀ ਤੇ ਉਸ ਦਾ ਨਾਮ ਪੰਜਾਬੀ ਸਾਹਿਤ ਜਗਤ ਚ ਧਰੂ ਤਾਰੇ ਦੀ ਤਰਾਂ ਹਮੇਸ਼ਾ ਚਮਕਦਾ ਰਹੇਗਾ ।
ਕੰਵਲ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਹੈ ਤੇ ਰਹੇਗਾ । ਜੋ ਉਸ ਦੀ ਆਲੋਚਨਾ ਕਰਦੇ ਹਨ ਉਹਨਾਂ ਦੀ ਹਾਲਤ ਚੰਦ ‘ਤੇ ਥੁੱਕਣ ਤੇ ਸੂਰਜ ਨਾਲ ਅੱਖਾਂ ਮਿਲਾਉਣ ਵਰਗੀ ਹੈ ਕਿਉਂਕਿ ਕੰਵਲ ਵਿਰੁੱਧ ਊਟ ਪਟਾਂਗ ਬੋਲਕੇ ਦਰਅਸਲ ਉਹ ਆਪਣੀ ਬੇਅਕਲੀ ਤੇ ਮੂਰਂਖਤਾ ਦਾ ਢੰਡੋਰਾ ਆਪ ਹੀ ਪਿੱਟੀ ਜਾ ਰਹੇ ਹਨ । ਵਧੀਆ ਏਹੀ ਹੋਵੇਗਾ ਕਿ ਅਜਿਹੇ ਲ਼ੋਕਾ ਨੂੰ ਮੂੰਹ ਨਾ ਲਾਇਆ ਜਾਵੇ ਉਹਨਾ ਦੀ ਕਿਸੇ ਗੱਲ ਦੀ ਜਵਾਬ ਨਾ ਦੇ ਕੇ ਉਹਨਾ ਨੂੰ ਪੂਰੀ ਤਰਾਂ ਅਣਗੌਲਿਆਂ ਕੀਤਾ ਜਾਵੇ ।

ਇਹਨਾ ਸ਼ਬਦਾਂ ਨਾਲ ਮੈਂ ਪੰਜਾਬੀ ਦੇ ਮਾਣ ਮੱਤੇ ਸਾਹਿਤਕਾਰ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਨੂੰ ਉਹਨਾਂ ਦੇ ਸ਼ਤਾਬਦੀ ਜਨਮ ਦਿਹਾੜੇ ‘ਤੇ ਲੱਖੋ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਤੇ ਉਹਨਾ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਦਿਲੀ ਦੁਆ ਕਰਦਾ ਹਾਂ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
28/06/2019

Leave a Reply

Your email address will not be published. Required fields are marked *

%d bloggers like this: