ਬਾਪੂ ਦਾ ਖੂੰਡਾ ਤੇ ਖੰਘੂਰਾ

ss1

ਬਾਪੂ ਦਾ ਖੂੰਡਾ ਤੇ ਖੰਘੂਰਾ

ਬਾਪੂ ਜੀ ਸ਼ਬਦ ਆਪਣੇ ਆਪ ਵਿੱਚ ਬਹੁਤ ਕੁੱਝ ਸਮੋਈ ਬੈਠਾ ਹੈ।ਢੇਰ ਸਾਰਾ ਪਿਆਰ, ਜ਼ੁਮੇਵਾਰੀਆਂ,ਹੁਕਮ ਕਰਨ ਦੀ ਸ਼ਕਤੀ ਤੇ ਗੁੱਸਾ ਕਰਨ ਦਾ ਹੱਕ।ਇਸ ਨੂੰ ਵੱਡੇ ਪਾਪਾ ਜਾਂ ਵੱਡੇ ਡੈਡ ਨੇ ਨਿਗਲ ਲਿਆ।ਏਹ ਅੰਗਰੇਜ਼ੀ ਦੇ ਅੰਟੀ ਨੇ ਜਿਵੇਂ ਤਾਈ,ਭੂਆ, ਚਾਚੀ, ਮਾਸੀ ਮਾਮੀ ਦੇ ਰਿਸ਼ਤਿਆਂ ਦੀ ਜਿਵੇਂ ਮਿਠਾਸ ਖਤਮ ਕੀਤੀ, ਇਵੇਂ ਹੀ ਬਾਪੂ ਜੀ ਦਾ ਰੁਤਬਾ ਵੀ ਖਤਮ ਕਰ ਦਿੱਤਾ।ਸਿਆਣੇ ਸਨ ਉਹ ਲੋਕ, ਜਿੰਨਾ ਨੂੰ ਅਨਪੜ੍ਹ ਕਹਿੰਦੇ ਨੇ,ਉਨ੍ਹਾਂ ਘਰ ਦਾ ਇੱਕ ਮੋਢੀ ਤਾਂ ਮੰਨਿਆ ਸੀ,ਘਰ ਇੱਕ ਦਿਸ਼ਾ ਵਿਚ ਤਾਂ ਚਲਦਾ ਸੀ।ਹੁਣ ਦੀ ਤਰ੍ਹਾਂ ਸਾਰੇ ਆਪਣੀ ਆਪਣੀ ਡੱਫਲੀ ਨਹੀਂ ਸੀ ਵਜਾਉਂਦੇ।ਪਰਿਵਾਰ ਵਿੱਚ ਵੱਡੇ ਬਾਪੂ ਜੀ ਦਾ ਪੂਰਾ ਸਿੱਕਾ ਚਲਦਾ ਸੀ।ਸਾਰਿਆਂ ਨੇ ਕੰਮ ਕਰਨਾ, ਕਮਾਉਣਾ ਤੇ ਪੈਸੇ ਬਾਪੂ ਜੀ ਦੇ ਹੱਥ ਹੁੰਦੇ।ਬਾਪੂ ਜੀ ਨੇ ਘਰ ਦੀ ਦਲਹੀਜ਼ ਵਿੱਚ ਪੈਰ ਰਖਦਿਆਂ ਖੂੰਡਾ ਜੋਰ ਦੀ ਮਾਰਨਾ ਤੇ ਨਾਲ ਹੀ ਖੰਗੂਰਾ ਮਾਰਨਾ, ਘਰ ਦੀਆਂ ਨੂੰਹਾਂ ਧੀਆਂ ਨੇ ਚੌਕਸ ਹੋ ਜਾਣਾ।ਘੁੰਡ ਕੱਢਣ ਵਾਲਿਆਂ ਨੇ ਚੁੰਨੀ ਹੇਠਾਂ ਸਰਕਾ ਲੈਣੀ ਤੇ ਧੀਆਂ ਧਿਆਣੀਆਂ ਨੇ ਸਿਰ ਢੱਕ ਲੈਣੇ।ਘਰ ਵਿੱਚ ਇੱਕ ਵੱਖਰਾ ਮਾਹੌਲ ਬਣ ਜਾਣਾ।ਕਿਆ ਕਹਿਣੇ ਸੀ ਬਾਪੂ ਦੇ ਖੂੰਡੇ ਤੇ ਖੰਘੂਰੇ ਦੇ।ਕਿਸੇ ਵੀ ਇਕਾਈ ਨੂੰ ਚਲਾਉਣ ਵਾਸਤੇ ਮੁਖੀਆ ਬਹੁਤ ਜ਼ਰੂਰੀ ਹੈ।ਬਾਪੂ ਜੀ ਖੰਗੂਰੇ ਨਾਲ ਗਲਾ ਸਾਫ ਕਰਕੇ ਗੱਲ ਕਹਿੰਦੇ, ਤੋਲੀ ਨਾਪੀ ਜਿਹੀ ਤੇ ਉਸ ਤੋਂ ਬਾਹਰ ਜਾਣ ਦੀ ਕੋਈ ਹਿੰਮਤ ਨਹੀਂ ਸੀ ਕਰਦਾ।ਕੋਈ ਨੂੰਹ ਧੀ ਵੀ ਕੁੱਝ ਜ਼ਿਦ ਕਰਦੀ ਤਾਂ ਘਰਦੀਆਂ ਬਜ਼ੁਰਗ ਔਰਤਾਂ ਅਜਿਹਾ ਕਰਨ ਤੋਂ ਵਰਜਦੀਆਂ ਤੇ ਸਮਝਾ ਦੇਂਦੀਆਂ।ਛੇ ਮਹੀਨਿਆਂ ਬਾਦ ਸੱਭ ਨੂੰ ਇੱਕੋ ਜਿਹੇ ਕੱਪੜੇ ਜੁੱਤੀਆਂ ਮਿਲ ਜਾਂਦੇ।ਬਾਹਰ ਅੰਦਰ ਜਾਣ ਵਾਸਤੇ ਵੀ ਇਵੇਂ ਹੀ ਰੱਖੇ ਹੁੰਦੇ।ਰੋਜ਼ ਰੋਜ਼ ਕਪੜਿਆਂ ਤੇ ਜੁੱਤੀਆਂ ਖਰੀਦਣ ਦੀ ਨਾ ਕਿਸੇ ਨੂੰ ਇਜਾਜ਼ਤ ਹੁੰਦੀ ਤੇ ਨਾ ਕਿਸੇ ਕੋਲ ਪੈਸੇ ਹੁੰਦੇ।ਬਹੁਤੀ ਵਾਰ ਇੱਕ ਦੂਸਰੇ ਦੇ ਕੱਪੜੇ ਪਾਕੇ ਵਿਆਹ ਸ਼ਾਦੀਆਂ ਵੇਖ ਲੈਂਦੇ।ਗਹਿਣੇ ਗੱਟੇ ਦਾ ਵੀ ਇਹੀ ਹਾਲ ਹੁੰਦਾ।ਬਾਪੂ ਜੀ ਦੇ ਹਿਸਾਬ ਨਾਲ ਕਿਹੜੀ ਰਿਸ਼ਤਦਾਰੀ ਵਿੱਚ, ਕਿਸ ਨੇ ਜਾਣਾ ਹੈ,ਪਰਿਵਾਰ ਦੇ ਮੈਂਬਰ ਜਾਂਦੇ।ਥੋੜੇ ਕਰਕੇ ਪੁੱਛਣ ਦਾ ਹੀਆ ਵੀ ਕੋਈ ਨਾ ਕਰਦਾ,ਇਧਰ ਉਧਰ ਜਾਣਦਾ।ਅੱਜ ਦੀ ਤਰ੍ਹਾਂ ਨਹੀਂ ਸੀ ਕਿ ਬਾਪੂ ਨੂੰ ਪੁੱਛਣਾ ਤਾਂ ਕੀ ਕਈ ਵਾਰ ਤਿਆਰ ਹੋਕੇ ਜਾਣ ਲੱਗੇ ਦੱਸਦੇ ਹਨ ਤੇ ਕਈ ਥਾਵਾਂ ਤੇ ਏਹ ਦੱਸਣ ਦੀ ਵੀ ਜ਼ਰੂਰਤ ਨਹੀਂ ਸਮਝੀ ਜਾਂਦੀ।ਏਹ ਆਜ਼ਾਦੀ ਤੇ ਬੰਦਸ਼ ਸਮਝੀ ਜਾ ਰਹੀ ਹੈ।ਏਹ ਬਾਪੂ ਜੀ ਦੇ ਖੂੰਡੇ ਤੇ ਖੰਗੂਰੇ ਦਾ ਗਾਇਬ ਹੋਣਾ, ਪਰਿਵਾਰ ਤੇ ਸਮਾਜ ਨੂੰ ਤਾਰ ਤਾਰ ਕਰ ਗਿਆ।ਘਰਾਂ ਵਿੱਚ ਨੂੰਹ ਦਾ ਪੇਕੇ ਘਰ ਜਾਣਾ ਵੀ,ਆਪੇ ਤਹਿ ਨਹੀਂ ਸੀ ਹੁੰਦਾ।ਪੇਕਿਆਂ ਵਾਲੇ ਵੀ ਬਾਪੂ ਜੀ ਨੂੰ ਹੀ ਧੀ ਨੂੰ ਪੇਕੇ ਘਰ ਲੈ ਜਾਣ ਵਾਸਤੇ ਕਹਿੰਦੇ।ਪੇਕਿਆਂ ਵਾਲਿਆਂ ਦਾ ਵੀ ਧੀਆਂ ਦੇ ਘਰ ਵਿੱਚ ਦਖਲ ਨਹੀਂ ਸੀ ਹੁੰਦਾ।ਧੀਆਂ ਨੂੰ ਵੀ ਪਤਾ ਹੁੰਦਾ ਸੀ ਕਿ ਕੋਈ ਗਲਤ ਗੱਲ ਹੋਈ ਤਾਂ ਪੇਕਿਆਂ ਵਾਲੇ ਬਾਪੂ ਜੀ ਨੇ ਵੀ ਕਸਰ ਨਹੀਂ ਛੱਡਣੀ।ਹੁਣ ਤਾਂ ਬਾਪੂ ਜੀ ਨੂੰ ਕੁੱਝ ਪਤਾ ਨਹੀਂ ਹੁੰਦਾ, ਹਾਂ ਬਾਪੂ ਜੀ ਦੀ ਜਾਇਦਾਦ ਤੇ ਬਾਜ ਅੱਖ ਜ਼ਰੂਰ ਹੁੰਦੀ ਹੈ।ਸਿਆਣਿਆਂ ਦਾ ਕਿਹਾ ਤੇ ਆਂਵਲੇ ਦਾ ਖਾਧਾ ਬਾਦ ਵਿੱਚ ਹੀ ਪਤਾ ਲੱਗਦਾ।ਅਸੀਂ ਆਧੁਨਿਕਤਾ ਦੇ ਚੱਕਰ ਵਿੱਚ ਪਾਇਆ ਘੱਟ ਤੇ ਖੋਇਆ ਜ਼ਿਆਦਾ ਹੈ।ਬਾਪੂ ਜੀ ਦੇ ਖੂੰਡੇ ਦੀ ਆਵਾਜ਼ ਘਰਦਿਆਂ ਨਿਆਣਿਆਂ ਵਾਸਤੇ ਵਰਦਾਨ ਹੁੰਦੀ ਸੀ ਬਾਪੂ ਜੀ ਦੀ ਗੋਦੀ ਦਾ ਨਿੱਘ ਜ਼ੱਨਤ ਵਰਗਾ ਹੁੰਦਾ ਸੀ।ਬਾਪੂ ਜੀ ਵੱਲੋਂ ਦਿੱਤਾ ਮਰੂੰਡਾ,ਸੰਤਰੇ ਵਾਲੀਆਂ ਗੋਲੀਆਂ ਦਾ ਆਨੰਦ ਹੀ ਵੱਖਰਾ ਸੀ।ਪਰਿਵਾਰ ਇੱਕ ਮੁੱਠ ਹੁੰਦੇ ਸੀ ਵਧੇਰੇ ਕਰਕੇ।ਬਜ਼ੁਰਗ ਰਿਸ਼ਤਾ ਕਰਨ ਲੱਗੇ ਵੀ ਭਰਿਆ ਪਰਿਵਾਰ ਵੇਖਦੇ।ਹੁਣ ਤਾਂ ਦੋ ਬੱਚੇ ਵੀ ਕੁੜੀ ਵਾਲਿਆਂ ਨੂੰ ਵਧੇਰੇ ਲੱਗਦੇ ਨੇ।ਇਕੱਲਾ ਮੁੰਡਾ ਹੀ ਵਧੇਰੇ ਵੇਖਦੇ ਨੇ ਤੇ ਉਸ ਤੋਂ ਅੱਗੇ ਮਾਪੇ ਵੀ ਨਾਲ ਨਾ ਰਹਿੰਦੇ ਹੋਣ।ਬਾਪੂ ਦੀ ਬੁੱਕਲ ਵਿੱਚੋਂ ਮੁਸ਼ਕ ਦੱਸਦੇ ਨੇ ਬੱਚਿਆਂ ਨੂੰ।ਨੌਕਰਾਣੀ ਦੀ ਪਰਵਰਿਸ਼ ਦਾਦੇ ਦਾਦੀ ਤੋਂ ਵਧੀਆ ਸਮਝੀ ਜਾਂਦੀ ਹੈ।ਬੇਲਗਾਮ ਸਮਾਜ ਹੈ।ਤਲਾਕ ਦਾ ਚਲਨ ਚੱਲ ਪਿਆ।ਛੋਟੀ ਛੋਟੀ ਗੱਲ ਤੇ ਛੱਡ ਛੁਡਾ ਹੋਣ ਲੱਗ ਗਿਆ।ਪਹਿਲਾਂ ਘਰਾਂ ਵਿੱਚ ਬਜ਼ੁਰਗਾਂ ਨੇ ਝਿੜਕ ਦੇਣਾਂ ਤੇ ਪਰਿਵਾਰ ਬਣੇ ਰਹਿੰਦੇ ਸੀ ਕਮਾਲ ਸੀ ਬਾਪੂ ਜੀ ਦਾ ਬਾਪੂ ਦਾ ਖੂੰਡਾ ਤੇ ਖੰਘੂਰਾ

Prabhjot Kaur Dillon

Contact No. 9815030221

Share Button

Leave a Reply

Your email address will not be published. Required fields are marked *