Sun. Aug 18th, 2019

ਬਾਬਾ ਜਸਵੰਤ ਕੰਵਲ ਦੀ ਜਨਮ ਸ਼ਤਾਬਦੀ

ਬਾਬਾ ਜਸਵੰਤ ਕੰਵਲ ਦੀ ਜਨਮ ਸ਼ਤਾਬਦੀ
ਭਾਗ – ਤੀਜਾ

ਬਾਬਾ ਕੰਵਲ ਕਹਿੰਦਾ ਹੈ
⁃ ਮਨੁੱਖ ਦੀ ਮਾਨਸਿਕ ਭੁੱਖ ਨੇ ਉਸ ਨੂੰ ਪੁੱਠੀਆਂ ਆਦਤਾਂ ਪਾ ਛੱਡੀਆਂ ਨੇ । ਮਨੁੱਖ ਵੇਦ ਬਾਣੀ ਤੇ ਸ਼ਬਦ ਬਾਣੀ ਸੁਣ ਸਮਝਕੇ ਵੀ ਖ਼ੁਦਗ਼ਰਜ਼ੀ ਦੇ ਪੁੱਠੇ ਰਾਹ ਨਹੀਂ ਛੱਡ ਸਕਿਆ । —— ਜਿਹੜਾ ਬੁਰੇ ਭਲੇ ਦਾ ਅਹਿਸਾਸ ਰੱਖਦਾ ਵੀ ਚਿੱਕੜ ਵਿੱਚ ਵੜਦਾ ਐ, ਉਸ ਦੀ ਮਨੋਦਸ਼ਾ ਨਰਕ ਕੁੰਡ ਹੀ ਸੁਧਾਰ ਸਕਦਾ ਏ ।
⁃ ਕੰਮ ਹੀ ਮਨੁੱਖ ਦਾ ਕੌਮੀ ਕਲਿਆਣ ਹੈ । ਸ਼ਹਿਦ ਦੀਆਂ ਮੱਖੀਆਂ ਤੇ ਕੀੜੀਆਂ ਨੂੰ ਤੱਕੋ, ਆਪਣੇ ਰੋਜ਼ਗਾਰ ਵਿੱਚ ਕਿਵੇਂ ਰੁਝੀਆ ਰਹਿੰਦੀਆਂ ।
⁃ ਵਿਹਲ, ਉਦਾਸੀ ਤੇ ਅਵਾਰਗੀ ਆਦਿ ਖ਼ੁਦਕੁਸ਼ੀ ਦੀਆ ਦੋਸਤ ਹਨ । ਵਿਹਲ ਅਸਲੋਂ ਕੌਮੀ ਲਾਹਨਤ, ਜਿਹੜੀ ਕੌਮੀ ਘੱਟ ਗਿਣਤੀ ਨੂੰ ਵੀ ਵਾਰਾ ਨਹੀਂ ਖਾਂਦੀ । ਜੀਹਦਾ ਬਣਿਆਂ ਵਿਹਲੜ ਯਾਰ ਸਮਝੋ ਡੁੱਬਾ ਵਿੱਚ ਮੰਝਧਾਰ ।
⁃ ਮਿਹਨਤ ਉਹ ਜਾਦੂਗਰ ਹੈ, ਜਿਹੜੀ ਕਿਸਮਤ ਤੋਂ ਰੰਗ ਦਿਖਾਉਂਦੀ ਹੈ । ਬਾਸੀ ਟੁਕੜੇ ਖਾਣ ਵਾਲੇ ਗ਼ਰੀਬਾਂ ਅੱਗੇ ਇਹੀ ਸ਼ਾਹੀ ਖਾਣੇ ਪਰੋਸਦੀ ਹੈ ਤੇ ਧੁਆਂਖੀਆਂ ਝੁਗੀਆ ਨੂੰ ਮਹਿਲਾਂ ਚ ਬਦਲਦੀ ਹੈ ।
⁃ ਕਈ ਵਾਰ ਖਾਹਿਸ਼ਾਂ ਦੀ ਬਹੁਲਤਾ ਬਰਬਾਦੀ ਦਾ ਕਾਰਨ ਬਣਦੀ ਹੈ ਜਿਵੇਂ ਨਿੱਕੀਆਂ ਨਿੱਕੀਆਂ ਲਹਿਰਾਂ ਵੀ ਕਦੇ ਤੂਫ਼ਾਨ ਰੂਪ ਹੋ ਕੇ ਵੱਡੇ ਜਹਾਜ਼ ਡੁਬੋ ਦਿੰਦੀਆਂ ਹਨ ।
⁃ ਜੇ ਤੁਸੀਂ ਆਪਣਾ ਭੇਤ ਦੱਸੇ ਬਿਨਾ ਨਹੀਂ ਰਹਿ ਸਕਦੇ ਤਾਂ ਦਰਖ਼ਤਾਂ ਨੂੰ ਦੱਸ ਦਿਓ । ਜੇਕਰ ਫਿਰ ਵੀ ਨਹੀਂ ਰਹਿ ਸਕਦੇ ਤਾਂ ਗੂੰਗੇ ਕੋਲ ਚਲੇ ਜਾਓ । ਇਸ ਤੋਂ ਅੱਗੇ ਭੇਤ ਦਾ ਜੀਊਂਦੇ ਰਹਿਣਾ ਅਸੰਭਵ ਹੈ।
⁃ ਬਚਪਨ ਬੇਫ਼ਿਕਰ ਅਗਿਆਨਤਾ ਹੈ । ਇਹ ਨਿਆਣੀ ਉਮਰ ਵਿੱਚ ਉਹ ਰੀਝਾਂ ਬਣਾਂਦਾ ਰਹਿੰਦਾ, ਜਿਹੜੀਆਂ ਜਵਾਨੀ ਦੇ ਮੁੱਖ ਤੇ ਚਿਤਰੀਆਂ ਜਾਂਦੀਆਂ ਹਨ ।
⁃ ਸਫਲ ਮੌਤ ਜ਼ਿੰਦਗੀ ਦੀ ਪੂਰਨਤਾ ਹੈ ।
⁃ ਗਿਆਨ, ਜੀਵਨ ਗੁੰਝਲ਼ਾ ਦਾ ਹੱਲ ਹੈ । ਗਿਆਨ ਉਹ ਦਾਰੂ ਹੈ, ਜਿਸ ਨਾਲ ਬਿਮਾਰ ਜ਼ਿੰਦਗੀ ਸਦੀਵੀ ਆਰੋਗ ਹੋ ਜਾਂਦੀ ਹੈ । ਇਹ ਮੂਲ ਦੀ ਪਛਾਣ ਹੈ ।
⁃ ਦੁੱਖ ਦੇਣ ਵਾਲਾ ਹੀ ਜੇ ਦੁੱਖ ਸੁਣ ਲੈਂਦਾ, ਜ਼ਿੰਦਗੀ ਦਾ ਸਾਰਾ ਗਿਲਾ ਹੀ ਮੁੱਕ ਜਾਂਦਾ ।
⁃ ਚੱਲਣ ਵਾਲੇ ਦਾ ਕਿਸੇ ਨੇ ਕਦੇ ਰਾਹ ਨਹੀਂ ਰੋਕਿਆ । ਚੰਨ ਤੱਕ ਰਸਾਈ ਅਸੰਭਵ ਨਹੀਂ, ਯਤਨਾਂ ਦੀ ਲੋੜ ਹੈ ।
⁃ ਬਗ਼ਾਵਤ ਉਂਨਾਂ ਚਿਰ ਨਹੀਂ ਉਠਦੀ ਜਿੰਨਾਂ ਚਿਰ ਜਬਰ ਰੂਹ ਦੀ ਪੀੜਾ ਨਹੀਂ ਬਣ ਜਾਂਦਾ ।
⁃ ਮਾਂ ਇਸ ਧਰਤੀ ਦੀ ਮਾਲਣ ਹੈ ਤੇ ਬੱਚੇ ਟਹਿਕਦੇ ਫੁੱਲ । ਜੇ ਧਰਤੀ ਸਵਰਗ ਬਣਾਉਣੀ ਚਾਹੁੰਦੇ ਹੋ , ਬੱਚਿਆਂ ਵੱਲ ਧਿਆਨ ਦਿਓ ।
⁃ ਵਿਛੋੜੇ ਦੀ ਸ਼ਕਲ ਹਨੇਰੇ ਅਤੇ ਪਤਝੜ ਵਰਗੀ ਡਰਾਉਣੀ ਹੈ, ਪਰ ਇਸ ਦੀ ਕੰਡ ਪਿੱਛੇ ਬਹਾਰ ਕਲੀਆਂ ਚਾਨਣ ਚੁੱਕੀ ਰੱਖਦੀਆਂ ਹਨ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: