ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲਿਆਂ ਦਾ ਦੇਹਾਂਤ

ss1

ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲਿਆਂ ਦਾ ਦੇਹਾਂਤ
ਅੰਤਿਮ ਸੰਸਕਾਰ ਮੌਕੇ ਉੱਚ ਧਾਰਮਿਕ, ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਭਰੀ ਹਾਜ਼ਰੀ

31-18

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੇ ਵਰੋਸਾਏ ਹੋਏ ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲੇ (ਮਾਸਟਰ ਜੀ) ਜੋ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ ਦੇ ਅੰਤਿਮ ਸੰਸਕਾਰ ਮੌਕੇ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਧਾਰਮਿਕ, ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ ਉੱਥੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ।
ਇੱਥੇ ਦੱਸਣਾ ਬਣਦਾ ਹੈ ਕਿ ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲੇ (ਮਾਸਟਰ ਜੀ) ਸੰਖੇਪ ਬਿਮਾਰੀ ਉਪਰੰਤ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਬਾਬਾ ਅਜਾਇਬ ਸਿੰਘ ਜੀ ਦਾ ਅੰਤਿਮ ਸੰਸਕਾਰ ਸਿੱਖ ਧਾਰਮਿਕ ਰਹੁ-ਰੀਤਾਂ ਅਨੁਸਾਰ ਕਰ ਦਿੱਤਾ ਗਿਆ। ਉਨਾਂ ਦੀ ਮ੍ਰਿਤਕ ਦੇਹ ‘ਤੇ ਵੱਖ ਵੱਖ ਧਾਰਮਿਕ, ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਲ ਭੇਂਟ ਕੀਤੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਦੋਂ ਅੰਤਿਮ ਸੰਸਕਾਰ ਲਈ ਨਿਯਤ ਕੀਤੀ ਜਗ੍ਹਾ ਵੱਲ ਲੈਜਾਇਆ ਜਾ ਰਿਹਾ ਸੀ ਤਾਂ ਉਕਤ ਯਾਤਰਾ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਭਰੇ ਮਨ ਨਾਲ ਸ਼ਿਰਕਤ ਕਰ ਰਹੀਆਂ ਸਨ। ਅੰਤਿਮ ਸੰਸਕਾਰ ਮੌਕੇ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕੀਤੀ ਜਦੋਂ ਕਿ ਸੰਸਥਾ ਦੀ ਮਰਿਯਾਦਾ ਮੁਤਾਬਿਕ ਕਾਰ ਸੇਵਾ ਵੱਲੋਂ ਆਏ ਮਹਾਂਪੁਰਖਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ ਤੇ ਉਨ੍ਹਾਂ ਦਾ ਪੰਜ ਭੌਤਿਕ ਸਰੀਰ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ।
ਅੰਤਿਮ ਸੰਸਕਾਰ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜਿਨਾਂ ਵਿੱਚ ਵੱਡੀ ਤਾਦਾਦ ਬੀਬੀਆਂ ਵੀ ਸਨ ਨੇ ਨਮ ਅੱਖਾਂ ਨਾਲ ਬਾਬਾ ਜੀ ਨੂੰ ਅੰਤਿਮ ਵਿਦਾਈ ਦਿੱਤੀ।
ਅੰਤਿਮ ਸੰਸਕਾਰ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਕਾਰ ਸੇਵਾ ਪਿਹੋਵੇ ਵਾਲੇ, ਬਾਬਾ ਚਰਨਜੀਤ ਸਿੰਘ ਕਾਰ ਸੇਵਾ ਵਾਲੇ, ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋ ਉਹਨਾਂ ਦੇ ਓਐਸਡੀ ਅਵਤਾਰ ਸਿੰਘ ਬਣਾਂਵਾਲੀ, ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਗੁਰਦੁਆਰਾ ਬੁੰਗਾ ਮਸਤੂਆਣਾ ਵੱਲੋਂ ਬਾਬਾ ਛੋਟਾ ਸਿੰਘ ਅਤੇ ਬਾਬਾ ਕਾਕਾ ਸਿੰਘ, ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਭਾਈ ਜਸਵਿੰਦਰ ਸਿੰਘ ਤਿਉਣਾ, ਅਮਰੀਕ ਸਿੰਘ ਕੋਟਸ਼ਮੀਰ ਅਤੇ ਗੁਰਤੇਜ ਸਿੰਘ ਜੋਧਪੁਰ ਪਾਖਰ ਮੈਂਬਰ ਸ਼੍ਰੋਮਣੀ ਕਮੇਟੀ, ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ ਤੇ ਅਕਾਲੀ ਦਲ ਦੇ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਕਾਂਗਰਸ ਦੇ ਕ੍ਰਿਸ਼ਨ ਭਾਗੀਵਾਂਦਰ, ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਬਾਬਾ ਅਰਜੁਨ ਦੇਵ ਸਿੰਘ ਸ਼ਿਵਜੀ, ਬਾਬਾ ਭਜਨ ਸਿੰਘ, ਭਾਈ ਦਰਸ਼ਨ ਸਿੰਘ ਤੇ ਭਾਈ ਜਸਵਿੰਦਰ ਸਿੰਘ ਭਿੰਡਰ ਕਲਾਂ, ਭਾਈ ਬਲਵਿੰਦਰ ਸਿੰਘ ਬੋਪਾਰਾਏ, ਬਾਬਾ ਸੁੱਖਾ ਸਿੰਘ ਕਰਨਾਲ, ਬਾਬਾ ਅਜਾਇਬ ਸਿੰਘ ਭੀਖੀ, ਬਾਬਾ ਗੁਲਜਾਰ ਸਿੰਘ ਫਤਿਹਗੜ ਸਾਹਿਬ, ਬਾਬਾ ਜਰਨੈਲ ਸਿੰਘ ਮਾਛੀਵਾੜਾ, ਬਾਬਾ ਬਾਬੂ ਸਿੰਘ ਹੰਡਾਇਆ, ਬਾਬਾ ਬਲਦੇਵ ਸਿੰਘ ਮੁਕਤਸਰ, ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਚਰਨਜੀਤ ਸਿੰਘ ਮਵੀ, ਦਮਦਮੀ ਟਕਸਾਲ ਵੱਲੋਂ ਭਾਈ ਪਿੱਪਲ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਜਥਾ, ਉਦਾਸੀਨ ਸੰਪਰਦਾ ਵੱਲੋਂ ਮਹੰਤ ਰਮੇਸ਼ ਮੁਨੀ ਡੇਰਾ ਤੰਗ ਤੋੜੇ, ਗੁਰਤਿੰਦਰ ਰਿੰਪੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਕਸ਼ਮੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ, ਰਣਜੀਤ ਮਲਕਾਣਾ ਅਤੇ ਜਸਵੰਤ ਸਿੰਘ ਦੋਵੇਂ ਕੌਂਸਲਰ, ਅਕਾਲੀ ਆਗੂ ਬਾਬੂ ਸਿੰਘ ਮਾਨ, ਤਖ਼ਤ ਸਾਹਿਬ ਦੇ ਮੈਨੇਜਰ ਚਰਨ ਸਿੰਘ, ਗੁਰਦੁਆਰਾ ਹਾਜੀਰਤਨ ਨੇ ਮੈਨੇਜਰ ਸਵੇਗ ਸਿੰਘ, ਭਾਈ ਜਗਪਾਲ ਸਿੰਘ, ਮਹੰਤ ਪਾਲੀ ਬਾਬਾ, ਅਨੂਪ ਸਿੰਘ, ਮੁਬਾਰਕ ਸਿੰਘ, ਭਾਈ ਹਰਦੇਵ ਸਿੰਘ, ਭਾਈ ਬੰਤ ਸਿੰਘ, ਬਰਿੰਦਰਪਾਲ ਮਹੇਸ਼ਵਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੋਜ਼ੂਦ ਸਨ।

Share Button